Share on Facebook

Main News Page

“ਇੱਕ ਪੱਤਰ ਜਥੇਦਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ”

ਸਤਿਕਾਰਯੋਗ ਪਦਵੀ ਤੇ ਬਿਰਾਜਮਾਨ ਜਥੇਦਾਰ ਸਾਹਿਬ ਜੀਓ,
ਗੁਰ ਫਤਹਿ ਪ੍ਰਵਾਨ ਹੋਵੇ।

‘ਕੈਲੰਡਰ ਨਾਲੋਂ ‘ਨਾਨਕ’ ਸ਼ਬਦ ਹਟਾ ਦਿਤਾ ਜਾਵੇ ਤਾਂ ਚੰਗਾ ਹੋਵੇਗਾ’

ਸਿੱਖ ਜਗਤ ਅੰਦਰ (ਖ਼ਾਸ ਤੌਰ ਤੇ ਇੰਟਰਨੈਟ ਰਾਹੀਂ ਵਿਦੇਸ਼ਾਂ’ਚ ਵਸਦੇ ਕਰੋੜਾਂ ਸਿੱਖਾਂ ਵਲੋਂ) ਦਿਲਚਸਪੀ ਨਾਲ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਹਰਮਨ ਪਿਆਰੇ ‘ਗੁਰੂ-ਪੰਥ ਡਾਟ ਕਾਮ’ ਅਤੇ "ਖਾਲਸਾ ਨਿਊਜ਼" ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨਮਿਤ ਇੱਕ ਨਿਮਰ ਬੇਨਤੀ ਕਰਨੀ ਚਾਹੁੰਦਾ ਹਾਂ, ਕਿ ਮੀਰੀ-ਪੀਰੀ ਦੇ ਮਾਲਕ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਸਥਾਪਤ ਕੀਤੇ ਗਏ ਸਤਿਕਾਰਯੋਗ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠ ਕੇ ਸਿੱਖ ਕੌਮ ਦੀ ਅਗਵਾਈ ਕਰਦੇ ਜਥੇਦਾਰ ਜੀਓ! ਰਾਜਸੀ ਆਕਾਵਾਂ ਅਤੇ ਸ਼੍ਰੋਮਣੀ ਕਮੇਟੀ ਤੇ ਕਾਬਜ਼ ਵਿਅਕਤੀਆਂ ਸਣੇ ਅਖੌਤੀ ਸੰਤ-ਸਮਾਜ ਦੇ ਦਬਾਅ ਥੱਲੇ, ਆਪ ਜੀ ਨੂੰ ਵਾਰ-ਵਾਰ ਹੁਕਮਨਾਮੇ ਜਾਰੀ ਕਰਕੇ ‘ਨਾਨਕਸ਼ਾਹੀ ਕਲੰਡਰ’ ਵਿੱਚ ਸੋਧ ਕਰਨੀ ਪੈ ਰਹੀ ਹੈ। ਪੰਥ ਦਰਦੀ ਜਾਣਦੇ ਹਨ ਕਿ ਤੁਸੀਂ ਕਿੰਨੇ ਮਜਬੂਰ ਹੋ। ਰੋਟੀ-ਰੋਜੀ ਦਾ ਵੀ ਸੁਆਲ ਹੈ ਅਤੇ ਫਿਰ ਮੁਫ਼ਤ-ਮੁੱਲੀ ਅਸਮਾਨੋਂ ਲੱਥੀ ਤਾਕਤ ਦਾ ਵੀ ਨਸ਼ਾ। ਪਿੱਛਲੇ ਦੋ ਕੁ ਦਹਾਕਿਆਂ ‘ਚ ਕਈ ਜਥੇਦਾਰ ਬਣੇ ਅਤੇ ਕਈ ਬਦਲੇ ਓਹ ਵੀ ਪੂਰੀ ਤਰ੍ਹਾਂ ਜ਼ਲੀਲ ਕਰਕੇ। ਇਸ ਵਿੱਚ ਵੀ ਇਕ ਸਬਕ ਹੈ ਜੋ ਕਬੀਰ ਸਾਹਿਬ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਆਪਣੀ ਬਾਣੀ ਵਿੱਚ ਬੜੇ ਸੁੰਦਰ ਸ਼ਬਦਾਂ’ਚ ਫੁਰਮਾ ਗਏ ਹਨ ਕਿ:-

