Share on Facebook

Main News Page

ਪੰਥਕ ਖਬਰ-ਤਰਾਸ਼ੀ

(1) ਖਬਰ: ਤਖ਼ਤਾਂ ਨੂੰ ਜੋੜਣ ਵਾਲੀ ਰੇਲਗੱਡੀ ਵਿਚ ਵਰਤਾਈ ਜਾਂਦੀ ਹੈ ਸ਼ਰਾਬ

ਟਿੱਪਣੀ: ਸਿੱਖਾਂ ਦਾ ਇਹ ਇਤਰਾਜ਼ ਤਾਂ ਜ਼ਾਇਜ਼ ਹੈ ਕਿ ਕੌਮ ਦੇ ਇਤਿਹਾਸਿਕ ਅਸਥਾਨਾਂ ਨੂੰ ਜੋੜਣ ਵਾਲੀ ਰੇਲਗੱਡੀ ਵਿਚ ਸ਼ਰਾਬ ਦੀ ਵੰਡ ਨਹੀਂ ਹੋਣੀ ਚਾਹੀਦੀ। ਪਰ ਨਾਲ ਹੀ ਕੌਮ ਨੂੰ ਪੜਚੋਲ ਕਰਨ ਦੀ ਲੋੜ ਹੈ ਕਿ ਇਕ ‘ਸਿੱਖ’ ਦੀ ਇਮੇਜ਼ ‘ਸ਼ਰਾਬੀ’ ਦੀ ਕਿਉਂ ਬਣ ਗਈ ਹੈ? ਪੰਜਾਬ ਵਿਚ ਪੰਜਾਬ ਦਾ ਇਕ ਦਰਿਆ ਸ਼ਰਾਬ ਦਾ ਵੀ ਵੱਗ ਰਿਹਾ ਹੈ, ਇਸ ਨਾਲ ਸਾਰੇ ਸੁਚੇਤ ਲੋਕ ਸਹਿਮਤ ਹਨ। ਜੇ ਅਸੀਂ ਆਮ ਜੀਵਨ ਵਿਚ ਸ਼ਰਾਬ ਦੀ ਵਰਤੋਂ ਨੂੰ ਗਲਤ ਮੰਨਦੇ ਹੋਏ ਕੰਟਰੋਲ ਨਹੀਂ ਕਰ ਸਕਦੇ ਤਾਂ ਇਕ ਵਪਾਰਕ ਅਦਾਰੇ (ਰੇਲਵੇ) ਨੂੰ ਇਹ ਗਿਲਾ ਕਿਵੇਂ ਕਰ ਸਕਦੇ ਹਾਂ? ਦੂਜਾ ਜੇ ਉਸ ਰੇਲਗੱਡੀ ਵਿਚ ਸਫ਼ਰ ਕਰਨ ਵਾਲੇ ਯਾਤਰੂ ਹੀ ਸ਼ਰਾਬ ਨਾ ਪੀਣ ਤਾਂ ਇਸ ਦੀ ਵੰਡ ਕੁਝ ਸਮੇਂ ਬਾਅਦ ਆਪੇ ਹੀ ਬੰਦ ਕਰ ਦਿੱਤੀ ਜਾਵੇਗੀ। ਧੱਕੇ ਨਾਲ ਤਾਂ ਸ਼ਰਾਬ ਕਿਸੇ ਨੂੰ ਨਹੀਂ ਪਿਲਾਈ ਜਾ ਰਹੀ। ਇਤਿਹਾਸਿਕ ਸਥਾਨਾਂ ਨੂੰ ਜੋੜਦੀ ਹੋਣ ਕਰਕੇ ਹੀ ਗੱਡੀ ਵੀ ‘ਪਵਿੱਤਰ’ ਨਹੀਂ ਹੋ ਜਾਂਦੀ। ਸ਼ਰਾਬ ਦੀ ਵਰਤੋਂ ਤਾਂ ਹਰ ਥਾਂ ਬੰਦ ਕਰਨ ਦੀ ਮੰਗ ਹੋਣੀ ਚਾਹੀਦੀ ਹੈ, ਕਿਉਂਕਿ ਇਹ ਮਨੁੱਖ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਦੀ ਹੈ। ਸਿਰਫ ਕਿਸੇ ਅਖੌਤੀ ‘ਪਵਿੱਤਰਤਾ’ ਦੇ ਨਾਂ ’ਤੇ ਇਸ ਦੀ ਵੰਡ ਨੂੰ ਰੋਕਣ ਦੀ ਮੰਗ ਗੁਰਮਤਿ ਦੀ ਰੋਸ਼ਨੀ ਵਿਚ ਪੂਰੀ ਤਰ੍ਹਾਂ ਸਹੀ ਨਹੀਂ ਹੈ।

