Share on Facebook

Main News Page

ਤਿਰੰਗਾ ਯਾਤਰਾ ਜਾਂ ਪੰਗਾ ਯਾਤਰਾ

ਇਸ ਸਮੇ ਜਦੋ ਦੇਸ਼ ਅਨੇਕਾਂ ਹੀ ਸਮਾਜਿਕ ਕੁਰੀਤੀਆਂ ਨਾਲ ਜੂਝ ਰਿਹਾ ਹੈ । ਦੇਸ਼ ਵਿੱਚ ਰਿਸ਼ਵਤ , ਨਸ਼ਾਖੋਰੀ , ਅਨਪੜਤਾ ਆਦਿ ਭੈੜੀਆਂ ਅਲਾਮਤਾਂ ਦਾ ਬੋਲਬਾਲਾ ਹੈ ਉਸ ਸਮੇ ਵੀ ਭਾਜਪਾ ਆਪਣਾ ਫਿਰਕੂ ਚਿਹਰਾ ਸਾਰਿਆਂ ਸਾਹਮਣੇ ਲਿਆ ਰਹੀ ਹੈ ਅਤੇ ਹਰ ਵਾਰ ਦੀ ਤਰਾ ਬੱਸ ਫੋਕੀ ਸ਼ੌਹਰਤ ਖੱਟਣ ਦੇ ਮੂਡ 'ਚ ਰਹਿਣ ਵਾਲੇ ਭਾਜਪਾ ਆਗੂ ਹੁਣ ਤਿਰੰਗਾ ਚੁੱਕ ਕੇ ਤੁਰ ਪਏ ਹਨ ਲਾਲ ਚੌਂਕ ਵੱਲ ਅਤੇ ਨਾਮ ਦੇ ਦਿੱਤਾ ਹੈ ਰਾਸ਼ਟਰੀ ਏਕਤਾ ਯਾਤਰਾ । ਭਾਜਪਾ ਜਿਸ ਦਾ ਇਤਿਹਾਸ ਹੀ ਦੱਸਦਾ ਹੈ ਕਿ ਹੁਣ ਤੱਕ ਦੇਸ਼ ਵਿੱਚ ਫੁੱਟ ਪਾਉਣ ਤੋਂ ਬਿਨਾ ਅਤੇ ਯਾਤਰਾਵਾਂ ਕੱਢਣ ਤੋਂ ਬਿਨਾ ਇਸਨੇ ਕਦੇ ਕੋਈ ਦੂਜਾ ਕੰਮ ਨਹੀ ਕੀਤਾ । ਕਦੇ ਮੁਰਲੀ ਮਨੋਹਰ ਜੋਸ਼ੀ ਤਿਰੰਗਾ ਚੁੱਕ ਕੇ ਤੁਰਿਆ ਤਾਂ ਕਦੇ ਉਮਾ ਭਾਰਤੀ ਅਤੇ ਹੁਣ ਇਹ ਯੁਵਾ ਮੋਰਚਾ ਵਾਲੇ ।

