Share on Facebook

Main News Page

ਪਰਵਾਸੀ ਭਾਰਤੀਆਂ ਨੂੰ ਭਾਰਤ ਵਿਚ ਵੋਟ ਦਾ ਹੱਕ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਚ ਨਾਮਜਦਗੀ ਸਬੰਧੀ: ਗੁਰਦੀਪ ਸਿੰਘ ਸੰਧੂ

ਪੰਜਾਬ ਅਸੈਬਲੀ ਦੀਆਂ ਚੋਣਾ ਨੂੰ ਹਾਲੇ ਇਕ ਸਾਲ ਤੋ ਵੀ ਵੱਧ ਸਮਾਂ ਬਾਕੀ ਹੈ। ਪਰ ਹਾਲਾਤਾਂ ਦੇ ਮਧੇਨਜਰ ਸਭ ਪਾਰਟੀ ਹੁਣ ਤੋ ਹੀ ਇੰਜ ਦੀਆਂ ਪੇਸ਼ਬੰਦੀਆਂ ਵਿਚ ਜੁਟ ਗਈਆਂ ਹਨ ਜਿਵੇ ਇਲੈਕਸ਼ਨਾ ਦਾ ਬਿਗਲ ਵੱਜ ਗਿਆ ਹੋਵੇ।ਕਾਂਗਰਸ ਪ੍ਰਧਾਨ ਦੀ ਨਿਯੁਕਤੀ ਦੇਰੀ ਨਾਲ ਹੋਣ ਕਰਕੇ ਰਵਨੀਤ ਸਿੰਘ ਬਿੱਟੂ ਨੇ ਇੰਜ ਲਗਦਾ ਸੀ ਕਮਾਨ ਸੰਭਾਲ ਲਈ ਹੋਵੇ, ਜਿਵੇ ਕਿਸੇ ਖਾਲੀ ਹੋਈ ਸਟੇਜ ਉਪਰ ਕਿਸੇ ਨਵੇ ਐਕਟਰ ਦੇ ਆਉਣ ਜਾਂ ਦੇਰੀ ਨਾਲ ਆਉਣ ਸਮੇ ਸਟੇਜ ਸੈਕਟਰੀ ਮਾਈਕ ਫੜਕੇ ਵੇਲਾ ਸੰਭਾਲਦਾ ਹੈ।ਆਪਸ ਵਿਚ ਪੁਰਾਣੀਆਂ ਦੂਰੀਆਂ ਵਾਲੇ ਸਿਰ ਵੀ ਇਕ ਵਾਰ ਜੁੜ ਬੈਠੇ ਲਗਦੇ ਹਨ।ਸ਼ਾਇਦ ਅਜੇਹਾ ਨਾ ਹੁੰਦਾ ਜੇ ਬਾਦਲ ਭਰਾਂਵਾਂ ਵਿਚ ਫੁਟ ਨਾਂ ਪਈ ਹੁੰਦੀ ਤੇ ਸਰਕਾਰ ਵਿਚ ਜੈਸਾ ਹੈ ਤੈਸਾ ਹੀ ਚਲ ਰਿਹਾ ਹੰਦਾ।ਜੈਸਾ ਹੈ ਤੈਸਾ ਨਹੀ ਦਿਸ ਰਿਹਾ ਦੀ ਹਵਾੜ ਤਾਂ ਕਦੇ ਕਦੇ ਬਾਹਰ ਆਉਦੀ ਮਹਿਸੂਸ ਹੁੰਦੀ ਸੀ ਪਰ ਹੁਣ ਵਾਂਗ ਭਾਂਬੜ ਬਲ ਕੇ ਲਾਂਬੂ ਬਾਹਰ ਨਹੀ ਸਨ ਨਿਕਲੇ।

ਜਿਉਂ ਹੀ ਲਾਂਬੂ ਬਾਹਰ ਨਿਕਲੇ ਮਨਪ੍ਰੀਤ ਨੇ ਆਪਣੀ ਪੁਜੀਸ਼ਨ ਨੂੰ ਸਪਸ਼ਟ ਕਰਨ ਲਈ ਕੁਝ ਤਾਂ ਕਰਨਾ ਹੀ ਸੀ।ਅਤੇ ਮਾਮਲਾ ਘਰੇਲੂ ਹੋਣ ਕਰਕੇ ਮਨਪ੍ਰੀਤ ਨੇ ਆਪਣੇ ਸਬਰ ਨੂੰ ਲਮਕਾਇਆ ਵੀ, ਪਰ ਪੁਤਰ ਮੋਹ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਅਜੇਹਾ ਫੈਸਲਾ ਨਾਂ ਕਰਨ ਦਿਤਾ ਜਿਸ ਨਾਲ ਸਰਕਾਰ ਦੇ ਬਾਕੀ ਬਚਦੇ ਸਾਲ ਲਈ ਹਾਲਾਤ ਫਿਰ “ਜੈਸੇ ਥੇ” ਵਾਲੇ ਬਣ ਸਕਦੇ।ਜਾਂ ਤੇ ਭਰਾਵਾਂ ਵਿਚ ਇਸ ਤੋ ਪਹਿਲਾਂ ਵੀ ਇੰਜ ਦੇ ਲਾਲਸਾ ਜਾਂ ਖਿਆਲਾਂ ਦੇ ਵਖਰੇਵੇਂ ਵਾਲੇ ਹਾਦਸਿਆਂ ਬਾਹਦ ਫਿਰ ਹਾਲਾਤ ਸਾਜਗਾਰ ਬਣਦੇ ਰਹੇ ਹਨ ਇਸ ਗਲ ਦਾ ਮਨ ਵਿਚ ਅਹਿਸਾਸ ਹੋਵੇਗਾ,ਜਾਂ ਇਹ ਸਮਝਕੇ ਕਿ ਇਹ ਮੇਰੀ ਹੀ ਬਿਲੀ ਕਦ ਕੁ ਤੱਕ ਮੈਨੂੰ ਮਿਆਊ ਕਰੇਗੀ,ਜਾਂ ਪਹਿਲੋ ਆਪਣੀ ਖੇਡੀ ਖੇਡ ਉਪਰ ਉਹਨਾ ਨੂੰ ਮਾਣ ਹੋਵੇਗਾ ਕਿ ਜਥੇਦਾਰ ਟਹੋੜਾ ਵਰਗੇ ਮੈ ਖੁਡੇ ਲਾ ਛੱਡੇ ਹਨ ਇਹ ਮਨਪ੍ਰੀਤ ਵਿਚਾਰਾ ਕਿਸ ਬਾਗ ਦੀ ਮੂਲੀ ਹੈ।ਨਾਲੇ ਹਜੇ ਤਾਂ ਮੇਰਾ ਭਰਾ ਵੀ ਮੇਰੇ ਕੋਲ ਸੀਪ ਦਾ ਪੱਤਾ ਹੈ ਖੇਡਣ ਨੂੰ ਜਦ ਅਖੀਰ ਵਿਚ ਗੱਲ ਜਾਂਦੀ ਦਿਸੇਗੀ ਤਾ ਭਰਾ ਨੂੰ ਬਾਹੌ ਫੜ ਲਵਾਂਗਾ, ਜਿਹੜਾ ਅੱਜ ਤੱਕ ਕਦੀ ਮੇਰੇ ਅੱਗੇ ਮੁਨਕਰ ਨਹੀ ਹੋਇਆ ਹੁਣ ਕਿਵੇ ਹੋ ਜਾਵੇਗਾ।

