Share on Facebook

Main News Page

ਸੱਚ ਬੋਲਣ ਦੀ ਯਾਦ ਜੱਥੇਦਾਰਾਂ ਨੂੰ ਅਹੁੱਦਿਆਂ ’ਤੇ ਬੈਠ ਕੇ ਕਿਉਂ ਨਹੀਂ ਆਉਂਦੀ: ਸ. ਉਪਕਾਰ ਸਿੰਘ ਫਰੀਦਾਬਾਦ

* ਵੇਦਾਂਤੀ ਜੀ ! ਤੂੰ ਇੱਧਰ ਉਧਰ ਕੀ ਬਾਤ ਨਾ ਕਰ, ਤੂੰ ਯੇ ਬਤਾ ਕਾਫ਼ਿਲਾ ਕਿਉਂ ਲੁੱਟਾ?
* ਗਿਆਨੀ ਗੁਰਬਚਨ ਸਿੰਘ ਅਤੇ ਨੰਦਗੜ ਨੂੰ ਆਪਣੇ ਵਿਚ ਸੁਧਾਰ ਕਰ ਕੇ ਸਿੱਖ ਸਿਧਾਂਤਾਂ ਦੀ ਰਾਖੀ ਲਈ ਅੱਗੇ ਆਉਣਾ ਚਾਹੀਦਾ ਹੈ।

(ਬਸੰਤ ਕੌਰ, ਫਰੀਦਾਬਾਦ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਗਿਆਨੀ ਵੇਦਾਂਤੀ ਜਦੋਂ ਅੱਜ ਅਹੁੱਦੇ ਤੋਂ ਹੱਟ ਚੁੱਕਿਆ ਹੈ ਤਾਂ ਹੁਣ ਇਸ ਦੇ ਮੁੰਹ ਤੋਂ ਸੱਚ ਨਿਕਲਣ ਲਗ ਪਿਆ। ਇਸ ਵਿਅਕਤੀ ਨੇ ਕੌਮ ਦਾ ਜਿੰਨ੍ਹਾਂ ਨੁਕਸਾਨ ਕੀਤਾ ਉਹ ਕਿਸੇ ਤੋਂ ਨਹੀਂ ਛੁਪਿਆ। ਉਨ੍ਹਾਂ ਕਿਹਾ ਕਿ ਉੱਚ ਅਹੁੱਦਿਆਂ ’ਤੇ ਬੈਠ ਕੇ ਸਾਰੇ ਹੀ ਜੱਥੇਦਾਰ ਝੂਠ ਬੋਲਦੇ ਹਨ, ਪਰ ਜਦੋਂ ਅਹੁੱਦੇ ਖੁੰਝ ਜਾਂਦੇ ਹਨ ਤਾਂ ਫਿਰ ਇੰਨ੍ਹਾਂ ਨੂੰ ਸਿਧਾਂਤਾਂ ਦੀ ਯਾਦ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਹੁੱਦੇ ਤੋਂ ਉਤਰ ਕੇ ਅੱਜ ਗਿਆਨੀ ਵੇਦਾਂਤੀ ਨੂੰ ਰਹਿਤ ਮਰਿਆਦਾ ਚੇਤੇ ਆ ਗਈ ਹੈ, ਜਦ ਕਿ ਅਹੁੱਦੇ ’ਤੇ ਬੈਠ ਕੇ ਇੰਨੇ ਆਪ ਰਹਿਤ ਮਰਿਆਦਾ ਦਾ ਕਈ ਵਾਰ ਕਤਲ ਕੀਤਾ ਹੈ।

