Share on Facebook

Main News Page

ਕੂੜੇ ਪ੍ਰਬਧਕਾਂ ਦਾ ਕੂੜਾ ਕਾਰਨਾਮਾ
ਹਰਿਆਣਾ ਦੇ ਗੁਰਦੁਆਰਾ ਕਿਲਾ ਸਾਹਿਬ ਵਿਖੇ ਅਸ਼ਲੀਲ ਗ੍ਰੰਥ ਦਾ ‘ਪ੍ਰਕਾਸ਼’ ਕਰਕੇ ਮੰਨਾਇਆ ਗੁਰਪੁਰਬ

ਹਰਿਆਣਾ ਦੇ ਇਕ ਕਸਬੇ ਸਢੌਰਾ (ਜ਼ਿਲਾ ਯਮੁਨਾ ਨਗਰ) ਵਿਖੇ ਬਾਬਾ ਬੰਦਾ ਸਿੰਘ ਜੀ ਨਾਲ ਸਬੰਧਿਤ ਇਕ ਇਤਿਹਾਸਕ ਗੁਰਦੁਆਰਾ ‘ਕਿਲਾ ਸਾਹਿਬ’ ਹੈ। ਪੁਰਾਣੇ ਸਮੇਂ ਤੋਂ ਹੀ ਇਹ ਸੰਪਰਦਾਈ ਤਾਕਤਾਂ ਦੇ ਪ੍ਰਭਾਵ ਹੇਠ ਰਿਹਾ ਹੈ। ਮੌਜੂਦਾ ਸਮੇਂ ਵਿਚ ਇਸ ਸਥਾਨ ’ਤੇ ਹਰਬੰਸ ਸਿੰਘ ਦਿੱਲੀ ਵਾਲਿਆਂ ਦੀ ਸਰਪ੍ਰਸਤੀ ਹੇਠ ‘ਕਾਰਸੇਵਾ’ ਚੱਲ ਰਹੀ ਹੈ।

ਇੱਥੇ ਦੇ ਪ੍ਰਬੰਧਕਾਂ ਵੱਲੋਂ ਸੰਪਰਦਾਈ ਤਾਕਤਾਂ ਦੇ ਪ੍ਰਭਾਵ ਹੇਠ, ਪਿਛਲੇ ਕਾਫੀ ਸਮੇਂ ਤੋਂ ਦਸਮ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਨਾਲ ਸਬੰਧਿਤ ਪੁਰਬ ਅਖੌਤੀ ਦਸਮ ਗ੍ਰੰਥ ਦਾ ‘ਪ੍ਰਕਾਸ਼’ ਕਰਕੇ ਮਨਾਇਆ ਜਾਂਦਾ ਰਿਹਾ ਹੈ। ਪਿਛਲੇ ਸਾਲ ਇਸ ਪੁਰਬ ਤੋਂ ਪਹਿਲਾਂ ਇਹ ਗੱਲ ਤੱਤ ਗੁਰਮਤਿ ਪਰਿਵਾਰ ਦੇ ਨੋਟਿਸ ਵਿਚ ਆਈ। ‘ਪਰਿਵਾਰ’ ਨੇ ਪਹਿਲ ਕਰਦੇ ਹੋਏ, ਹੋਰ ਪੰਥਦਰਦੀਆਂ ਨੂੰ ਵੀ ਬੇਨਤੀ ਕੀਤੀ ਕਿ ਇਸ ਸਥਾਨ ਦੇ ਪ੍ਰਬੰਧਕਾਂ ਨੂੰ ਇਸ ਵਾਰ ਕੂੜ-ਪੋਥੇ ਦਾ ‘ਪ੍ਰਕਾਸ਼’ ਨਾ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ‘ਪਰਿਵਾਰ’ ਦੇ ਬੇਨਤੀ ਕਰਨ ਤੇ ਸ੍ਰ. ਰਾਜਿੰਦਰ ਸਿੰਘ ਜੀ ਖਾਲਸਾ ਚੰਡੀਗੜ੍ਹ (ਕਨਵੀਨਰ ਖਾਲਸਾ ਪੰਚਾਇਤ) ਅਤੇ ਕੁਝ ਹੋਰ ਪੰਥਦਰਦੀਆਂ ਨੇ ਪ੍ਰਬੰਧਕਾਂ ਨੂੰ ਫੋਨ ਰਾਹੀਂ ਸਮਝਾਇਆ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁਲ) ਕਿਸੇ ਹੋਰ ਗ੍ਰੰਥ ਦਾ ‘ਪ੍ਰਕਾਸ਼’ ਕਰਨਾ ਘੋਰ ਮਨਮੱਤ ਹੈ, ਇਸ ਲਈ ਇਹ ਮਨਮੱਤ ਬੰਦ ਕੀਤੀ ਜਾਵੇ। ਪੰਥਦਰਦੀਆਂ ਦਾ ਪ੍ਰਭਾਵ ਕਬੂਲਦੇ ਹੋਏ, ਪ੍ਰਬੰਧਕਾਂ ਨੇ ਪਿਛਲੇ ਸਾਲ ਇਸ ਝੂਠ ਦੀ ਕਿਤਾਬ (ਅਖੌਤੀ ਦਸਮ ਗ੍ਰੰਥ) ਦਾ ‘ਪ੍ਰਕਾਸ਼’ ਨਹੀਂ ਕੀਤਾ।

