Share on Facebook

Main News Page

ਪਰਵਾਸੀ ਸੰਮੇਲਨ ਵਿੱਚ ਕੋਈ ਵੀ ਪਰਵਾਸੀ ਨਾ ਹੋਣਾ, ਬਾਦਲ ਦਲ ਦੀ ਸਾਖ ਨੂੰ ਸਪੱਸ਼ਟ ਕਰਦੈ: ਇਕਬਾਲ ਸਿੰਘ ਟਿਵਾਣਾ

ਫਤਿਹਗੜ੍ਹ ਸਾਹਿਬ, (20 ਜਨਵਰੀ, ਪੀ.ਐਸ.ਐਨ) :- "ਸ: ਪ੍ਰਕਾਸ਼ ਸਿੰਘ ਬਾਦਲ, ਸ: ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦਾ ਬਾਹਰਲੇ ਮੁਲਕਾਂ ਦੇ ਸਿੱਖਾਂ ਵਿੱਚ ਕਿੰਨਾ ਕੁ ਆਧਾਰ ਹੈ? ਬੀਤੇ ਦਿਨੀ ਜਲੰਧਰ ਵਿਖੇ ਐਨ ਆਰ ਆਈ ਦੇ ਹੋਏ ਸੰਮੇਲਨ ਵਿੱਚ ਪ੍ਰਵਾਸੀ ਸਿੱਖਾਂ ਦੀ ਗਿਣਤੀ ਕਿੰਨੀ ਸੀ? ਦੀ ਗੱਲ ਉਪਰੋਕਤ ਹੋਏ ਸੰਮੇਲਨ ਵਿੱਚ ਸਥਿਤੀ ਨੂੰ ਪ੍ਰਤੱਖ ਰੂਪ ਵਿੱਚ ਸਪੱਸ਼ਟ ਕਰਦੀ ਹੈ।"

