Share on Facebook

Main News Page

ਜੋ ਖੁਦ ਹਨੇਰੇ ‘ਚ ਹੈ, ਉਸ ਨੂੰ ਸਾਡੇ ਜਗਣ ‘ਤੇ ਇਤਰਾਜ਼ ਹੈ

ਇਸ ਵਰ੍ਹੇ ਘੱਲੂਘਾਰਾ ਦਿਨ ‘ਤੇ ਪੰਥਕ ਹਸਤੀਆਂ ਦੀ ਮੌਜੂਦਗੀ ਵਿਚ ਮੈਂ ਕੁਝ ਵਿਚਾਰ ਪੇਸ਼ ਕੀਤੇ, ਜੋ ਕਈ ਰਸਾਲਿਆਂ ਤੇ ਅਖ਼ਬਾਰਾਂ ‘ਚ ਵੀ ਛਪੇ। ਪੜ੍ਹ ਕੇ ਕਿਸੇ ਸਾਬਕਾ ਪੱਤਰਕਾਰ ਨੇ ਇਤਰਾਜ਼ ਕੀਤਾ ਹੈ, ਜੋ ਕਿਸੇ ਬਾਹਰਲੀ ਅਖਬਾਰ ਵਿਚ ਛਪਿਆ ਹੈ। ਨਾ ਉਹ ਮੇਰਾ ਦੋਸਤ ਹੈ, ਨਾ ਹੀ ਮੈਂ ਉਸਦਾ ਦੋਸਤ ਹਾਂ। ਉਹ ਮੇਰੇ ਉਸਤਾਦ ਨੂੰ ਜਾਣਦਾ ਹੈ। ਆਪਣੇ ਜਾਣਕਾਰ ਦੇ ਵਿਦਿਆਰਥੀ ਪ੍ਰਤੀ ਸਨੇਹ ਉਸ ਦੀ ਫ਼ਰਾਖ਼ਦਿਲੀ ਹੈ ਜਿਸ ਦਾ ਸਤਿਕਾਰ ਕਰਨਾ ਮੇਰਾ ਫ਼ਰਜ਼ ਹੈ। ਫ਼ਰਾਖ਼ਦਿਲੀ ਤੇ ਫ਼ਰਜ਼ਾਂ ਦਾ ਵਿਚਾਰਾਂ ਦੇ ਆਦਾਨ-ਪ੍ਰਦਾਨ ਵਿਚ ਕੋਈ ਦਖ਼ਲ ਨਹੀਂ ਹੁੰਦਾ। ਦੋਸਤਾਂ, ਹਮ ਰੁਤਬਾ ਸਹਿਕਰਮੀਆਂ, ਜਾਣਕਾਰਾਂ ਜਾਂ ਅਜਨਬੀਆਂ ਨਾਲ ਵੀ ਬਹਿਸ-ਮੁਬਾਹਿਸੇ ਦੌਰਾਨ ਜਿਸ ਤਹਿਜ਼ੀਬ ਤੇ ਮਰਿਆਦਾ ਦਾ ਪੱਲਾ ਕੱਤਈ ਨਹੀਂ ਛੱਡਿਆ ਜਾ ਸਕਦਾ, ਉਸ ਦੀ ਭਾਲ਼ ਮੈਂ ਕਈ ਦਿਨਾਂ ਤੋਂ ਉਸ ਦੇ ਪ੍ਰਤੀਕਰਮ ਵਿਚੋਂ ਕਰ ਰਿਹਾ ਹਾਂ। ਪੱਤਰਕਾਰ ਹੋਣ ਕਰਕੇ ਉਸ ਨੇ ਅਖ਼ਬਾਰੀ ਅੰਦਾਜ਼ ਵਿਚ ਆਮ ਬੰਦੇ ਦੀ ਉਤੇਜਨਾ ਨੂੰ ਪ੍ਰੇਰਤ ਕਰਨ ਵਾਲਾ ਪ੍ਰਤੀਕਰਮ ਜ਼ਾਹਿਰ ਕੀਤਾ ਹੈ। ਸਿੱਖੀ ਦੀਆਂ ਪੁੜੀਆਂ ‘ਚ ਲਿਪਟੀ ਨਕਸਲੀ ਸੋਚ ‘ਤੇ ਚਿਪਕੇ ਸ਼ਰਤੀਆ ਇਲਾਜ਼ ਦੇ ਲੇਬਲ ਦੇ ਭਰਮਜਾਲ਼ ਅਤੇ ਮਨੋਗ੍ਰੰਥੀਆਂ ਦੀ ਖਿਚੋਤਾਣ ‘ਚੋਂ ਉਪਜੀ ਸਿਰ ਪੀੜਾ ਨੂੰ ਕਈ ਲੋਕ ਕੌਮੀ ਦਰਦ ਸਮਝ ਲੈਂਦੇ ਹਨ, ਜਿਨ੍ਹਾਂ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਹੁੰਦਾ ਪਰ ਮੈਂ ਲਾਜ਼ਮੀ ਸਮਝਦਾ ਹਾਂ।

ਹਿੰਦੁਸਤਾਨ ਵਿਚ ਕੀ ਸਾਰੀ ਦੁਨੀਆਂ ਵਿਚ ਬਹੁਤ ਸਾਰੇ ਗਰੁਪ ਖਾੜਕੂ ਲਹਿਜ਼ੇ ਵਿਚ ਆਪਣੇ ਕੌਮੀ ਮਸਲਿਆਂ ਨੂੰ ਨਜਿਠਣ ਲਈ ਯਤਨਸ਼ੀਲ ਹਨ। ਬਹੁਤ ਸਾਰੇ ਲੋਕ ਪੁਣਛਾਣ ਕਰਕੇ ਉਨ੍ਹਾਂ ਦੇ ਯਤਨ ਨੂੰ ਕਿਸੇ ਸਾਰਥਕ ਮਨੋਰਥ ਵੱਲ ਸੇਧਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਈ ਲੋਕ ਅਜਿਹੇ ਵੀ ਹਨ ਜੋ ਖਾੜਕੂ ਸੁਰ ਦੀ ਕੇਵਲ ਪ੍ਰੋੜਤਾ ਹੀ ਕਰਦੇ ਹਨ। ਇਨ੍ਹਾਂ ਵਿਚੋਂ ਕੁਝ ਕੁ ਅਜਿਹੇ ਵੀ ਹਨ, ਜਿਨ੍ਹਾਂ ਲਈ ਪ੍ਰੋੜ੍ਹਤਾ ਇਕ ਕਾਰੋਬਾਰ ਹੈ। ਪੁਰਾਣੇ ਸਮਿਆਂ ਵਿਚ ਕੌਮਪ੍ਰਸਤ ਯੋਧੇ ਸਿਰ ‘ਤੇ ਕੱਫਣ ਬੰਨ੍ਹ ਕੇ ਧਰਮ ਯੁਧ ਵਿਚ ਜੂਝ ਮਰਦੇ ਸਨ ਪਰ ਅੱਜ ਕਲ ਅਜਿਹਾ ਜੋਸ਼ ਗ਼ਾਇਬ ਹੈ। ਕਈ ਲੋਕ ਨੌਜਵਾਨਾਂ ਦੀ ਹਠੀਲੀ, ਉਤੇਜਤ ਅਤੇ ਭਾਵਕ ਮਨੋਦਸ਼ਾ ਨੂੰ ਭੜਕਾ ਕੇ, ਉਨ੍ਹਾਂ ਦੇ ਸਿਰਾਂ ‘ਤੇ ਦਸਤਾਰ ਦੀ ਥਾਂ ਕੱਫ਼ਣ ਬੰਨ੍ਹ ਬੰਨ੍ਹ ਮੌਤ ਦੇ ਬੁਥੇ ਝੋਕ ਦੇਣ ਦੀ ਤਮੰਨਾ ਲੈ ਕੇ ਆਪਣੀਆਂ ਗਤੀਵਿਧੀਆਂ ਉਲੀਕਦੇ ਹਨ ਅਤੇ ਬਾਹਰਲੇ ਮੁਲਕਾਂ ਵਿਚ ਆਪਣੀ ਇਸ ਸੂਰਮਗਤੀ ਦੀ ਇਸ਼ਤਿਹਾਰਬਾਜ਼ੀ ਕਰਦੇ ਹਨ।