ਅੰਦਰੂਨੀ ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਅਸਲ ਵਿੱਚ ਪਹਿਲਾ ਇਹ ਯਾਤਰਾ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਹੀ ਕੱਢਣੀ ਸੀ ਪਰ ਫਿਰ ਆਪਸੀ ਸਹਿਮਤੀ ਨਾ ਬਣਨ ਕਾਰਨ ਇਹ ਸਾਰਾ ਕੁਝ ਯੁਵਾ ਮੋਰਚਾ ਦੇ ਮੋਢਿਆ ਤੇ ਸੁੱਟ ਦਿੱਤਾ ਗਿਆ ਤਾਂ ਹੀ ਤਾਂ ਅਜੇ ਤੱਕ ਸੀਨੀਅਰ ਲੀਡਰਸ਼ਿਪ ਇਸ ਯਾਤਰਾ ਤੋਂ ਬਚਦੀ ਹੀ ਰਹੀ ਹੈ । ਹੁਣ ਜੇਕਰ ਨਿਗਾ ਮਾਰੀ ਜਾਵੇ ਤਾਂ ਅਸਲ ਵਿੱਚ ਇਹ ਤਿਰੰਗਾ ਯਾਤਰਾ ਨਹੀ ਬਲਕਿ ਪੰਗਾ ਯਾਤਰਾ ਹੀ ਹੈ । ਪੰਜਾਬੀ ਵਿੱਚ ਆਮ ਇੱਕ ਸ਼ਬਦ ਵਰਤਿਆ ਜਾਂਦਾ ਹੈ ‘ਚਿੜਾਉਣਾ' ਅਸਲ ਵਿੱਚ ਭਾਜਪਾ ਵਾਲਿਆਂ ਨੂੰ ਕੋਈ ਦੇਸ਼ ਪਿਆਰ ਜਾਂ ਤਿਰੰਗੇ ਪ੍ਰਤੀ ਮੋਹ ਨਹੀ ਜਾਗਿਆ ਸਗੋ ਇਹ ਤਿਰੰਗਾ ਚੁੱਕ ਕੇ ਜੰਮੂ - ਕਸ਼ਮੀਰ ਵਿੱਚ ਬਹੁਗਿਣਤੀ ਵਿੱਚ ਰਹਿੰਦੇ ਮੁਸਲਮਾਨਾਂ ਨੂੰ ਚਿੜਾਉਣ ਚੱਲੀ ਹੈ । ਜੇਕਰ ਗੱਲ ਦੇਸ਼ ਪਿਆਰ ਦੀ ਹੈ ਤਾਂ ਪਹਿਲਾ ਇਹ ਇੱਕ ਬੱਸ ਜਿਹੀ ਕਰਕੇ ਤੁਰੇ ਭਾਜਯੁਮੋ ਦੇ ਆਗੂ ਉਹਨਾਂ ਮੰਦਰਾਂ ਵਿੱਚ ਜਾਣ ਜਿੱਥੇ ਵੜਣ ਵਾਲੇ ਵਿਦੇਸ਼ੀਆਂ ਨੂੰ ਕੁੱਟਿਆ ਜਾਂਦਾ ਹੈ । ਅਜੇ ਥੋੜੇ ਸਮੇ ਦੀ ਹੀ ਗੱਲ ਹੈ ਕਿ ਮੰਦਰ ਵਿੱਚ ਵੜਣ ਵਾਲੀ ਇੱਕ ਔਰਤ ਨੂੰ ਪੁਜਾਰੀਆਂ ਨੇ ਕੁੱਟ - ਕੁੱਟ ਦੂਹਰਾ ਕਰ ਦਿੱਤਾ । ਕੀ ਇਹਨਾ ਦੇਸ਼ ਪ੍ਰੇਮੀਆਂ ਨੂੰ ‘ਅਤਿਥੀ ਦੇਵੋ ਭਵ' ਦਾ ਆਪਣਾ ਹੀ ਨਾਅਰਾ ਨਹੀ ਯਾਦ ਆਉਦਾ ।