ਗਲਤ ਕੀ ਤੇ ਠੀਕ ਕੀਹ ਹੈ ਕਰਨ ਵਾਲੇ ਨੂੰ ਬਹੁਤੀ ਵਾਰੀ ਪਤਾ ਹੀ ਹੁੰਦਾ ਹੈ,ਪਰ ਆਪਣੀ ਗਲਤੀ ਨੂੰ ਦੂਜਿਆਂ ਉਪਰ ਠੋਸਣ ਦੀ ਸ਼ਕਤੀ ਤੇ ਚੁਪ ਕਰਾਉਣ ਦੀ ਸਿਆਣਪ ਹੁੰਦਿਆਂ ਕਈ ਵਾਰ ਬਲਵਾਨ ਅਜੇਹੀ ਹੀ ਮਾਰ ਦੇ ਭਾਗ ਬਣਦੇ ਹਨ ਜਦੋ ਹਾਲਾਤਾਂ ਦੇ ਮੱਢੇਨਜਰ ਸ਼ਕਤੀ ਵੀ ਕਮਜੋਰ ਪੈ ਜਾਂਦੀ ਹੈ ਅਤੇ ਸਿਆਣਪ ਵੀ ਵਕਤ ਦੇ ਤਕਾਜੇ ਦਾ ਮੁਕਾਬਲਾ ਨਹੀ ਕਰਦੀ। ਇਹੋ ਜਿਹੀ ਸਥਿਤੀ ਅੱਜ ਵੱਡੇ ਬਾਦਲ ਸਾਹਿਬ ਦੀ ਬਣੀ ਹੋਈ ਹੈ।ਬੁਢੀ ਹੋ ਗਈ ਸੋਚ ਜਵਾਨੀ ਨੂੰ ਕਾਬੂ ਨਹੀ ਰੱਖ ਸਕੀ।ਕਿਉਕਿ ਬਾਦਲ ਪੁਤਰ ਮੋਹ ਨੂੰ ਨਾਂ ਤਿਆਗਕੇ ਆਪਣੇ ਕੀਤੇ ਵਚਨਾ ਤੋ ਮੁਕਰ ਰਿਹਾ ਹੈ ਕਿ ਮੇਰੇ ਦੋ ਪੁਤਰ ਹਨ ਇਕ ਨੂੰ ਮੈ ਸੈਟਰ ਵਿਚ ਭੇਜਾਂਗਾ ਤੇ ਦੂਸਰਾ ਪੰਜਾਬ ਦੀ ਕਮਾਂਡ ਸੰਭਾਲੇਗਾ।ਪਰ ਸੁਖਬੀਰ ਸੈਟਰ ਦੀ ਮਨਿਸਟਰੀ ਦਾ ਸੁਆਦ ਵੀ ਚੱਖ ਆਇਆ ਤੇ ਫਿਰ ਪੰਜਾਬ ਵਿਚ ਵੀ ਆ ਸਰਗਰਮ ਹੋਇਆ ਹੈ।ਤੇ ਦੂਜੇ ਪਾਸੇ ਸੁਖਬੀਰ ਨੂੰ ਸੈਟਰ ਵਿਚ ਭੇਜਣ ਸਮੇ ਨਾ ਕੁਸਕਿਆ ਮਨਪ੍ਰੀਤ ਹੁਣ ਕੁਝ ਪ੍ਰੇਸਾਨ ਜਰੂਰ ਹੋਇਆ ਆਪਣੇ ਭਵਿਖ ਲਈ, ਫਿਰ ਦੁਬਾਰਾ ਸੈਟਰ ਵਿਚ ਸੁਖਬੀਰ ਦੀ ਘਰ ਵਾਲੀ ਨੂੰ ਭੇਜਿਆ ਗਿਆ।ਤੇ ਸੁਖਬੀਰ ਫਿਰ ਪੰਜਾਬ ਦੀ ਸਿਆਸਤ ਤੇ ਆ ਕਾਬਜ ਹੋਇਆ। ਫਿਰ ਬਾਦਲ ਸਾਹਿਬ ਦੀ ਬਿਮਾਰੀ, ਮਿਸਿਜ਼ ਪ੍ਰਕਾਸ ਸਿੰਘ ਦੀ ਬਿਮਾਰੀ ਅਜੇਹੇ ਬਹਾਨੇ ਬਣਦੇ ਆਏ ਕਿ ਵਕਤ ਰਹਿੰਦਿਆਂ ਇਨਸਾਫ ਵਾਲਾ ਫੈਸਲਾ ਨਹੀ ਹੋ ਸਕਿਆ ਜਾਂ ਕੀਤਾ ਨਹੀ ਗਿਆ।ਅਜੇਹੇ ਵਿਚ ਵਿਚਾਰੇ ਗੁਰਦੇਵ ਸਿੰਘ ਬਾਦਲ ਕੋਲ ਆਪਣੇ ਪੁਤਰ ਦਾ ਸਾਥ ਦੇਣ ਤੋ ਸਿਵਾਏ ਹੋਰ ਕੋਈ ਰਾਹ ਹੀ ਨਹੀ ਬਚਿਆ ਸੀ।ਸੋ ਪ੍ਰਕਾਸ਼ ਸਿੰਘ ਬਾਦਲ ਜੀ ਦਾ ਇਹ “ਸੀਪ” ਦਾ ਪਤਾ ਵੀ ਉਹਨਾ ਦੀ ਸੋਚ ਮੁਤਾਬਿਕ ਕੰਮ ਨਾ ਆ ਸਕਿਆ। ਫਿਰ ਹਾਲਾਤ ਸਪਸ਼ਟ ਹੋ ਗਏ ਕਿ ਹੁਣ ਮਨਪ੍ਰੀਤ ਦੇ ਪਿਛੇ ਮੁੜਨ ਦੀਆਂ ਸਭ ਸੰਭਾਵਨਾਵਾ ਖਤਮ ਹੋ ਗਈਆਂ ਸਨ ਅਤੇ ਜਖਮੀ ਸ਼ੇਰ ਕੋਲ ਕੇਵਲ ਇਕ ਹੀ ਰਸਤਾ ਸੀ ਕਿ ਆਪਣੀ ਗੱਲ ਲੋਕਾਂ ਵਿਚ ਲੈਕੇ ਜਾਵੇ ਅੰਜਾਮ ਚਾਹੇ ਕੁਝ ਵੀ ਹੋਵੇ।

ਬੀਤੇ ਤਿੰਨ ਕੁ ਵਰਿਆਂ ਦੇ ਪਿਤਾ ਦੀ ਛਤਰ ਛਾਇਆ ਹੇਠ ਪੰਜਾਬ ਸਰਕਾਰ ਚਲਾਉਣ ਦੇ ਤਜਰਬੇ ਤੋ ਬਾਹਦ ਸੁਖਬੀਰ ਦੀ ਮਾਨਸਿਕਤਾ ਬਾਰੇ ਲੋਕਾਂ ਨੂੰ ਕੁਝ ਨਿਰਾਸਤਾ ਹੀ ਸੀ, ਇਸ ਲਈ ਮਨਪ੍ਰੀਤ ਨਂੂੰ ਭਰਵਾ ਹੁੰਗਾਰਾ ਮਿਲਿਆ ਪਬਲਿਕ ਵੱਲੋ।ਇਸੇ ਹੁੰਗਾਰੇ ਨੂੰ ਹੁਣ ਅੱਖੌ ਪਰੋਖੇ ਕਰ ਸਕਣਾ ਹੁਣ ਬਾਦਲ ਸਾਹਿਬ ਵਾਸਤੇ ਮੁਸ਼ਕਿਲ ਸੀ।

ਪਹਿਲਾਂ ਪਿਆਦੇ ਤਾਂ ਖੇਡ ਵਿਚ ਲੋਕ ਉਤਾਰਦੇ ਹੀ ਆਏ ਹਨ ਪਰ ਜੇ ਬਾਦਸ਼ਾਹ ਨੂੰ ਆਪ ਹੀ ਜੰਗ ਵਿਚ ਉਤਰਨਾ ਪਵੇ ਤਾਂ ਜਰੂਰ ਸਮਝਣਾ ਚਾਹੀਦਾ ਹੈ ਕਿ ਹਾਲਤ ਕੰਟਰੋਲ ਤੋ ਬਾਹਰੀ ਹੋ ਰਹੇ ਹਨ।ਬਿਆਨ ਚਾਹੇ ਕੁਝ ਵੀ ਹੋਣ ਚਿਹਰੇ ਦੇ ਹਾਵ ਭਾਵ ਚਾਹੇ ਕੁਝ ਵੀ ਹੋਣ, ਸਮਝਣ ਵਾਲੇ ਸਮਝ ਸਕਦੇ ਹਨ ਕਿ ਹਾਲਾਤ ਕਿਸੇ ਖਤਰੇ ਦਾ ਅੰਦੇਸ਼ਾ ਦਸ ਰਹੇ ਹਨ।ਅਜੇਹੇ ਵਿਚ ਸ਼੍ਰੋਮਣੀ ਕਮੇਟੀ ਦੀਆਂ ਚੋਣਾ ਜਾਂ ਅਸੈਬਲੀ ਚੋਣਾ ਦੇ ਨਜਦੀਕ ਹੋਣ ਵਰਗੀਆਂ ਪੇਸ਼ਬੰਦੀਆਂ ਕਰਨੀਆਂ ਤੇ ਬਾਦਸ਼ਾਹ ਦਾ ਆਪ ਜੰਗ ਵਿਚ ਉਤਰਨਾ ਹਾਲਾਤਾਂ ਦੇ ਸੁਖਾਵੇਂ ਹੋਣ ਵੱਲ ਇਸ਼ਾਰਾ ਨਹੀ ਕਰਦੇ, ਹੁਣ ਭਾਵੇ ਅਸੈਬਲੀ ਚੋਣਾ ਵਿਚ ਸਾਲ ਰਹਿੰਦਾ ਹੈ ਫਿਰ ਵੀ ਕਿਸੇ ਪਾਰਟੀ ਨੂੰ ਵੀ ਪੇਸ਼ਬੰਦੀਆਂ ਸਮੇ ਤੋ ਪਹਿਲਾਂ ਨਹੀ ਲਗਦੀਆਂ, ਕਿਉਕਿ ਇਕ ਪਾਸੇ ਮਨਪ੍ਰੀਤ ਸਿੰਘ ਦਾ ਬਣ ਰਿਹਾ ਪਬਲਿਕ ਅਧਾਰ ਅਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦਾ ਇਕ ਵੱਖਰੀ ਹੀ ਕਿਸਮ ਦਾ ਪਬਲਿਕ ਅਧਾਰ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ।ਅਜੇਹੇ ਵਿਚ ਹਰ ਹਰਬਾ ਵਰਤਿਆ ਜਾ ਰਿਹਾ ਕਿ ਇਸ ਬਣੇ ਹੋਏ ਅਕਾਲੀ ਦਲ ਦੇ ਅਧਾਰ ਨੂੰ ਖੋਰਾ ਲਗਣ ਤੋ ਬਚਾਇਆ ਜਾ ਸਕੇ।

ਇਸੇ ਹੀ ਕੜੀ ਦਾ ਇਕ ਹੀਸਾ ਹੈ ਬਦੇਸੀ ਵਸਦੇ ਪੰਜਾਬੀਆਂ ਵਿਚੋ ਦਸ ਮੈਬਰਾਂ ਨੂੰ ਸ਼੍ਰੋਮਣੀ ਕਮੇਟੀ ਵਿਚ ਨਾਮਜਦਗੀ ਦੀ ਤਜਵੀਜ। ਜਿਸ ਸੰਬੰਧੀ ਮੈ ਪਹਿਲਾਂ ਵੀ ਰੇਡੀਓ ਗੀਤ ਸੰਗੀਤ ਉਪਰ ਇਕ ਸਾਲ ਪਹਿਲਾਂ ਹੀ ਆਪਣਾ ਸੁਝਾ ਦੇ ਚੁਕਾ ਹਾਂ ਕਿ ਪ੍ਰਵਾਸੀ ਵੀਰੋ ਇਸ ਚਾਲ ਤੋ ਬਚਿਓ,ਜਿਹੜੇ ਦਸ ਮੈਬਰ ਕੁਆਪਿਟ ਕੀਤੇ ਜਾਣਗੇ ਉਹ ਪੱਕੇ ਤੌਰ ਤੇ ਸਰਕਾਰੀ ਜਾਂ ਕਾਬਜ ਪੱਖ ਦੇ ਝੋਲੀ ਚੁਕ ਜੇ ਨਾ ਵੀ ਹੋਵੇ ਤਾਂ ਬਣ ਜਾਣਗੇ, ਇੰਜ ਵਕਤ ਨਾਲ ਜੇ ਉਹਨਾ ਦਾ ਕੋਈ ਅਧਾਰ ਪਰਵਾਸੀਆਂ ਵਿਚ ਹੋਇਆ ਵੀ ਤਾਂ ਉਸਨੂੰ ਵੀ ਖੋਰਾ ਲੱਗ ਜਾਣਾ ਹੈ।ਅਤੇ ਸਾਰੇ ਨੰਗਿਆ ਦੇ ਹਮਾਮ ਵਿਚ ਨੰਗੇ ਬਣਕੇ ਹੀ ਵਿਚਰਦਿਆਂ ਉਹ ਪਰਵਾਸੀਆਂ ਦੀ ਸਹੀ ਨੁਮਾਇੰਦਗੀ ਕਰ ਵੀ ਨਹੀ ਸਕਣਗੇ। ਇਸਤੋ ਵੀ ਪਹਿਲਾਂ ਜੋ ਸੰਭਾਵਨਾ ਦਿਸਦੀ ਹੈ ਉਹ ਇਹੀ ਹੈ ਕਿ “ਅੰਨਾ ਵੰਡੇ ਸੀਰਨੀ ਮੁੜ ਮੁੜ ਆਪਣਿਆਂ ਨੂੰ ਦੇਵੇ” ਵਾਲੀ ਕਹਾਵਤ ਹੀ ਦੁਹਰਾਈ ਜਾਣੀ ਹੈ।ਕਿਉਕਿ ਕੁਆਪਿਟ ਕਰਨ ਦਾ ਹੱਕ ਵੀ ਉਹਨਾ ਨੂੰ ਹੀ ਹੈ ਜੋ ਕਾਬਜ ਹਨ।ਅਤੇ ਇਸੇ ਆਸਰੇ ਆਪਣਾ ਸੈਕੂਲਰਿਜ਼ਮ ਵੀ ਦੁਨੀਆਂ ਸਾਹਵੇਂ ਪੇਸ਼ ਕੀਤਾ ਜਾ ਸਕੇਗਾ ਜਿਵੇ ਗਿਆਨੀ ਜ਼ੈਲ ਸਿੰਘ ਜੀ ਨੂੰ ਦੇਸ਼ ਦਾ ਰਾਸ਼ਟਰਪਤੀ ਬਨਾਉਣਾ ਜਾਂ ਸਰਦਾਰ ਮਨਮੋਹਨ ਸਿੰਘ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਨਾਉਣਾ ,ਅਤੇ ਦੁਨੀਆਂ ਵਿਚ ਆਪਣਾ ਸੈਕੂਲਰ ਅਕਸ ਬਹਾਲ ਰੱਖਣਾ ,ਜਦੋ ਕਿ ਸਭ ਜਾਣਦੇ ਹਨ ਕਿ ਗਿਆਨੀ ਜੀ ਨੂੰ ਰਾਸ਼ਟਰਪਤੀ ਬਣਾਉਣ ਪਿਛੇ ਮਕਸਦ ਉਹਨਾ ਦਾ ਕਾਬਲ ਹੋਣਾ ਨਹੀ ਬਲਕਿ ਕੁਝ ਹੋਰ ਹੀ ਸੀ।ਦੂਜੇ ਪਾਸੇ ਮਨਮੋਹਣ ਸਿੰਘ ਜੀ ਕੋਲ ਆਪਣੀ ਕੁਰਸੀ ਦੇ ਕਾਬਲ ਕਾਬਲੀਅਤ ਹੁੰਦਿਆ ਵੀ ਜਿਵੇ ਉਹਨਾ ਨੂੰ ਇਕ ਪੋਪਟ ਦੀ ਤਰਾਂ ਇਸਤੇਮਾਲ ਕੀਤਾ ਜਾ ਰਿਹਾ ਹੈ ਸਭ ਜਾਣ ਰਹੇ ਹਨ।