ਇਸ ਸ਼ਖ਼ਸ ਨੇ ਨੌਕਰੀ ਤੋਂ ਫ਼ਾਰਗ ਹੋਣ ਤੋਂ ਪਹਿਲਾਂ ਇਕ ਰਸਾਲਾ ਕੱਢਿਆ ਸੀ, ਜਿਸਦੇ ਰਿਲੀਜ਼ ਸਮਾਗਮ ਵਿਚ ਰਸਾਲੇ ਦੀ ਰੂਪ ਰੇਖਾ ਨੂੰ ਦੇਖ ਕੇ ਮੈਂ ਆਖ ਬੈਠਾ ਸੀ ਕਿ ਇਹ ਆਖਰੀ ਅੰਕ ਰਿਲੀਜ਼ ਹੋ ਰਿਹਾ ਹੈ। ਉਸ ਨੇ ਇਸ ਗੱਲ ‘ਤੇ ਭਾਰੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਜੇ ਉਹ ਰਸਾਲਾ ਚਲਦਾ ਰਹਿੰਦਾ ਤਾਂ ਸ਼ਾਇਦ ਮੈਨੂੰ ਆਪਣੀ ਟਿੱਪਣੀ ‘ਤੇ ਪਛਤਾਵਾ ਹੁੰਦਾ ਪਰ ਉਹ ਸੱਚ ਮੁਚ ਆਖਰੀ ਅੰਕ ਹੀ ਸੀ। ਫਿਰ ਉਸ ਨੇ ਸੇਵਾ ਨਵਿਰਤ ਹੋਣ ਉਪਰੰਤ ਇਕ ਅਖ਼ਬਾਰ ਕੱਢੀ, ਜਿਸ ਦੇ ਨਾਂ ਵਿਚ ਹੀ ਉਸ ਦੇ ਨਾ ਚੱਲਣ ਦੇ ਇਸ਼ਾਰੇ ਸਨ। ਉਹ ਵੀ ਬੰਦ ਹੋ ਗਈ।

ਇਕ ਵੇਰਾਂ ਉਸ ਦੇ ਮਨ ਵਿਚ ਅਚਾਨਕ ਕੁਝ ਚੰਗਾ ਪੜ੍ਹਨ ਦੀ ਤਮੰਨਾ ਜਾਗ ਪਈ ਤੇ ਉਹ ਮੇਰੇ ਕੋਲ਼ੋਂ ਸ. ਕਪੂਰ ਸਿੰਘ ਦੇ ਲੇਖ ਲੈ ਗਿਆ। ਅੱਠ ਦਸਾਂ ਸਾਲਾਂ ਤੋਂ ਮੈਂ ਉਹ ਵਾਪਸ ਲੈਣ ਲਈ ਕਈ ਦਫ਼ਾ ਆਖਿਆ ਹੈ ਪਰ ਹਰ ਵਾਰ ਇਹੀ ਜਵਾਬ ਮਿਲ਼ਦਾ ਹੈ, “ਉਹ ਪਤਾ ਨਹੀਂ ਕਿਥੇ (ਪੜ੍ਹੇ ਬਗ਼ੈਰ ਹੀ) ਰੱਖੇ ਗਏ।” ਜਿਸ ਨੂੰ ਨਾ ਪੜ੍ਹਨ ਦੀ ਇਤਨੀ ਸੁਆਦਲੀ ਆਦਤ ਹੋਵੇ, ਉਸਨੂੰ ਕਿਵੇਂ ਕਹਾਂ ਕਿ ਜਵਾਬ ਦੇਣ ਤੋਂ ਪਹਿਲਾਂ, ਸ਼ਾਇਰੇ ਮਸ਼ਰਿਕ ਡਾ. ਸਰ ਮੁਹੰਮਦ ਇਕਬਾਲ ਦਾ ‘ਸ਼ਿਕਵਾ ਜਵਾਬਿ ਸ਼ਿਕਵਾ’ ‘ਚੋਂ ਹੋ ਗੁਜ਼ਰੇ। ਜਦ ਇਸ ਦਾ ਪਹਿਲਾ ਭਾਗ ਸ਼ਿਕਵਾ ਛਪਿਆ ਸੀ ਤਾਂ ਉਸ ਜਹੇ ਗਰਮ ਰੱਤ ਮੌਲਾਣਿਆਂ ਨੇ ਇਕਬਾਲ ਸਾਹਿਬ ਦੇ ਖ਼ਿਲਾਫ਼ ਹੱਲਾ ਗੁੱਲਾ ਮਚਾਇਆ ਸੀ ਪਰ ਜਦੋਂ ਉਨ੍ਹਾਂ ਨੇ ਜਵਾਬਿ ਸ਼ਿਕਵਾ ਲਿਖੀ ਤਾਂ ਮੂੰਹ ‘ਚ ਉਂਗਲਾਂ ਲੈ ਕੇ ਬਹਿ ਗਏ ਸਨ। ਸਿਆਣੀਆਂ ਕੌਮਾਂ ਹਮੇਸ਼ਾਂ ਆਤਮ ਚਿੰਤਨ ਕਰਦੀਆਂ ਹਨ ਪਰ ਤੱਤ ਭੜੱਤੀਆਂ ਉਬਲ਼ ਉਬਲ਼ ਕੇ ਆਪਣੇ ਕੰਢੇ ਸਾੜਦੀਆਂ ਹਨ।

ਇਹ ਤਾਂ ਉਹ ਜਾਣਦੇ ਹੀ ਹੋਣਗੇ ਕਿ ਧਰਮ ਯੁਧ ਮੋਰਚਾ ਅਸਲ ਵਿਚ ਪੰਜਾਬ ਦੀ ਕਿਸਾਨੀ ਦੀ ਪਾਣੀ ਦੀ ਮੰਗ ਨਾਲ ਕਪੂਰੀ ਤੋਂ ਸ਼ੁਰੂ ਹੋਇਆ ਸੀ। ਇਹ ਤਾਂ ਉਹੀ ਚੰਗੀ ਤਰ੍ਹਾਂ ਦੱਸ ਸਕਦੇ ਹਨ ਕਿ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ਨਾਲ ਹਰਿਆਣੇ, ਰਾਜਸਥਾਨ, ਹਿਮਾਚਲ ਆਦਿ ਦੂਸਰੇ ਸੂਬਿਆਂ ‘ਚ ਵਸੇ ਸਿੱਖਾਂ ਦਾ ਕੀ ਸਬੰਧ ਹੈ? ਸਿੱਖੀ ਇਕ ਸਿਆਸੀ ਭੂਗੋਲਿਕ ਖਿਤੇ ਪੰਜਾਬ ਤੱਕ ਹੀ ਸੀਮਿਤ ਨਹੀਂ। ਸਿੱਖੀ ਅਤੇ ਪੰਜਾਬੀਅਤ ਇਕੋ ਸ਼ੈ ਦੇ ਦੋ ਨਾਂ ਨਹੀ ਹਨ।

ਹਥਿਆਰਾਂ ਦੀ ਵਰਤੋਂ ਨੂੰ ਉਹ ਕੇਵਲ ਉਸੇ ਲਈ ਜਾਇਜ਼ ਮੰਨਦਾ ਹੈ ਜੋ ਆਪਣੇ ਆਪ ਨੂੰ ਆਪ ਹੀ ਸੱਚ ਦੇ ਆਲਮਬਰਦਾਰ ਸਮਝਦਾ ਹੈ। ਜਿਸ ਨੂੰ ਦੁਸ਼ਮਣ ਮੰਨ ਲਿਆ ਹੈ ਉਸ ਤੋਂ ਉਹ ਮਨੁਖੀ ਅਧਿਕਾਰਾਂ ਦੀ ਰਖਵਾਲੀ ਦੀ ਉਮੀਦ ਵੀ ਰੱਖਦਾ ਹੈ। ਇਹ ਨਹੀਂ ਸੋਚਿਆ ਕਿ ਮਨੁਖੀ ਅਧਿਕਾਰਾਂ ਦਾ ਬੋਝ ਵੀ ਸੱਚ ਦੇ ਆਲਮਬਰਦਾਰਾਂ ਨੇ ਹੀ ਚੁਕਣਾ ਹੁੰਦਾ ਹੈ। ਬਿਬੇਕ ਨਾਲ ਸਾਂਝ ਪਾਏ ਬਿਨਾ ਕੋਈ ਗ਼ੈਰਸੰਵੇਦਨਸ਼ੀਲ ਨਿਧੜਕ ਸ਼ਖ਼ਸ ਹੀ ਮਾਂਵਾਂ ਦੇ ਅਨੋਭੜ ਪੁੱਤਾਂ ਨੂੰ ਸ਼ਿਸ਼ਕਾਰ ਕੇ ਮੌਤ ਦੇ ਮੂੰਹ ਧੱਕ ਸਕਦਾ ਹੈ। ਪਰ “ਹਮ ਲੇ ਜਾਨੋ ਪੰਥ ਉਚੇਰੋ ਅਧੋਗਤੀ ਕੋ ਨਹਿ ਪਹੁੰਚਾਵੈਂ” ਦਾ ਮਰਮ ਸਮਝਾਉਣ ਵਾਲਾ ਅਜਿਹਾ ਸੋਚ ਵੀ ਨਹੀਂ ਸਕਦਾ।

