Share on Facebook

Main News Page

ਅੰਮ੍ਰਿਤਸਰ ਵਿਖੇ ਆਯੋਜਿਤ ਸ਼ਹੀਦ ਭਾਈ ਜੀਵਨ ਸਿੰਘ ਦੇ ਸ਼ਹੀਦੀ ਸਮਾਗਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਕਰਨਾ, ਸੁਖਬੀਰ ਸਿੰਘ ਬਾਦਲ ਦੀ ਮਨਮੱਤ ਅਤੇ ਸ਼ਬਦ-ਗੁਰੂ ਨੂੰ ਵਿਸਾਰ ਦੇਣ ਦੇ ਤੁਲ ਹੈ: ਬੀਰ ਦਵਿੰਦਰ ਸਿੰਘ

ਮੁਹਾਲੀ, 22 ਜਨਵਰੀ (ਪੰਜਾਬ ਮੇਲ)- ਅੰਮ੍ਰਿਤਸਰ ਵਿਖੇ ਆਯੋਜਿਤ ਸ਼ਹੀਦ ਭਾਈ ਜੀਵਨ ਸਿੰਘ ਦੇ ਸ਼ਹੀਦੀ ਸਮਾਗਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਕਰਨਾ, ਸਿੱਖ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਸਮਰਪਤਿ ਸਮਾਗਮਾਂ ਵਿੱਚ ਗੁਰ ਮਰਿਆਦਾ ਦਾ ਪਾਲਣ ਨਾ ਕਰਦੇ ਹੋਏ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਿਸਾਰ ਦੇਣਾ, ਸ਼੍ਰੋਮਣੀ ਅਕਾਲੀ ਦਲ ਅਤੇ ਉਸਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਮਨਮੱਤ ਅਤੇ ਸ਼ਬਦ-ਗੁਰੂ ਪ੍ਰਤੀ ਵਚਨ-ਵੱਧਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਤਿਕਾਰ ਤੇ ਪ੍ਰਸ਼ਨ ਚਿੰਨ ਲਗਾਉਂਦੀ ਹੈ।

ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਧਰਮ ਅਤੇ ਰਾਜਨੀਤੀ ਨੂੰ ਇੱਕਠਿਆਂ ਰੱਖਣ ਦਾ ਅਲਮ-ਬਰਦਾਰ ਰਿਹਾ ਹੈ ਤੇ ਅੱਜ ਵੀ ਉਨ੍ਹਾਂ ਵੱਲੋਂ ਇਸੇ ਹੀ ਵਿਸ਼ਵਾਸ਼ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਇਸੇ ਹੀ ਪਰੀਪੇਖ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ, ਗੁਰਦੁਆਰਾ ਸਹਿਬਾਨਾਂ ਦੇ ਸਾਧਨ, ਸਟੇਜਾਂ ਅਤੇ ਲੰਗਰਾਂ ਦਾ ਇਸਤੇਮਾਲ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਕਰ ਰਿਹਾ ਹੈ ਅਤੇ ਲੰਮੇ ਸਮੇਂ ਤੋਂ ਕਰਦਾ ਆ ਰਿਹਾ ਹੈ।

ਇਹ ਸਮੁੱਚੇ ਸਿੱਖ ਜਗਤ ਲਈ ਬੜੇ ਦੁੱਖ ਅਤੇ ਡੂੰਘੀ ਚਿੰਤਾ ਦਾ ਵਿਸ਼ਾ ਹੈ ਕਿ ਅਕਾਲੀਆਂ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਪ੍ਰੀਵਾਰ ਦੀ ਸਿਆਸੀ ਤਾਕਤ ਹਾਸਲ ਕਰਨ ਅਤੇ ਉਸ ਨੂੰ ਹਰ ਹੀਲੇ ਕਾਇਮ ਰੱਖਣ ਦੀ ਲਾਲਸਾ ਦੀ ਪ੍ਰੇਰਨਾ ਵੱਸ ਹੀ, ਭਾਰਤੀ ਜਨਤਾ ਪਾਰਟੀ ਦੀਆਂ ਝੰਡੀਆਂ ਅਤੇ ਨਿਸ਼ਾਨ ਅੱਜ ਸਿੱਖ ਗੁਰਦੁਆਰਾ ਸਾਹਿਬਾਨ ਵਿੱਚ ਲਹਿਰਾ ਰਹੇ ਹਨ ਅਤੇ ਬਦਕਿਸਮਤੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਿੱਖ ਸ਼ਹੀਦਾਂ ਦੇ ਯਾਦਗਾਰੀ ਸਮਾਗਮ ਵਿੱਚੋਂ ਗਾਇਬ ਹੈ।