ਇਸੇ ਤਰ੍ਹਾਂ ਹੀ ਸ਼੍ਰੋਮਣੀ ਕਮੇਟੀ ਲਈ ਕੁਆਪਿਟ ਕੀਤੇ ਮੈਬਰ ਪਿਛਲੇ ਦਰਵਾਜੇ ਰਾਹੀ “ਯੈਸ ਮੈਨਾ” ਦੀਆਂ ਦਸ ਵੋਟਾਂ ਆਪਣੇ ਹੱਕ ਵਿਚ ਭਰਤੀ ਕਰ ਲੈਣ ਦੀ ਚਾਲ ਹਨ।ਇਸੇ ਲਈ ਹੀ ਮੈ ਇਸ ਚਿਕੜ ਵਿਚ ਫਸਣ ਤੋ ਪਰਵਾਸੀ ਵੀਰਾਂ ਤੇ ਭੈਣਾ ਨੂੰ ਸੁਚੇਤ ਕੀਤਾ ਸੀ ਤੇ ਹੁਣ ਵੀ ਇਸ ਲੇਖ ਰਾਹੀ ਕਰ ਰਿਹਾ ਹਾਂ। ਤੇ ਮੇਰਾ ਸੁਝਾ ਹੈ ਕਿ ਨਵੇ ਆਇਆਂ ਦਾ ਝੁਕਾ ਜਰੂਰ ਪਿਛੇ ਵੱਲ ਰਹਿੰਦਾ ਹੈ।ਪਰ ਤੀਜੀ ਪੀਹੜੀ ਤੋ ਬਾਹਦ ਸਭ ਦਾ ਝੂਕਾ ਏਨਾ ਕੁ ਹੀ ਰਹਿ ਜਾਂਦਾ ਹੈ ਜਿਵੇ ਬਾਕੀ ਦੇਸ਼ਾਂ ਵਿਚ ਵਸਦੇ ਕ੍ਰਿਸਚਨਾ ਦਾ ਰੋਮ ਨਾਲ ਹੁੰਦਾ ਹੈ।ਜਾਂ ਬਾਕੀ ਦੇਸ਼ਾਂ ਵਿਚ ਵਸਦੇ ਮੁਸਲਮਾਨਾ ਦਾ ਮੱਕੇ ਨਾਲ ਹੁੰਦਾ ਹੈ।ਇਸ ਲਈ ਜਿਵੇ ਇਕ ਸੈਟਰਲ ਕਮਾਂਡ ਹਰ ਕੌਮ ਦੀ ਤਰੱਕੀ ਵਾਸਤੇ ਜਰੂਰੀ ਹੈ ਤਿਵੇ ਹੀ ਸਿੱਖਾਂ ਵਾਸਤੇ ਵੀ ਸੈਟਰਲ ਕਮਾਂਡ ਦੇ ਤੌਰ ਤੇ ਅਕਾਲ ਤਖਤ ਦੇ ਜਥੇਦਾਰ ਦੀ ਤਾਕਤਵਰ ਕਮਾਂਡ ਹੋਣੀ ਜਰੂਰੀ ਹੈ। ਅਤੇ ਸੈਟਰਲ ਸ਼੍ਰੋਮਣੀ ਕਮੇਟੀ ਦਾ ਰੋਲ ਵੀ ਉਸੇ ਹਿਸਾਬ ਹੀ ਤਾਕਤਵਰ ਹੋਣਾ ਚਾਹੀਦਾ ਹੈ, ਪਰ ਅਕਾਲ ਤਖਤ ਦੇ ਜਥੇਦਾਰ ਤੋ ਉਪਰ ਨਹੀ।ਅਤੇ ਅਜੇਹਾ ਤਾਂ ਹੀ ਹੋ ਸਕਦਾ ਹੈ ਜੇ ਇਸ ਵਿਚ ਹਰ ਸਿੱਖ ਦੀ ਸ਼ਮੂਲੀਅਤ ਕੀਤੀ ਜਾਵੇ,ਅਜੇਹਾ ਤਾਹੀ ਹੋ ਸਕਦਾ ਹੈ ਜੇ ਦੇਸ਼ ਦੇ ਹਰ ਸੂਬੇ ਵਿਚ ਅਤੇ ਹਰ ਦੇਸ਼ ਵਿਚ ਜਿਥੇ 2 ਵੀ ਸਿੱਖ ਅਬਾਦੀ ਹੈ ਉਥੇ ਉਥੇ ਹੀ ਗੁਰਦਵਾਰਿਆਂ ਦੀ ਸਾਂਭ ਸੰਭਾਲ ਲਈ ਅਤੇ ਸਿੱਖੀ ਦੇ ਪ੍ਰਚਾਰ ਲਈ ਵੱਖਰੀਆਂ ਵੱਖਰੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੋਣ ਅਤੇ ਹਰ ਕਮੇਟੀ ਚੜਾਵੇ ਦਾ ਇਕ ਯੋਗ ਹੀਸਾ ਸੈਟਰਲ ਕਮੇਟੀ ਨੂੰ ਭੇਜਦੀ ਰਹੇ। ਪਰ ਨਾਲ ਹੀ ਸੈਟਰਲ ਕਮੇਟੀ ਵਿਚ ਹਰ ਸੂਬੇ ਅਤੇ ਹਰ ਦੇਸ਼ ਦੀ ਨੁਮਾਇੰਦਗੀ ਜਰੂਰ ਹੋਵੇ। ਅਤੇ ਉਹ ਹਰ ਸੂਬੇ ਅਤੇ ਹਰ ਦੇਸ਼ ਦੀ ਚੁਣੀ ਹੋਈ ਨੁਮਾਇੰਦਗੀ ਹੋਵੇ ਨਾ ਕਿ ਕੁਆਪਿਟ ਕੀਤੇ ਮੈਬਰਾਂ ਦੀ ਨੁਮਾਇੰਦਗੀ। ਅਤੇ ਹਰ ਕਮੇਟੀ ਕੌਮ ਦੇ ਹੱਕ ਵਿਚ ਕੀਤੇ ਜਾਂਦੇ ਕੰਮਾਂ ਲਈ ਅਕਾਲ ਤਖਤ ਦੇ ਜਥੇਦਾਰ ਨੂੰ ਜਵਾਬ ਦੇਹ ਹੋਵੇ।

