Share on Facebook

Main News Page

ਮਰਨ ਪਿਛੋਂ ਕਰਮ ਕਾਂਡ ਤਾਂ ਸਵਰਗ ਵਿੱਚ ਨਹੀਂ ਭੇਜ ਸਕਦੇ, ਪਰ ਜਿਉਂਦੇ ਜੀਅ ਨਰਕ ਵਿੱਚ ਪੈਣ ਤੋਂ ਤਾਂ ਬਚਿਆ ਜਾ ਸਕਦਾ ਹੈ: ਭਾਈ ਅਮਰੀਕ ਸਿੰਘ

ਮੇਰੀਓ ਬੱਚੀਓ! ਜਿਸ ਦਾਹੜੀ ਵਾਲਿਆਂ ਨੇ ਤਹਾਡੀ ਲਾਜ ਰੱਖੀ, ਤੁਹਾਨੂੰ ਬਰਬਰ ਦਾ ਸਤਿਕਾਰ ਦਿੱਤਾ ਅੱਜ ਉਸ ਦਾਹੜੀ ਤੋਂ ਕੀ ਕਸੂਰ ਹੋ ਗਿਆ ਹੈ ਕਿ ਤੁਸੀਂ ਇਸ ਨੂੰ ਇੰਨੀ ਨਫ਼ਰਤ ਕਰਨ ਲੱਗ ਪਈਆਂ ਹੋ ਕਿ ਬੱਚੀਆਂ ਇਹ ਕਹਿਣ ਤੱਕ ਚਲੀਆਂ ਜਾਂਦੀਆਂ ਹਨ ਕਿ ਵਿਆਹ ਕਰਵਾਉਣ ਲਈ ਉਨ੍ਹਾਂ ਨੂੰ ਕਲੀਨ ਸ਼ੇਵਨ ਮੁੰਡਾ ਚਾਹੀਦਾ ਹੈ: ਭਾਈ ਅਮਰੀਕ ਸਿੰਘ

ਬਠਿੰਡਾ, 24 ਜਨਵਰੀ (ਕਿਰਪਾਲ ਸਿੰਘ): ਮਰਨ ਪਿਛੋਂ ਕਰਮ ਕਾਂਡ ਤਾਂ ਸਵਰਗ ਵਿੱਚ ਨਹੀਂ ਭੇਜ ਸਕਦੇ ਪਰ ਜਿਉਂਦੇ ਜੀਅ ਨਰਕ ਵਿੱਚ ਪੈਣ ਤੋਂ ਤਾਂ ਬਚਿਆ ਜਾ ਸਕਦਾ ਹੈ। ਇਹ ਸ਼ਬਦ ਗੁਰਦੁਆਰਾ ਬੰਗਲਾ ਸਹਿਬ ਨਵੀਂ ਦਿੱਲੀ ਤੋਂ ਲੜੀਵਾਰ ਚੱਲ ਰਹੀ ਕਥਾ ਦੌਰਾਨ ਪ੍ਰਚਾਰਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਸਵਰਗ ਵਿੱਚ ਜਾਣ ਦੀ ਲਾਲਸਾ ਅਧੀਨ ਬ੍ਰਹਮਣਵਾਦ ਵਲੋਂ ਦੱਸੇ, ਮਰਨ ਤੋਂ ਪਹਿਲਾਂ ਤੇ ਪਿਛੋਂ ਬਹੁਤੇਰੇ ਕਰਮ ਕਾਂਡ ਕਰਕੇ ਸਮਾ ਤੇ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ ਪਰ ਯਾਦ ਰੱਖੋ ਕਿ ਮੇਰੇ ਵਰਗੇ ਕਿਸੇ ਭਾਈ ਦੀ ਅਰਦਾਸ ਨੇ ਤੁਹਾਨੂੰ ਸਵਰਗ ਵਿੱਚ ਨਹੀਂ ਪਹੁੰਚਾਉਣਾ। ਉਨ੍ਹਾਂ ਕਿਹਾ ਮਰਨ ਪਿਛੋਂ ਤਾਂ ਪਤਾ ਨਹੀਂ ਕਿ ਕਿਸੇ ਨੇ ਸਵਰਗ ਜਾਂ ਨਰਕ ਵਿੱਚ ਜਾਣਾ ਵੀ ਹੈ ਜਾਂ ਨਹੀਂ, ਪਰ ਇਸ ਜੀਵਨ ਵਿੱਚ ਤਾਂ ਹਰ ਵਿਅਕਤੀ ਸਵਰਗ ਤੇ ਨਰਕ ਭੋਗ ਰਿਹਾ ਹੈ ਇਸ ਲਈ ਗੁਰੂ ਦੀ ਮੱਤ ਧਾਰਨ ਕਰ ਕੇ ਐਸੇ ਕਰਮ ਤਾਂ ਨਾ ਕੀਤੇ ਜਾਣ ਜਿਹੜੇ ਮਨੁੱਖ ਨੂੰ ਜਿਉਂਦੇ ਜੀਅ ਹੀ ਨਰਕ ਵਿੱਚ ਪਾਈ ਰੱਖਦੇ ਹਨ। ਉਨ੍ਹਾਂ ਉਦਾਹਰਣ ਦਿੰਦੇ ਹੋਏ ਕਿਹਾ ਕਿ ਸ਼ਰਾਬ ਦੀ ਬੋਤਲ ਪੀਣ ਨਾਲ ਘਰ ਵਿੱਚ ਜੋ ਲੜਾਈ ਝਗੜੇ ਹੁੰਦੇ ਹਨ ਉਹ ਮਨੁਖ ਨੂੰ ਜਿਉਂਦੇ ਜੀਅ ਹੀ ਨਰਕ ਵਿੱਚ ਪਾਈ ਰਖਦੇ ਹਨ, ਇਸ ਲਈ ਸ਼ਰਾਬ ਦਾ ਤਿਆਗ ਕਰਕੇ ਜਿਉਂਦੇ ਜੀਅ ਨਰਕ ਵਿੱਚ ਜਾਣ ਤੋਂ ਤਾਂ ਬਚਿਆ ਹੀ ਜਾ ਸਕਦਾ ਹੈ।

