Share on Facebook

Main News Page

5 ਜਨਵਰੀ ਨੂੰ ਪ੍ਰਕਾਸ਼ ਦਿਹਾੜਾ ਮਨਾਉਣ ਵਾਲਿਆਂ ਨੇ, ਅਕਾਲ ਤਖਤ ਸਾਹਿਬ ਦੀ ਆਜ਼ਾਦ ਹਸਤੀ ਨੂੰ ਕਾਇਮ ਰੱਖਿਆ ਹੈ: ਗਿਆਨੀ ਵੇਦਾਂਤੀ

* ਨਾਨਕਸ਼ਾਹੀ ਕੈਲੰਡਰ ਦਾ ਕਤਲ ਕੀਤਾ ਗਿਆ ਹੈ
* ਇਕਬਾਲ ਸਿੰਘ ਦਾ ਬੋਲਣਾ ਕੋਈ ਅਰਥ ਨਹੀਂ ਰੱਖਦਾ
* ਕਰਨਲ ਨਿਸ਼ਾਨ ਨੂੰ ਪਤਾ ਹੀ ਨਹੀਂ ਕਿ ਉਹ ਕਹਿੰਦਾ ਕੀ ਹੈ
* ਸੰਤ ਸਮਾਜ ਕੋਈ ਸ਼ਬਦ ਹੀ ਨਹੀਂ ਹੈ
* ਜਦੋਂ ਤੱਕ ਆਲ ਇੰਡੀਆ ਗੁਰਦੁਆਰਾ ਐਕਟ ਨਹੀਂ ਬਣਦਾ ਅਤੇ ਅਕਾਲ ਤਖ਼ਤ ਸਿਆਸਤ ਤੋਂ ਮੁਕਤ ਨਹੀਂ ਹੁੰਦਾ ਉਸ ਸਮੇਂ ਤੱਕ ਅਕਾਲ ਤਖ਼ਤ ਵਲੋਂ ਸਹੀ ਰੋਲ ਅਦਾ ਕਰਨਾ ਸੰਭਵ ਨਹੀਂ ਹੈ

ਬਠਿੰਡਾ, 19 ਜਨਵਰੀ (ਕਿਰਪਾਲ ਸਿੰਘ): 17 ਜਨਵਰੀ ਨੂੰ ਸ਼ੇਰੇ ਪੰਜਾਬ ਰੇਡੀਓ ’ਤੇ ਨਾਨਕਸ਼ਾਹੀ ਕੈਲੰਡਰ ਸਬੰਧੀ ਹੋਈ ਟਾਕ ਸ਼ੋ ਵਿੱਚ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਔਨ ਲਾਈਨ ਸਰੋਤਿਆਂ ਦੇ ਰੂਬਰੂ ਕੀਤਾ ਗਿਆ। ਇਸ ਇੰਟਰਵਿਊ ਦੀ ਰੀਕਾਰਡਿੰਗ ਜਾਗੋ ਖ਼ਾਲਸਾ ਦੀ ਵੈੱਬਸਾਈਟ http://www.wakeupkhalsa.com/talk-shows.php ’ਤੇ ਸੁਣੀ ਜਾ ਸਕਦੀ ਹੈ। ਇਸ ਦੌਰਾਨ ਗਿਆਨੀ ਵੇਦਾਂਤੀ ਨੇ ਵੇਰਵੇ ਸਹਿਤ ਦੱਸਿਆ ਕਿ 5 ਜੂਨ 2001 ਨੂੰ ਧਰਮ ਪ੍ਰਚਾਰ ਕਮੇਟੀ ਨੇ ਮਤਾ ਪਾਸ ਕਰਕੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਨਾਨਕਸ਼ਾਹੀ ਕੈਲੰਡਰ ਦਾ ਵਾਦ ਵਿਵਾਦ ਸੁਲਝਾਉਣ ਲਈ ਬੇਨਤੀ ਕੀਤੀ। ਕਾਫੀ ਸਮਾ ਲੰਘਣ ਬਾਅਦ ਨਵੰਬਰ 2002 ਵਿੱਚ ਅੰਤਰਿੰਗ ਕਮੇਟੀ ਨੇ ਮਤਾ ਪਾਸ ਕਰਕੇ ਫਿਰ ਭੇਜਿਆ ਕਿ ਨਾਨਕਸ਼ਾਹੀ ਕੈਲੰਡਰ ਬਾਰੇ ਕੋਈ ਅੰਤਿਮ ਨਿਰਣਾ ਕਰਨ ਲਈ ਕਦਮ ਚੁੱਕੇ ਜਾਣ। ਜਿਸ ਦੇ ਫਲਸਰੂਪ ਉਨ੍ਹਾਂ (ਗਿਆਨੀ ਵੇਦਾਂਤੀ) ਨੇ 8 ਜਨਵਰੀ 2003 ਨੂੰ ਸਿੱਖ ਇਤਿਹਾਸਕਾਰਾਂ, ਵਿਦਵਾਨਾਂ ਤੇ ਕੈਲੰਡਰ ਮਾਹਿਰਾਂ ਦੀ 11 ਮੈਂਬਰੀ ਕਮੇਟੀ ਨਿਯੁਕਤ ਕੀਤੀ ਤਾਂ ਕਿ ਨਾਨਕਸ਼ਾਹੀ ਕੈਲੰਡਰ ਉਪਰ ਮੁੜ ਵੀਚਾਰ ਕਰਕੇ ਖੁਲ੍ਹੇ ਦਿਮਾਗ ਤੇ ਸੁਹਿਰਦਤਾ ਭਰਪੂਰ ਤਰੀਕੇ ਰਾਹੀਂ ਕੋਈ ਅੰਤਿਮ ਨਿਰਣਾ ਕੀਤਾ ਜਾ ਸਕੇ। ਜਿਸ ਦੀ ਪਹਿਲੀ ਮੀਟਿੰਗ 16 ਜਨਵਰੀ ਨੂੰ ਹੋਈ ਜਿਸ ਵਿੱਚ ਇਹ ਪ੍ਰਵਾਨ ਕੀਤਾ ਗਿਆ ਕਿ ਸਿੱਖ ਪੰਥ ਇੱਕ ਵਿਲੱਖਣ ਕੌਮ ਹੈ ਜਿਸ ਲਈ ਵੱਖਰੇ ਕਲੈਂਡਰ ਦੀ ਲੋੜ ਹੈ।

ਨਾਨਕਸ਼ਾਹੀ ਕੈਲੰਡਰ ਦੀ ਲੋੜ ਨੂੰ ਅਸੂਲਨ ਤੌਰ ’ਤੇ ਪ੍ਰਵਾਨ ਕਰਦਿਆਂ ਇਸ ਉਪਰ ਲਗਾਏ ਦੋਸ਼ਾਂ ਤੇ ਉਠਾਏ ਸ਼ੰਕਿਆਂ ਦੇ ਸਮਾਧਾਨ ਲਈ ਵਿਦਵਾਨਾਂ ਤੇ ਸਿੱਖ ਸੰਸਥਾਵਾਂ ਦੇ ਪ੍ਰਤੀਨਿਧਾਂ ਨੂੰ ਸੱਦੇ ਪੱਤਰ ਭੇਜਣ ਦਾ ਫੈਸਲਾ ਲਿਆ ਗਿਆ। ਵੱਖ ਵੱਖ ਪੰਥਕ ਸੰਪ੍ਰਦਾਵਾਂ/ ਸੰਸਥਾਵਾਂ ਦੇ ਪ੍ਰੀਨਿਧਾਂ ਤੇ ਸਿੱਖ ਵਿਦਵਾਨਾਂ ਨਾਲ ਵੀਚਾਰ ਵਟਾਂਦਰੇ ਤੇ ਘੋਖ ਕਰਨ ਉਪ੍ਰੰਤ ਨਾਨਕਸ਼ਾਹੀ ਕੈਲੰਡਰ ਤਿਆਰ ਕਰਕੇ 28 ਮਾਰਚ 2003 ਨੂੰ ਹੋਈ ਇਕੱਤਰਤਾ ਵਿੱਚ ਪ੍ਰਵਾਨਗੀ ਦੇ ਕੇ ਸ਼ਰੋਮਣੀ ਕਮੇਟੀ ਨੂੰ ਭੇਜਿਆ। 29 ਮਾਰਚ ਨੂੰ ਸ਼੍ਰੋ.ਗੁ.ਪ੍ਰ. ਕਮੇਟੀ ਦੇ ਜਨਰਲ ਇਜਲਾਸ ਵਿੱਚ ਇਸ ਦਾ ਭਰਪੂਰ ਸਵਾਗਤ ਹੋਇਆ ਤੇ ਵੈਸਾਖੀ 2003 ਤੋਂ ਲਾਗੂ ਕਰਨ ਦੀ ਪ੍ਰਵਾਨਗੀ ਦਿੱਤੀ। ਇਸ ਲੰਬੀ ਪ੍ਰੀਕ੍ਰਿਆ ’ਚੋਂ ਲੰਘਣ ਉਪਰੰਤ 12 ਅਪ੍ਰੈਲ 2003 ਨੂੰ ਇਹ ਕੈਲੰਡਰ ਰੀਲੀਜ਼ ਕੀਤਾ ਗਿਆ।