ਇਹ ਕਿਹੋ ਜਿਹਾ ਅਧੋਗਤੀ ਦਾ ਵਰਤਾਰਾ ਹੈ ? ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਯੋਜਿਤ ਸਿੱਖ ਸ਼ਹੀਦਾਂ ਦੇ ਯਾਦਗਾਰੀ ਸਮਾਗਮਾਂ ਵਿੱਚੋਂ ਕਿਓ ਵਿਸਾਰਿਆ ਗਿਆ ਹੈ? ਇਸ ਦਾ ਜੁਆਬ ਸਿੱਖ ਸੰਗਤਾਂ ਸ. ਸੁਖਬੀਰ ਸਿੰਘ ਬਾਦਲ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਕੋਲੋ ਮੰਗਦੀਆਂ ਹਨ । ਜੇ ਅਕਾਲੀਆਂ ਦੀ ਧਰਮ ਅਤੇ ਰਾਜਨੀਤੀ ਇਕੱਠੀ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਿਓ ਵਿਸਾਰਿਆ ਹੈ ? ਕੀ ਉਨ੍ਹਾਂ ਦੀ ਰਾਜਨੀਤੀ ਦੇ ਅਧੀਨ, ਧਰਮ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਮਹੱਤਤਾ ਨਹੀਂ ਹੈ? ਜੇ ਨਹੀਂ, ਤਾਂ ਉਨ੍ਹਾਂ ਦਾ ਸਿੱਖ ਗੁਰਦੁਆਰਾ ਪ੍ਰਬੰਧ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਫਿਰ ਕੀ ਅਧਿਕਾਰ ਹੈ?

ਇਹ ਵਰਤਾਰਾ ਤਾਂ ਮਸੰਦਪੁਣੇ ਤੋਂ ਵੀ ਘਟੀਆ ਅਤੇ ਅਤੀ ਨਿੰਦਣਯੋਗ ਹੈ । ਅਜਿਹੇ ਸੰਦਰਵ ਵਿੱਚ ਸਿੱਖ ਤਖ਼ਤਾਂ ਦੇ ਜੱਥੇਦਾਰ ਸਹਿਬਾਨਾਂ ਦਾ ਮੂਕ ਦਰਸ਼ਕ ਬਣ ਕੇ ਬੈਠੇ ਰਹਿਣਾ ਵੀ, ਸਮੁੱਚੇ ਸਿੱਖ ਜਗਤ ਲਈ ਡੂੰਘੀ ਚਿੰਤਾ ਦਾ ਵਿਸ਼ਾ ਹੈ।

ਉਹਨਾਂ ਦੀ ਇਸ ਅਜੋਕੀ ਰਾਜਨੀਤੀ ਦੇ ਸੰਦਰਭ ਵਿੱਚ ਹੀ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਅਨੁਸਾਰ, ਸਿੱਖ ਗੁਰਦੁਆਰਾ ਸਾਹਿਬਾਨ ਦਾ ‘ਭਾਜਭਾਈਕਰਨ’ ਕੀਤਾ ਜਾ ਰਿਹਾ ਹੈ? ਕਿਉਂਕਿ ਹਾਲ ਹੀ ਵਿੱਚ ਸ. ਸੁਖਬੀਰ ਸਿੰਘ ਬਾਦਲ ਦੀ ਮਰਜ਼ੀ ਅਨੁਸਾਰ ਪਟਿਆਲਾ ਦੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿੱਚ ਭਾਜਪਾ ਦੀਆਂ ਝੰਡੀਆਂ ਲਹਿਰਾਈਆਂ ਗਈਆਂ ਸਨ, ਜਿਨ੍ਹਾਂ ਨੂੰ ਵੇਖ ਕੇ ਸਿੱਖ ਸੰਗਤ ਦੇ ਹਿਰਦੇ ਵਲੂੰਦਰੇ ਗਏ ਸਨ ਅਤੇ ਗੁਰਦੁਆਰਾ ਪ੍ਰਬੰਧ ਨੂੰ ਸਿੱਖ ਸੰਗਤ ਦੇ ਭਾਰੀ ਰੋਹ ਦਾ ਸਾਹਮਣਾ ਕਰਨਾ ਪਿਆ ਸੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top