ਸਿਆਣੇ ਬੰਦੇ ਝਗੜੇ ਸਮੇਂ ਆਪਣੀਆਂ ਧੀਆਂ ਭੈਣਾਂ ਨੂੰ ਪਾਸੇ ਕਰ ਦਿੰਦੇ ਹਨ ਤਾਂ ਜੋ ਈਮਾਨੋ ਇਜ਼ਤ ਵਿਚ ਖ਼ਿਆਨਤ ਨਾ ਹੋਵੇ। ਅਨੰਦਪੁਰ ਸਾਹਿਬ ਛੱਡਣ ਪਿਛੋਂ ਦਸਮ ਪਾਤਸ਼ਾਹ ਨੇ ਵੀ ਆਪਣੇ ਮਹਿਲਾਂ ਨੂੰ ਦਿੱਲੀ ਵੱਲ ਮਹਿਫ਼ੂਜ਼ ਭੇਜ ਦਿਤਾ ਸੀ। ਫਿਰ ਦਿੱਲੀ ਤੋਂ ਦੱਖਣ ਵੱਲ ਜਾਂਦੇ ਹੋਏ ਵੀ ਮਹਿਲਾਂ ਨੂੰ ਨਾਲ ਨਹੀਂ ਸਨ ਲੈ ਕੇ ਗਏ। ਗੁਰੂ ਸਾਹਿਬਾਂ ਨੇ ਸੰਭਾਵਤ ਜੰਗੀ ਹਮਲਿਆਂ ਦੇ ਟਾਕਰੇ ਲਈ ਵਿਸ਼ੇਸ਼ ਕਿਲੇ ਉਸਾਰੇ। ਗੁਰੂ ਘਰਾਂ ਨੂੰ ਕਿਲਿਆਂ ਵਜੋਂ ਨਹੀਂ ਸੀ ਵਰਤਿਆ ਗਿਆ। ਛੇਵੇਂ ਪਾਤਸ਼ਾਹ ਵੀ ਹਕੂਮਤ ਨਾਲ ਟੱਕਰ ਤੋਂ ਨਹੀਂ ਸਨ ਟਲ਼ੇ, ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜੰਗ ਦਾ ਅਖਾੜਾ ਬਣਨ ਤੋਂ ਬਚਾਉਣ ਦੇ ਇਰਾਦੇ ਨਾਲ ਛੱਡ ਕੇ ਰਵਾਨਾ ਹੋ ਗਏ ਸਨ।

ਮੁਗਲ ਸਾਡੇ ਰੁਹਾਨੀ ਕੇਂਦਰ ਨੂੰ ਇਸ ਕਰਕੇ ਮਲ਼ੀਆਮੇਟ ਕਰ ਦੇਣਾ ਚਾਹੁੰਦੇ ਸਨ ਕਿ ਅਸੀਂ ਆਪਣੇ ਗੁਰੂ ਤੋਂ ਪ੍ਰੇਰਣਾ ਹਾਸਲ ਨਾ ਕਰ ਸਕੀਏ। ਹੁਣ ਕੋਈ ਦੇਸ਼ ਲੋਕਰਾਜੀ ਪ੍ਰਣਾਲ਼ੀ ਦੇ ਅਧੁਨਿਕ ਯੁਗ ਵਿਚ ਜ਼ਾਹਰਾ ਤੌਰ ਪਰ ਅਜਿਹਾ ਨਹੀਂ ਕਰ ਸਕਦਾ। ਅਗਰ ਕੋਈ ਰਾਜਸੀ ਧਿਰ ਆਪਣੀ ਸਮਝ ਦੀ ਬੇਹੋਸ਼ੀ ਵਿਚ ਆਪਣੀ ਹੀ ਸਾਖ ਨੂੰ ਤਬਾਹ ਕਰਨ ਵਾਲਾ ਅਜਿਹਾ ਇਰਾਦਾ ਰੱਖਦੀ ਵੀ ਹੋਵੇ ਤਾਂ ਵੀ ਉਸ ਨੂੰ ਅਜਿਹਾ ਮਨਸੂਬਾ ਸਿਰੇ ਚਾੜ੍ਹਨ ਲਈ ਕੋਈ ਬਹਾਨਾ ਚਾਹੀਦਾ ਹੈ। ਸਾਨੂੰ ਇਸ ਗੱਲ ਦੀ ਪੜਚੋਲ਼ ਕਰਨੀ ਪਵੇਗੀ ਕਿ ਧਰਮਯੁਧ ਮੋਰਚੇ ਦੌਰਾਨ ਅਕਾਲ ਤਖ਼ਤ ਨੂੰ ਰਿਹਾਇਸ਼ਗਾਹ ਵਜੋਂ ਵਰਤਣਾ ਉਸ ਤਰ੍ਹਾਂ ਦਾ ਬਹਾਨਾ ਬਣਾ ਦੇਣ ਵਾਲਾ ਕਦਮ ਤਾਂ ਨਹੀਂ ਸੀ?

ਚੇਤੇ ਰਹੇ ਜਿੰਨੀ ਦੇਰ ਜਥੇਦਾਰ ਤਲਵੰਡੀ ਨੇ ਧਰਮ ਯੁਧ ਮੋਰਚਾ ਦਿੱਲੀ ਵਿਚ ਜਾਰੀ ਰੱਖਿਆ ਉਦੋਂ ਕਿਸੇ ਗੁਰੂ ਘਰ ਨੂੰ ਆਂਚ ਨਹੀਂ ਸੀ ਆਈ। ਸ਼ਾਇਦ ਇਸੇ ਖ਼ਤਰੇ ਨੂੰ ਭਾਂਪਦਿਆਂ ਧਰਮ ਯੁਧ ਮੋਰਚੇ ਦੇ ਡਿਕਟੇਟਰ ਨੇ ਕਿਸੇ ਧਰਮ ਅਸਥਾਨ ਨੂੰ ਰਿਹਾਇਸ਼ਗਾਹ ਨਹੀਂ ਸੀ ਬਣਾਇਆ। ਅਕਾਲ ਤਖ਼ਤ ਸਾਹਿਬ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਫ਼ਰਕ ਹੈ। ਸਮੁੰਦਰੀ ਹਾਲ ਨੂੰ ਤਾਂ ਅਸੀਂ ਖ਼ੁਦ ਹੀ ਅਖਾੜਾ ਬਣਾਈ ਰੱਖਦੇ ਹਾਂ ਜਿਥੇ ਧੱਕਾ ਮੁੱਕੀ ਹੋਣ ਤੋਂ ਅਸੀਂ ਕਦੀ ਗ਼ੁਰੇਜ਼ ਨਹੀਂ ਕੀਤਾ। ਲੇਕਿਨ ਗੁਰੂ ਘਰ ਅੰਦਰ ਬੋਲੇ ਉਚੇ ਨੀਵੇਂ ਬੋਲ ਵੀ ਸੰਵੇਦਨਸ਼ੀਲ ਹਿਰਦਿਆਂ ਨੂੰ ਵਲੂੰਧਰ ਜਾਂਦੇ ਹਨ।

ਕਮਜ਼ੋਰ ਧਿਰਾਂ ਹੀ ਕਿਸੇ ਕਾਰਣ ਮਰ ਗਏ ਇਨਸਾਨ ਦੀ ਲਾਸ਼ ਚੌਰਸਤੇ ‘ਚ ਰੱਖ ਕੇ ਪਿੱਟ ਸਿਆਪੇ ਕਰਦੀਆਂ ਹਨ। ਆਪਣੀ ਇਜ਼ਤ ਆਬਰੂ ਦਾ ਆਦਰ ਕਰਨ ਵਾਲ਼ੇ ਲੋਕ ਮਰ ਚੁਕਿਆਂ ਦਾ ਹੋਰ ਨਿਰਾਦਰ ਕਰਨ ਕਰਾਉਣ ਤੋਂ ਕਤਰਾਉਂਦੇ ਹਨ। ਪਿਛਲੇ ਤੀਹ ਪੈਂਤੀ ਸਾਲਾਂ ਤੋਂ ਸਿੱਖ ਰਸਾਲਿਆਂ ਦੇ ਮੁਖ ਪੰਨਿਆਂ ‘ਤੇ ਢੱਠੇ ਹੋਏ ਅਕਾਲ ਤਖ਼ਤ ਦੀਆਂ ਫੋਟੋਆਂ ਲਗਾਤਾਰ ਛਪ ਰਹੀਆਂ ਹਨ। ਪਾਵਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਾਬਤ ਸਬੂਤੀ ਇਮਾਰਤ ਨਾਲੋਂ ਸਾਨੂੰ ਇਸ ਦਾ ਢੱਠਾ ਹੋਇਆ ਦ੍ਰਿਸ਼ ਹੀ ਵਧੇਰੇ ਕਾਰਗਰ ਜਾਪਦਾ ਹੈ!