ਗਿਆਨੀ ਵੇਦਾਂਤੀ ਜੀ ਨੇ ਦੱਸਿਆ ਕਿ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੇ ਇਸ ਨੂੰ ਖੁਸ਼ੀ ਖੁਸ਼ੀ ਪ੍ਰਵਾਨ ਕੀਤਾ ਪਰ ਦੋ ਤਖ਼ਤਾਂ ਤੇ ਆਰਐੱਸਐੱਸ ਦੇ ਇਸ਼ਾਰਿਆਂ ’ਤੇ ਚੱਲਣ ਵਾਲੇ ਕੁਝ ਡੇਰੇ ਇਸ ਦਾ ਲਗਾਤਰ ਵਿਰੋਧ ਕਰਦੇ ਆ ਰਹੇ ਸਨ ਇਸ ਲਈ 12 ਅਪ੍ਰੈਲ 2008 ਨੂੰ ਉਨ੍ਹਾਂ ਸਮੁਚੀਆਂ ਸਿੱਖ ਸੰਸਥਾਵਾਂ ਤੇ ਸੰਪ੍ਰਦਾਵਾਂ ਦੇ ਮੁਖੀਆਂ ਨੂੰ ਚਿੱਠੀ ਭੇਜੀ ਕਿ ਪੰਥਕ ਹਿਤ ਵਿੱਚ ਨਾਨਕਸਾਹੀ ਕੈਲੰਡਰ ਨੂੰ ਲਾਗੂ ਕੀਤਾ ਜਾਵੇ, ਇਸ ਕੈਲੰਡਰ ਵਿੱਚ ਜੇ ਕੋਈ ਧਾਰਮਿਕ, ਸਿਧਾਂਤਕ ਅਤੇ ਇਤਿਹਾਸਕ ਤੌਰ ’ਤੇ ਤਰੁਟੀ ਹੈ ਤਾਂ 16 ਅਗੱਸਤ ਤੱਕ ਲਿਖਤੀ ਸੁਝਾਅ ਭੇਜੇ ਜਾਣ ਤਾ ਕਿ ਜੇ ਇਸ ਵਿੱਚ ਕੋਈ ਊਣਤਾਈ ਹੈ ਤਾਂ 11 ਮੈਂਬਰੀ ਕਮੇਟੀ ਨਾਲ ਵੀਚਾਰ ਵਟਾਂਦਰਾ ਕਰ ਕੇ ਉਸ ਦੀ ਸੋਧ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ 4 ਅਗੱਸਤ ਤੱਕ ਉਨ੍ਹਾਂ ਪਾਸ ਕੋਈ ਵੀ ਲਿਖਤੀ ਸੁਝਾਅ ਨਹੀਂ ਆਇਆ ਤੇ 5 ਅਗੱਸਤ 2008 ਨੂੰ ਉਨ੍ਹਾਂ ਤੋਂ ਅਚਾਨਕ ਜ਼ਬਰਦਸਤੀ ਅਸਤੀਫਾ ਲੈ ਲਿਆ। ਉਨ੍ਹਾਂ ਕਿਹਾ ਕਿ 2009-10 ਵਿੱਚ ਇਸ ਵਿੱਚ ਮਨਮਾਨੇ ਢੰਗ ਨਾਲ ਸੋਧਾਂ ਕਰਕੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕੀਤਾ ਗਿਆ ਤੇ ਆਰਐੱਸਐੱਸ ਦੀਆਂ ਇੱਛਾਵਾਂ ਪੂਰੀਆਂ ਕੀਤੀਆਂ ਗਈਆਂ ਕਿਉਂਕਿ ਉਹ ਨਾਨਕਸ਼ਾਹੀ ਕੈਲੰਡਰ ਦਾ ਸ਼ੁਰੂ ਤੋਂ ਹੀ ਵਿਰੋਧ ਕਰਦੀ ਆ ਰਹੀ ਸੀ। ਸੋਧਾਂ ਸਮੇਂ ਉਹ ਪ੍ਰੀਕ੍ਰਿਆ ਨਹੀਂ ਅਪਣਾਈ ਗਈ ਜੋ ਇਸ ਨੂੰ ਲਾਗੂ ਕਰਨ ਸਮੇਂ ਅਪਣਾਈ ਗਈ ਸੀ। ਰੇਡੀਓ ਐਂਕਰ ਵਲੋਂ ਇਹ ਪੁੱਛੇ ਜਾਣ ਤੇ ਕਿ ਜਦੋਂ ਵੀ ਕਿਸੇ ਜਥੇਦਾਰ ਵਲੋਂ ਕੌਮੀ ਮਸਲੇ ਉਠਾਏ ਗਏ, ਬੇਸ਼ੱਕ ਉਹ ਪ੍ਰੋ. ਦਰਸ਼ਨ ਸਿੰਘ ਹੋਵੇ, ਭਾਈ ਰਣਜੀਤ ਸਿੰਘ ਹੋਵੇ ਜਾਂ ਤੁਸੀਂ (ਗਿਆਨੀ ਵੇਦਾਂਤੀ ਜੀ) ਹੋਵੋ, ਜੇ ਉਹ ਕਾਬਜ਼ ਧੜੇ ਅਨੁਸਾਰ ਨਹੀਂ ਚਲਦੇ ਤਾਂ ਉਸੇ ਸਮੇਂ ਉਨ੍ਹਾਂ ਨੂੰ ਹਟਾ ਦਿੱਤਾ ਜਾਂਦਾ ਹੈ। ਤੁਸੀਂ ਦੱਸੋ ਕਿ ਕੀ ਇਹ ਕੌਮੀ ਹਿੱਤ ਵਿੱਚ ਹੈ ਤਾਂ ਉਨ੍ਹਾਂ (ਗਿਆਨੀ ਵੇਦਾਂਤੀ ਨੇ) ਕਿਹਾ ਜਿਸ ਢੰਗ ਨਾਲ ਜਥੇਦਾਰ ਬਦਲੇ ਜਾ ਰਹੇ ਹਨ ਇਹ ਅਕਾਲ ਤਖ਼ਤ ਦੀ ਪ੍ਰਭੂ ਸਤਾ ਨੂੰ ਸਿੱਧੀ ਚੁਣੌਤੀ ਤੇ ਅਪਮਾਨ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਦੀ ਯੋਗਤਾ, ਚੋਣ, ਨਿਯੁਕਤੀ, ਉਨ੍ਹਾਂ ਦੇ ਅਧਿਕਾਰ ਖੇਤਰ ਅਤੇ ਅਹੁਦੇ ਤੋਂ ਹਟਾਉਣ ਦੇ ਨਿਯਮ ਤਹਿ ਹੋਣੇ ਚਾਹੀਦੇ ਹਨ ਤਾ ਕਿ ਕੋਈ ਵੀ ਧਿਰ ਅਕਾਲ ਤਖ਼ਤ ਨੂੰ ਆਪਣੇ ਹਿਤਾਂ ਲਈ ਨਾ ਵਰਤ ਸਕੇ।

ਇੱਕ ਕਾਲਰ ਵਲੋਂ ਸਵਾਲ ਪੁੱਛੇ ਜਾਣ ’ਤੇ ਗਿਆਨੀ ਵੇਦਾਂਤੀ ਨੇ ਕਿਹਾ ਗੁਰਮਤ ਅਨੁਸਾਰ ਸਿਰਫ ਗੁਰੂ ਦਾ ਪੰਥ ਹੈ, ਸੰਤ ਸਮਾਜ ਕੋਈ ਸ਼ਬਦ ਨਹੀਂ ਹੈ, ਇਹ ਤਾਂ ਇਨ੍ਹਾਂ ਆਪੇ ਹੀ ਬਣਾ ਲਿਆ ਹੈ। ਇੱਕ ਹੋਰ ਕਾਲਰ ਨੇ ਪੁਛਿਆ ਕਿ ਕਿ ਕਰਨਲ ਸੁਰਜੀਤ ਸਿੰਘ ਨਿਸ਼ਾਨ ਨੇ ਇੱਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਹੇ ਕਿ ਜਿਹੜਾ ਕੈਲੰਡਰ 2003 ਵਿੱਚ ਲਾਗੂ ਕੀਤਾ ਗਿਆ ਸੀ ਉਸ ਦੀਆਂ ਤਰੀਖਾਂ 100% ਗਲਤ ਸਨ ਅਤੇ ਜਿਹੜਾ ਹੁਣ 2010 ’ਚ ਕੈਲੰਡਰ ਲਾਗੂ ਕੀਤਾ ਗਿਆ ਹੈ ਉਹ 100% ਠੀਕ ਹੈ। ਉਨ੍ਹਾਂ ਕਿਹਾ ਇਸ ਕੈਲੰਡਰ ਵਿੱਚ ਪੁਰੇਵਾਲ ਦੇ ਕੈਲੰਡਰ ਨਾਲੋਂ ਸਿਰਫ 4 ਗੁਰਪੁਰਬਾਂ ਦੀਆਂ ਤਰੀਕਾਂ ਬਦਲੀਆਂ ਹਨ ਤਾਂ 100% ਗਲਤ ਕੈਲੰਡਰ ਵਿੱਚੋਂ ਸਿਰਫ 4 ਤਰੀਖਾਂ ਬਦਲ ਕੇ ਇਹ 100% ਠੀਕ ਕਿਵੇਂ ਹੋ ਗਿਆ? ਜਵਾਬ ਵਿੱਚ ਗਿਆਨੀ ਵੇਦਾਂਤੀ ਨੇ ਕਾਲਰ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਕਿਹਾ ਕਿ ਕਰਨਲ ਨਿਸ਼ਾਨ ਨੂੰ ਪਤਾ ਹੀ ਨਹੀਂ ਕਿ ਉਹ ਕਹਿੰਦਾ ਕੀ ਹੈ। ਉਨ੍ਹਾਂ ਕਿਹਾ ਸ: ਪਾਲ ਸਿੰਘ ਪੁਰੇਵਾਲ ਇੱਕ ਵਿਦਵਾਨ ਹੈ ਜਿਨ੍ਹਾਂ ਦਾ ਕੈਲੰਡਰ ਬਿਲਕੁਲ ਠੀਕ ਹੈ। ਇੱਕ ਹੋਰ ਕਾਲਰ ਨੇ ਪੁਛਿਆ ਆਰਐੱਸਐੱਸ ਨੂੰ ਵਾਰ ਵਾਰ ਭੰਡਿਆ ਜਾਂਦਾ ਹੈ ਪਰ ਜਿਹੜਾ ਬਾਦਲ ਆਰਐੱਸਐੱਸ ਦੇ ਪਿੱਛੇ ਲੱਗਾ ਹੋਇਆ ਹੈ, ਉਸ ਦਾ ਸਿੱਧਾ ਨਾਮ ਕਿਉਂ ਨਹੀਂ ਲਿਆ ਜਾਂਦਾ? ਜਵਾਬ ਵਿੱਚ ਗਿਆਨੀ ਵੇਦਾਂਤੀ ਨੇ ਕਿਹਾ ਕਿ ਕਿਸੇ ਇੱਕ ਦਾ ਨਾਮ ਲੈਣ ਦਾ ਕੋਈ ਫਾਇਦਾ ਹੀ ਨਹੀਂ ਜਿਹੜਾ ਵੀ ਕੌਮੀ ਹਿੱਤਾਂ ਦੇ ਵਿਰੁੱਧ ਚਲਦਾ ਹੈ ਉਹ ਸਾਰੇ ਹੀ ਉਸ ਸ਼੍ਰੇਣੀ ਵਿੱਚ ਆਉਂਦੇ ਹਨ। ਨਾਨਕਸ਼ਾਹੀ ਕੈਲੰਡਰ ’ਚ ਸੋਧਾਂ ਦਾ ਵਿਰੋਧ ਕਰਨ ਅਤੇ ਹੁਣ ਪੁਰਾਣੇ ਨਾਨਕਸ਼ਾਹੀ ਗੁਰਪੁਰਬ ਮਾਨਉਣ ਵਾਲਿਆਂ ਨੂੰ ਵਧਾਈ ਦੇਣ ਕਰਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਗੁਰੂ ਕਾਂਸ਼ੀ ਦੇ ਜਥੇਦਾਰ ਗਿਆਨੀ ਨੰਦਗੜ੍ਹ ਨੂੰ ਅਕਾਲ ਤਖ਼ਤ ’ਤੇ ਤਲਬ ਕਰਨ ਦੀ ਮੰਗ ਕਰਨ ਵਾਲੇ ਗਿਆਨੀ ਇਕਬਾਲ ਸਿੰਘ ਸਬੰਧੀ ਇੱਕ ਹੋਰ ਕਾਲਰ ਦੇ ਪੁੱਛੇ ਜਾਣ’ਤੇ ਗਿਆਨੀ ਵੇਦਾਂਤੀ ਨੇ ਕਿਹਾ ਇਕਬਾਲ ਸਿੰਘ ਦਾ ਬੋਲਣਾ ਕੋਈ ਅਰਥ ਹੀ ਨਹੀਂ ਰੱਖਦਾ।

ਅਖੀਰ ’ਤੇ ਰੇਡੀਓ ਐਂਕਰ ਸ: ਕੁਲਦੀਪ ਸਿੰਘ ਵਲੋਂ ਇਹ ਪੁੱਛੇ ਜਾਣ ’ਤੇ ਕਿ ਜਿਸ ਅਕਾਲ ਤਖ਼ਤ ਨੇ ਕੌਮ ਏਕਤਾ ਦੀ ਲੜੀ ਵਿੱਚ ਪ੍ਰੋਣ ਦਾ ਕੰਮ ਕਰਨਾ ਸੀ ਅੱਜ ਉਸੇ ਹੀ ਅਕਾਲ ਤਖ਼ਤ ਦੇ ਨਾਮ ’ਤੇ ਕੌਮ ਵਿੱਚ ਵੰਡੀਆਂ ਪੈ ਰਹੀਆਂ ਹਨ। ਕਈਆਂ ਨੇ ਅਕਾਲ ਤਖ਼ਤ ਦੇ ਨਾਮ ’ਤੇ 2003 ਵਿੱਚ ਲਾਗੂ ਹੋਏ ਕੈਲੰਡਰ ਮੁਤਾਬਕ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮਨਾਇਆ ਅਤੇ ਕਈਆਂ ਨੇ 2010 ਵਾਲੇ ਕੈਲੰਡਰ ਮੁਤਾਬਕ 11 ਜਨਵਰੀ ਨੂੰ ਮਨਾਇਆ। ਕੀ ਕੋਈ ਵਸੀਲਾ ਨਹੀਂ ਹੋ ਸਕਦਾ ਕਿ ਅਕਾਲ ਤਖ਼ਤ ਆਪਣਾ ਸਹੀ ਰੋਲ ਨਿਭਾਉਣ ਦੇ ਸਮਰੱਥ ਬਣ ਸਕੇ ਤਾਂ ਗਿਆਨੀ ਵੇਦਾਂਤੀ ਨੇ ਕਿਹਾ ਕਿ ਜਦ ਤੱਕ ਆਲ ਇੰਡੀਆ ਗੁਰਦੁਆਰਾ ਐਕਟ ਨਹੀਂ ਬਣਦਾ ਅਤੇ ਅਕਾਲ ਤਖ਼ਤ ਸਿਆਸਤ ਤੋਂ ਮੁਕਤ ਨਹੀਂ ਹੁੰਦਾ ਉਸ ਸਮੇਂ ਤੱਕ ਇਹ ਸੰਭਵ ਨਹੀਂ ਹੈ। ਉਨ੍ਹਾਂ ਕਿਹਾ 5 ਜਨਵਰੀ ਨੂੰ ਪ੍ਰਕਾਸ਼ ਦਿਹਾੜਾ ਮਨਾਉਣ ਵਾਲਿਆ ਨੇ ਅਕਾਲ ਤਖਤ ਸਾਹਿਬ ਦੀ ਆਜ਼ਾਦ ਹਸਤੀ ਨੂੰ ਕਾਇਮ ਰੱਖਿਆ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top