ਉਨ੍ਹਾਂ ਕਿਹਾ ਕਿ ਵੇਦਾਂਤੀ ਨੂੰ 11, 12, 13 ਨਵੰਬਰ 2006 ਦਾ ਦਿਨ ਵੀ ਚੰਗੀ ਤਰ੍ਹਾਂ ਯਾਦ ਹੋਵੇਗਾ, ਜਿਸ ਦਿਨ ਪਿੰਡ ਭਾਈ ਕਾ ਦਿਆਲਪੁਰਾ, ਬਠਿੰਡਾ ਵਿਖੇ ਸਾਧ ਲਾਣੇ ਨਾਲ ਰਲ਼ ਕੇ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰ ਕੇ, ਅਖੰਡ ਪਾਠ ਦੇ ਭੋਗ ਪਾਏ ਸਨ। ਉਸ ਵੇਲੇ ਦੇਸ਼-ਵਿਦੇਸ਼ ਤੋਂ ਸਿੱਖ ਸੰਗਤਾਂ ਨੇ ਇੰਨ੍ਹਾਂ ਨੂੰ ਰਹਿਤ ਮਰਿਆਦਾ ਦੀ ਉਲੰਘਣਾ ਵੀ ਚੇਤੇ ਕਰਵਾਈ ਸੀ, ਪਰ ਸ਼ਾਇਦ ਉਸ ਵੇਲੇ ਅਹੁਦੇ ਦੀ ਭੁੱਖ ਇੰਨ੍ਹਾਂ ਵਾਸਤੇ ਮਹੱਤਵਪੂਰਨ ਸੀ। ਇਸ ਤੋਂ ਇਲਾਵਾ ਹੋਰ ਵੀ ਸੈਂਕੜੇ ਉਦਾਹਰਣਾਂ ਹਨ, ਜਦੋਂ ਵੇਦਾਂਤੀ ਨੇ ਜੱਥੇਦਾਰੀ ਦੇ ਅਹੁੱਦੇ ’ਤੇ ਬੈਠ ਕੇ ਸਿੱਖ ਸਿਧਾਂਤਾਂ ਦਾ ਗਲਾ ਘੁਟਿਆ। ਇਹ ਸਾਰੇ ਜੱਥੇਦਾਰ ਹੀ ਪੰਥ ਵਿਰੋਧੀ ਤਾਕਤਾਂ ਦੀਆਂ ਕਠਪੁਤਲੀਆਂ ਹਨ।

ਉਨ੍ਹਾਂ ਕਿਹਾ ਕਿ ਜਦੋਂ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਬੜਕ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਸ ਦੀ ਪੁੂਛ ਮਰੋੜ ਦਿੱਤੀ ਜਾਂਦੀ ਹੈ, ਫਿਰ ਉਸ ਵੇਲੇ ਇਸ ਦੀ ਬਿਆਨਬਾਜ਼ੀ ਵੀ ਬਦਲ ਜਾਂਦੀ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ ਇਹ ਕਿਸ ਤਰ੍ਹਾਂ ਦੀ ਜੱਥੇਦਾਰੀ ਹੈ, ਇਹ ਤਾਂ ਖ਼ੁਦ ਗੁਲਾਮਾਂ ਦੇ ਗੁਲਾਮ ਹਨ। ਸਿੱਖ ਧਰਮ ਵਿਚ ਕਿਸੇ ਦੀ ਵੀ ਜੱਥੇਦਾਰੀ ਪ੍ਰਵਾਣ ਨਹੀਂ, ਸਿੱਖਾਂ ਦਾ ਅਸਲ ਜੱਥੇਦਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਹੀ ਹੈ। ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਵੀ ਥੋੜੇ ਦਿਨਾਂ ਦਾ ਪ੍ਰਾਹੁਣਾ ਹੈ, ਆਖਿਰ ਵਿੱਚ ਇਸ ਦਾ ਹਾਲ ਵੀ ਵੇਦਾਂਤੀ ਵਾਂਗ ਹੀ ਹੋਣਾ ਹੈ। ਸੋ ਸਮਾਂ ਰਹਿੰਦਿਆ ਗਿਆਨੀ ਗੁਰਬਚਨ ਸਿੰਘ ਅਤੇ ਨੰਦਗੜ ਨੂੰ ਆਪਣੇ ਵਿੱਚ ਸੁਧਾਰ ਕਰ ਕੇ ਸਿੱਖ ਸਿਧਾਂਤਾਂ ਦੀ ਰਾਖੀ ਲਈ ਅੱਗੇ ਆਉਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top