ਕਈ ਵਿਦੇਸ਼ੀ ਸਿੱਖ ਪੰਜਾਬੀਆਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਾ ਕੇ ਅਜ਼ਾਦੀ ਲਈ ਭੜਕਾਉਂਦੇ ਹਨ। ਉਹ ਖ਼ੁਦ ਨੂੰ ਅਮਰੀਕਨ ਬਾਰੂਦ ਤੰਤਰ ਦੀ ਛਾਂ ਹੇਠ ਮਹਿਫ਼ੂਜ਼ ਸਮਝਦੇ ਹੋਏ ਭਾਰਤੀ ਸਿੱਖਾਂ ਨੂੰ ਤੱਤੀਆਂ ਤੱਤੀਆਂ ਸਲਾਹਾਂ ਦੇ ਕੇ ਬਲ਼ਦੀ ਦੇ ਬੁਥੇ ਵੱਲ੍ਹ ਤੋਰ ਦਿੰਦੇ ਹਨ। ਪਰ ਉਹ ਆਪਣੀ ਸਿਟੀਜਨਸ਼ਿਪ ਵਾਲ਼ੇ ਮੁਲਕ ਵਿਚ ਖ਼ਾਲਸਾ ਰਾਜ ਸਥਾਪਤ ਕਰਨ ਬਾਬਤ ਕਦੀ ਨਹੀਂ ਸੋਚਦੇ। ਪੰਜਾਬੀ ਸਿੱਖਾਂ ਦੀ ਅਜ਼ਾਦੀ ਨਾਲ ਉਹ ਆਪਣੇ ਦੇਸ਼ ਦੀ ਹਕੂਮਤ ਤੋਂ ਕਿਵੇਂ ਅਜ਼ਾਦ ਹੋ ਜਾਣਗੇ, ਇਸ ਗੱਲ ਦੀ ਸਮਝ ਨਹੀਂ ਪੈਂਦੀ। ਉਨ੍ਹਾਂ ਨੇ ਪੈਂਟਾਗਨ ਨਿਜ਼ਾਮ ਨੂੰ ਸਮਝਣ ਦੀ ਕਦੀ ਕੋਸ਼ਿਸ਼ ਨਹੀਂ ਕੀਤੀ। ਸ਼ਸਤਰ ਕਿਸੇ ਸ਼ਾਸਤਰ ਅਧੀਨ ਹੀ ਚੱਲਦਾ ਹੈ। ਕੋਈ ਵੀ ਨਿਜ਼ਾਮ ਕਿਸੇ ਨਿਯਮ ਤਹਿਤ ਹੀ ਫੈਲਦਾ ਹੈ। ਜਿਹੋ ਜਿਹਾ ਸ਼ਾਸਤਰ ਉਹੋ ਜਿਹਾ ਸ਼ਸਤਰ। ਵਿਦੇਸ਼ਾਂ ‘ਚ ਬੈਠੇ ਨਿਧੜਕ, ਬੇਖ਼ੌਫ਼ ਅਤੇ ਬੇਬਾਕ ਸਿੱਖ ਕਾਰਕੁਨ ਪੈਂਟਾਗਨ ਨਿਜ਼ਾਮ ਦੇ ਵਿਰੁਧ ਇਸ ਭਾਊ ਦਾ “ਚੜ੍ਹ ਜਾ ਬੱਚਾ ਸੂਲ਼ੀ ‘ਤੇ” ਵਾਲਾ ਨਿਯਮ ਪਰਖ ਕੇ ਦੇਖਣ ਕਿਤਨਾ ਕੁ ਕਾਰਗਰ ਹੈ?

ਅਸੀਂ, “ਸਗਲੀ ਧਰਤੀ ਸਾਧ ਕੀ” ਦੇ ਵਿਪਰੀਤ ਕੇਵਲ ਭਾਰਤੀ ਪੰਜਾਬ ਨੂੰ ਹੀ ਸਿੱਖੀ ਦੀ ਕਰਮ ਭੂਮੀ ਮੰਨ ਲਿਆ ਹੈ। ਇਥੇ ਵਸਣ ਵਾਲ਼ਿਆਂ ਨੇ “ਜਹਾਂ ਜਹਾਂ ਖ਼ਾਲਸਾ ਜੀ ਸਾਹਿਬ” ਦੇ ਉਲ਼ਟ ਖ਼ੁਦ ਨੂੰ ਹੀ ਅਸਲ ਖ਼ਾਲਸਾ ਪੰਥ ਸਮਝਿਆ ਹੋਇਆ ਹੈ। ਅਰਦਾਸ ਵਿਚ ਵਿਛੋੜੇ ਗਏ ਗੁਰਧਾਮਾਂ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਦੀ ਤਾਂਘ ਤੱਕ ਤਾਂ ਠੀਕ ਹੈ ਪਰ ਸੰਭਾਲ਼ ਦੀ ਇਛਾ ਵਿਚ ਕਿਤੇ ਨਾ ਕਿਤੇ ਉਕਤ ਧਾਰਨਾ ਨਜ਼ਰ ਆਉਂਦੀ ਹੈ ਜਿਸ ਅਧੀਨ ਅਸੀਂ ਦੇਸਾਂ ਪ੍ਰਦੇਸਾਂ ਦੇ ਸਮੂਹ ਗੁਰਧਾਮਾਂ ਦਾ ਪ੍ਰਬੰਧ ਇਕੋ ਪੰਜਾਬੀ ਕਮੇਟੀ ਅਧੀਨ ਕਰਨ ਬਾਬਤ ਸੋਚਦੇ ਹਾਂ।

“ਰਾਜ ਕਰੇਗਾ ਖ਼ਾਲਸਾ” ਪੜ੍ਹਨ ਵੇਲੇ ਵੀ ਸਾਡਾ ਧਿਆਨ ਲਾਲੜੂ ਨਹੀਂ ਟੱਪਦਾ। ਸਿੱਖੀ ਸਿਰਫ਼ ਪੰਜਾਬ ਤੱਕ ਸੀਮਿਤ ਨਹੀਂ ਹੈ। ਵਿਦੇਸ਼ਾਂ ‘ਚ ਬੈਠੇ ਸਿੱਖ ਜਦ ਇਹ ਦੋਹਰਾ ਪੜ੍ਹਦੇ ਹਨ ਤਾਂ ਉਸ ਦਾ ਭਾਵ ਉਸੇ ਦੇਸ਼ ਤੋਂ ਹੁੰਦਾ ਹੈ, ਜਿਥੇ ਉਹ ਰਹਿੰਦੇ ਹਨ। ਉਨ੍ਹਾਂ ਨੂੰ ਸਾਡੇ ਦੇਸੀ ਯੋਧਿਆਂ ਨੂੰ ਗੱਫੇ ਦੇਣ ਦੀ ਥਾਂ ਆਪੋ ਆਪਣੇ ਦੇਸ਼ ਕਾਲ ਦੇ ਸਮਾਜਿਕ, ਆਰਥਿਕ ਅਤੇ ਰਾਜਸੀ ਹਾਲਾਤ ਮੁਤਾਬਕ ਸ਼ਸਤਰ ਸ਼ਕਤੀ ਦੀ ਟੱਕਰ ਨੂੰ ਧਿਆਨ ਵਿਚ ਰਖਦੇ ਹੋਏ ਰਾਜ ਕਰੇਗਾ ਖ਼ਾਲਸਾ ਦੇ ਅਦਰਸ਼ ਵੱਲ੍ਹ ਵਧਣ ਦਾ ਕੋਈ ਪ੍ਰੋਗਰਾਮ ਉਲੀਕਣਾ ਚਾਹੀਦਾ ਹੈ।

ਖ਼ੂਨ ਪਸੀਨੇ ਦੀ ਕਮਾਈ ਵਿਚੋਂ ਪਿਆਰ ਜਾਂ ਤਰਸ ਵਿਚ ਭੇਜੀ ਫ਼ੌਰਨ ਕਰੰਸੀ ਨੇ ਇਹ ਹਾਲਤ ਬਣਾ ਦਿੱਤੀ ਹੈ ਕਿ ਜਿਨ੍ਹਾਂ ਦਾ ਵੀ ਕੋਈ ਭੈਣ ਭਾਈ, ਰਿਸ਼ਤੇਦਾਰ, ਦੋਸਤ, ਵਾਕਿਫ਼ਕਾਰ ਜਾਂ ਹਮਦਰਦ ਬਾਹਰ ਗਿਆ ਹੁੰਦਾ ਹੈ, ਉਹ ਇਧਰ ਕੰਮ ਬਾਬਤ ਸੋਚਣਾ ਵੀ ਛੱਡ ਦਿੰਦੇ ਹਨ। ਬੱਚੇ ਪੜ੍ਹਾਈ ਛੱਡ ਕੇ ਵਿਦੇਸ਼ਾਂ ਦੇ ਸੁਪਨੇ ਲੈਣ ਲੱਗਦੇ ਹਨ। ਪੰਜਾਬ ਉਜੜ ਨਹੀਂ ਰਿਹਾ, ਉਜੜ ਗਿਆ ਹੈ। ਸਿੱਖੀ ਅਤੇ ਸਿੱਖਾਂ ਦਾ ਘਾਣ ਕੋਈ ਹੋਰ ਨਹੀਂ ਅਸੀਂ ਖ਼ੁਦ ਕਰ ਰਹੇ ਹਾਂ। ਇਹ ਗੱਲ ਵੱਖਰੀ ਹੈ ਕਿ ਅਸੀਂ ਹਰੇਕ ਦੋਸ਼ ਦੂਸਰਿਆਂ ‘ਤੇ ਮੜ੍ਹਨ ਦੇ ਆਦੀ ਹਾਂ। ਸਾਡੀਆਂ ਸਮੂਹਕ ਨਾਕਾਮੀਆਂ ਦੇ ਭਾਂਡੇ ਦੂਸਰਿਆਂ ਦੇ ਸਿਰ ਭੰਨਣ ਦੀਆਂ ਖ਼ਬਰਾਂ ਨਾਲ ਅਖ਼ਬਾਰਾਂ ਲੱਦੀਆਂ ਰਹਿੰਦੀਆਂ ਹਨ। ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰਨ ਦੀ ਅਸੀਂ ਕਹਾਵਤ ਵੀ ਭੁੱਲ ਚੁੱਕੇ ਹਾਂ।

