Share on Facebook

Main News Page

ਅਕਾਲ ਤਖ਼ਤ ਦੇ ਜਥੇਦਾਰ ਅਪਣੇ ਆਪ ਨੂੰ ਅਕਾਲ ਪੁਰਖ ਸਮਝਣ ਦੀ ਹਉਮੈ ਦਾ ਸ਼ਿਕਾਰ ਹੋਣ ਦੀ ਬਜਾਏ, ਅਕਾਲ ਪੁਰਖ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ: ਬਲੀਏਵਾਲ

ਮਾਛੀਵਾੜਾ ਸਾਹਿਬ 22 ਜਨਵਰੀ (ਪੀ.ਟੀ.ਐਨ.) : ਅਕਾਲ ਤਖ਼ਤ ਦੇ ਜਥੇਦਾਰ ਨੂੰ ਅਕਾਲ ਪੁਰਖ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ ਨਾਕਿ ਅਪਣੇ ਆਪ ਨੂੰ ਅਕਾਲ ਪੁਰਖ ਸਮਝਣ ਦੀ ਹਉਮੈ ਦਾ ਸ਼ਿਕਾਰ ਹੋ ਜਾਣਾ ਚਾਹੀਦਾ। ਅਸੀ ਉਨ੍ਹਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ’ਤੇ ਸਰਬੱਤ ਸਿੱਖ ਸੰਗਤ ਦੀ ਆਵਾਜ਼ ਨੂੰ ਪਛਾਣਨ ਨਾਕਿ ਕਿਸੇ ਇਕ ਬੰਦੇ ਦੇ ਦਬਾਅ ਹੇਠ ਆਉਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪੰਜਾਬ ਤੋਂ ਪ੍ਰਧਾਨ ਜਥੇਦਾਰ ਜਸਵਿੰਦਰ ਸਿੰਘ ਬਲੀਏਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਸੇਵਾਦਾਰ ਸਤਿਕਾਰ ਦੀ ਭਾਵਨਾ ਵਾਲੀ ਬੋਲੀ ਦੀ ਵਰਤੋਂ ਕਰਨ ਨਾ ਕਿ ਕਿਸੇ ਹਮ ਰੁਤਬਾ ਰਹਿ ਚੁੱਕੇ ਜਾਂ ਮੌਜੂਦਾ ਕਿਸੇ ਹੋਰ ਤਖ਼ਤ ਦੇ ਸੇਵਾਦਾਰ ਪ੍ਰਤੀ ਖਰਵ੍ਹੀ ਬੋਲੀ ਦੀ ਵਰਤੋਂ ਕਰਨ ਕਿੳਂੁਕਿ ਇਕ ਦਿਨ ਇਹ ਮਾਣ ਸਤਿਕਾਰ ਉਨ੍ਹਾਂ ਕੋਲ ਵੀ ਨਹੀਂ ਰਹਿਣਾ ਤੇ ਇਸ ਦਾ ਪ੍ਰਭਾਵ ਆਉਣ ਵਾਲੀਆਂ ਪੀੜ੍ਹੀਆਂ ’ਤੇ ਵੀ ਪਵੇਗਾ।

ਜਥੇਦਾਰ ਬਲੀਏਵਾਲ ਨੇ ਕਿਹਾ ਕਿ ਇਤਿਹਾਸ ਵਿਚ ਕਿਸੇ ਗੁਰੂ ਸਹਿਬਾਨ ਨੇ ਵੀ ਅਪਣੇ ਆਪ ਨੂੰ ਵੱਡਾ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਮੁੱਖ ਸੇਵਾਦਾਰ ਕਹਿ ਰਹੇ ਹਨ ਕਿ ਪੰਥ ਦੇ ਵਡੇਰੇ ਹਿਤਾਂ ਲਈ ਸਾਰਿਆਂ ਦੀ ਸਹਿਮਤੀ ਨਾਲ ਹੀ ਕੈਲੰਡਰ ਵਿਚ ਸੋਧ ਕੀਤੀ ਗਈ ਹੈ ਜਦ ਕਿ 2003 ਵਿਚ ਸਾਰਿਆਂ ਦੀ ਸਹਿਮਤੀ ਨਾਲ ਉਸ ਸਮੇਂ ਦੇ ਮੁੱਖ ਸੇਵਾਦਾਰ ਜੋਗਿੰਦਰ ਸਿੰਘ ਵੇਦਾਂਤੀ ਸਮੇਤ ਦੂਜੇ ਤਖ਼ਤਾਂ ਦੇ ਸੇਵਾਦਾਰਾਂ ਨੇ ਵੀ ਇਸ ਨੂੰ ਪ੍ਰਵਾਨ ਕੀਤਾ ਸੀ ਜਦ ਕਿ ਹੁਣ ਸੋਧੇ ਗਏ ਕੈਲੰਡਰ ਨੂੰ ਨਾ ਸਾਬਕਾ ਮੁੱਖ ਸੇਵਾਦਾਰ ਹੀ ਮੰਨਦੇ ਹਨ ਅਤੇ ਤਖਤ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦਾ ਕਹਿਣਾ ਹੈ ਕਿ ਸੋਧ ਸਮੇਂ ਸਾਨੂੰ ਭਰੋਸੇ ਵਿਚ ਨਹੀਂ ਲਿਆ ਗਿਆ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਇਸ ਕੈਲੰਡਰ ਨੂੰ ਆਰ ਐਸ ਐਸ ਤੇ ਬਾਦਲ ਪਰਵਾਰ ਦੇ ਦਬਾਅ ਹੇਠ ਪ੍ਰਵਾਨ ਕੀਤਾ ਗਿਆ ਮੰਨਦੀਆਂ ਹਨ। ਅਖੀਰ ਵਿਚ ਉਨ੍ਹਾਂ ਕਿਹਾ ਕਿ ਜੇਕਰ ਗੱਲ ਸਾਫ਼ ਨਾ ਹੋਈ ਤਾਂ ਸਿੱਖ ਕੌਮ 200 ਸਾਲ ਪਿੱਛੇ ਚਲੀ ਜਾਵੇਗੀ, ਜਿਸ ਦੇ ਜ਼ਿੰਮੇਵਾਰ ਸ਼੍ਰੋਮਣੀ ਕਮੇਟੀ ਤੇ ਤਖ਼ਤਾਂ ਦੇ ਮੁਖੀ ਹੋਣਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top