Share on Facebook

Main News Page

ਭਾਈ ਭੁਪਿੰਦਰ ਸਿੰਘ ਸਾਧੂ ਜੀ! ਗੁਰੂ ਗੋਬਿੰਦ ਸਿੰਘ ਜੀ ਦੇਵੀ ਪੂਜਕ ਨਹੀਂ ਸਨ, ਇਹ ਗੱਲ ਸ਼੍ਰੋਮਣੀ ਕਮੇਟੀ ਨੂੰ ਕੌਣ ਸਮਝਾਵੇਗਾ: ਸ. ਸੁਰਿੰਦਰ ਸਿੰਘ ਫਰੀਦਾਬਾਦ

(ਸਤਨਾਮ ਕੌਰ ਫਰੀਦਾਬਾਦ 26 ਜਨਵਰੀ 2011)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੁ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਸਪੋਕਸਮੈਨ ਵਿਚ ਛੱਪੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਦੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਭੁਪਿੰਦਰ ਸਿੰਘ ਸਾਧੂ ਦੇ ਬਿਆਨ ਗੁਰੂ ਗੋਬਿੰਦ ਸਿੰਘ ਦੇਵੀ ਪੂਜਕ ਨਹੀਂ ਸਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭੁਪਿੰਦਰ ਸਿੰਘ ਸਾਧੂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ ਦੱਸਣ ਵਾਲੇ ਕਸ਼ਮੀਰ ਸਿੰਘ ਦੇ ਸ਼ਾਹੀ ਪਰਵਾਰ ਦੇ ਡਾ. ਕਰਨ ਸਿੰਘ ਨੂੰ ਸਿਰੋਪਾਉ ਦੇਣ ਪ੍ਰਤੀ ਪ੍ਰਤੀਕਰਮ ਤਾਂ ਕਰ ਦਿੱਤਾ ਪਰ ਉਨ੍ਹਾਂ ਦੇ ਹੀ ਭਾਈਵਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਥਾਂ ਥਾਂ ਜਾ ਕੇ ਅਖੌਤੀ ਦਸਮ ਗ੍ਰੰਥ ਦੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਦੱਸਦੇ ਹਨ, ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ ਸਾਬਤ ਕੀਤਾ ਹੈ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਿਤਾ ਪ੍ਰਤੀ ਅਖੌਤੀ ਦਸਮ ਗ੍ਰੰਥ ਦੀ ਰਚਨਾ ਵਿਚੋਂ ਕਾਲ ਕਾਲੀ, ਮਹਾਕਾਲ ਰਖਵਾਰ ਹਮਾਰੋ, ਦੇਹ ਸ਼ਿਵਾ ਬਰ ਮੋਹਿ, ਐਸੇ ਚੰਡ ਪ੍ਰਰਤਾਪਿ ਗਾਇਨ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਣਗਿਨਤ ਵਾਰ ਦੇਵੀ ਪੂਜਕ ਸਾਬਤ ਕਰਨ ਦਾ ਜਤਨ ਕੀਤਾ ਜਾ ਰਿਹਾ ਹੈ, ਪਰ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ ਦੱਸਣ ਵਾਲੇ ਇਨ੍ਹਾਂ ਗੁਰੂ ਨਿੰਦਕ ਰਾਗੀਆਂ ਨੂੰ ਮੋਟੀਆਂ ਤਨਖਾਹਾਂ ਤੇ ਸਿਰੋਪਿਆਂ ਨਾਲ ਨਿਵਾਜਣਾ ਰੋਜ਼ਾਨਾ ਦਾ ਕੰਮ ਬਣ ਗਿਆ ਹੈ।

ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਦੂਜਿਆਂ ਨੂੰ ਦੋਹਰੇ ਮਾਪਦੰਡ ਦਸਣਾ ਤਾਂ ਬੜੀ ਸੌਖੀ ਜਿਹੀ ਗੱਲ ਹੈ ਪਰ ਜ਼ਰਾ ਕੁ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਪਣੇ ਵੱਲ ਵੀ ਝਾਤ ਮਾਰ ਕੇ ਵੇਖ ਲੈਣਾ ਚਾਹੀਦਾ ਹੈ । ਸ. ਸੁਰਿੰਦਰ ਸਿੰਘ ਨੇ ਦਿੱਲੀ ਕਮੇਟੀ ਨੂੰ ਵੀ ਆੜੇ ਹੱਥ ਲੈਂਦਿਆਂ ਕਿਹਾ ਕਿ ਦਿੱਲੀ ਕਮੇਟੀ ਨੇ ਵਰਲਡ ਸਿੱਖ ਕਨਵੈਨਸ਼ਨ ਮੌਕੇ ਵੀ ਅਖੌਤੀ ਦਸਮ ਗ੍ਰੰਥ ਦੇ ਵਿਰੋਧ ਵਿਚ ਮਤਾ ਪਾਸ ਕੀਤਾ ਸੀ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਦਿੱਲੀ ਕਮੇਟੀ ਅਧੀਨ ਗੁਰਦੁਆਰਾ ਮੋਤੀ ਬਾਗ ਦਿੱਲੀ ਦੇ ਬਾਹਰ ਦੇਹਿ ਸ਼ਿਵਾ ਬਰ ਮੋਹਿ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੇ ਅਸਥਾਨ’ਤੇ ਸ਼ਸ਼ਤਰ ਪ੍ਰਦਰਸ਼ਨ ਕੀਤੇ ਹਨ ਅਤੇ ਉਸ ਉਪਰ “ਯੇ ਹਮਾਰੈ ਪੀਰ” ਲਿਖਿਆ ਹੈ ਜਦ ਕਿ ਗੁਰਬਾਣੀ ਅਨੁਸਾਰ ਸਿੱਖ ਦਾ ਪੀਰ ਕੇਵਲ ਤੇ ਕੇਵਲ ਸ਼ਬਦ ਹੈ ਪਰ ਇੰਨ੍ਹਾਂ ਸਭ ਕੁਝ ਸਪਸ਼ਟ ਹੋਣ ਦੇ ਬਾਵਜੂਦ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਵੱਲ ਪਿੱਠ ਕਰ ਕੇ ਸ਼ਸ਼ਤਰਾਂ ਨੂੰ ਮੱਥਾ ਟੇਕਦੀਆਂ ਹਨ। ਇਸ ਤੋਂ ਇਲਾਵਾ ਦਿੱਲੀ ਕਮੇਟੀ ਦੇ ਕਈ ਸਕੂਲਾਂ ਅਤੇ ਕਾਲਜ਼ਾਂ ਵਿਚ ਅੱਜ ਵੀ ਦੇਹਿ ਸ਼ਿਵਾ ਬਰ ਮੋਹਿ ਇਹੈ ਨੂੰ ਪੜ੍ਹ ਕੇ ਦੇਵੀ ਅਗੇ ਵਰ ਮੰਗਿਆ ਜਾਂਦਾ ਹੈ ਜਦ ਕਿ ਸਿੱਖੀ ਵਿਚ ਵਰ ਮੰਗਣ ਦਾ ਕੋਈ ਸਿਧਾਂਤ ਨਹੀਂ ਹੈ ਵਰ ਸ਼ਰਾਪ, ਤੰਤ੍ਰ ਮੰਤ੍ਰ ਇਹ ਸਭ ਬਿਪਰ ਰੀਤਾਂ ਨਾਲ ਜੁੜੇ ਹੋਏ ਹਨ ਜਿਸਨੂੰ ਵਧੇਰੇ ਬਲ ਬਚਿੱਤਰ ਨਾਟਕ ਅਖੌਤੀ ਦਮਸ ਗ੍ਰੰਥ ਵਿਚੋਂ ਮਿਲ ਰਿਹਾ ਹੈ । ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸਮਾਂ ਰਹਿੰਦਿਆਂ ਜਿੱਥੇ ਦਿੱਲੀ ਕਮੇਟੀ ਨੂੰ ਆਪਣੀ ਜਿੰਮੇਵਾਰੀ ਨੂੰ ਚੰਗੀ ਤਰ੍ਹਾਂ ਸਾਂਭਣਾ ਚਾਹੀਦਾ ਹੈ ਉਥੇ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top