ਫਿਰ ਇਸ ਲਈ ਇਹ ਵੀ ਜਰੂਰੀ ਹੈ ਕਿ ਜਥੇਦਾਰ ਦੀ ਨਿਯੁਕਤੀ ਅਤੇ ਸੇਵਾ ਸਮਾਂ ਵੀ ਨਿਰਧਾਰਿਤ ਹੋਵੇ। ਅਤੇ ਉਸ ਸਮੇ ਵਿਚ ਵਾਧੇ ਦੀ ਤਾਕਤ ਵੀ ਸਰਬੱਤ ਖਾਲਸੇ ਦੇ ਹੱਥ ਹੀ ਹੋਵੇ। ਹਾਂ ਜੇ ਦੇਸ ਅਤੇ ਪ੍ਰਦੇਸਾਂ ਵਿਚੋ ਚੁਣੇ ਹੋਏ ਨੁਮਾਇੰਦਿਆਂ ਦੀ ਸ਼ਮੂਲੀਅਤ ਸੈਟਰਲ ਕਮੇਟੀ ਵਿਚ ਹੋਵੇ ਤਾਂ ਜਥੇਦਾਰ ਥਾਪਨ ਦਾ ਅਧਿਕਾਰ ਉਸ ਨੂੰ ਦਿਤਾ ਜਾ ਸਕਦਾ ਹੈ। ਪਰ ਜਦ ਸਾਰੀਆਂ ਸਿੱਖ ਸੰਪਰਦਾਵਾਂ ਕਿਸੇ ਚੁਣੇ ਹੋਏ ਗੁਰਸਿੱਖ ਨੂੰ ਦਸਤਾਰਬੰਦੀ ਕਰਵਾ ਦੇਣ ਤਾਂ ਫਿਰ ਕਿਸੇ ਅਣਚਾਹੇ ਫੈਸਲੇ ਜਾਂ ਸਿੱਟੇ ਦੇ ਮੱਧੇਨਜਰ ਸਮੇ ਤੋ ਪਹਿਲਾਂ ਉਸਨੂੰ ਸੇਵਾ ਮੁਕਤ ਕਰਨ ਦਾ ਅਧਿਕਾਰ ਕੇਵਲ ਸਰਬੱਤ ਖਾਲਸੇ ਕੋਲ ਹੀ ਹੋਣਾ ਚਾਹੀਦਾ ਹੈ।ਇਸ ਲਈ ਅੱਜ ਹੀ ਪਰਦੇਸੀ ਬੈਠੇ ਵੀਰਾਂ ਨੂੰ ਆਪਣੀ ਆਪਣੀ ਜਗ੍ਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਲਈ ਕਾਨੂੰਨੀ ਚਾਰਾਜੋਈ ਸ਼ੁਰੂ ਕਰ ਦੇਣੀ ਚਾਹੀ ਦੀ ਹੈ। ਤਾਕਿ ਵਕਤ ਆਉਣ ਤੇ ਹਰਿਆਣੇ ਵਾਂਗ ਇਹ ਨਾ ਹੋਵੇ ਕਿ “ਮੇਰੀ ਵਾਰੀ ਆਈ ਪਤੀਲਾ ਖੜਕੇ” ਵਾਲੀ ਗੱਲ ਬਣੇ।ਮਸਲਾ ਗੋਲਕ ਦਾ ਹੈ ,ਗੋਲਕ ਦੀ ਵਰਤੋ ਦਾ ਹੈ ਜਿਹੜੀ ਗੋਲਕ ਲਗਾਤਾਰ ਇਕੋ ਹੀ ਹੱਥਾਂ ਵਿਚ ਜਾਣ ਕਰਕੇ ਸਿੱਖ ਹਿਤਾਂ ਦੇ ਖਿਲਾਫ ਵੀ ਵਰਤੀ ਜਾ ਰਹੀ ਜਾਪਦੀ ਹੈ।ਸੋ ਇਹ ਤਾਂ ਦਾਨ ਕਰਨ ਵਾਲੇ ਦਾ ਹੱਕ ਹੀ ਹੈ ਕਿ ਉਹ ਜਾਣ ਸਕੇ ਕਿ ਉਸ ਵੱਲੋ ਦਾਨ ਕੀਤੀ ਮਾਇਆ ਕਿਸ ਸੁਚੱਜੇ ਕੌਮ ਦੇ ਕੰਮ ਵਿਚ ਵਰਤੀ ਗਈ ਹੈ।