ਵਿਸ਼ੇਸ਼ ਤੌਰ ’ਤੇ ਬੀਬੀਆਂ ਨੂੰ ਸਬੋਧਨ ਹੁੰਦੇ ਹੋਏ ਭਾਈ ਅਮਰੀਕ ਸਿੰਘ ਨੇ ਕਿਹਾ, ਮੇਰੀਓ ਬੱਚੀਓ! ਜਿਸ ਦਾਹੜੀ ਵਾਲਿਆਂ ਨੇ ਤਹਾਡੀ ਲਾਜ ਰੱਖੀ ਤੁਹਾਨੂੰ ਬਰਬਰ ਦਾ ਸਤਿਕਾਰ ਦਿੱਤਾ ਅੱਜ ਉਸ ਦਾਹੜੀ ਤੋਂ ਕੀ ਕਸੂਰ ਹੋ ਗਿਆ ਹੈ ਕਿ ਤੁਸੀਂ ਇਸ ਨੂੰ ਇੰਨੀ ਨਫ਼ਰਤ ਕਰਨ ਲੱਗ ਪਈਆਂ ਹੋ ਕਿ ਬੱਚੀਆਂ ਇਹ ਕਹਿਣ ਤੱਕ ਚਲੀਆਂ ਜਾਂਦੀਆਂ ਹਨ ਕਿ ਵਿਆਹ ਕਰਵਾਉਣ ਲਈ ਉਨ੍ਹਾਂ ਨੂੰ ਕਲੀਨ ਸ਼ੇਵਨ ਮੁੰਡਾ ਚਾਹੀਦਾ ਹੈ, ਸਾਬਤ ਸੂਰਤ ਅੰਮ੍ਰਿਤਧਾਰੀ ਗੁਰਸਿੱਖ ਲੜਕੇ ਨਾਲ ਉਹ ਵਿਆਹ ਨਹੀਂ ਕਰਵਾਉਣਗੀਆਂ। ਉਨ੍ਹਾਂ ਕਿਹਾ ਗੁਰੂ ਨਾਨਕ ਤੋਂ ਪਹਿਲਾਂ ਤੁਹਾਨੂੰ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ ਪਰ ਸਭ ਤੋਂ ਪਹਿਲਾਂ ’ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥’ ਦਾ ਨਾਹਰਾ ਦੇ ਕੇ ਤੁਹਾਨੂੰ ਸਮਾਜ ਵਿੱਚ ਬਰਾਬਰ ਦਾ ਸਨਮਾਨ ਦਿੱਤਾ। ਮਾਤਾ ਖੀਵੀ ਦਾ ਨਾਮ ਸਤਿਕਾਰ ਸਹਿਤ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਕੀਤਾ। ਜਿਸ ਔਰਤ ਨੂੰ ਜਿਉਂਦੇ ਜੀਅ ਇਹ ਦੁਨੀਆਂ ਵੇਖਣ ਦੀ ਇਜਾਜ਼ਤ ਨਹੀਂ ਸੀ ਤੇ ਹਮੇਸ਼ਾਂ ਉਸ ਨੂੰ ਪਰਦੇ ਵਿੱਚ ਰਹਿਣਾ ਪੈਂਦਾ ਸੀ ਗੁਰੂ ਅਮਰਦਾਸ ਜੀ ਨੇ ਪਰਦੇ ਦੀ ਰਸਮ ਬੰਦ ਕਰਵਾ ਕੇ ਤੁਹਾਨੂ ਇਹ ਸੰਸਾਰ ਵੇਖਣ ਦਾ ਮੌਕਾ ਦਿੱਤਾ।ਜਿਸ ਔਰਤ ਨੂੰ ਧਰਮ ਕਰਮ ਕਰਨ ਸਮੇਂ ਨੜੇ ਨਹੀਂ ਸੀ ਢੁਕਣ ਦਿੱਤਾ ਜਾਂਦਾ, ਉਨ੍ਹਾਂ ਨੂੰ ਪੀਹੜਿਆਂ ਦੀ ਬਖ਼ਸ਼ਿਸ਼ ਕਰਕੇ ਪ੍ਰਚਾਰਕ ਥਾਪਿਆ।