ਦਿਲਚਸਪ ਪਹਿਲੂ ਇਹ ਵੀ ਹੈ ਸਿੱਖਾਂ ਨੂੰ ਇਕ ਰੇਲਗੱਡੀ ਵਿਚ ਸ਼ਰਾਬ ਵਰਤਾਏ ਜਾਣ ’ਤੇ ਤਾਂ ਇਤਰਾਜ਼ ਹੈ ਪਰ ਜੋ ਬ੍ਰਾਹਮਣਵਾਦੀ ਮਨਮਤਾਂ ਰੂਪੀ ‘ਸ਼ਰਾਬ’ ਕੌਮ ਦੇ ਦੋ ਕਥਿਤ ਤਖ਼ਤਾਂ ’ਤੇ ਵਰਤਾਈ ਜਾ ਰਹੀ ਹੈ, ਉਸ ਬਾਰੇ ਵਿਰਲੇ ਸਿੱਖ ਹੀ ਇਤਰਾਜ਼ ਕਰ ਰਹੇ ਹਨ। ਉਸ ਸ਼ਰਾਬ ਦੇ ਵਰਤਾਅ ਨੂੰ ਰੋਕਣ ਲਈ ਕੌਮੀ ਪੱਧਰ ’ਤੇ ਕੋਈ ਜਤਨ ਨਹੀਂ ਹੋ ਰਹੇ। ਦੂਜਿਆਂ ਨੂੰ ਗਿਲਾ ਸ਼ਿਕਵਾ ਕਰਨ ਦੇ ਨਾਲ-ਨਾਲ ਘਰ ਦੀ ਸਫਾਈ ਵੱਲ ਧਿਆਨ ਦੇਣਾ ਵੀ ਜ਼ਰੂਰੀ ਹੈ।

(2) ਖਬਰ: ਭੀਖੀ ਵਿਖੇ ਬਲਜੀਤ ਸਿੰਘ ਜੀ ਦਾਦੂਵਾਲ ਦੇ ਦੀਵਾਨ ਰੋਕਣ ਲਈ ਪੁਲਿਸ ਵਲੋਂ ਕੀਤਾ ਗਿਆ ਲਾਠੀਚਾਰਜ

ਟਿੱਪਣੀ : ਜਿਹੜੇ ‘ਅੰਨ੍ਹੇ ਸਿੱਖਾਂ’ ਨੂੰ ਬਾਦਲ ਅਕਾਲੀ ਦਲ ਦੇ ਪੰਥਕ ਹੋਣ ਦਾ ਭਰਮ ਹੈ, ਇਸ ਘਟਨਾ ਨਾਲ ਉਨ੍ਹਾਂ ਦਾ ਅੰਨ੍ਹਾਪਨ (ਭਰਮ) ਖਤਮ ਹੋ ਜਾਣਾ ਚਾਹੀਦਾ ਹੈ। ਅਤੇ ਅੱਖਾਂ ਖੁੱਲ ਜਾਣੀਆਂ ਚਾਹੀਦੀਆਂ ਹਨ। ਪਰ ਵਿਰੋਧੀ ਤਾਕਤਾਂ ਦੀ ਹੱਥਠੋਕਾ ਜਾਪਦੀ ਬਾਦਲ ਸਰਕਾਰ ਵਲੋਂ, ਜਿਥੇ ਇਕ ਪਾਸੇ ਸੌਧਾ ਸਾਧ ਦੀਆਂ ‘ਨਾਮ ਚਰਚਾਵਾਂ’ ਲਈ ਪੁਲਿਸ ਹਿਫਾਜ਼ਤ ਦਿੱਤੀ ਜਾ ਰਹੀ ਹੈ, ਉੱਥੇ ‘ਗੁਰਮਤਿ ਸਮਾਗਮਾਂ’ ਨੂੰ ਰੋਕਣ ਲਈ ਪੁਲਿਸ ਰਾਹੀਂ ਜ਼ੁਲਮ ਕੀਤਾ ਜਾ ਰਿਹਾ ਹੈ। ਇਹ ਹਕੀਕਤ ਇਕ ਵਾਰ ਫਿਰ ਸਾਹਮਣੇ ਆ ਰਹੀ ਹੈ ਕਿ ਜਿਸ ਕੌਮ ਦੇ ਆਗੂ ਗੱਦਾਰ ਹੋ ਜਾਣ, ਉਸ ਦਾ ਤਾਂ ਰੱਬ ਹੀ ਰਾਖਾ ਹੈ।