ਦੂਸਰੀ ਗੱਲ ਅਸੈਬਲੀ ਚੋਣਾ ਵਿਚ ਪ੍ਰਦੇਸੀਆਂ ਵੱਲੋ ਦਸ ਸੀਟਾਂ ਦੀ ਮੰਗ। ਇਹ ਵੀ ਬੜੀ ਹਾਸੋ ਹੀਣੀ ਗੱਲ ਜਾਪਦੀ ਹੈ।ਬਾਹਰਲੇ ਮੁਲਕੀ ਪਹੁੰਚੇ ਹਰ ਆਦਮੀ ਦੀ ਇਹ ਕੋਸ਼ਿਸ਼ ਹੈ ਕਿ ਜਿਨਾ ਛੇਤੀ ਹੋ ਸਕੇ ਉਹ ਉਥੋ ਦਾ ਸਿਟੀਜਨ ਬਣ ਸਕੇ ।ਜਿਸਦਾ ਸਿਧਾ ਸਿਧਾ ਭਾਵ ਇਹ ਹੈ ਕਿ ਅਸੀ ਆਪਣੇ ਪਿਛਲੇ ਦੇਸ਼ ਦੀ ਵਫਾਦਾਰੀ ਛੱਡੀ ਅਤੇ ਇਸ ਦੇਸ਼ ਦੀ ਵਫਾਦਾਰੀ ਅਪਣਾਈ ਜਿਸਦੀ ਕਿ ਸਹੁੰ ਵੀ ਚੁਕਾਈ ਜਾਂਦੀ ਹੈ।ਫਿਰ ਸਹੁੰ ਚੁਕਦਿਆਂ ਪਹਿਲੇ ਜਾਂ ਨਵੇ ਦੇਸ਼ ਵਿਚੋ ਕਿਸੇ ਇਕ ਨਾਲ ਝੂਠ ਜਰੂਰ ਬੋਲ ਰਹੇ ਹਾਂ।ਜਾਂ ਕਿਸੇ ਲਾਲਚ ਵੱਸ ਭਰਮਾਏ ਗਏ ਹਾਂ।ਇਤਿਹਾਸ ਗਵਾਹ ਹੈ ਕਿ ਪ੍ਰਿਥਵੀ ਰਾਜ ਚੌਹਾਣ ਨੂੰ ਮੁਹੰਮਦ ਗੌਰੀ ਹੱਥੋ ਮੌਤ ਮਿਲੀ ਬਾਵਜੂਦ ਇਸਦੇ ਕਿ ਉਸਨੇ ਜੈ ਚੰਦ ਦੇ ਖਿਲਾਫ ਮੁਹੰਮਦ ਗੌਰੀ ਦਾ ਸਾਥ ਦਿਤਾ, ਜਦੋ ਕਿ ਜੈਚੰਦ ਪ੍ਰਿਥਵੀ ਰਾਜ ਚੌਹਾਨ ਦਾ ਮਾਸੀ ਦਾ ਪੁਤ ਸੀ,ਸਾਥ ਦੇਣ ਦੇ ਬਾਵਜੂਦ ਵੀ ਮੌਤ ਮਿਲੀ ਕਿ ਜੇ ਤੂੰ ਆਪਣਿਆਂ ਦਾ ਸੱਕਾ ਨਹੀ ਹੋ ਸਕਦਾ ਅਤੇ ਉਹਨਾ ਨੂੰ ਮਰਵਾਉਣ ਲਈ ਮੇਰਾ ਸਾਥ ਦਿਤਾ ਈ ਤਾਂ ਆਉਦੇ ਕੱਲ ਕੀਹ ਯਕੀਨ ਹੈ ਕਿ ਤੂੰ ਮੇਰੇ ਨਾਲ ਵੀ ਗਦਾਰੀ ਨਹੀ ਕਰੇਗਾ? ਕਿਉਕਿ ਉਸਦੀ ਮੁਹੰਮਦ ਗੌਰੀ ਨੂੰ ਵੀ ਮਰਵਾਉਣ ਦੀ ਨੀਤੀ ਦਾ ਸ਼ੱਕ ਜ਼ਾਹਰ ਹੋ ਗਿਆ ਸੀ। ਇੰਜ ਹੀ ਦੂਹਰੇ ਕਿਰਦਾਰ ਨਾਲ ਅਸੀ ਅੱਜ ਜਾਂ ਕੱਲ ਇਖਲਾਕੀ ਤੌਰ ਤੇ ਹਾਰ ਜਾਵਾਂਗੇ।ਅਤੇ ਹਾਰੋਗੇ ਤੁਸੀ ਨਹੀ ਸਾਰੀ ਸਿੱਖ ਕੌਮ ਹਾਰੇਗੀ।ਜਿਵੇ ਕਨਿਸ਼ਕ ਕਾਂਡ ਕਰਨ ਵਾਲੇ ਕੋਈ ਇਕਾ ਦੁਕਾ ਹਨ ਪਰ ਕੌਮ ਸਾਰੀ ਬਦਨਾਮ ਹੋਈ ਹੈ। ਚੰਗੀ ਗੱਲ ਇਹ ਹੈ ਕਿ ਜਿਸ ਦੇਸ਼ ਵਿਚ ਰੋਜ਼ੀ ਰੋਟੀ ਲਈ ਆਏ ਹੋ ਅਤੇ ਉਥੋ ਦੀ ਸਿਟੀਜਨਸ਼ਿਪ ਲੈ ਬੈਠੇ ਹੋ ਤਾਂ ਉਥੋ ਦੀ ਬਿਹਤਰੀ ਵਾਸਤੇ ਕੰਮ ਕਰੋ। ਪਰ ਇਹ ਕਹਿਣ ਤੋ ਮੇਰਾ ਇਹ ਭਾਵ ਬਿਲਕੁਲ ਨਹੀ ਹੈ ਕਿ ਆਪਣੀ ਜੰਮਣ ਭੋਂ ਨੂੰ ਬਿਲਕੁਲ ਵਿਸਾਰ ਦਿਉ।ਲੋੜਵੰਦਾਂ ਆਪਣਿਆਂ ਦੀ ਮਦਦ ਕਰੋ ਪਰ ਕਿਸੇ ਵਿਚੋਲੇ ਨੂੰ ਵਿਚ ਲੈ ਕੇ ਨਹੀ ਸਿੱਧੇ ਤੌਰ ਤੇ ਕਰੋ ਤਾਕਿ ਤੁਹਾਡੀ ਸੁਹਿਰਦਤਾ ਦਾ ਪੂਰੇ ਦਾ ਪੂਰਾ ਫਾਇਦਾ ਤੁਹਾਡੇ ਹਮਦਰਦਾਂ ਨੂੰ ਹੋਵੇ ਨਾ ਕਿ ਵਿਚੋਲਿਆਂ ਨੂੰ।ਗੋਲਕ ਦਾਨ ਵਾਸਤੇ ਗੁਰੂ ਗ੍ਰੰਥ ਸਾਹਿਬ ਅੱਗੇ ਅਸਲ ਗੋਲਕ ਨਹੀ,ਗੁਰੂ ਸਾਹਿਬਾਂ ਦੇ ਕਹਿਣ ਅਨੁਸਾਰ ਅਸਲ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੈ, ਖਾਸ ਤੌਰ ਤੇ ਜਦ ਗੁਰੂ ਗ੍ਰੰਥ ਸਾਹਿਬ ਅੱਗੇ ਪਈ ਗੋਲਕ ਦਾ ਪੈਸਾ ਗੁਰੂ ਆਸ਼ੇ ਅਨੁਸਾਰ ਇਸਤੇਮਾਲ ਨਾ ਹੁੰਦਾ ਜਾਪੇ।ਜਿਸ ਦੇ ਕਿ ਥਾਂ ਥਾਂ ਸਬੂਤ ਹਰ ਸਿੱਖ ਸੰਸਥਾ ਜਿਹੜੀ ਦਾਨ ਇਕੱਠਾ ਕਰਨ ਦਾ ਉਪਰਾਲਾ ਕਰ ਰਹੀ ਹੈ ਉਸ ਦੀ ਕਾਰਕਰਦੀ ਵਿਚੋ ਮਿਲ ਰਹੇ ਹਨ।

