Share on Facebook

Main News Page

ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝਿਆ, ਉਨ੍ਹਾਂ ਨੇ ਪੁੱਤਰਾਂ ਦੇ ਟੋਟੇ ਟੋਟੇ ਕਰਵਾ ਕੇ ਗਲ਼ਾਂ ’ਚ ਹਾਰ ਪਵਾ ਕੇ ਵੀ ਅਕਾਲਪੁਰਖ਼ ਦਾ ਸ਼ੁਕਰ ਕੀਤਾ, ਪਰ ਸਾਡੇ ਵਰਗੇ ਸਭ ਦਾਤਾਂ ਪ੍ਰਾਪਤ ਕਰਕੇ ਵੀ ਨਾਸ਼ੁਕਰੇ ਹੋਏ ਫਿਰਦੇ ਹਨ: ਗਿਆਨੀ ਸ਼ਿਵਤੇਗ ਸਿੰਘ

* ਗੁਰਬਾਣੀ ਦੇ ਅਰਥ ਸਟੀਕਾਂ ’ਚੋਂ ਨਹੀਂ ਗੁਰਸਿੱਖ ਦੇ ਜੀਵਨ ’ਚੋਂ ਲੱਭਣੇ ਚਾਹੀਦੇ ਹਨ

ਬਠਿੰਡਾ, 16 ਜਨਵਰੀ (ਕਿਰਪਾਲ ਸਿੰਘ): ਅਸੀਂ ਬ੍ਰਾਹਮਣ, ਮੌਲਾਣਿਆਂ ਤੇ ਵਿਦੇਸ਼ੀਆਂ ਵਲੋਂ ਲਿਖੀਆਂ ਸਾਖੀਆਂ ’ਚੋਂ ਗੁਰੂ ਨਾਨਕ ਦਾ ਜੀਵਨ ਲੱਭਣ ਦੀ ਕੋਸ਼ਿਸ ਕਰ ਰਹੇ ਹਾਂ ਪਰ ਜੇ ਗੁਰੂ ਨਾਨਕ ਦਾ ਅਸਲੀ ਰੂਪ ਸਮਝਣਾਂ ਹੋਵੇ ਤਾਂ ਜਪੁਜੀ ਸਾਹਿਬ, ਸਿੱਧ ਗੋਸਟਿ ਅਤੇ ਆਸਾ ਦੀ ਵਾਰ ਆਦਿਕ ਬਾਣੀਆਂ ਵਿੱਚੋਂ ਲੱਭਣਾਂ ਪਏਗਾ। ਗੁਰੂ ਅਰਜੁਨ ਸਾਹਿਬ ਨੂੰ ਸਮਝਣਾ ਹੋਵੇ ਤਾਂ ਸੁਖਮਨੀ ਸਾਹਿਬ ’ਚੋਂ ਲੱਭਣਾਂ ਪਏਗਾ। ਜਿਨ੍ਹਾਂ ਨੇ ਗੁਰਬਾਣੀ ’ਚੋਂ ਗੁਰੂ ਨੂੰ ਸਮਝਿਆ,ਉਨ੍ਹਾਂ ਨੇ ਪੁੱਤਰਾਂ ਦੇ ਟੋਟੇ ਟੋਟੇ ਕਰਵਾ ਕੇ ਗਲ਼ਾਂ ’ਚ ਹਾਰ ਪਵਾ ਕੇ ਵੀ ਅਕਾਲਪੁਰਖ਼ ਦਾ ਸ਼ੁਕਰ ਕੀਤਾ, ਪਰ ਸਾਡੇ ਵਰਗੇ ਸਭ ਦਾਤਾਂ ਪ੍ਰਪਤ ਕਰਕੇ ਵੀ ਨਾਸ਼ੁਕਰੇ ਹੋਏ ਫਿਰਦੇ ਹਨ। ਇਹ ਸ਼ਬਦ ਗੁਰਦੁਆਰਾ ਬੰਗਲਾ ਸਹਿਬ ਨਵੀਂ ਦਿੱਲੀ ਤੋਂ ਲੜੀਵਾਰ ਚੱਲ ਰਹੀ ਕਥਾ ਦੌਰਾਨ, ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ।