ਆਸਾ ਨਿਰਾਸਾ ਵਾਲ਼ੇ ਖ਼ਿਆਲ ਨੂੰ ਮੈਂ ਉਸ ਸਮੇਂ ਵਧੇਰੇ ਸਪਸ਼ਟ ਨਹੀਂ ਸੀ ਕਰ ਸਕਿਆ। ਮੈਨੂੰ ਪਤਾ ਸੀ ਕਿ ਪੱਤਰਕਾਰ ਬਿਰਤੀ ਇਥੇ ਜ਼ਰੂਰ ਅਟਕ ਜਾਵੇਗੀ। ਉਸ ਨੇ ਮੇਰੇ ਲਿਖੇ ਉਕਤ ਖ਼ਿਆਲ ਨੂੰ ਅਜੀਬੋ ਗ਼ਰੀਬ ਅਤੇ ਗੁੰਮਰਾਹ ਕਰਨ ਵਾਲਾ ਲਿਖਿਆ ਹੈ। ਇਸ ਬਾਬਤ ਮੈਂ ਕੁਝ ਨਹੀਂ ਕਹਾਂਗਾ। ਬਾਣੀ ਦੀਆਂ ਪਾਵਨ ਪੰਗਤੀਆਂ ਉਹ ਖ਼ੁਦ ਪੜ੍ਹ ਲੈਣ। ਧੰਨ ਗੁਰੂ ਅਮਰਦਾਸ ਜੀ ਦਾ ਪਾਵਨ ਫ਼ੁਰਮਾਨ ਹੈ: “ਆਸਾ ਮਨਸਾ ਜਗਿ ਮੋਹਨੀ ਜਿਨਿ ਮੋਹਿਆ ਸੰਸਾਰੁ” ਅਤੇ “ਆਸਾ ਮਨਸਾ ਮਾਰੇ ਨਿਰਾਸੁ ਹੋਇ ਗੁਰ ਸਬਦੀ ਵੀਚਾਰੁ।” ਇਸੇ ਤਰਾਂ ਨੌਵੇਂ ਸਤਿਗੁਰਾਂ ਨੇ ਵੀ ਫ਼ੁਰਮਾਇਆ ਹੈ ਕਿ “ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ।
ਪੱਤਰਕਾਰ ਜੀ ਅਤੇ ਉਨ੍ਹਾਂ ਦੇ ਪੰਥਕ ਦਰਦ ਨੂੰ ਧਰਮਯੁਧ ਮੋਰਚੇ ਦੇ ਅਰੰਭਲੇ ਦਿਨਾਂ ਤੋਂ ਲੋਕ ਜਾਣਦੇ ਹਨ। ਅਕਾਲ ਤਖ਼ਤ ਦੀ ਪਵਿਤਰ ਇਮਾਰਤ, ਜਿਸ ਪ੍ਰੋਗਰਾਮ ਤਹਿਤ, ਢਹਿਣ ਦੀ ਨੌਬਤ ਤੱਕ ਪੁਜੀ, ਮੈਂ ਉਸ ਨੂੰ ਨੇੜਿਉਂ ਦੇਖਿਆ, ਸਮਝਿਆ ਅਤੇ ਆਪਣੇ ਤਨ ਉਤੇ ਸਹਿਆ ਹੈ। ਮੈਂ ਉਸ ਅਸਹਿ ਅਤੇ ਅਕਹਿ ਪੀੜਾ ਦੇ ਰੁਦਨ ‘ਚੋਂ ਵੀ ਗੁਜ਼ਰਿਆ ਹਾਂ। ਪਰ ਮੈਂ ਉਸ ਰੁਦਨ ਵਿਚ ਉਮਰ ਗੁਜ਼ਾਰਨ ਨੂੰ ਸਿੱਖੀ ਨਹੀਂ ਸਮਝਦਾ। ਲਗਾਤਾਰ ਵਾਪਰ ਰਹੀ ਤ੍ਰਾਸਦੀ ਦੇ ਡੂੰਘੇ ਅਧਿਐਨ, ਵਿਸ਼ਲੇਸ਼ਣ ਅਤੇ ਮੰਥਨ ਨੂੰ ਸਿੱਖ ਕਰਮ ਮੰਨਦਾ ਹਾਂ। ਆਪਣੇ ਕਰਮ ਦੀ ਪਰਖ ਪੜਚੋਲ਼ ਕਰਕੇ ਹੋਈ ਭੁੱਲ ਜਾਂ ਗ਼ਲਤੀ ਨੂੰ ਮੰਨਣ ਅਤੇ ਸੁਧਾਰਨ ਨੂੰ ਵੀ ਸਿੱਖੀ ਮੰਨਦਾ ਹਾਂ। ਪਰ ਇਸ ਪੱਤਰਕਾਰ ਭਾਊ ਲਈ ਆਪਣੀਆਂ ਗ਼ਲਤੀਆਂ ਨੂੰ ਦੇਖ ਕੇ ਵਾਰ ਵਾਰ, ਅਣਡਿਠ ਕਰੀ ਜਾਣਾ ਹੀ ਸਿੱਖੀ ਹੈ। ਗ਼ਲਤੀਆਂ ਨੂੰ ਸੁਧਾਰਨ ਦੀ ਥਾਂ ਪ੍ਰੋੜਤਾ ਕਰਨਾ ਤੇ ਫਿਰ ਇਸ ਪ੍ਰੋੜਤਾ ਦੇ ਕਿੱਸੇ ਡਾਲਰਾਂ, ਪੌਂਡਾਂ ਵਾਲ਼ੇ ਮੁਲਕਾਂ ‘ਚ ਲਈ ਫਿਰਨਾ ਕਿਸੇ ਸੰਵੇਦਨਸ਼ੀਲ ਤੇ ਸੰਜੀਦਾ ਪੰਥ ਦਰਦੀ ਦਾ ਕੰਮ ਨਹੀਂ ਹੋ ਸਕਦਾ।

ਉਸ ਨੇ ਇਤਿਹਾਸ ਦੀ ਇਕ ਕਿਤਾਬ ਦਾ ਨਾਂ ਲੈ ਕੇ ਖ਼ੁਦ ਨੂੰ ਗਹਿਰਾਈ ‘ਚ ਉਤਰਿਆ ਅਨੁਮਾਨ ਲਿਆ ਤੇ ਮੈਨੂੰ ਇਤਿਹਾਸਕਾਰੀ ਦੇ ਨੁਕਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇਕ ਕਹਾਵਤ ਮੁਤਾਬਕ ਕੀੜੀ ਲਈ ਕੂੰਡਾ ਹੀ ਦਰਿਆ ਹੁੰਦਾ ਹੈ। ਜਿਸ ਨੂੰ ਤਰਨਾ ਨਾ ਆਉਂਦਾ ਹੋਵੇ ਉਸ ਲਈ ਛੱਪੜ ‘ਹੀ ਸਮੁੰਦਰ ਹੁੰਦਾ ਹੈ। ਸਿਰਦਾਰ ਕਪੂਰ ਸਿੰਘ ਨੇ ਲਿਖਿਆ ਹੈ, “ਇਸਲਾਮ ਅਤੇ ਇਸਾਈਅਤ ਦੇ ਉਲ਼ਟ, ਸਿੱਖੀ ਦਾ ਸੱਚ ਅਤੇ ਉਸ ਦੀ ਮਾਨਤਾ ਇਤਿਹਾਸ ਤੇ ਨਿਰਭਰ ਨਹੀਂ ਹੈ।” ਭਾਈ ਵੀਰ ਸਿੰਘ ਨੇ ਵੀ ਇੰਨ ਬਿੰਨ ਇਹੀ ਗੱਲ ਲਿਖੀ ਹੋਈ ਹੈ, “ਇਤਿਹਾਸ ਸਾਡਾ ਧਰਮ ਨਹੀਂ ਤੇ ਨਾ ਹੀ ਸਾਡੇ ਧਰਮ ਦਾ ਨਿਰਵਾਹ ਇਤਿਹਾਸ ਪਰ ਹੈ।” ਧਰਮ ਨਦਰ ਹੈ ਜਦਕਿ ਇਤਿਹਾਸ ਖ਼ਬਰ ਹੈ। ਵਿਦਵਾਨਾਂ ਤੋਂ ਲੋਕ ਨਜ਼ਰ ਦੀ ਤਵੱਕੋ ਰਖਦੇ ਹਨ, ਜਿਸ ਨਾਲ ਸਹੀ ਮਾਰਗ ਦੀ ਸ਼ਨਾਖ਼ਤ ਹੋ ਸਕੇ। ਪਰ ਅਖ਼ਬਾਰੀ ਕਾਰਿੰਦੇ ਅੰਮ੍ਰਿਤ ਵੇਲੇ ਮਾਸੂਮ ਮਸਤਕ ਵਿਚ ਖ਼ਬਰਾਂ ਘੁਸੇੜ ਜਾਂਦੇ ਹਨ। ਖ਼ਬਰ ਸਨਸਨੀਖ਼ੇਜ਼ ਹੈ, ਜੋ ਉਤੇਜਨਾ ਨੂੰ ਭੜਕਾਉਂਦੀ ਹੈ ਤੇ ਜਿਸ ਨਾਲ ਗੰਭੀਰਤਾ ਨਸ਼ਟ ਹੁੰਦੀ ਹੈ। ਗੰਭੀਰਤਾ ਦੀ ਗ਼ੈਰਹਾਜ਼ਰੀ ਵਿਚ ਕਦੀ ਮਸਲੇ ਹੱਲ ਨਹੀਂ ਹੁੰਦੇ।

ਕਿਸੇ ਵੀ ਚੰਗੀ ਕਿਤਾਬਾਂ ਦੀ ਦੁਕਾਨ ‘ਤੇ ਅਖ਼ਬਾਰ ਨਹੀਂ ਵਿਕਦੇ। ਪਰ ਅਖ਼ਬਾਰਾਂ ਵਾਲ਼ੇ ਕਿਤਾਬਾਂ ਵੀ ਰੱਖ ਲੈਂਦੇ ਹਨ, ਕਿਉਂ ਜੋ ਕਿਤਾਬਾਂ ਨਾਲ ਅਖ਼ਬਾਰਾਂ ਵੀ ਵਿਕ ਜਾਂਦੀਆਂ ਹਨ। ਕਿਤਾਬ ਜਿਤਨੀ ਪੁਰਾਣੀ ਹੋਵੇ ਉਸ ਦੀ ਕੀਮਤ ਵਧ ਜਾਂਦੀ ਹੈ, ਜਦਕਿ ਅਖ਼ਬਾਰ ਦੁਪਹਿਰ ਨੂੰ ਹੀ ਪਕੌੜਿਆਂ ਜੋਗੀ ਜਾਂ ਲਫ਼ਾਫ਼ਿਆਂ ਜੋਗੀ ਰਹਿ ਜਾਂਦੀ ਹੈ। ਲੇਖਕ ਤੇ ਪੱਤਰਕਾਰ ਵਿਚ ਕਿਤਾਬ ਤੇ ਅਖ਼ਬਾਰ ਜਿਤਨਾ ਹੀ ਫਰਕ ਹੈ।

ਸਿੱਖੀ ਤਾਰੀਖ਼ੀ ਵਿਕਾਸ ਨਹੀਂ ਹੈ। ਤਾਰੀਖ਼ੀ ਵਿਕਾਸ ਵਿਚ ਬੰਦਾ ਕਿਸੇ ਇਕ ਬਿੰਦੂ ਤੋਂ ਕਿਸੇ ਦੂਸਰੇ ਬਿੰਦੂ ਵੱਲ ਵਧਦਾ ਹੈ। ਇਸ ਵਿਕਾਸ ਵਿਚ ਸ਼ਾਮਿਲ ਲੋਕਾਂ ਦੀ ਪਹਿਲੇ ਬਿੰਦੂ ਵੱਲ ਪਿਠ ਹੁੰਦੀ ਹੈ ਤੇ ਦੂਸਰੇ ਵੱਲ ਮੂੰਹ। ਅਸੀਂ ਕਿਸੇ ਗ਼ਲਤ ਪ੍ਰਭਾਵ ਵਿਚ ਸਿੱਖੀ ਨੂੰ ਇਤਿਹਾਸ ਕਹਿਣਾ ਸ਼ੁਰੂ ਕੀਤਾ ਹੈ। ਗੁਰੂ ਨਾਨਕ ਸਾਹਿਬ ਨੂੰ ਭਾਈ ਗੁਰਦਾਸ ਨੇ ਚੰਦਰਮਾ ਨਾਲ ਯਾਦ ਕੀਤਾ ਹੈ। ਭਾਈ ਨੰਦ ਲਾਲ ਨੇ ਦਸਮ ਪਾਤਸ਼ਾਹ ਨੂੰ ਸੂਰਜ ਕਿਹਾ ਹੈ। ਚੰਦਰਮਾ ਤੇ ਜਾਣਾ ਜੀਵਨ ਦਾ ਲੁਤਫ਼ ਹੈ। ਸੂਰਜ ਵੱਲ ਵਧਣਾ ਜੀਵਨ ਦਾ ਫ਼ਨਾਹ ਹੋਣਾ ਹੈ। ਸਿੱਖ ਫ਼ਨਾਹ ਵੀ ਹੁੰਦਾ ਹੈ ਤੇ ਜੀਵਨ ਦਾ ਲੁਤਫ਼ ਵੀ ਲੈਂਦਾ ਹੈ। ਇਹ ਦੋਹਵੇਂ ਚੀਜ਼ਾਂ ਇਕੱਠੀਆਂ ਹੀ ਵਾਪਰਦੀਆਂ ਹਨ। ਜਿਵੇਂ ਗੁਰੂ ਨਾਨਕ ਅਤੇ ਦਸਮ ਪਾਤਸ਼ਾਹ ਦੋ ਨਹੀਂ ਹਨ, ਇਵੇਂ ਇਹ ਚੰਦ ਸੂਰਜ, ਲੁਤਫ਼ ਤੇ ਫ਼ਨਾਹ ਵੀ ਦੋ ਨਹੀਂ ਹਨ।

ਸਿੱਖ ਦਾ ਸਫ਼ਰ ਗੁਰੂ ਵੱਲ ਪਿਠ ਕਰਕੇ ਕਿਸੇ ਅਨੰਤਤਾ ਵੱਲ਼ ਭਟਕ ਜਾਣ ਦਾ ਨਹੀਂ ਹੈ। ਮਨੁਖ ਕਿਸੇ ਅਨੰਤ ਸਫ਼ਰ ਤੋਂ ਆਇਆ ਹੈ ਅਤੇ ਗੁਰੂ ਦੇ ਉਕਤ ਬਿੰਬ ਦੀ ਸ਼ਰਣ ਵਿਚ ਸਮਾਉਣਾ ਉਸ ਦਾ ਲਕਸ਼ ਹੈ, “ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਅ।” ਮਿੱਥ ਮਨੁਖ ਨੂੰ ਉਸ ਅਨੰਤਤਾ ਵੱਲ ਤੋਰਦੀ ਹੈ, ਜਿਥੋਂ ਗੁਰੂ ਦੇ ਦੀਦਾਰ ਵਧੇਰੇ ਸਪਸ਼ਟ ਹੁੰਦੇ ਹਨ। ਜਿਵੇਂ ਹਨੇਰੇ ਵਿਚ ਖਲੋ ਕੇ ਰੌਸ਼ਨ ਚੀਜ਼ਾਂ ਜ਼ਿਆਦਾ ਨਿਖਰਦੀਆਂ ਹਨ। ਗੁਰੂ ਉਸ ਅਨੰਤਤਾ ਵਿਚੋਂ ਸਿੱਖ ਨੂੰ ਆਪਣੇ ਵੱਲ ਖਿਚ ਲੈਂਦਾ ਹੈ।