ਇਹ ਉਪਰੋਕਤ ਵਿਚਾਰ ਅੱਜ ਇੱਥੇ ਸ: ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਇੰਚਾਰਜ ਅਤੇ ਗੁਰਦੁਆਰਾ ਚੋਣਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟ ਕਰਦੇ ਹੋਏ ਕਿਹਾ ਕਿ ਬਾਦਲ ਦਲੀਏ ਸੇਖ ਚਿੱਲੀ ਦੀ ਤਰ੍ਹਾ ਅਖਬਾਰੀ ਗੱਲਾਂ ਤਾਂ ਵੱਡੀਆਂ ਵੱਡੀਆਂ ਕਰਦੇ ਹਨ, ਪਰ ਜੇਕਰ ਇਨ੍ਹਾ ਦੇ ਅਮਲਾਂ ‘ਤੇ ਨਜ਼ਰ ਮਾਰੀਏ ਤਾਂ ਉਸ ਵਿੱਚ ਕੋਈ ਵੀ ਸੰਤੁਸ਼ਟੀਜਨਕ ਗੱਲ ਨਜ਼ਰ ਨਹੀਂ ਆਉਂਦੀ। ਉਨ੍ਹਾ ਕਿਹਾ ਕਿ ਬੀਤੇ ਦਿਨੀ ਜਲੰਧਰ ਵਿੱਚ ਐਨ ਆਰ ਆਈਜ਼ ਪਰਵਾਸੀ ਸਿੱਖਾਂ ਦੇ ਨਾਮ ‘ਤੇ ਕੀਤੇ ਗਏ ਸੰਮੇਲਨ ਵਿੱਚ ਨਾ ਤਾਂ ਕਿਸੇ ਸਿਰਕੱਢ ਐਨ ਆਰ ਆਈ ਨੇ ਸਮੂਲੀਅਤ ਕੀਤੀ ਅਤੇ ਨਾ ਹੀ ਪਰਵਾਸੀ ਸਿੱਖਾਂ ਅਤੇ ਐਨ ਆਰ ਆਈਜ਼ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੀ ਜਾਣਕਾਰੀ ਦੇਣ ਵਾਲਾ ਕੋਈ ਪਰਵਾਸੀ ਸਿੱਖ ਹਾਜਿ਼ਰ ਸੀ। ਫਿਰ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਲਈ ਬਾਦਲ ਦਲੀਏ ਕਹਿ ਰਹੇ ਹਨ ਕਿ ਧਨਾਢ ਕਾਰੋਬਾਰੀ ਸਿੱਖ ਅਤੇ ਪੰਜਾਬੀ, ਪੰਜਾਬ ਵਿੱਚ ਨਿਵੇਸ਼ ਕਰਨ। ਉਨ੍ਹਾ ਕਿਹਾ ਕਿ ਜਦੋਂ ਉਨ੍ਹਾ ਪਰਵਾਸੀਆਂ ਦੀ ਇੱਥੇ ਕੋਈ ਸੁਣਵਾਈ ਹੀ ਨਹੀਂ, ਉਨ੍ਹਾ ਨੂੰ ਆਪਣੇ ਕੰਮ ਕਰਵਾਉਣ ਲਈ ਰਿਸ਼ਵਤਖੋਰ ਸਿਆਸਤਦਾਨਾਂ ਅਤੇ ਅਫਸਰਸ਼ਾਹੀ ਦੇ ਗੁੰਝਲਦਾਰ ਝਮੇਲੇ ਵਿੱਚੋ ਗੁਜ਼ਰਨਾ ਪੈਂਦਾ ਹੈ ਅਤੇ ਦਿਮਾਗੀ ਤੌਰ ‘ਤੇ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ ਤਾਂ ਕਿਹੜਾ ਪਰਵਾਸੀ ਸਿੱਖ ਮੂਰਖ ਹੋਵੇਗਾ ਕਿ ਉਹ ਅਜਿਹੇ ਸਿਸਟਮ ਵਿੱਚ ਆਪਣੇ ਕਈ ਸਾਲਾਂ ਦੀ ਮਿਹਨਤ ਨਾਲ ਕਮਾਈ ਗਈ ਪੂੰਜੀ ਨੂੰ ਪੰਜਾਬ ਵਿੱਚ ਨਿਵੇਸ਼ ਕਰ ਦੇਵੇ। ਦੂਸਰਾ ਇਨ੍ਹਾ ਘੋਟਾਲਿਆਂ ਅਤੇ ਰਿਸ਼ਵਤਖੋਰੀ ਦੇ ਕੇਸਾਂ ਵਿੱਚ ਅਦਾਲਤਾਂ ਦੇ ਕਟਹਿਰੇ ਵਿੱਚ ਖੜ੍ਹੇ ਸਿਆਸਤਦਾਨ ਗਲਤ ਢੰਗਾਂ ਰਾਹੀਂ ਕਮਾਈ ਗਈ ਆਪਣੀ ਪੂੰਜੀ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦੀ ਬਜਾਏ ਵਿਦੇਸ਼ਾਂ ਵਿੱਚ ਭੇਜ ਰਹੇ ਹਨ ਅਤੇ ਵਿਦੇਸ਼ੀ ਬੈਕਾਂ ਦੇ ਗੁਪਤ ਖਾਤਿਆਂ ਦੀਆਂ ਤਜੌਰੀਆਂ ਭਰ ਰਹੇ ਹਨ।

