Share on Facebook

Main News Page

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ 31 ਰਾਗਾਂ 'ਚ ਗਾ ਕੇ ਆਨਲਾਈਨ ਕੀਤਾ ਜਾਵੇਗਾ: ਡਾ. ਜਸਪਾਲ ਸਿੰਘ

ਪਟਿਆਲਾ, 21 ਜਨਵਰੀ (ਹਰਵਿੰਦਰ ਸਿੰਘ ਕੁੱਕੂ)-ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਅਤੇ ਗੁਰਮਤਿ ਸੰਗੀਤ ਵਿਭਾਗ ਵੱਲੋਂ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਵੈੱਬਸਾਈਟ ਅੱਜ ਯੂਨੀਵਰਸਿਟੀ ਵਿਖੇ ਲਾਂਚ ਕੀਤੀ ਗਈ। ਇਸ ਮੌਕੇ ਬੋਲਦਿਆਂ ਉਪ ਕੁਲਪਤੀ ਡਾ: ਜਸਪਾਲ ਸਿੰਘ ਨੇ ਐਲਾਨ ਕੀਤਾ ਕਿ ਯੂਨੀਵਰਸਿਟੀ ਸੰਗੀਤ ਵਿਭਾਗ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ 31 ਰਾਗਾਂ ਵਿਚ ਗਾ ਕੇ ਇਸ ਨੂੰ ਆਨਲਾਈਨ ਕੀਤਾ ਜਾਵੇਗਾ ਨਾਲ ਹੀ ਉਨ੍ਹਾਂ ਕਿਹਾ ਕਿ ਬਾਣੀ ਨੂੰ ਨਿਰਧਾਰਤ ਰਾਗਾਂ ਵਿਚ ਗਾਉਣ ਲਈ ਸਖਲਾਈ ਦੇਣ ਲਈ ਵੀ ਵਿਭਾਗ ਵੱਲੋਂ ਆਨਲਾਈਨ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ। ਉਪ-ਕੁਲਪਤੀ ਨੇ ਵਿਭਾਗ ਵੱਲੋਂ ਤਿਆਰ ਕੀਤੀ ਇਸ ਵਿਸ਼ਾਲ ਵੈੱਬਸਾਈਟ ਨੂੰ ਇਕ ਇਤਿਹਾਸਕ ਮੀਲ ਪੱਥਰ ਦੱਸਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਆਪਣੇ ਸਭਿਆਚਾਰਕ ਉਦੇਸ਼ ਦੀ ਪੂਰਤੀ ਲਈ ਕਾਰਜ ਕੀਤਾ ਹੈ। ਇਸ ਵੈੱਬਸਾਈਟ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ: ਗੁਰਨਾਮ ਸਿੰਘ ਨੇ ਦੱਸਿਆ ਕਿ ਇਸ ਵਿਚ ਗੁਰਮਤਿ ਸੰਗੀਤ ਚੇਅਰ, ਗੁਰਮਤਿ ਸੰਗੀਤ ਵਿਭਾਗ ਸਬੰਧੀ ਸੰਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ, ਜਿਸ ਵਿਚ ਅਧਿਆਪਨ ਤੇ ਖੋਜ ਦੇ ਵੱਖ-ਵੱਖ ਪ੍ਰਾਜੈਕਟਾਂ ਸਬੰਧੀ ਜਾਣਕਾਰੀ ਉਪਲਬੱਧ ਹੈ।

ਸਮਾਗਮ ਵਿਚ ਡਾ: ਕੰਵਲਜੀਤ ਸਿੰਘ ਅਤੇ ਡਾ: ਗੁਰਪ੍ਰੀਤ ਲਹਿਲ (ਕੰਪਿਊਟਰ ਸਾਇੰਸ) ਨੇ ਇਸ ਵੈੱਬਸਾਈਟ ਨੂੰ ਤਕਨੀਕੀ ਪੱਖ ਤੋਂ ਆਧੁਨਿਕ ਤੇ ਵਿਕਸਿਤ ਐਲਾਨਿਆ। ਡਾ: ਹਰਜੀਤ ਗਿੱਲ ਨੇ ਸਭਿਆਚਰਕ ਪੱਖੋਂ ਅਮੀਰ ਸੰਗ੍ਰਹਿ ਵਜੋਂ ਇਸ ਵੈੱਬਸਾਈਟ ਦੀ ਸ਼ਲਾਘਾ ਕਰਦਿਆਂ ਕਿਹਾ ਗੁਰਮਤਿ ਸੰਗੀਤ ਚੇਅਰ ਅਤੇ ਗੁਰਮਤਿ ਸੰਗੀਤ ਵਿਭਾਗ ਵੱਲੋਂ ਇਤਿਹਾਸਕ ਕਾਰਜ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ ਲਾਭ ਸਮੁੱਚੇ ਵਿਸ਼ਵ ਨੂੰ ਹੋ ਰਿਹਾ ਹੈ। ਇਸ ਸਮਾਗਮ ਵਿਚ ਰਜਿਸਟਰਾਰ ਡਾ: ਮਨਜੀਤ ਸਿੰਘ, ਡੀਨ ਅਕਾਦਮਿਕ ਮਾਮਲੇ ਡਾ: ਐਸ. ਐਸ. ਟਿਵਾਣਾ, ਬੀਬੀ ਜਸਬੀਰ ਕੌਰ ਖਾਲਸਾ-ਚੇਅਰਪਰਸਨ ਸ੍ਰੀ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ, ਡਾ: ਕੇਹਰ ਸਿੰਘ - ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ, ਡਾ: ਬਲਕਾਰ ਸਿੰਘ, ਡਾ: ਗੁਰਮੀਤ ਮਾਨ, ਡਾ: ਡੇਜੀ ਵਾਲੀਆ, ਡਾ: ਅੰਮ੍ਰਿਤਪਾਲ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ, ਫੈਕਲਟੀ ਮੈਂਬਰ ਅਤੇ ਵਿਦਿਆਰਥੀ ਵੀ ਹਾਜ਼ਰ ਹੋਏ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top