ਉਨ੍ਹਾਂ ਕਿਹਾ ਦੇਹਧਾਰੀ ਗੁਰੂਡੰਮੀ ਅਤੇ ਡੇਰਾਵਾਦੀ ਗੁਰਬਾਣੀ ਵਿੱਚ ਆਏ ਸ਼ਬਦ ’ਚਰਨ’ ਵਾਲੀਆਂ ਤੁਕਾਂ ਸੁਣਾ ਕੇ ਗੁਰਬਾਣੀ ਦੇ ਅਰਥਾਂ ਨੂੰ ਤਰੋੜ ਮਰੋੜ ਕੇ ਆਪਣੇ ਚਰਨਾਂ ਨਾਲ ਜੋੜਨ ਲਈ ਵਰਤਦੇ ਹਨ ਪਰ ਗੁਰਬਾਣੀ ਵਿੱਚ ਵਰਤੇ ਗਏ ਸ਼ਬਦ ’ਚਰਨ’ ਇਨ੍ਹਾਂ ਪੈਰਾਂ ਲਈ ਨਹੀਂ ਹੈ। ਜੇ ਪੈਰਾਂ ਲਈ ਹੁੰਦਾ ਤਾਂ;’ਮਾਈ ਚਰਨ ਗੁਰ ਮੀਠੇ ॥’ (ਪੰਨਾ 717) ਦਾ ਕੀ ਅਰਥ ਹੈ ਕਿ ਗੁਰੂ ਦੇ ਪੈਰ ਬਹੁਤ ਮਿਠੇ ਹੁੰਦੇ ਹਨ? ਉਨ੍ਹਾਂ ਕਿਹਾ ਪੈਰ ਤਾਂ ਉਸੇ ਮਾਸ ਹੱਡੀਆਂ ਦੇ ਹੁੰਦੇ ਹਨ ਇਸ ਲਈ ਇਨ੍ਹਾਂ ਦਾ ਮਿੱਠੇ ਜਾਂ ਕਿਸੇ ਹੋਰ ਸੁਆਦ ਦਾ ਹੋਣਾ ਬੇਮਾਅਨੇ ਹਨ। ਇੱਥੇ ਚਰਨਾਂ ਤੋਂ ਭਾਵ ਹੈ ਗੁਰੂ ਦਾ ਹੁਕਮ ਮਿੱਠਾ ਹੈ, ਉਸ ਦਾ ਉਪਦੇਸ਼ ਮਿੱਠਾ ਹੈ। ’ਗੁਰ ਕੇ ਚਰਨ ਲਗੇ ਮਨਿ ਮੀਠੇ॥’ (ਪੰਨਾ 801) ਗੁਰੂ ਦਾ ਉਪਦੇਸ਼ ਮਨ ਵਿਚ ਮਿੱਠਾ ਲੱਗਾ। ਇਸੇ ਉਪਦੇਸ਼ ਨੂੰ ਯਾਦ ਰੱਖਣ ਦੀ ਪ੍ਰੇਰਣਾ ਦਿੱਤੀ ਗਈ ਹੈ ’ਮੀਠੇ ਹਰਿ ਗੁਣ ਗਾਉ ਜਿੰਦੂ ਤੂੰ ਮੀਠੇ ਹਰਿ ਗੁਣ ਗਾਉ॥’ (ਪੰਨਾ 801) ਪੁਰਾਤਨ ਸਿੱਖ ਇਤਿਹਾਸ ਸੁਣਾਉਂਦੇ ਹੋਏ ਉਨ੍ਹਾਂ ਕਿਹਾ ਜਿਨ੍ਹਾਂ ਨੇ ਗੁਰ ਦੇ ਉਪਦੇਸ਼ ਨੂੰ ਮਿੱਠਾ ਕਰਕੇ ਮੰਨਿਆਂ ਉਨ੍ਹਾਂ ’ਚੋਂ ਭਾਈ ਮਤੀ ਦਾਸ ਨੂੰ ਸਿਰ ’ਤੇ ਚਲਦਾ ਆਰਾ ਵੀ ਮਿੱਠਾ ਲੱਗਿਆ, ਭਾਈ ਦਿਆਲਾ ਜੀ ਨੂੰ ਦੇਗ਼ ’ਚ ਉਬਲਣਾ ਵੀ ਮਿੱਠਾ ਲੱਗਿਆ, ਭਾਈ ਸਤੀ ਦਾਸ ਨੂੰ ਰੂੰ ਵਿੱਚ ਸੜਨਾ ਵੀ ਮਿੱਠਾ ਲੱਗਾ। ਬਾਬਾ ਬੰਦਾ ਸਿੰਘ ਆਪਣੇ ਪੁੱਤਰ ਦਾ ਕਾਲਜਾ ਮੂੰਹ ਵਿੱਚ ਪਵਾ ਕੇ ਵੀ ਗੁਰੂ ਦਾ ਸ਼ੁਕਰਗੁਜਾਰ ਹੋਇਆ, ਭਾਈ ਮਨੀ ਸਿੰਘ ਨੇ ਬੰਦ ਬੰਦ ਕਟਵਾ ਕੇ ਵੀ ਸ਼ੁਕਰ ਕੀਤਾ। ਬੀਬੀਆਂ ਨੇ ਆਪਣੇ ਬੱਚਿਆਂ ਦੇ ਟੋਟਿਆਂ ਦੇ ਹਾਰ ਗਲ਼ਾਂ ਵਿੱਚ ਪਵਾ ਕੇ ਸਵਾ ਸਵਾ ਮਣ ਪੀਸਣ ਪੀਸ ਕੇ ਵੀ ਅਰਦਾਸ ਕੀਤੀ ਹੇ ਅਕਾਲਪੁਰਖ ਤੇਰੇ ਭਾਣੇ ਵਿੱਚ ਚਾਰ ਪਹਿਰ ਦਿਨ ਸੁਖਾਂ ਦਾ ਬਤੀਤ ਹੋਇਆ ਹੈ ਚਾਰ ਪਹਿਰ ਰਾਤ ਸੁਖਾਂ ਦੀ ਬਤੀਤ ਕਰਨੀ।