ਉਨ੍ਹਾ ਕਿਹਾ ਕਿ ਜੋ ਸ: ਬਲਵਿੰਦਰ ਸਿੰਘ ਭੂੰਦੜ ਵਰਗੇ ਸਿਆਸਤਦਾਨ ਇਹ ਕਹਿ ਰਹੇ ਹਨ ਕਿ ਮਨਪ੍ਰੀਤ ਕਾਂਗਰਸ ਦੀ ਬੌਤਲ ਵਿੱਚੋ ਨਿਕਲਿਆ ਭੂਤ ਹੈ, ਇਹ ਉਸ ਇਤਿਹਾਸਿਕ ਸੱਚਾਈ ਨੂੰ ਪ੍ਰਵਾਨ ਕਰਨ ਵਾਲੀ ਗੱਲ ਹੈ ਕਿ ਜਦੋਂ ਕੋਈ ਹੁਕਮਰਾਨ, ਸਿਆਸਤਦਾਨ ਜਾਂ ਅਫਸਰ ਗੈਰ ਇਖਲਾਕੀ ਅਤੇ ਗੈਰ ਕਾਨੂੰਨੀ ਕਾਰਵਾਈਆਂ ਕਰਕੇ ਆਪਣੇ ਲੋਕਾਂ ਨਾਲ ਜ਼ਬਰ ਜੁਲਮ ਕਰਦਾ ਹੈ ਤਾਂ ਉਸਨੂੰ ਸੁਪਨੇ ਵਿੱਚ ਵੀ ਭੂਤ, ਜਿ਼ਨ੍ਹ ਅਤੇ ਗੈਬੀ ਸ਼ਕਤੀਆਂ ਦਾ ਡਰ ਸਤਾਉਣ ਲੱਗ ਪੈਦਾ ਹੈ। ਜਿਵੇਂ ਮਰਹੂਮ ਇੰਦਰਾ ਗਾਂਧੀ ਨੂੰ ਮਰਨ ਤੋ ਪਹਿਲੇ ਸੁਪਨੇ ਵਿੱਚ "ਸੰਤ ਭਿੰਡਰਾਂਵਾਲੇ" ਅਤੇ "ਸਿੰਘ" ਦਿਖਾਈ ਦੇਣ ਲੱਗ ਪਏ ਸਨ। ਉਸੇ ਤਰ੍ਹਾ ਹੁਣ ਬਾਦਲ ਦਲੀਆਂ ਅਤੇ ਬਾਦਲ ਪਰਿਵਾਰ ਵੱਲੋ ਕੀਤੀਆਂ ਗਈਆਂ ਜ਼ਾਲਮਾਨਾ ਅਤੇ ਬੇਈਮਾਨੀਆਂ ਵਾਲੀਆਂ ਕਾਰਵਾਈਆਂ ਲੁੱਟਾਂ, ਖੋਹਾਂ, ਰਿਸ਼ਵਤਖੋਰੀ, ਪਾਪ ਆਦਿ ਦੇ ਕਾਰਨ ਸ: ਸਿਮਰਨਜੀਤ ਸਿੰਘ ਮਾਨ, ਮਨਪ੍ਰੀਤ ਆਦਿ ਇਨਸਾਫ਼ ਦੀ ਆਵਾਜ਼ ਬੁਲੰਦ ਕਰਨ ਵਾਲੀਆਂ ਸਖਸੀਅਤਾਂ ਤੋਂ ਡਰ ਲੱਗਣ ਲੱਗ ਪਿਆ ਹੈ। ਕਿਉਂਕਿ ਹੁਣ ਝੂਠ, ਬੇਈਮਾਨੀ ਅਤੇ ਬਦੀ ਦੇ ਨਾਸ਼ ਹੋਣ ਅਤੇ ਸੱਚ, ਹੱਕ ਅਤੇ ਨੇਕੀ ਦੇ ਸੂਰਜ ਚਮਕਣ ਦਾ ਸਹੀ ਸਮਾਂ ਆ ਗਿਆ ਹੈ। ਉਨ੍ਹਾ ਇਹ ਵੀ ਕਿਹਾ ਕਿ ਜੇ "ਮਨਪ੍ਰੀਤ" ਕਾਂਗਰਸ ਦਾ ਭੂਤ ਹੈ ਤਾਂ "ਬਾਦਲ ਦਲ" ਆਰ ਐਸ ਐਸ, ਬੀਜੇਪੀ ਦੇ ਘੱਟ ਗਿਣਤੀ ਕੌਮਾਂ ਵਿਰੋਧੀ ਖਤਰਨਾਕ ਅਜਗਰ ਹੈ। ਹੁਣ ਪੰਜਾਬ ਦੇ ਬਸਿ਼ੰਦਿਆਂ ਨੂੰ ਇਨ੍ਹਾ ਅਜਗਰਾਂ, ਦੋ ਮੂੰਹੀ ਸੱਪਾਂ ਦਾ ਮੁਕੰਮਲ ਖਾਤਮਾ ਕਰਨ ਲਈ ਇੱਕ ਵੀ ਹੋਣਾ ਪਵੇਗਾ ਅਤੇ ਇਨ੍ਹਾ ਵੱਲੋਂ ਫੈਲਾਈਆਂ ਸਮਾਜਿਕ ਬੁਰਾਈਆਂ ਵਿਰੁੱਧ ਫੈਸਲਾਕੁੰਨ ਜੰਗ ਵੀ ਲੜਨੀ ਪਵੇਗੀ। ਇਸ ਲਈ ਸਮੁੱਚੇ ਪੰਜਾਬ ਨਿਵਾਸੀ ਅਤੇ ਸਿੱਖ ਕੌਮ ਤਿਆਰ ਬਰ ਤਿਆਰ ਰਹੇ ਅਤੇ ਬਾਜ਼ ਨਜ਼ਰ ਰੱਖਦੇ ਹੋਏ, ਇੱਕ ਸੂਝਵਾਨ ਸਪੇਰੇ ਦੀ ਤਰ੍ਹਾ ਇਨ੍ਹਾ ਨੂੰ ਗਰਦਨਾਂ ਤੋਂ ਨੱਪਣ ਲਈ ਸੁਚੇਤ ਵੀ ਰਹੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top