(3) ਖਬਰ: 5 ਜਨਵਰੀ ਨੂੰ ਗੁਰਪੁਰਬ ਮਨਾਉਣ ਵਾਲਿਆਂ ਨੇ ਕੀਤੀ ਅਕਾਲ ਤਖਤ ਦੀ ਉਲੰਘਣਾ: ਗਿਆਨੀ ਗੁਰਬਚਨ ਸਿੰਘ

ਟਿੱਪਣੀ: ਮਹਾਂ-ਪੁਜਾਰੀ ਜੀ! ਪੰਥ ਵਿਰੋਧੀ ਤਾਕਤਾਂ ਦੇ ਭਾਈਵਾਲ ਬਣ ਕੇ ਤੂਸੀਂ ਨਾਨਕਸ਼ਾਹੀ ਕੈਲੰਡਰ ਦਾ ਤਾਂ ਕਲਮਾ ਪੜ੍ਹ ਦਿਤਾ। ਅਕਾਲ ਤਖਤ ’ਤੇ ਕਾਬਜ਼ ਗੁਲਾਮ ਜ਼ਮੀਰ ਵਾਲੇ, ਤੁਹਾਡੇ ਵਰਗੇ ਪੁਜਾਰੀਆਂ ਵਲੋਂ ਜ਼ਾਰੀ ਕੀਤੇ ਜਾਂਦੇ ‘ਕੂੜਨਾਮਿਆਂ’ (ਅਖੌਤੀ ਹੁਕਮਨਾਮੇ) ਦੀ ਉਲੰਘਣਾ ਸੁਚੇਤ ਸਿੱਖ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ। ਖੁਸ਼ੀ ਦੀ ਗੱਲ ਇਹ ਹੈ ਕਿ ਇਨ੍ਹਾਂ ਦਾ ਕਾਫਲਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। 5 ਜਨਵਰੀ ਨੂੰ ਗੁਰਪੁਰਬ ਮਨਾ ਕੇ ਬੇਸ਼ਕ ਇਨ੍ਹਾਂ ਨੇ ਅਕਾਲ ਤਖਤ ਦੇ ਨਾਂ ’ਤੇ ਜ਼ਾਰੀ ਕੀਤੇ ਤੁਹਾਡੇ ‘ਕੁੜਨਾਮੇ’ ਦੀ ਉਲੰਘਣਾ ਕੀਤੀ ਹੈ, ਪਰ ਇਸ ਕਦਮ ਨਾਲ ਉਨ੍ਹਾਂ ਨੇ ਜਾਗਰੂਕਤਾ ਦਾ ਸਬੂਤ ਦੇਂਦੇ ਹੋਏ ‘ਗੁਰੂ’ (ਸੱਚ ਦਾ ਗਿਆਨ) ਦੀ ਹੋਰ ਨੇੜਤਾ ਪ੍ਰਾਪਤ ਕਰ ਲਈ ਹੈ।

(4) ਖਬਰ: ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਕਰਨ ਵਾਲੇ ਪੰਥ ਵਿਰੋਧੀ: ਜੋਗਿੰਦਰ ਸਿੰਘ ਵਿਦਾਂਤੀ