ਜੇਕਰ ਗੱਲ ਇਸ ਤਿਰੰਗਾ ਯਾਤਰਾ ਦੀ ਕਰੀਏ ਅਤੇ ਦੇਸ਼ ਵਿੱਚ ਕਿਤੇ ਵੀ ਤਿਰੰਗਾ ਝੰਡਾ ਲਹਿਰਾਉਣ ਦੀ ਕਰੀਏ ਤਾਂ ਭਾਵੇ ਸੰਵਿਧਾਨ ਮੁਤਾਬਿਕ ਸਾਨੂੰ ਹੱਕ ਹੈ ਕਿ ਅਸੀ ਕਿਤੇ ਵੀ ਰਾਸ਼ਟਰੀ ਝੰਡਾ ਲਹਿਰਾ ਸਕਦੇ ਹਾਂ । ਪਰ ਜੇਕਰ ਭਾਜਯੁਮੋ ਦੇ ਇਹਨਾ ਅਖੌਤੀ ਆਗੂਆਂ ਇਕੱਲਾ ਝੰਡਾ ਹੀ ਲਹਿਰਾਉਣਾ ਹੁੰਦਾ ਤਾਂ ਇਹ ਚੁੱਪ ਕਰਕੇ ਆਉਦੇ ਤੇ ਉੱਥੇ ਜਾ ਕੇ ਝੰਡਾ ਲਹਿਰਾ ਦਿੰਦੇ । ਉੱਥੇ ਹਰ ਵਰੇ ਗਣਤੰਤਰ ਦਿਵਸ ਤੇ ਫੋਜ ਵੱਲੋਂ ਵੀ ਝੰਡਾ ਲਹਿਰਾਇਆ ਜਾਂਦਾ ਹੈ । ਪਰ ਸਿਰਫ ਫੋਕੀ ਸ਼ੌਹਰਤ ਖੱਟਣ ਲਈ ਜਿੱਥੇ ਲੱਖਾਂ ਰੁਪਇਆ ਖਰਾਬ ਕੀਤਾ ਗਿਆ ਉੱਥੇ ਤਿਰੰਗੇ ਨੂੰ ਮੁੱਦਾ ਬਣਾ ਕੇ ਪੰਗਾ ਖੜਾ ਕੀਤਾ ਗਿਆ । ਹੁਣ ਜਦੋ ਕਸ਼ਮੀਰ ਦੇ ਹਾਲਾਤ ਲੰਮੇ ਸਮੇ ਬਾਅਦ ਸੁਖਾਲੇ ਹੋਏ ਹਨ ਇਸ ਸਮੇ ਵਿੱਚ ਂਿੲਹ ਯਾਤਰਾ ਅਜਿਹਾ ਬਿਖੇੜਾ ਖੜਨ ਦੇ ਰੋਹ ਵਿੱਚ ਹੈ ਜਿਸ ਨਾਲ ਬੀਤੇ ਸਮੇ ਵਿੱਚ ਇਹਨਾਂ ਦੇ ਸਾਥੀਆਂ ਤੇ ਲੱਗਾ ਭਗਵੇ ਅੱਤਵਾਦ ਦਾ ਦਾਗ ਸਾਫ ਹੋ ਜਾਵੇ ।

