Share on Facebook

Main News Page

ਗਿਆਨੀ ਇਕਬਾਲ ਸਿੰਘ ਨੂੰ ਸਿੱਖ ਸੰਗਤਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇ: ਗਿਆਨੀ ਕੇਵਲ ਸਿੰਘ

ਅਨੰਦਪੁਰ ਸਾਹਿਬ, 18 ਜਨਵਰੀ (ਸੁਖਵਿੰਦਰ ਪਾਲ ਸਿੰਘ): ਤਖ਼ਤ ਦਮਦਮਾ ਸਾਹਿਬ ਦੇ ‘ਜਥੇਦਾਰ’ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵਲੋਂ ਮੂਲ ਨਾਨਕਸ਼ਾਹੀ ਕਲੰਡਰ ਦੇ ਹੱਕ ਵਿਚ ਨਿਤਰਣ ਦਾ ਵਿਰੋਧ ਕਰਦਿਆ ਗਿਆਨੀ ਇਕਬਾਲ ਸਿੰਘ ਵਲੋਂ ਗਿਆਨੀ ਨੰਦਗੜ੍ਹ ਨੂੰ ਅਕਾਲ ਤਖ਼ਤ ’ਤੇ ਤਲਬ ਕਰਨ ਦੀ ਅਪੀਲ ਕਰਨ ਵਾਲੇ ਗਿਆਨੀ ਇਕਬਾਲ ਸਿੰਘ ਦੇ ਖਿਲਾਫ਼ ਮੋਰਚਾ ਖੋਲ੍ਹਦਿਆਂ ਸਾਬਕਾ ‘ਜਥੇਦਾਰ’ ਗਿਆਨੀ ਕੇਵਲ ਸਿੰਘ ਨੇ ਸਪੱਸ਼ਟ ਸ਼ਬਦਾਂ ਵਿਚ ਆਖਿਆ ਕਿ ਗਿਆਨੀ ਇਕਬਾਲ ਸਿੰਘ ਨੂੰ ਅਕਾਲ ਤਖ਼ਤ ’ਤੇ ਬੁਲਾ ਕੇ ਸਿੱਖ ਸੰਗਤਾਂ ਦੀ ਕਚਹਿਰੀ ਵਿਚ ਪੇਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਸਿੱਖ ਰਹਿਤ ਮਰਿਆਦਾ ਦਾ ਮਖ਼ੌਲ ਉਡਾਉਣ ਵਾਲੇ ਗਿਆਨੀ ਇਕਬਾਲ ਸਿੰਘ ਕਿਸ ਮੂੰਹ ਨਾਲ ਗਿਆਨੀ ਨੰਦਗੜ੍ਹ ਨੂੰ ਅਕਾਲ ਤਖ਼ਤ ਤੇ ਬੁਲਾਉਣ ਦੀਆਂ ਗੱਲਾਂ ਕਰਦੇ ਹਨ? ਉਨ੍ਹਾਂ ਕਿਹਾ ਕਿ ਗਿਆਨੀ ਨੰਦਗੜ੍ਹ ਨੇ ਮੂਲ ਨਾਨਕਸ਼ਾਹੀ ਕਲੰਡਰ ਦੇ ਹੱਕ ਵਿਚ ਆਵਾਜ਼ ਬੁਲੰਦ ਕਰ ਕੇ ਇਤਿਹਾਸਕ ਕਾਰਨਾਮਾ ਕੀਤਾ ਹੈ ਜੋ ਸਿੱਖ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ।

ਸੰਤ ਯੂਨੀਅਨ ਦੇ ਕੁੱਝ ਆਗੂਆਂ ਵਲੋਂ ਕੈਲੰਡਰ ਬਾਰੇ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਸਖ਼ਤ ਨੋਟਿਸ ਲੈਂਦਿਆਂ ਉਨ੍ਹਾਂ ਕਿਹਾ ਕਿ 2003 ਵਿਚ ਅਕਾਲ ਤਖ਼ਤ ਤੋਂ ਪ੍ਰਵਾਨ ਕੀਤੇ ਗਏ ਇਸੇ ਕੈਲੰਡਰ ਦਾ ਲਗਾਤਾਰ ਸੱਤ ਸਾਲ ਵਿਰੋਧ ਕਰਨ ਵਾਲੇ ਇਹ ਆਗੂ ਹੁਣ ਕਿਸ ਮੂੰਹ ਨਾਲ ਤਖ਼ਤ ਦੇ ਸਤਿਕਾਰ ਦੀਆਂ ਗੱਲਾਂ ਕਰਦੇ ਹਨ? ਉਨ੍ਹਾਂ ਇਸ ਗੱਲ ਨੂੰ ਦੁਹਰਾਇਆ ਕਿ ਅਸਲ ਨਾਨਕਸ਼ਾਹੀ ਕਲੰਡਰ 2003 ਵਾਲਾ ਹੀ ਹੈ ਜੋ ਸਿੱਖਾਂ ਦੀ ਵਖਰੀ ਪਛਾਣ ਵੀ ਬਣ ਚੁੱਕਾ ਸੀ ਪਰ ਅਫ਼ਸੋਸ ਕਿ ਸੰਤ ਯੂਨੀਅਨ ਦੇ ਕੁਝ ਆਗੂਆਂ ਨੂੰ ਸਿੱਖ ਕੌਮ ਦੀ ਵਖਰੀ ਪਛਾਣ ਚੰਗੀ ਨਾ ਲੱਗੀ। ਗਿਆਨੀ ਕੇਵਲ ਸਿੰਘ ਨੇ ਕਿਹਾ ਸੰਤ ਯੂਨੀਅਨ ਭਾਵੇਂ ਕੁਝ ਵੀ ਕਹੇ ਪਰ ਸਚਾਈ ਇਹ ਹੈ ਕਿ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਦਸਮ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮੂਲ ਕੈਲੰਡਰ ਅਨੁਸਾਰ ਮਨਾ ਕੇ ਅਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਦਿਤਾ ਹੈ। ਇਸ ਮੌਕੇ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਗਿਆਨ ਸੁਰਿੰਦਰ ਸਿੰਘ, ਭਾਈ ਮਹਿੰਦਰ ਸਿੰਘ ਢਾਂਗ, ਜਗਮੋਹਣ ਸਿੰਘ, ਜਸਵਿੰਦਰ ਪਾਲ ਸਿੰਘ, ਸ਼ਰਨਜੀਤ ਸਿੰਘ, ਇਕਬਾਲ ਸਿੰਘ ਨੰਗਲ ਆਦਿ ਹਾਜ਼ਰ ਸਨ।

Source: Rozana Spokesman


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top