ਤੀਸਰੀ ਗੱਲ ਇਸੇ ਵਿਸ਼ੇ ਸਬੰਧੀ ਹੈ ਕਿ ਭਾਰਤ ਸਰਕਾਰ ਪਰਵਾਸੀ ਭਾਰਤੀਆਂ ਨੂੰ ਵੋਟ ਦਾ ਹੱਕ ਦੇਣਾ ਚਹੁੰਦੀ ਹੈ।ਕਿਉ ਭਲਾ?ਲੀਡਰਾਂ ਦੀ ਤਾਂ ਉਥੇ ਪਹਿਲਾਂ ਹੀ ਕੋਈ ਕਮੀ ਨਹੀ ਹੈ, ਇਕ ਇਕ ਸੀਟ ਅਤੇ ਇਕ ਇਕ ਕੁਰਸੀ ਵਾਸਤੇ ਘੜਮੱਸ ਤਾਂ ਪਹਿਲੋ ਹੀ ਪਿਆ ਹੋਇਆ ਹੈ।ਫਿਰ ਬਾਹਰੋ ਹੋਰ ਲੀਡਰ ਪਿਉਂਦ ਕਰਨ ਤੋ ਕੀਹ ਭਾਵ? ਅਰਥ ਸਪਸ਼ਟ ਹਨ ਕਿ ਨਜ਼ਰ ਪ੍ਰਦੇਸੀਆਂ ਦੇ ਪੈਸੇ ਤੇ ਹੈ, ਜਾਂ ਉਹਨਾ ਨੂੰ ਮੋਹਰੇ ਦੇ ਤੌਰ ਤੇ ਵਰਤਕੇ ਬੇਈਮਾਨੀ ਨਾਲ ਭਾਰਤ ਵਿਚ ਕਮਾਇਆ ਪੈਸਾ ਬਾਹਰਲੇ ਦੇਸ਼ਾਂ ਵਿਚ ਸੁਰਖਿਅੱਤ ਕਰਨ ਲਈ ਉਹਨਾ ਦਾ ਇਸਤੇਮਾਲ ਕਰਨ ਤੋ ਹੈ,ਜਾਂ ਉਹਨਾ ਰਾਹੀ ਇੰਜ ਦਾ ਕਾਲਾ ਧੰਨ ਉਥੇ ਹੀ ਚਿਟਾ ਕਰ ਲਿਆ ਜਾਵੇਗਾ।ਸਰਦਾਰ ਮੋਨਟੇਕ ਸਿੰਘ ਪਰਵਾਸੀ ਭਾਰਤੀਆਂ ਦੇ ਭਲੇ ਦੀਆਂ ਸਕੀਮਾਂ ਘੜਣ ਦੇ ਨਾ ਤੇ ਸੱਦੀ ਮੀਟਿੰਗ ਵਿਚ ਕਹਿ ਰਹੇ ਹਨ ਕਿ ਇਹ ਇਲਜ਼ਾਮ ਗਲਤ ਹੈ ਕਿ ਭਾਰਤ ਦੀ ਨਜਰ ਪਰਵਾਸੀਆਂ ਵੱਲੋ ਮਿਲਦੇ ਮਾਇਕ ਸਹਿਯੋਗ ਵੱਲ ਹੈ ।ਜਿਸਦੇ ਨਾਲ ਹੀ ਉਹਨਾ ਪਰਵਾਸੀਆਂ ਵਲੋ ਆਉਂਦੇ ਯੋਗਦਾਨ ਦਾ ਵੇਰਵਾ ਦਿੰਦਿਆਂ ਕਿਹਾ ਹੈ ਕਿ ਇਹ ਕੇਵਲ 1.3 % ਹੀ ਹੈ। ਪਰ ਅਫਸੋਸ ਇਹ ਹੈ ਮੋਨਟੇਕ ਸਿੰਘ ਜੀ ਇੰਜ ਕਹਿ ਕੇ ਤੁਸਾਂ ਸਵਾ ਅਰਬ ਦੇ ਨੇੜੇ ਪਹੁੰਚੀ ਅਬਾਦੀ ਦੇ ਯੋਗਦਾਨ ਨੂੰ ਬਾਕੀ ਬਚਦੇ 98.7% ਆਖ ਦਿਆ ਪਰਵਾਸੀਆਂ ਨੂੰ ਘਰ ਬੁਲਾਕੇ ਛਿਤਰ ਤਾਂ ਖੂਬ ਮਾਰ ਲਿਆ ਹੈ ਪਰ ਤੁਸਾਂ ਇਹ ਨਹੀ ਦਸਿਆ ਕਿ ਪਰਵਾਸੀ ਭਾਰਤੀਆਂ ਦੀ ਅਬਾਦੀ ਸਵਾ ਅਰਬ ਦੇ ਮੁਕਾਬਲੇ ਕਿਨੇ % ਬਣਦੀ ਹੈ। ਜੋ ਸ਼ਾਇਦ ਅੱਧਾ % ਵੀ ਨਹੀ ਹੈ।ਜੇ ਵੋਟ ਦਾ ਹੱਕ ਦਿੰਦਿਆਂ ਪਰਵਾਸੀਆਂ ਦੇ ਪੈਸੇ ਤੇ ਨਜ਼ਰ ਨਹੀ ਹੈ ਤਾਂ ਮੀਟਿੰਗਾਂ ਦਾ ਕੀਹ ਭਾਵ ਹੈ।ਫਿਰ ਆਪਣੇ ਸਮਝ ਕੇ ਜੋ ਪਰਵਾਸੀਆਂ ਦੇ ਹਿਤ ਵਿਚ ਫੈਸਲੇ ਲੈਣੇ ਚਹੁੰਦੇ ਹੋ ਉਹ ਕਰਕੇ ਐਲਾਨ ਕਿਉ ਨਹੀ ਕਰਦੇ?ਅਤੇ ਉਹਨਾ ਤੇ ਅਮਲ ਕਿਉ ਨਹੀ ਕਰਦੇ,ਪਰ ਉਹ ਤਾਂ ਤੁਸਾਂ ਪ੍ਰਵਾਸੀਆਂ ਦੀਆਂ ਤਕਲੀਫਾ ਜਾਣਦੇ ਹੋਏ ਵੀ ਕਰਨੇ ਹੀ ਨਹੀ ਬਲਕਿ ਪਰਵਾਸੀਆਂ ਦਾ ਆਪਣੇ ਜਨਮ ਦੇਸ਼ ਵਿਚ ਦਾਖਲੇ ਦਾ ਹੱਕ ਵੀ ਤੁਸਾਂ ਖੋਹ ਲਿਆ ਹੋਇਆ ਹੈ।ਅਤੇ ਪ੍ਰਵਾਸੀਆਂ ਦੀਆਂ ਮੀਟਿੰਗਾਂ ਕਰਕੇ ਦੁਨੀਆਂ ਨੂੰ ਡਰਾਮਾ ਜਰੂਰ ਵਿਖਾਇਆ ਜਾ ਰਿਹਾ ਹੈ, ਪਰ ਅੱਜ ਤੱਕ ਕੋਈ ਵੀ ਮੀਟਿੰਗ ਕਿਸੇ ਫਲਦਾਰ ਨਤੀਜੇ ਤੇ ਨਹੀ ਪਹੁੰਚੀ, ਤੇ ਨਾ ਹੀ ਇਹਨਾ ਦਾ ਪ੍ਰਵਾਸੀਆਂ ਨੂੰ ਧੇਲੇ ਦਾ ਫਾਇਦਾ ਅੱਜ ਤੱਕ ਹੋਇਆ ਹੈ।ਕਿਸੇ ਵੀ ਕਾਰਨ ਬਣੇ ਨਜਦੀਕੀਆਂ ਨੂੰ ਦਿਤੇ ਫਾਇਦੇ ਨੂੰ ਅਸੀ ਪ੍ਰਵਾਸੀਆਂ ਦੇ ਖਾਤੇ ਗਿਣ ਨਹੀ ਸਕਦੇ।

ਭਾਰਤ ਵਿਚ ਜਿਨੀ ਕੌਮਾਂ ਦੀ ਗਿਣਤੀ ਹੈ ਉਹਨਾ ਤੋ ਕਈ ਗੁਣਾ ਵੱਧਕੇ ਅਤਿਵਾਦੀ ਕਹੇ ਜਾ ਸਕਣ ਵਾਲੇ ਸੰਗਠਣ ਹਨ। ਭਾਵ ਇਕ ਇਕ ਕੌਮ ਵਿਚ ਅਸੰਤੁਸ਼ਟਤਾ ਨੇ ਕਈ ਕਈ ਗਰੁਪ ਐਸੇ ਪੈਦਾ ਕਰ ਦਿਤੇ ਹਨ ਜਿਨਾ ਨੂੰ ਸਰਕਾਰ ਅਤਿਵਾਦੀ ਕਹਿ ਕੇ ਪੁਕਾਰਦੀ ਹੈ।ਉਹਨਾ ਵਿਚੋ ਬਹੁਤੇ ਦੇਸ਼ ਦੇ ਅੰਦਰ ਹੀ ਹਨ ਤੇ ਪਾਰਲੀਮੈਟ ਤੱਕ ਹਮਲਾ ਕਰਨ ਜਾ ਪਹੁੰਚੇ ਹਨ।ਹੋਰ ਤਾਂ ਹੋਰ ਦੇਸ਼ ਦੀ ਬਹੁਗਿਣਤੀ ਵਾਲੇ ਲੋਕ ਵੀ ਅਤਿਵਾਦੀ ਕਹੇ ਜਾ ਸਕਣ ਵਾਲੇ ਸੰਗਠਣ ਪਾਲੀ ਫਿਰਦੇ ਹਨ ਤੇ ਉਹਨਾ ਦੀ ਵੀ ਗਿਣਤੀ ਦਾ ਕੋਈ ਹਿਸਾਬ ਨਹੀ ਹੈ।ਪਰ ਗਿਣਤੀ ਦੇ ਕੁਝ ਕੁ ਪਰਵਾਸੀਆਂ ਨੂੰ ਕਾਲੀ ਸੂਚੀ ਵਿਚ ਲਿਖ ਕੇ ਉਹਨਾ ਦਾ ਆਪਣੀ ਜੰਮਣ ਭੌ ਨੂੰ ਨਤਮਸਤੱਕ ਹੋਣਦਾ ਹੱਕ ਵੀ ਖੋਹ ਲਿਆ ਹੋਇਆ ਹੈ।ਅਤੇ ਇਸੇ ਦੇ ਮਨੋਕਲਪਿਤ ਖਿਆਲ ਹੇਠ ਬਾਕੀ ਪਰਦੇਸੀਆਂ ਦੇ ਵੀ ਭਾਰਤ ਜਾਣਦੇ ਹੱਕ ਖੋਹ ਲਏ ਹੋਏ ਹਨ।ਜਦੋ ਕਿ ਕਿਸੇ ਵੀ ਭਾਰਤ ਗਏ ਪਰਵਾਸੀ ਉਪਰ ਉਹਦੇ ਥੋੜੇ ਸਮੇ ਦੇ ਮਨਜੂਰੀ ਤਹਿਤ ਭਾਰਤ ਪਰਵੇਸ਼ ਸਮੇ ਪੂਰੀ ਨਿਗਰਾਨੀ ਰੱਖੀ ਜਾ ਸਕਦੀ ਹੈ।ਪਰਵਾਸੀ ਭਾਰਤੀਆਂ ਨਾਲ ਹੁਣ ਤੱਕ ਜਿਨੀਆਂ ਵੀ ਮੀਟਿੰਗਾਂ ਹੋਈਆਂ ਹਨ ਕੀਹ ਕੋਈ ਵੀ ਉਹਨਾ ਦੀ ਗੱਲ ਸੁਣੀ ਗਈ ਹੈ?ਆਪਣੀਆਂ ਪਾਲਸੀਆਂ ਦੱਸਕੇ ਉਹਨਾ ਨੂੰ ਉਥੇ ਪੈਸਾ ਲਾਉਣ ਲਈ ਪ੍ਰੇਰਨ ਤੋ ਸਿਵਾਏ ਹੋਰ ਕੋਈ ਗਲ ਨਹੀ ਹੁੰਦੀ ,ਨਹੀ ਹੋਈ, ਤੇ ਨਾ ਹੀ ਭ੍ਰਿਸ਼ਟ ਰਾਜਨੀਤਕਾਂ ਦੇ ਚਲਦਿਆਂ ਇਸਦੀ ਕੋਈ ਉਮੀਦ ਹੀ ਹੈ।ਫਿਰ ਹੋਰ ਦਸੋ ਸਰਦਾਰ ਮੋਨਟੇਕ ਸਿੰਘ ਜੀ ਕਿਵੇ ਸਾਬਤ ਕਰੋਗੇ ਕਿ ਭਾਰਤੀ ਵਿਧਾਨਕਾਰਾਂ ਦੀ ਨਜ਼ਰ ਪਰਵਾਸੀਆਂ ਦੇ ਪੈਸੇ ਉਪਰ ਨਹੀ ਹੈ?

