Share on Facebook

Main News Page

ਗੁਰਬਚਨ ਸਿੰਘ ਨੇ ਜੋਗਿੰਦਰ ਸਿੰਘ ਵੇਦਾਂਤੀ ਨੂੰ ਪੰਥ ਵਿਰੋਧੀ ਦੱਸਿਆ

ਅੰਮ੍ਰਿਤਸਰ, (18 ਜਨਵਰੀ,ਪੀ.ਐਸ.ਐਨ): ਨਾਨਕਸ਼ਾਹੀ ਕੈਲੰਡਰ ਦਾ ਮਾਮਲਾ ਇੱਕ ਵਾਰ ਫਿਰ ਕੌਮ 'ਚ ਨਵਾਂ ਵਿਵਾਦ ਗਰਮਾਉਣ ਜਾ ਰਿਹਾ ਹੈ। ਬੀਤੇ ਦਿਨ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵਲੋਂ 2003 'ਚ ਜਾਰੀ ਨਾਨਕਸ਼ਾਹੀ ਕੈਲੰਡਰ ਨੂੰ ਰਿਲੀਜ਼ ਕਰਨ ਅਤੇ ਸੰਗਤਾਂ ਨੂੰ ਉਸ ਅਨੁਸਾਰ ਦਿਹਾੜੇ ਮਨਾਉਣ ਦੀ ਕੀਤੀ ਅਪੀਲ ਤੇ ਸਖਤ ਟਿੱਪਣੀ ਕਰਦਿਆਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅੱਜ ਇਸ ਨੂੰ ਪੰਥ ਵਿਰੋਧੀ ਤਾਕਤਾਂ ਦੀ ਚਾਲ ਗਰਦਾਨ ਦਿੱਤਾ। ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਲੋਂ ਗਿਆਨੀ ਗੁਰਬਚਨ ਸਿੰਘ ਦੇ ਦਸਤਖਤਾਂ ਹੇਠ ਜਾਰੀ ਪ੍ਰੈਸ ਨੋਟ ਵਿੱਚ ਉਨ੍ਹਾਂ ਆਖਿਆ ਹੈ ਕਿ ਨਾਨਕਸ਼ਾਹੀ ਕੈਲੰਡਰ ਬਾਰੇ ਮੀਡੀਆ ਵਿੱਚ ਛਪੀਆਂ ਖਬਰਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿ: ਜੋਗਿੰਦਰ ਸਿੰਘ ਵਲੋਂ ਕੈਲੰਡਰ ਦਾ ਜਾਰੀ ਕਰਨਾ ਪੜ੍ਹ ਕੇ ਬੜੀ ਹੈਰਾਨੀ ਹੋਈ ਹੈ ਕਿ ਉਹ ਆਪ 8 ਸਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਨਿਭਾ ਚੁੱਕੇ ਹਨ ਅਤੇ ਇਸ ਤਖਤ ਦੀ ਮਾਣ ਮਰਿਆਦਾ ਤੋਂ ਭਲੀਭਾਂਤ ਜਾਣੂ ਹਨ। ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਫੈਸਲੇ ਲਏ ਜਾਂਦੇ ਹਨ, ਉਹ ਪੰਜਾਂ ਤਖਤਾਂ ਅਤੇ ਸਮੁੱਚੀ ਕੌਮ ਵਿੱਚ ਇਕਸੁਰਤਾ ਪੈਦਾ ਕਰਨ ਲਈ ਹੀ ਲਏ ਜਾਂਦੇ ਹਨ। ਸ੍ਰੀ ਅਕਾਲ ਤਖਤ ਸਾਹਿਬ ਤੋਂ ਕੇਵਲ ਕੌਮੀ ਹਿੱਤਾਂ ਲਈ ਹੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ, ਨਾ ਕਿ ਨਿੱਜੀ ਹਿੱਤਾਂ ਵਾਸਤੇ।

ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਲੋਂ ਦਿੱਤੇ ਗਏ ਬਿਆਨ ਕੋਈ ਅਹਿਮੀਅਤ ਨਹੀਂ ਰੱਖਦੇ ਕਿਉਂਕਿ ਉਹ ਸੇਵਾ ਮੁਕਤ ਹੋ ਚੁੱਕੇ ਹਨ ਜਿਵੇਂ ਕਿਸੇ ਵੀ ਅਦਾਲਤ ਦੇ ਜੱਜ ਦੇ ਰਿਟਾਇਰ ਹੋਣ ਤੋਂ ਬਾਅਦ ਦਿੱਤਾ ਗਿਆ ਬਿਆਨ ਕੋਈ ਮਹੱਤਤਾ ਨਹੀਂ ਰੱਖਦਾ ਸਗੋਂ ਅਜਿਹੇ ਬਿਆਨ ਕੌਮ ਵਿੱਚ ਦੁਬਿਧਾ ਪੈਦਾ ਹੀ ਕਰਦੇ ਹਨ। ਇਸ ਲਈ ਜਥੇਦਾਰ ਜੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪਛਾਣਦੇ ਹੋਏ ਭਵਿੱਖ ਵਿੱਚ ਵੀ ਕੋਈ ਅਜਿਹਾ ਬਿਆਨ ਨਾ ਦੇਣ, ਜਿਸ ਨਾਲ ਤਖਤਾਂ ਦੀ ਮਾਣ ਮਰਿਆਦਾ ਨੂੰ ਕੋਈ ਠੇਸ ਪੁੱਜੇ ਅਤੇ ਸੰਗਤਾਂ ਵਿੱਚ ਭਰਮ ਭੁਲੇਖੇ ਪੈਦਾ ਹੋ ਸਕਣ। ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਵਿਲੱਖਣਤਾ ਦਾ ਪ੍ਰਤੀਕ ਹੈ। ਇਸ ਵਿੱਚ ਕਿਸੇ ਕਿਸਮ ਦੀ ਰੱਦੋ ਬਦਲ ਨਹੀਂ ਕੀਤੀ ਗਈ ਸਗੋਂ ਕੁਝ ਤੱਥਾਂ ਨੂੰ ਲੈ ਕੇ ਕੌਮ ਦੀ ਏਕਤਾ ਲਈ ਕੈਲੰਡਰ ਵਿੱਚ ਦਰੁਸਤੀ ਜ਼ਰੂਰ ਕੀਤੀ ਗਈ ਹੈ।

ਸਾਬਕਾ ਜਥੇਦਾਰ ਸਿੰਘ ਗਿਆਨੀ ਜੋਗਿੰਦਰ ਸਿੰਘ ਜੀ ਦੇ ਨਿੱਜੀ ਸਹਾਇਕ ਵਲੋਂ ਪੱਤਰ ਜਾਰੀ ਕੀਤਾ ਗਿਆ ਸੀ ਕਿ ਸੰਗਤਾਂ ਦੇ ਵਿਚਾਰ ਅਤੇ ਰਾਏ ਲੈ ਕੇ ਲੋੜੀਂਦੀਆਂ ਸੋਧਾਂ ਕਿਸੇ ਵੇਲੇ ਵੀ ਕੀਤੀਆਂ ਜਾ ਸਕਦੀਆਂ ਹਨ ਦੇ ਅਨੁਸਾਰ ਹੀ ਸੋਧਾਂ ਕੀਤੀਆਂ ਗਈਆਂ ਹਨ। ਪ੍ਰਵਾਸੀ ਸਿੱਖ ਪਾਲ ਸਿੰਘ ਪੁਰੇਵਾਲ ਵਲੋਂ ਤਿਆਰ ਕੀਤੇ ਗਏ ਕੈਲੰਡਰ ਅਤੇ 11 ਮੈਂਬਰੀ ਕਮੇਟੀ ਵਲੋਂ ਪ੍ਰਵਾਨ ਕੀਤੇ ਕੈਲੰਡਰ ਦੀ ਦਸ਼ਾ ਅਤੇ ਦਿਆ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਹ ਜੋ ਸੋਧ ਕੀਤੀ ਗਈ ਹੈ, ਉਹ ਵੀ ਸ੍ਰੋਮਣੀ ਗੁ: ਪ੍ਰੰ: ਕਮੇਟੀ, ਨਵੀਆਂ ਅਤੇ ਪੁਰਾਣੀਆਂ ਵਿਦਵਾਨਾਂ ਦੀਆਂ ਬਣਾਈਆਂ ਗਈਆਂ ਕਮੇਟੀਆਂ ਅਤੇ ਸੰਤ ਸਮਾਜ ਦੀ ਰਾਏ ਅਨੁਸਾਰ ਕੀਤੀ ਗਈ ਹੈ, ਜਿਸ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾ ਵਲੋਂ ਭਰਪੂਰ ਪ੍ਰਵਾਨੀ ਦਿੱਤੀ ਗਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਸੇਵਾਦਾਰ ਹੋਣ ਦੇ ਨਾਤੇ ਸਾਬਕਾ ਅਤੇ ਮੌਜੂਦਾ ਜਥੇਦਾਰ ਸਾਹਿਬਾਨ ਅਤੇ ਸਮੁੱਚੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸੌੜੇ ਹਿੱਤਾਂ ਦੀ ਖਾਤਰ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਕੋਈ ਵੀ ਵਾਦ ਵਿਵਾਦ ਖੜਾ ਨਾ ਕੀਤਾ ਜਾਵੇ, ਸਗੋਂ ਜੇਕਰ ਕੋਈ ਵੀ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦਾ ਹੈ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ, ਧਰਮ ਪ੍ਰਚਾਰ ਕਮੇਟੀ ਅਤੇ ਸ੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਲਿਖਤੀ ਤੌਰ ਤੇ ਭੇਜ ਸਕਦਾ ਹੈ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top