ਟਿੱਪਣੀ: ਵਿਦਾਂਤੀ ਜੀ! ਚਿੰਤਾ ਨਾ ਕਰੋ, ਜਿਸ ਦਿਨ ਗੁਰਬਚਨ ਸਿੰਘ ਨੂੰ ਬਾਦਲਕਿਆਂ ਨੇ ਚੂਸ ਕੇ ਪਰ੍ਹਾਂ ਵਗ੍ਹਾ ਮਾਰਿਆ ਤਾਂ ਉਸ ਨੂੰ ਵੀ ਤੁਹਾਡੇ ਵਾਂਗੂ ਸੱਚ ਦਾ ਅਹਿਸਾਸ ਹੋ ਜਾਣਾ ਹੈ। ਆਪਣੇ ਵੇਲੇ ਤੁਸੀਂ ਵੀ ‘ਪੁਜਾਰੀ’ ਦਾ ਰੂਪ ਧਾਰ ਕੇ ਪੰਥ ਵਿਰੋਧੀ ਤਾਕਤਾਂ ਦੀ ਖਾਸੀ ਪੁਸ਼ਤ-ਪਨਾਹੀ ਕੀਤੀ। ਨਵੰਬਰ 2006 ਨੂੰ ਭਾਈ ਦਿਆਲਪੁਰਾ ਵਿਖੇ ਪੰਥ ਦੋਖੀਆਂ ਕੋਲੋਂ ਅਖੌਤੀ ਦਸਮ ਗ੍ਰੰਥ ਦੇ ‘ਪ੍ਰਕਾਸ਼’ ਰਾਹੀਂ, ਕੀਤੇ ਕੂੜ ਕਾਰਨਾਮੇ ਨੂੰ ਤੁਹਾਡੇ ਸਮੇਤ ਪੰਜੇ ਮੁੱਖ ਪੁਜਾਰੀਆਂ ਨੇ ਸ੍ਰਪਰਸਤੀ ਦਿੱਤੀ ਸੀ। ਤੁਹਾਡੇ ਐਸੇ ਕਾਲੇ ਕਾਰਨਾਮਿਆਂ ਦੀ ਸੂਚੀ ਬਹੁਤ ਲੰਮੀ ਹੈ। ਹੁਣ ਭ੍ਰਿਸ਼ਟ ਅਖੌਤੀ ਪੰਥਕ ਰਾਜਨੀਤਕਾਂ ਵੱਲੋਂ ਤੁਹਾਡੀ ਪੁੱਛ-ਗਿੱਛ ਨਹੀਂ ਹੋ ਰਹੀ ਤਾਂ ਤੁਹਾਨੂੰ ਸੱਚ ਨਜ਼ਰ ਆਣ ਲੱਗ ਪਿਆ। ਇਸ ਵਿਚ ਵੀ ਕੋਈ ਦੋ ਰਾਏ ਨਹੀਂ ਕਿ ਜੇ ਕੱਲ ਨੂੰ ਤੁਹਾਨੂੰ ਇਨ੍ਹਾਂ ਰਾਜਨੀਤਕਾਂ ਵੱਲੋਂ ਦੁਬਾਰਾ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਤਾਂ ਤੁਹਾਡੇ ਅੰਦਰ ਦਾ ‘ਪੁਜਾਰੀ’ ਮੂੱੜ ਸਰਗਰਮ ਹੋ ਜਾਵੇਗਾ।