ਇਹ ਸਫ਼ਰ ਕਿਸੇ ਬਿੰਦੂ ਤੋਂ ਬਿੰਦੂ ਵੱਲ ਦਾ ਨਹੀਂ, ਹਨੇਰੇ ਤੋਂ ਚਾਨਣ ਦਾ ਸਫ਼ਰ ਹੈ। ਬਿੰਦੂ ਤੋਂ ਬਿੰਦੂ ਦਾ ਸਫ਼ਰ ਤਾਂ ਹਨੇਰੇ ਤੋਂ ਹਨੇਰੇ ਦਾ ਸਫ਼ਰ ਹੀ ਹੈ। ਗੁਰੂ ਕਾਲ ਪਰਿਪੂਰਣ ਸੰਪੰਨ ਇਕਾਈ ਹੈ। ਇਤਿਹਾਸ ਦੀ ਇਹ ਕੋਈ ਵਿਕਾਸਗਤ ਰੇਖਾ ਨਹੀਂ, ਜਿਸ ਨੂੰ ਸਿੱਖ ਅੱਗੇ ਵੱਲ ਲੈ ਜਾ ਰਹੇ ਹੋਣ। ਵਾਹਿਗੁਰੂ ਦੇ ਸਿਮਰਣ ਦੀ ਬਰਕਤ ਨਾਲ ਸ਼ੁੱਭ ਕਰਮ ਕਰਦੇ ਹੋਏ, ਸਿੱਖ ਆਪਣਾ ਜੀਵਨ ਸਫਲ ਕਰਦੇ ਹਨ। ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦਾ ਜੀਵਨ ਸੂਤਰ ਸਿੱਖੀ ਦਾ ਤੱਤ ਸਾਰ ਹੈ।

ਗੁਰੂ ਸਾਹਿਬਾਂ ਨੇ ਕੋਈ ਯੋਜਨਾ ਸ਼ੁਰੂ ਨਹੀਂ ਸੀ ਕੀਤੀ ਜੋ ਅਧੂਰੀ ਰਹਿ ਗਈ ਤੇ ਜਿਸ ਨੂੰ ਹੁਣ ਸਿੱਖਾਂ ਨੇ ਮੁਕੰਮਲ ਕਰਨਾ ਹੈ। ਗੁਰੂ ਸਾਹਿਬਾਂ ਨੇ ਜੀਵਨ ਦਾ ਇਕ ਆਦਰਸ਼ ਸਿਰਜਿਆ ਹੈ, ਇਕ ਸੰਪੰਨ ਪੂਰਨਾ ਪਾਇਆ ਹੈ, ਜਿਸ ਨੂੰ ਸਿੱਖ ਨੇ ਸਮਰਪਤ ਹੋਣਾ ਹੈ। ਇਸ ਸਮਰਪਣ ਲਈ ਸ਼ਬਦ ਇਕ ਟਕਸਾਲ ਜਾਂ ਕੁਠਾਲ਼ੀ ਹੈ, ਜਿਸ ਵਿਚੋਂ ਦੀ ਸਿੱਖ ਨੇ ਆਪਣਾ ਜੀਵਨ ਲੰਘਾਉਣਾ ਹੈ। ਸਰਬੱਤ ਦਾ ਭਲਾ ਸਿੱਖ ਦਾ ਮੁਥਾਜ ਨਹੀਂ ਹੈ ਸਗੋ ਸਿੱਖ ਨੇ ਆਪਣੇ ਭਲੇ ਖਾਤਰ ਸਰਬਤ ਦਾ ਭਲਾ ਜੀਵਨ ਲਕਸ਼ ਚੁਣਿਆ ਹੈ। ਰਾਜ ਸਿੱਖ ਦਾ ਅਧਿਕਾਰ ਹੀ ਨਹੀਂ, ਸਗੋਂ ਫ਼ਰਜ਼ ਵੀ ਹੈ। ਇਹ ਰਾਜ ਉਸ ਤਰ੍ਹਾਂ ਦਾ ਨਹੀਂ ਜਿਸ ਤਰ੍ਹਾਂ ਦਾ ਪੰਜਾਬ, ਦਿੱਲੀ ਜਾਂ ਅਮਰੀਕਾ ‘ਚ ਹੋ ਰਿਹਾ ਹੈ। ਅਜਿਹੇ ਰਾਜ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਥਾਂ ਥਾਂ ਨਿਖੇਧੀ ਕੀਤੀ ਗਈ ਹੈ। “ਐਸੋ ਰਾਜੁ ਨ ਕਿਤੈ ਕਾਜਿ।” ਅਜਿਹਾ ਰਾਜ ਮਨ ਅੰਦਰ ਮਾਣ ਉਤਪੰਨ ਕਰਦਾ ਹੈ ਜੋ ਅੱਗੋਂ ਅਭਿਮਾਨ ਵਿਚ ਤਬਦੀਲ ਹੋ ਜਾਂਦਾ ਹੈ। ਅਭਿਮਾਨ ਪਤਨ ਦਾ ਕਾਰਣ ਬਣਦਾ ਹੈ। ਸਤਿਗੁਰਾਂ ਦਾ ਫ਼ੁਰਮਾਨ ਹੈ, “ਰਾਜੰ ਤ ਮਾਨੰ ਅਭਿਮਾਨੰ ਤ ਹੀਨੰ।”

ਇਕ ਰਾਜ ਇਹ ਹੈ “ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ।” ਇਸੇ ਦਾ ਛਤ੍ਰ ਅਤੇ ਸਿੰਘਾਸਣ ਪੰਚਮ ਪਾਤਸ਼ਾਹ ਜੀ ਨੂੰ ਬਖ਼ਸ਼ ਕੇ ਧੰਨ ਗੁਰੂ ਰਾਮ ਦਾਸ ਜੀ ਜੋਤੀ ਜੋਤ ਸਮਾਏ ਸਨ, “ਛਤ੍ਰ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ।” ਗੁਰੂ ਦੀ ਬਖ਼ਸ਼ਿਸ਼ ਉਸ ਛਤ੍ਰ ਤੇ ਸਿੰਘਾਸਣ ਨੂੰ ਪਿਰਥਮੀ ‘ਤੇ ਉਤਾਰਨ ਦੀ ਇਕ ਖ਼ਾਸ ਜੁਗਤ ਹੈ। ਇਹ ਜੁਗਤ ਹੀ ਸਿੱਖੀ ਦਾ ਧੁਰਾ ਹੈ, ਜਿਸ ਮੁਤਾਬਕ ਰਾਜ ਦਾ ਲਖ਼ਸ਼ ਅਟੱਲ ਹੈ। ਇਸ ਅਹਿਸਾਸ ਅਧੀਨ ਹਿੰਦੂ, ਮੁਸਲਮਾਨ, ਪੰਜਾਬੀ ਬੰਗਾਲੀ, ਪਾਕੀ, ਭਾਰਤੀ, ਲਿੰਗ ਭੇਦ, ਵਰਣ ਵੰਡ, ਜਾਤ ਪਾਤ, ਛੂਆ ਛਾਤ ਦੇ ਰੋਗ ਮਿਟ ਜਾਂਦੇ ਹਨ। ਫਿਰ ਇਕ ਹੀ ਭੇਦ ਬਾਕੀ ਬਚਦਾ ਹੈ, ਜੋ ਗੁਰੂ ਦੇ ਭੈ ਵਿਚ ਹੈ ਉਹ ਗੁਰਮੁਖ ਤੇ ਦੂਜਾ ਮਨਮੁਖ। ਸਿੱਖ ਰਾਜ ਦਾ ਸੰਕਲਪ ਆਪਣੇ ਜੀਵਨ ਦੀ ਲੋ ਨਾਲ ਸਭ ਨੂੰ ਗੁਰਮੁਖ ਬਣਾਉਣਾ ਹੈ ਤਾਂ ਜੋ “ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ” ਦਾ ਆਦਰਸ਼ ਧਰਤੀ ‘ਤੇ ਸਿਰਜਿਆ ਜਾ ਸਕੇ। ਭਗਤ ਰਵਿਦਾਸ ਜੀ ਦਾ ਉਚਾਰਣ ਕੀਤਾ “ਬੇਗਮ ਪੁਰਾ ਸਹਰ ਕੋ ਨਾਉ” ਵਾਲਾ ਸ਼ਬਦ ਆਪਣੀ ਸਿਮਰਤੀ ‘ਚੋਂ ਖ਼ਾਰਜ ਕਰ ਕੇ, ਗਿਣਤੀਆਂ ਮਿਣਤੀਆਂ ਚਤੁਰਾਈਆਂ ਨਾਲ ਵੱਧ ਤੋਂ ਵੱਧ ਇਹੋ ਜਿਹਾ ਰਾਜ ਪ੍ਰਾਪਤ ਹੋ ਸਕਦਾ ਹੈ, ਜਿਹੋ ਜਿਹਾ ਪੰਜਾਬ ਲਗਾਤਾਰ ਹੰਢਾ ਰਿਹਾ ਹੈ। ਸ਼ਾਸ਼ਤਰ ਵਿਹੂਣੇ ਸ਼ਸਤਰ ਨਾਲ ਔਰੰਗਜ਼ੇਬੀ ਰਾਜ ਦੀ ਪ੍ਰਾਪਤੀ ਤੱਕ ਪੁਜਿਆ ਜਾ ਸਕਦਾ ਹੈ। ਪਰ ਅਬਚਲ ਰਾਜ ਦੇ “ਛਤ੍ਰੁ ਸਿੰਘਾਸਨੁ ਪਿਰਥਮੀ” ਵੱਲ ਇਕ ਕਦਮ ਵੀ ਨਹੀਂ ਪੁਟਿਆ ਜਾ ਸਕਦਾ।