ਉਨ੍ਹਾਂ ਕਿਹਾ, ਯਾਦ ਰਖਿਓ ਜੇ ਤੁਹਾਡਾ ਪਤੀ ਗੁਰੂ ਦਾ ਸਿੱਖ ਹੋਵੇਗਾ ਤਾਂ ਉਹ ਸ਼ਰਾਬ ਪੀ ਕੇ ਘਰ ਨੂੰ ਨਰਕ ਨਹੀਂ ਬਣਾਏਗਾ। ਜੇ ਤੁਹਾਡਾ ਪਤੀ ਗੁਰੂ ਦਾ ਸਿੱਖ ਹੋਵੇਗਾ ਤਾਂ ਉਹ ਤੁਹਾਨੂੰ ਪੈਰ ਦੀ ਜੁੱਤੀ ਨਹੀਂ ਸਮਝੇਗਾ ਬਲਕਿ ਅਰਧੰਗਨੀ ਜਾਣ ਕੇ ਤੁਹਾਨੂੰ ਸਤਿਕਾਰ ਦੇਵੇਗਾ। ਜੇ ਤੁਹਾਡਾ ਪਤੀ ਗੁਰੂ ਦਾ ਸਿੱਖ ਹੋਵੇਗਾ ਤਾਂ ਦਾਜ਼ ਬਦਲੇ ਉਹ ਤੁਹਾਨੂੰ ਤੰਗ ਕਰਕੇ ਆਤਮਹੱਤਿਆ ਕਰਨ ਲਈ ਮਜਬੂਰ ਨਹੀਂ ਕਰੇਗਾ। ਜੇ ਤੁਹਾਡਾ ਪਤੀ ਗੁਰੂ ਦਾ ਸਿੱਖ ਹੋਵੇਗਾ ਤਾਂ ਉਹ ਤਹਾਡੇ ਮਾਤਾ ਪਿਤਾ ਨੂੰ ਸਤਿਕਾਰ ਦੇਵੇਗਾ। ਉਨ੍ਹਾਂ ਕਿਹਾ ਕਿ ਜਿਸ ਸਮੇਂ ਤੁਹਾਡੀ ਇੱਜਤ ਆਬਰੂ ਗਜਨੀ ਦੇ ਬਜਾਰਾਂ ਵਿੱਚ ਰੁਲ ਰਹੀ ਸੀ ਉਸ ਸਮੇਂ ਗੁਰੂ ਦੇ ਇਹ ਦਾਹੜੀ ਵਾਲੇ ਸਿੱਖ ਹੀ ਸਨ ਜਿਨਾਂ ਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਤੁਹਾਨੂੰ ਸਨਮਾਨ ਦੀ ਜਿੰਦਗੀ ਜਿਉਣ ਦਾ ਮੌਕਾ ਦਿੱਤਾ ਫਿਰ ਕਿਹੜੀ ਗੱਲ ਹੈ ਕਿ ਤੁਸੀਂ ਇਸ ਦਾਹੜੀ ਤੋਂ ਨਫ਼ਰਤ ਕਰਕੇ ਉਸ ਧਰਮ ਵੱਲ ਜਾ ਰਹੀਆਂ ਹੋ ਜਿੱਥੇ ਤੁਹਾਨੂੰ ਪੈਰ ਦੀ ਜੁੱਤੀ ਸਮਝਿਆ ਜਾਵੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top