ਹੁਣ ਇਕ ਵਾਰ ਫਿਰ ਆਪਣੀ ਹੂੜ ਮੱਤ ਦਾ ਵਿਖਾਵਾ ਕਰਦੇ ਹੋਏ, ਦਸਮੇਸ਼ ਪਾਤਸ਼ਾਹ ਜੀ ਦੇ ‘ਪ੍ਰਕਾਸ਼ ਪੁਰਬ’ ਵੇਲੇ ਇਸ ਬਚਿਤ੍ਰ ਨਾਟਕ ਦਾ ‘ਪ੍ਰਕਾਸ਼’ ਕਰਕੇ ਆਪਣੇ (ਅਗਿਆਨਤਾ ਅਤੇ ਮਨਮੱਤ ਦੇ) ਹਨੇਰੇ ਵਿਚ ਡੁੱਬੇ ਹੋਣ ਦਾ ਸਬੂਤ ਦਿੱਤਾ। ਜਾਣਕਾਰੀ ਵਿਚ ਇਹ ਵੀ ਆਇਆ ਹੈ ਕਿ ਕੁਝ ਸਮਾਂ ਪਹਿਲਾਂ ਹੀ ਇਕ ਮਨਮੱਤੀ ਪ੍ਰਚਾਰਕ ਇੱਥੇ ਇਹ ਕੂੜ ਪ੍ਰਚਾਰ ਕਰਕੇ ਗਿਆ ਹੈ ਕਿ ਜਿਹੜਾ ਦਸਮ ਗ੍ਰੰਥ ਨੂੰ ਨਹੀਂ ਮੰਨਦਾ, ਉਹ ਸਿੱਖ ਹੀ ਨਹੀਂ ਹੁੰਦਾ। ਉਸ ਦਾ ਭਾਵ ਇਹ ਹੈ ਕਿ ਜਿਹੜਾ ਦਸਮੇਸ਼ ਪਾਤਸ਼ਾਹ ਜੀ ਦੇ ਮੱਥੇ ’ਤੇ ਦੇਵੀ ਪੂਜਕ ਅਤੇ ਅਸ਼ਲੀਲਤਾ ਦੇ ਸ਼ੌਕੀਨ ਹੋਣ ਦਾ ਕਲੰਕ ਨਹੀਂ ਲਾਉਂਦਾ, ਉਹ ਸਿੱਖ ਹੀ ਨਹੀਂ ਹੁੰਦਾ। ਧੰਨ ਐਸੇ ਪ੍ਰਚਾਰਕ! ਧੰਨ ਉਨ੍ਹਾਂ ਦੀ ਮੰਨਣ ਵਾਲੇ! ਐਸੇ ਬ੍ਰਾਹਮਣ (ਵਾਦੀ) ਪ੍ਰਚਾਰਕਾਂ ਵੱਲ ਵੇਖ ਕੇ ਹੀ ਭਗਤ ਕਬੀਰ ਜੀ ਨੇ ਇਹ ਗੁਰਵਾਕ ਉਚਾਰਨ ਕੀਤਾ ਸੀ:

ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ॥ ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ॥ (ਪੰਨਾ 1377)

ਬ੍ਰਾਹਮਣੀ (ਸਿੱਖ) ਪ੍ਰਚਾਰਕ ਆਪ ਤਾਂ ਇਸ ਕੂੜ-ਕਬਾੜੇ (ਅਖੌਤੀ ਦਸਮ ਗ੍ਰੰਥ) ਦੀ ਦਲਦਲ ਵਿਚ ਫਸੇ ਹੋਏ ਹਨ, ਨਾਲ ਹੀ ਭੋਲੀ-ਭਾਲੀ ਲੋਕਾਈ ਨੂੰ ਵੀ ਇਸ ਚਿੱਕੜ ਵਿਚ ਫਸਾ ਕੇ ਆਤਮਕ ਮੌਤ ਵੱਲ ਧਕੇਲ ਰਹੇ ਹਨ। ਐਸੇ ਕਥਿਤ ਪ੍ਰਚਾਰਕਾਂ ਦੀ ਸ਼ੈ ’ਤੇ ਅਗਿਆਨੀ ਪ੍ਰਬੰਧਕਾਂ ਨੇ ਫੇਰ ਉਹੀ ਕਾਲਾ ਕਾਰਨਾਮਾ ਦੋਹਰਾ ਦਿੱਤਾ ਹੈ। ਉਨ੍ਹਾਂ ਦੀ ਇਸ ਕਰਤੂਤ ਦੀ ਜਿੰਨੀ ਵੀ ਅਲੋਚਨਾ ਕੀਤੀ ਜਾਵੇ, ਘੱਟ ਹੈ। ਇਸ ਘੋਰ ਮਨਮਤ ਲਈ ਜਿੱਥੇ ਮੁੱਢਲੇ ਰੂਪ ਵਿਚ ਪ੍ਰਬੰਧਕ ਜ਼ਿੰਮੇਵਾਰ ਹਨ, ਉੱਥੇ ਇਸ ਗੁਰਦੁਆਰੇ ਦਾ ਹੈਡ ਗ੍ਰੰਥੀ ਵੀ ਐਸੀ ਕਰਤੂਤ ਲਈ ਜਵਾਬ ਦੇਹ ਹੈ।

ਤੱਤ ਗੁਰਮਤਿ ਪਰਿਵਾਰ ਇਸ ਗੁਰਮਤਿ ਵਿਰੋਧੀ ਕਾਰੇ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ, ਜਾਗਦੀ ਜ਼ਮੀਰ ਵਾਲੇ ਸਿੱਖਾਂ ਨੂੰ ਬੇਨਤੀ ਕਰਦਾ ਹੈ ਕਿ ਇਸ ਘਿਨਉਣੀ ਹਰਕਤ ਲਈ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਫੋਨ ਰਾਹੀਂ ਜਾਂ ਨਿੱਜ ਰੂਪ ਵਿਚ ਸਵਾਲਾਂ ਰਾਹੀਂ ਕੱਟਹਰੇ ਵਿਚ ਖੜਾ ਕੀਤਾ ਜਾਵੇ ਤਾਂ ਕਿ ਅੱਗੇ ਲਈ ਐਸੀ ਮਨਮਤ ਨੂੰ ਰੋਕਿਆ ਜਾ ਸਕੇ।

* ਗੁਰਦੁਆਰੇ ਦੇ ਪ੍ਰਧਾਨ ਇੰਦਰਜੀਤ ਸਿੰਘ ‘ਢਿੱਲੋਂ’ ਦਾ ਮੋਬਾਈਲ ਨੰ: 09315 687800

* ਗੁਰਦੁਆਰੇ ਦੇ ਹੈਡ ਗੰਥੀ ਸੁੱਚਾ ਸਿੰਘ ਦਾ ਮੋਬਾਈਲ ਨੰ: 09466 069751

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top