ਪੰਥ ਦੀ ਗ਼ੈਰਹਾਜ਼ਰੀ ਵਿਚ ਵੀ ਗ੍ਰੰਥ ਗੁਰੂ ਹੈ। ਪਰ ਗ੍ਰੰਥ ਦੀ ਗ਼ੈਰਹਾਜ਼ਰੀ ਵਿਚ ਪੰਥ ਗੁਰੂ ਨਹੀਂ ਹੈ। ਸਿੱਖਾਂ ਦਾ ਇਹ ਆਖਣਾ ਕਿ “ਪੰਥ ਕੀ ਜੋ ਰਾਖੋਗੇ ਗ੍ਰੰਥ ਕੀ ਰਹੇਗੀ ਨਾਥ” ਗ੍ਰੰਥ ਤੇ ਪੰਥ ਵਿਚਲੀ ਵਧ ਰਹੀ ਵਿੱਥ ਨੂੰ ਹੀ ਦਰਸਾਉਂਦਾ ਹੈ। ਕਹਿਣਾ ਇਹ ਬਣਦਾ ਹੈ, “ਗ੍ਰੰਥ ਕੀ ਜੋ ਰਾਖੋਗੇ ਪੰਥ ਕੀ ਰਹੇਗੀ ਨਾਥ, ਗ੍ਰੰਥ ਨਾ ਰਹਾ ਤੋ ਤੇਰਾ ਪੰਥ ਕੌਣ ਮਾਨੇਗੋ।

ਪੰਚਮ ਪਾਤਸ਼ਾਹ ਦੀ ਸ਼ਿਕਾਇਤ ਹੋਈ ਸੀ ਕਿ ਮੂਰਖ ਹਿੰਦੂ ਤੇ ਭੁਲੜ ਮੁਸਲਮਾਨ ਉਨ੍ਹਾਂ ਦੀ ਸੰਗਤ ਵਿਚ ਬੈਠਦੇ ਹਨ। ਸਾਂਝੀਵਾਲਤਾ ਦਾ ਲਾਮਿਸਾਲ ਅਭਿਆਸ ਹੀ ਉਨ੍ਹਾਂ ਦੀ ਸ਼ਹਾਦਤ ਦਾ ਕਾਰਣ ਸੀ। ਜਦੋਂ ਪੰਥ ਦੇ ਨੀਤੀ ਵਿਧਾਨ ਵਿਚ ਕੁੱਲ ਕਾਇਨਾਤ ਦੀ ਸਾਂਝੀਵਾਲਤਾ ਦਾ ਅਮਲ ਜਲਵਾਗਰ ਹੋਵੇਗਾ ਉਦੋਂ ਇਸ ਵੋਟ ਪ੍ਰਣਾਲੀ ਵਿਚ ਵੀ ਖ਼ਾਲਸਾ ਰਾਜ ਸੰਭਵ ਹੋ ਸਕੇਗਾ। ਇਸ ਤੋਂ ਬਗ਼ੈਰ ਲੋਕਰਾਜੀ ਵੋਟ ਤੰਤਰ ਵਿਚ ਕਾਮਯਾਬੀ ਹਾਸਲ ਕਰਨ ਦਾ ਕੋਈ ਦੂਸਰਾ ਰਾਹ ਵੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਸੂਤਰ ਸਾਂਝੀਵਾਲਤਾ ਹੈ। ਪੰਥ ਦੀਆਂ ਗੂੰਜਾਂ ਜ਼ਰੂਰ ਪੈਣਗੀਆਂ ਜੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੇਂਦਰੀ ਸੂਤਰ ਨੂੰ ਆਪਣੇ ਕਿਰਦਾਰ ਦੀ ਪਹਿਚਾਣ ਬਣਾ ਲਵੇ।

ਹਿੰਦੂ ਤੁਰਕ ਕੀ ਕਾਣ ਮੇਟਣਾ ਖ਼ਾਲਸੇ ਦਾ ਆਦਰਸ਼ ਹੈ। ਪਰ ਇਥੇ ਤਾਂ ਅਖ਼ਬਾਰੀ ਨਸੀਹਤਾਂ ਨੇ ਖ਼ਾਲਸੇ ਨੂੰ ਹੀ ਕਾਣਾ ਕੀਤਾ ਹੋਇਆ ਹੈ। ਪੱਤਰਕਾਰ ਜੀ ਨੂੰ ਗ਼ੁਜ਼ਾਰਿਸ਼ ਹੈ ਕਿ ਸਿੱਖੀ ਦਾ ਮਰਮ ਸਮਝੇ ਬਗ਼ੈਰ, ਐਵੇਂ ਤੈਸ਼ ਵਿਚ ਆ ਕੇ ਕਿਸੇ ਗ਼ਰੀਬ ਨੂੰ ਖਾੜਕੂਆਂ ਦੀਆਂ ਨਜ਼ਰਾਂ ‘ਚ ਚਾੜ੍ਹਨਾ ਸਿੱਖੀ ਦੀ ਸੇਵਾ ਨਹੀਂ ਹੈ। ਸਿਆਣਾ ਬਾਪ ਉਹੀ ਹੈ ਜੋ ਆਪਣੇ ਬੱਚਿਆਂ ਦੀ ਚੰਗੀ ਗੱਲ ਲਈ ਸ਼ਾਬਾਸ਼ ਦਿੰਦਾ ਹੈ ਅਤੇ ਮਾੜੀ ਹਰਕਤ ਤੋਂ ਵਰਜਦਾ ਹੈ। ਵਰਜਣ ਵਾਲ਼ੇ ਬਾਪ ਦੇ ਖ਼ਿਲਾਫ਼ ਬੱਚਿਆਂ ਨੂੰ ਭੜਕਾਉਣਾ ਸਿੱਖੀ ਨਹੀਂ ਹੈ।

ਖਾੜਕੂ ਦਾ ਅਰਥ ਖੜਕਣਾ ਜਾਂ ਖੜਕਾਉਣਾ ਹੀ ਨਹੀਂ ਸਗੋਂ ਤਿਆਰ ਬਰ ਤਿਆਰ ਜਾਂ ਤੁਰਤ ਫ਼ੁਰਤ ਹੋਣਾ ਹੈ। ਦੇਹ ਪੱਖੋਂ ਹੀ ਨਹੀਂ ਸੁਰਤੀ ਪੱਖੋਂ ਵੀ। ਪਤਾ ਨਹੀਂ ਖਾੜਕੂਆਂ ਦੀ ਇਹ ਕਿਹੜੀ ਕਿਸਮ ਹੋਈ, ਜਿਨ੍ਹਾਂ ਨੂੰ ਇਹ ਵੀ ਪਤਾ ਨਾ ਲੱਗਾ ਕਿ ਜਦੋਂ ਵੋਟ ਤੰਤਰ ਦਾ ਰਾਹ ਅਪਨਾ ਕੇ ਕੁਝ ਹਾਸਲ ਹੋ ਸਕਣ ਦੇ ਹਲਾਤ ਅਤੇ ਉਮੀਦ ਸੀ, ਉਦੋਂ ਕਿਹੜੇ ਪੱਤਰਕਾਰ ਨੇ ਉਨ੍ਹਾਂ ਨੂੰ ਹਨੇਰੇ ‘ਚ ਰੱਖ ਕੇ, ਉਨ੍ਹਾਂ ਵਲੋਂ ਚੋਣਾਂ ਦੇ ਬਾਈਕਾਟ ਦਾ ਬਿਆਨ ਦਾਗ਼ ਕੇ, ਆਉਂਦੇ ਸਾਲਾਂ ਵਿਚ, ਸਮੂਹ ਖਾੜਕੂਆਂ ਨੂੰ ਬਲ਼ਦੀ ਦੇ ਬੁਥੇ ਝੋਕ ਦਿਤਾ। ਆਪਣੀ ਹਉਮੈ ਵਿਚ ਹਨ੍ਹੇਰਾ ਢੋਣਾ ਸੇਵਾ ਨਹੀਂ। ਸਾਜ਼ਬਾਜ਼ ਬੇੜੀਆਂ ਤਾਰਦੇ ਨਹੀਂ ਡੋਬਦੇ ਹਨ। ਪੱਤਰਕਾਰ ਦਾ ਪ੍ਰਤੀਕਰਮ ਪੜ੍ਹ ਕੇ ਪਾਤਰ ਦੀ ਪੁਸਤਕ ਨੇ ਇਵੇਂ ਖ਼ਬਰਦਾਰ ਕੀਤਾ:

ਜੋ ਜਗੇ ਉਸਦਾ ਨਿਸ਼ਾਨਾ ਬੰਨ੍ਹਦਾ, ਰਾਤ ਦਾ ਹਾਕਮ ਨਿਸ਼ਾਨੇਬਾਜ਼ ਹੈ।

ਅਵਤਾਰ ਸਿੰਘ ਫਗਵਾੜਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top