ਇਹਨਾਂ ਵੱਡੇ ਦੇਸ਼ ਪ੍ਰੇਮੀਆਂ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਜੇਕਰ ਫੁਕਰੇ ਬਣ ਕਿ ਕਿਸੇ ਨੂੰ ਨੀਵਾ ਵਿਖਾਉਣ ਦੀ ਕੋਸ਼ਿਸ਼ ਕਰੋਗੇ ਤਾਂ ਘੱਟ ਗਿਣਤੀ ਭਾਈਚਾਰੇ ਦਾ ਕੋਈ ਵਿਅਕਤੀ ਤੁਹਾਡੇ ਫੁਕਰੇਪਨ ਨੂੰ ਸਹਿਣ ਨਹੀ ਕਰੇਗਾ । ਪਰ ਜੇਕਰ ਇਹ ਹੀ ਯਾਤਰਾ ਤੁਸੀ ਪਿਆਰ ਅਤੇ ਜੰਮ ਕਸ਼ਮੀਰ ਦੇ ਭਾਈਚਾਰੇ ਨੂੰ ਨਾਲ ਲੈ ਕੇ ਕੱਢੀ ਹੁੰਦੀ ਤਾਂ ਸਾਇਦ ਤੁਹਾਡਾ ਜੰਮੂ ਕਸ਼ਮੀਰ ਵਿੱਚ ਭਰਵਾ ਸਵਾਗਤ ਹੁੰਦਾ । ਯਾਤਰਾ ਹੀ ਕੱਢਣੀ ਸੀ ਤਾਂ ਨਸ਼ੇ , ਭਰੂਣ ਹੱਤਿਆ , ਭ੍ਰਿਸ਼ਟਾਚਾਰ , ਗਰੀਬੀ ਅਜਿਹੀਆਂ ਕਈ ਅਲਾਮਤਾਂ ਹਨ ਇਹਨਾਂ ਦੇ ਸਬੰਧ 'ਚ ਕੱਢ ਲੈਂਦੇ । ਪਰ ਨਹੀ ਖੱਟਣੀ ਤਾਂ ਆਖਿਰ ਫੋਕੀ ਸ਼ੌਹਰਤ ਹੀ ਹੈ ਨਾ । ਹੁਣ ਸਿਰਫ ਇੰਨਾ ਕੁਝ ਕੁ ਵਿਅਕਤੀਆਂ ਲਈ ਸਾਰਾ ਦੇਸ਼ ਪ੍ਰੇਸ਼ਾਨ ਹੈ ਜਿੱਥੇ ਆਮ ਆਦਮੀ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਸਿਆਸੀ ਛੁਰਲੀਆਂ ਛੱਡਣ ਵਾਲੇ ਵੀ ਬਿਆਨ ਦਾਗ ਰਹੇ ਹਨ । ਜੰਮੂ ਕਸ਼ਮੀਰ ਦੇ ਨਾਲ ਲੱਗਦੇ ਰਾਜਾਂ ਦੀਆਂ ਸਰਹੱਦਾਂ ਸੀਲ ਹੋ ਚੁੱਕੀਆਂ ਹਨ ਅਤੇ ਇਸ ਨਾਲ ਆਰਥਿਕ ਘਾਟਾ ਪੈ ਰਿਹਾ ਹੈ । ਪਰ ਇਹਨਾਂ ਨੂੰ ਕੀ ਜੇਕਰ ਇਹਨਾਂ ਨੂੰ ਰੋਕਿਆ ਗਿਆ ਤਾਂ ਹੋਰ ਬਿਖੇੜਾ ਖੜਾ ਕਰਨਗੇ ਇਹਨਾਂ ਨੇ ਤਾਂ ਕਹਿਣਾ ਹੀ ਹੈ ਦੇਸ਼ ਬੰਦ ਤੇ ਦੇਸ਼ ਦੇ ਕਈ ਸੂਬਿਆਂ ਨੇ ਫਿਰ ਆਰਥਿਕ ਤੌਰ ਤੇ ਪੱਛੜ ਜਾਣਾ ਹੈ । ਪਾਠਕੋ ਇਹ ਫੈਸਲਾ ਹੁਣ ਤੁਹਾਡੇ ਸਿਰ ਤੇ ਹੀ ਹੈ ਕਿ ਇਹ ਤਿਰੰਗਾ ਯਾਤਰਾ ਜਾਂ ਪੰਗਾ ਯਾਤਰਾ।

ਰਾਸ਼ਟਰੀ ਝੰਡੇ ਦਾ ਵੇਖੋ ਕਰ ਬਹਾਨਾ, ਤੇ ਇਹ ਫਿਰਕਾਪ੍ਰਸਤੀ ਨੇ ਫੈਲਾਉਣ ਲੱਗੇ,
‘ਰਿਣੀ' ਦੇਸ ਪ੍ਰੇਮ ਦਾ ਹੇਜ ਕਰਕ, ਇਹ ਤਾਂ ਫੋਕੇ ਹੀ ਨੰਬਰ ਬਣਾਉਣ ਲੱਗੇ।
ਜੇ ਅੱਗਿਓ ਇਹਨਾਂ ਦੇ ਪੈਣ ਡਾਗਾਂ, ਉਹਨੂੰ ਕੁਰਬਾਨੀ ਦੇਸ਼ ਲਈ ਦੱਸਦੇ ਨੇ,
ਵੱਡੇ ਸੂਰਮੇ ਨੇ ਤਾਂ ਭੇਜੋ ਸਰਹੱਦ ਉੱਤੇ, ਵੇਖਿਓ ਕਿੱਦਾ ਪਿਛਾਹ ਨੂੰ ਨੱਸਦੇ ਨੇ।

ਕੁਲਦੀਪ ਸਿੰਘ ‘ਰਿਣੀ'
ਸ੍ਰੀ ਮੁਕਤਸਰ ਸਾਹਿਬ
98146 46165

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top