(5) ਖਬਰ: ਦੱਖਣ ਦੇ ਇਕ ਮੰਦਰ ਵਿਚ ਮਚੀ ਭੱਗਦੜ ਕਾਰਨ 150 ਦੇ ਕਰੀਬ ਮੌਤਾਂ

ਟਿੱਪਣੀ: ‘ਪੁਜਾਰੀਵਾਦ’ ਵੱਲੋਂ ਧਰਮ ਦੇ ਨਾਂ ’ਤੇ ਅੰਨ੍ਹੀ ਸ਼ਰਧਾ ਕਾਰਨ ਇਹੋ ਜਿਹੀਆਂ ਦੁਰਘੱਟਨਾਵਾਂ ਗਾਹੇ-ਬਗਾਹੇ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਧਰਮ ਦੇ ਨਾਂ ’ਤੇ ਗੁੰਮਰਾਹ ਹੋਏ ਲੋਕ ਆਪਣਾ ਕੀਮਤੀ ਸਮਾਂ ਅਤੇ ਧਨ ਬਰਬਾਦ ਕਰਦੇ ਹੋਏ, ਐਸੀਆਂ ਤੀਰਥ ਯਾਤਰਾਵਾਂ ਤੇ ਜਾ ਕੇ ਆਪਣੀ ਲੁੱਟ ਤਾਂ ਕਰਵਾਉਂਦੇ ਹੀ ਹਨ, ਨਾਲ ਹੀ ਐਸੇ ਲੋਕਾਂ ਦੀ ਬੇਕਾਬੂ ਭੀੜ ਅਕਸਰ ਐਸੀਆਂ ਦੁਰਘਟਨਾਵਾਂ ਨੂੰ ਵੀ ਅੰਜਾਮ ਦੇਂਦੀ ਹੈ। ਨਾਨਕ ਪਾਤਸ਼ਾਹ ਜੀ ਨੇ ਮਨੁੱਖ ਨੂੰ ਇਨ੍ਹਾਂ ਸਾਰੀਆਂ ਗਲਤ ਮਨੌਤਾਂ ਅਤੇ ਕਰਮਕਾਂਡਾਂ ਤੋਂ ਦੂਰ ਰਹਿੰਦੇ ਹੋਏ, ਆਪਣੇ ਗ੍ਰਹਿਸਤ ਜੀਵਨ ਵਿਚ ਹੀ ਇਕ ਸਹਿਜ ਦਾ ਮਾਰਗ ਦਰਸਾਇਆ ਹੈ। ਪਰ ਅਫਸੋਸ! ਨਾਨਕ ਫਲਸਫੇ ਦੀ ਪੈਰੋਕਾਰ ਅਖਵਾਉਂਦੀ ਸਿੱਖ ਕੌਮ ਵੀ ਸੱਚ ਦੇ ਮਾਰਗ ਤੋਂ ਭਟਕ ਕੇ ਵਾਪਸ ਅੰਨ੍ਹੀ ਸ਼ਰਧਾ ਅਤੇ ਕਰਮਕਾਂਡਾਂ ਦੀ ਸ਼ਿਕਾਰ ਹੋ ਗਈ ਹੈ।

(6) ਖਬਰ: ਰਿਪੋਰਟ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੀ ਕੱਲਗੀ ਨਕਲੀ: ਗਿਆਨੀ ਗੁਰਬਚਨ ਸਿੰਘ

ਟਿੱਪਣੀ: ਮੁੱਖ ਪੁਜਾਰੀ ਜੀ, ਇਹ ਤਾਂ ਪਹਿਲਾਂ ਹੀ ਮਾਹਿਰਾਂ ਨੇ ਖਦਸ਼ਾ ਪ੍ਰਗਟ ਕਰ ਦਿੱਤਾ ਸੀ ਕਿ ਕੱਲਗੀ ਨਕਲੀ ਹੈ ਪਰ ਇਸ ਬਹਾਨੇ ਤੁਸੀਂ ਆਪਣੇ ਕਈ ਚਹੇਤਿਆਂ ਨੂੰ ਵਿਦੇਸ਼ਾਂ ਦੀ ਸੈਰ ਕਰਾਉਂਣੀ ਸੀ। ਸੋ, ਕੱਲਗੀ ਦੇ ਨਾਂ ਤੇ ਉਹ ਖੁਹਾਇਸ਼ ਪੂਰੀ ਹੋ ਗਈ। ਕੌਮੀ ਦਸਵੰਧ ਇਜਿਹੇ ਕੰਮ ਤੋਂ ਬਰਬਾਦ ਕਰਨਾ ਸੀ, ਉਹ ਕਰ ਦਿੱਤਾ ਗਿਆ। ਹੋ ਸਕਦਾ ਹੈ ਕਿ ਇਸ ਕੱਲਗੀ ਦੇ ਮੌਜੂਦਾ ਮਾਲਕਾਂ ਨਾਲ ਸਹੀ ਸੌਦਾ ਨਾ ਬਣ ਸਕਿਆ ਹੋਵੇ, ਜੇ ਸੌਦਾ ਫਾਇਦੇਮੰਦ ਹੋ ਜਾਂਦਾ ਤਾਂ ਸ਼ਾਇਦ ਇਹੀ ਕੱਲਗੀ ‘ਅਸਲੀ’ ਬਣ ਜਾਣੀ ਸੀ।

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top