Share on Facebook

Main News Page

ਧਰਮ ਵਿਚ ਸਿਆਸਤ ਨੂੰ ਰਲਗਡ ਕਰ ਕੇ, ਸਿੱਖੀ ਨੂੰ ਢਾਹ ਲਾਉਣ ਵਾਲੇ ਬਾਦਲਾਂ ਨੂੰ, ਆਪਣੀਆਂ ਗਲਤੀਆਂ ਵਿੱਚ ਸੁਧਾਰ ਕਰਨਾ ਚਾਹੀਦਾ ਹੈ: ਭਾਈ ਤਰਸੇਮ ਸਿੰਘ

ਨਵੀਂ ਦਿੱਲੀ, 22 ਜਨਵਰੀ (ਪੀ.ਟੀ.ਐਨ.): ਦਿੱਲੀ ਕਮੇਟੀ ਮੈਂਬਰ ਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਤਰਸੇਮ ਸਿੰਘ ਨੇ ਕਿਹਾ ਹੈ ਕਿ ਗੁਰੂ ਗਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰਦਵਾਰਾ ਰਕਾਬ ਗੰਜ ਸਾਹਿਬ ’ਚ ਕਾਂਗਰਸੀ ਆਗੂ ਡਾ. ਕਰਨ ਸਿੰਘ ਵਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ ਦੱਸਣ ਦਾ ਉਨ੍ਹਾਂ ਨੇ ਸਟੇਜ ਸੰਭਾਲਣ ਪਿਛੋਂ ਖੰਡਨ ਕਰ ਦਿਤਾ ਸੀ । ਬਾਦਲ ਦਲ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਲਾਏ ਗਏ ਦੋਸ਼ਾਂ ਦੇ ਜਵਾਬ ’ਚ ਉਨ੍ਹਾਂ ਇਹ ਸਪੱਸ਼ਟੀਕਰਨ ਦਿਤਾ। ਉਨ੍ਹਾਂ ਕਿਹਾ ਕਿ ਰਾਤ ਦੇ ਦੀਵਾਨ ’ਚ ਵੀ ਖੰਡਨ ਕੀਤਾ ਗਿਆ ਸੀ ਤੇ ਦਿੱਲੀ ਕਮੇਟੀ ਵੀ ਡਾ.ਕਰਨ ਸਿੰਘ ਦੇ ਵਿਚਾਰਾਂ ਨੂੰ ਰੱਦ ਕਰ ਚੁੱਕੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਦਿੱਲੀ ਗੁਰਦਵਾਰਾ ਕਮੇਟੀ ਧਰਮ ਦੇ ਮਾਮਲੇ ’ਚ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰਦੀ ਅਤੇ ਉਸ ਸਮੇਂ ਵੀ ਮੈਂ ਅਪੀਲ ਕੀਤੀ ਸੀ ਕਿ ਸਿਆਸੀ ਲੋਕਾਂ ਨੂੰ ਕਿਸੇ ਵੀ ਧਰਮ ਬਾਰੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ’ਚ ਉਨ੍ਹਾਂ ਸਾਰੇ ਸਿਆਸੀ ਲੋਕਾਂ ਨੂੰ ਸਬੰਧਤ ਗੁਰਪੁਰਬ ਸਬੰਧੀ ਸੰਖੇਪ ’ਚ ਪ੍ਰਕਾਸ਼ਤ ਕੀਤੀ ਜਾਣਕਾਰੀ ਦਿਤੀ ਜਾਵੇਗੀ ਜਿਸ ਨਾਲ ਉਹ ਵਿਸ਼ੇ ਤੋਂ ਭਟਕ ਕੇ ਅਪਣੇ ਵਿਚਾਰ ਦੇਣ ਤੋਂ ਗੁਰੇਜ਼ ਕਰਨ। ਵਿਰੋਧੀ ਧਿਰ ਵਲੋਂ ਉਨ੍ਹਾਂ ਦੀ ਦੇਖ-ਰੇਖ ਵਾਲੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਹਰੀ ਨਗਰ ’ਚ ਧਰਮ ਸਬੰਧੀ ਕਿਤਾਬ ਦੀ ਵੱਧ ਕੀਮਤ ਵਸੂਲਣ ਦੇ ਦੋਸ਼ਾਂ ਨੂੰ ਵੀ ਉਨ੍ਹਾਂ ਬੇਬੁਨਿਆਦ ਦਸਿਆ ਤੇ ਕਿਹਾ ਕਿ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਵੇਲੇ ਹੋਰਨਾਂ ਵਿਸ਼ਿਆਂ ਦੇ ਨਾਲ ਧਰਮ ਦੇ ਵਿਸ਼ੇ ਨੂੰ ਜ਼ਰੂਰੀ ਕਰ ਕੇ ਕਿਹੜਾ ਪਾਪ ਕਰ ਦਿਤਾ ਗਿਆ ਹੈ ਜੋ ਵਿਰੋਧੀ ਧਿਰ ਨੇ ਤੂਫ਼ਾਨ ਖੜਾ ਕਰ ਦਿਤਾ ਹੈ? ਉਨ੍ਹਾਂ ਕਿਹਾ ਕਿ ਬਾਦਲ ਦਲ ਦੇ ਆਗੂਆਂ ਕੋਲ ਬੇਤੁਕੇ ਮੁੱਦੇ ਹੀ ਰਹਿ ਗਏ ਹਨ । ਖ਼ਾਲਸਾ ਸਕੂਲਾਂ ਦੇ ਵਿਦਿਆਰਥੀਆਂ ਨੂੰ ਧਰਮ ਦੀ ਜਾਣਕਾਰੀ ਦੇਣ ਲਈ ਧਾਰਮਕ ਵਿਸ਼ਾ ਲੈਣ ਲਈ ਵਿਦਿਆਰਥੀਆਂ ਨੂੰ ਕਿਤਾਬਾਂ ਮੁਹਈਆ ਕਰਵਾਈਏ ਤਾਂ ਵੀ ਉਹ ਪਰੇਸ਼ਾਨ ਹੋ ਜਾਂਦੇ ਹਨ ਜਦਕਿ ਅਨੇਕਾਂ ਗਰੀਬ ਵਿਦਿਆਰਥੀਆਂ ਤੋਂ ਧਰਮ ਦੀ ਕਿਤਾਬ ਦਾ ਇਕ ਆਨਾ ਵੀ ਨਹੀਂ ਲਿਆ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਸਕੂਲ ’ਚ ਕਿਸੇ ਵੀ ਬੱਚੇ ਨੂੰ ਕਿਤਾਬ ਧੱਕੇ ਨਾਲ ਨਹੀਂ ਦਿਤੀ ਜਾਂਦੀ ।