‘ਪਾਰੋਸੀ ਕੇ ਜੋ ਹੂਆ, ਤੂ ਅਪਨੇ ਭੀ ਜਾਨੁ’॥167॥

ਇਹ ਕੋਈ ਪਤਾ ਨਹੀਂ ਕਿ ਕਦੋਂ ਨਾਦਰਸ਼ਾਹੀ ਹੁਕਮ ਆ ਜਾਏ? ਖੈਰ! ਇਕ ਪੰਥ ਦੇ ਭਲੇ ਦਾ ਕੰਮ ਕਰ ਦਿਓ ਕਿ ‘ਨਾਨਕਸ਼ਾਹੀ ਕਲੈਂਡਰ’ ਨਾਲੋਂ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਤੀਕ ਸ਼ਬਦ “ਨਾਨਕ” ਹਟਾਉਣ ਦਾ ਹੁਕਮਨਾਮਾ ਜਾਰੀ ਕਰਦੇ ਜਾਓ। ‘ਪਿੱਛੇ ਬਚਿਆ ‘ਸ਼ਾਹੀ ਕਲੈਂਡਰ’-ਸ਼ਹਿਨਸ਼ਾਹਾਂ ਦਾ ਕਲੈਂਡਰ ਰਹਿ ਜਾਏਗਾ। ਇੰਞ ਇਸ ਵਿਚਲੀ ਕਿਸੇ ਤਬਦੀਲੀ ਨਾਲ ਨਾਨਕ-ਨਾਮ-ਲੇਵਾ ਸਿੱਖਾਂ ਦੇ ਹਿਰਦੇ ਤਾਂ ਨਹੀਂ ਵਲੂੰਧਰੇ ਜਾਇਆ ਕਰਨਗੇ। ਖਿਆਲ-ਭਰੀ ਆਸ ਹੈ ਕਿ ਰਾਤ-ਦਿਨ ਦੀ ਅਣਥੱਕ ਮਿਹਨਤ ਕਰਕੇ ਨਾਨਕਸ਼ਾਹੀ ਕਲੰਡਰ ਬਨਾਉਣ ਵਾਲੇ ਸ੍ਰ. ਪਾਲ ਸਿੰਘ ਪੁਰੇਵਾਲ ਵੀ ਕੋਈ ਇਤਰਾਜ਼ ਨਹੀਂ ਕਰਨਗੇ। ਤੁਹਾਡੇ ਵਾਸਤੇ ਕੋਈ ਔਖਾ ਕੰਮ ਨਹੀਂ। ਜਿਸ ਗੁਰੂ-ਦਰ ਦੇ ਸੇਵਾਦਾਰ ਹੋ, ਉਸ ਦੀ ਅਨਿੰਨ ਸੇਵਾ ਹੋਵੇਗੀ ਅਤੇ ਗੁਰੂ ਨਾਨਕ ਵਿਚਾਰਧਾਰਾ ਨਾਲ ਇੰਨਸਾਫ਼ ਹੋਵੇਗਾ। ਇਸ ਨੇਕ ਕਾਰਜ ਨਾਲ ਤੁਹਾਡੀ ਸੋਭਾ ਵੀ ਹੋਵੇਗੀ।

ਤਰਲੋਕ ਸਿੰਘ ‘ਹੁੰਦਲ’
ਟੋਰਾਂਟੋ-ਕਨੇਡਾ
ਫੂਨ:- (905)794-2887


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top