ਸ਼ੋ ਨਿਮਰਤਾ ਸਹਿਤ ਮੈ ਸਾਰੇ ਹੀ ਪ੍ਰਵਾਸੀ ਭਾਰਤੀਆਂ ਨੂੰ ਤੇ ਖਾਸ ਕਰ ਸਿੱਖ ਕੌਮ ਦੇ ਪਤਵੰਤੇ ਸਜਨਾ ਨੂੰ ਇਹ ਸੁਝਾ ਦੇਣਾ ਚਹੁੰਦਾ ਹਾਂ ਕਿ ਜਿੰਦਲ ਤੇ ਨਿਕੀ ਰੰਧਾਵਾ ਵਾਂਗ ਜਿਥੇ ਵੀ ਹੋ ,ਜਿਸ ਦੇਸ਼ ਵਿਚ ਵੀ ਹੋ ਉਥੋ ਦੀ ਸੁਹਿਰਦਤਾ ਨਾਲ ਸੇਵਾ ਕਰੋ।ਆਖਿਰ ਵਿਚ ਇਕ ਮਿਸਾਲ ਦੇਣ ਲਗਿਆਂ ਹਾ ਭਾਈ ਘਨਈਏ ਜੀ ਦੀ, ਸ਼ਿਕਾਇਤ ਗੁਰੂ ਗੋਬਿੰਦ ਸਿੰਘ ਜੀ ਕੋਲ ਕਿਸੇ ਨੇ ਕਰ ਦਿਤੀ ਕਿ ਉਹ ਦੁਸ਼ਮਨ ਦੇ ਜਖਮੀ ਸਿਪਾਹੀਆਂ ਨੂੰ ਵੀ ਪਾਣੀ ਪਿਲਾਈ ਜਾ ਰਿਹਾ ਹੈ।ਗੁਰੂ ਸਾਹਿਬ ਨੇ ਬੁਲਾਇਆ ਤੇ ਕੋਲੋ ਮਰਹਮ ਦੇ ਕੇ ਆਖਿਆ ਕਿ ਪਾਣੀ ਪਿਲਾਉਣ ਦੇ ਨਾਲ ਨਾਲ ਲੋੜਵੰਦਾਂ ਨੂੰ ਜਖਮਾਂ ਉਪਰ ਮਰਹਮ ਵੀ ਲਗਾ ਦੇਣਾ।ਤੇ ਸ਼ਕਾਇਤ ਕਰਤਾ ਨੂੰ ਆਖਿਆ ਕਿ ਉਹ ਇਕ ਸਿੱਖ ਦਾ ਫਰਜ਼ ਨਿਭਾ ਰਿਹਾ ਹੈ। ਜਖਮੀ ਹੋ ਕੇ ਡਿਗਾ ਚਾਹੇ ਕੋਈ ਵੀ ਹੋਵੇ ਉਹ ਦੁਸ਼ਮਨ ਨਾਲੋ ਮਜਲੂਮ ਪਹਿਲਾਂ ਹੈ ਤੇ ਮਜਲੂਮ ਦੀ ਹਰ ਸੰਭਵ ਮਦਦ ਕਰਨਾ ਇਹ ਸਿੱਖ ਦਾ ਕਿਰਦਾਰ ਹੈ।ਸੋ ਸਿੱਖ ਦਾ ਕਿਰਦਾਰ ਹੈ “ਜਿਸਦਾ ਦਿਤਾ ਖਾਵਣਾ ਤਿਸਦਾ ਹੀ ਦਾ ਭਲਾ ਮਨਾਵਣਾ”।ਰੋਜੀ ਰੋਟੀ ਲਈ ਜਾਂ ਤਰੱਕੀ ਲਈ ਜਿਸ ਵੀ ਦੇਸ਼ ਵਿਚ ਆਏ ਹੋ ਉਸੇ ਦੀ ਬਿਹਤਰੀ ਲਈ ਸੋਚੋ। ਅਤੇ ਬਣਦਾ ਸਤਿਕਾਰ ਆਪਣੇ ਪਿਛਲਿਆਂ ਨੂੰ ਵੀ ਜਰੂਰ ਦਿਉ।ਆਪਣੇ ਹੱਥੀ ਦਿਉ, ਵਿਚੋਲਗੀਰੀ ਦੇ ਧੰਦੇ ਦਾ ਸਫਾਇਆ ਕਰੋ।ਅੱਗੇ ਇਹ ਅਖਾਣ ਪ੍ਰਚੱਲਤ ਸੀ “ਹੱਥੀ ਵਣਜ ਸੁਨੇਹੇ ਖੇਤੀ ਕਦੀ ਨਾ ਹੁੰਦੇ ਬਤੀਆਂ ਤੋ ਤੇਤੀ” ਹੁਣ ਬਦਲਦੀ ਦੁਨੀਆਂ ਨਾਲ ਇਹ ਖਿਆਂਲ ਬਦਲ ਰਿਹਾ ਹੈ।ਵਣਜ ਰਿਸ਼ਤਿਆਂ ਦੇ ਹੱਥੀ ਕੀਤੇ ਹੀ ਕਾਮਯਾਬ ਹੋ ਰਹੇ ਹਨ ਨਹੀ ਤਾਂ ਬਗਾਵਤ ਹੋ ਰਹੀ ਹੈ।ਮਸ਼ੀਨੀਕਰਨ ਕਰਕੇ ਖੇਤੀ ਦਾ ਵੀ ਸਿਧਾਂਤ ਬਦਲ ਰਿਹਾ ਹੈ।

Gurdip S Sandhu
Homeopathic Consultant
DHMS-Gold medalist, BAMS, MDEh.- India
Member: California Homeopathic Society & National Homeopathic Center-USA
Helping since 1973 with Satisfaction
Phone: 408-729-6691
Fax: 408-416-3152
E-mail: Homeomedicine@yahoo.com
Websites: www.homeomedicine.net  
www.homeopathyatoz.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top