ਉਨ੍ਹਾਂ ਦਾਅਵਾ ਕੀਤਾ ਕਿ ਬੱਚਿਆਂ ਨੂੰ ਧਰਮ ਦੀ ਮੁਢਲੀ ਜਾਣਕਾਰੀ ਦੇਣ ਲਈ ਸ਼੍ਰੋਮਣੀ ਕਮੇਟੀ ਕੋਲ ਵੀ ਇਸ ਤਰ੍ਹਾਂ ਦੀ ਕੋਈ ਰੰਗੀਨ ਕਿਤਾਬ ਨਹੀਂ। ਹੋਰਨਾਂ ਵਿਸ਼ਿਆਂ ਦੀ ਦੋ-ਢਾਈ ਸੋ ਰੁਪਏ ਮੁੱਲ ਵਾਲੀਆਂ ਕਿਤਾਬਾਂ ਦੇ ਮੁਕਾਬਲੇ ਧਾਰਮਕ ਕਿਤਾਬ ਦੀ ਕੀਮਤ 40 ਰੁਪਏ ਕੋਈ ਜ਼ਿਆਦਾ ਨਹੀਂ। ਉਨ੍ਹਾਂ ਵਿਰੋਧੀ ਧਿਰ ਬਾਰੇ ਕਿਹਾ ਕਿ ਬਾਦਲਾਂ ਨੇ ਪਹਿਲਾਂ ਹੀ ਧਰਮ ਵਿਚ ਸਿਆਸਤ ਨੂੰ ਰਲਗਡ ਕਰ ਕੇ ਸਿੱਖੀ ਨੂੰ ਢਾਹ ਲਾਈ ਪਰ ਹੁਣ ਉਨ੍ਹਾਂ ਨੂੰ ਅਪਣੀਆਂ ਗਲਤੀਆਂ ਦਾ ਸੁਧਾਰ ਕਰਨਾ ਚਾਹੀਦਾ ਹੈ। ਅਧਿਆਪਕਾਂ ਨੂੰ ਤਨਖਾਹਾਂ ਨਾ ਦੇਣ ਦੇ ਦੋਸ਼ ਬਾਰੇ ਉਨ੍ਹਾਂ ਕਿਹਾ ਕਿ ਸਕੂਲ ਦੀ ਮਾੜੀ ਆਰਥਕ ਹਾਲਤ ਨੂੰ ਵੇਖ ਕੇ ਦਿੱਲੀ ਕਮੇਟੀ ਵਲੋਂ ਇਕ ਤਨਖ਼ਾਹ ਅਧਿਆਪਕਾਂ ਨੂੰ ਦਿਤੀ ਗਈ ਹੈ ਤੇ ਪ੍ਰਬੰਧਕ ਇਕ ਕਿਸਮ ਦੇ ਸੰਘਰਸ਼ ਨਾਲ ਸਕੂਲ ਚਲਾ ਰਹੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top