ਪਰ ਅੱਜ ਸਭ ਦਾਤਾਂ ਪ੍ਰਾਪਤ ਕਰਕੇ ਭੋਗਦਾ ਹੋਇਆ ਵੀ ਮਨੁਖ ਨਾਸ਼ੁਕਰਾ ਹੋਇਆ ਹੈ ਕਿ ਮੈਂਨੂੰ ਰੱਬ ਜਾਂ ਗੁਰੂ ਨੇ ਕੀ ਦਿੱਤਾ ਹੈ। ਉਹ ਦੂਸਰਿਆਂ ਕੋਲ ਵੱਧ ਵੇਖ ਹੀ ਗਿਲਾ ਕਰ ਰਿਹਾ ਹੁੰਦਾ ਹੈ ਕਿ ਮੇਰੇ ਨਾਲੋਂ ਤਾਂ ਉਸ ਕੋਲ ਹੀ ਵੱਧ ਹੈ। ਉਨ੍ਹਾਂ ਕਿਹਾ ਭਾਈ ਤਾਰੂ ਸਿੰਘ ਨੂੰ ਗੁਰੂ ਦੀ ਬਖ਼ਸ਼ਿਸ਼ ਕੇਸ ਇਤਨੇ ਪਿਆਰੇ ਸਨ ਕਿ ਉਨ੍ਹਾਂ ਕੇਸ ਕਟਵਾਉਣ ਦੀ ਥਾਂ ਖੋਪਰੀ ਉਤਰਵਾਉਣੀ ਮਨਜੂਰ ਕੀਤੀ ਪਰ ਅੱਜ ਫੈਸ਼ਨ ’ਚ ਕੇਸ ਕਟਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਸਿੱਖ ਕੇਸ ਦਾਹੜੀ ਨੂੰ ਅੱਜ ਵੀ ਇਤਨਾ ਪਿਆਰ ਕਰਦੇ ਹਨ ਕਿ 1984 ’ਚ ਦਿੱਲੀ ਕਾਨ੍ਹਪੁਰ ਆਦਿਕ ਸ਼ਹਿਰਾਂ ਵਿੱਚ ਕੇਸ ਰੱਖੇ ਹੋਣ ਕਰਕੇ ਉਨ੍ਹਾਂ ਦੇ ਪਰਵਾਰਾਂ ਦੇ ਪਰਵਾਰ ਕਤਲ ਕੀਤੇ ਗਏ ਪਰ ਅਜ ਫਿਰ ਵੀ ਇੱਥੇ 99% ਸਿੱਖ ਸਾਬਤ ਸੂਰਤ ਹਨ। ਪਰ ਜਿਨ੍ਹਾਂ ਲੋਕਾਂ ਨੇ ਗੁਰਬਾਣੀ ਅਤੇ ਸਿੱਖ ਇਤਿਹਾਸ ਨੂੰ ਸਮਝਿਆ ਨਹੀ ਉਨ੍ਹਾਂ ਦਾ ਬਿਨਾਂ ਕੋਈ ਨੁਕਸਾਨ ਹੋਇਆ ਵੀ ਸਫਾਚੱਟ ਹੋਏ ਫਿਰਦੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top