Share on Facebook

Main News Page

ਮੋਗਾ ਪੁਲਿਸ ਨੇ ਸੰਤ ਭਿੰਡਰਾਂਵਾਲਿਆਂ ਦੇ ਪੋਸਟਰ ਉਤਾਰੇ

* ਹਿੰਦੂ ਜਥੇਬੰਦੀਆਂ ਨੇ ਕਿਹਾ ਕਿ ਪੋਸਟਰ ਨਾਲ ਡਰ ਦਾ ਮਾਹੌਲ ਪੈਦਾ ਹੁੰਦਾ ਹੈ

ਮੋਗਾ, 15 ਜਨਵਰੀ(ਪੀ.ਐਸ.ਐਨ)- ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਖਾਲਿਸਤਾਨ ਦੇ ਸਮਰਥਨ ਵਿਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਸਹਿਤ ਮੋਗਾ ਜ਼ਿਲੇ ਅੰਦਰ ਲਗਾਏ ਗਏ ਵੱਡੇ-ਵੱਡੇ ਪੋਸਟਰਾਂ ਕਾਰਨ ਲੋਕਾਂ ਵਿਚ ਭਾਰੀ ਉਤਸ਼ਾਹ ਬਣਿਆ ਰਿਹਾ ਹੈ। ਉਕਤ ਪੋਸਟਰ ਮੋਗਾ ਜ਼ਿਲੇ ਦੇ ਵੱਖ-ਵੱਖ ਕਸਬਿਆਂ, ਪਿੰਡਾਂ ਦੇ ਇਲਾਵਾ ਮੋਗੇ ਦੇ ਮੁੱਖ ਚੌਕਾਂ ਤੇ ਕਈ ਜਨਤਕ ਸਥਾਨਾਂ ‘ਤੇ ਲੱਗੇ ਹੋਣ ਕਾਰਨ ਲੋਕ ਇਨ੍ਹਾਂ ਪੋਸਟਰਾਂ ਨੂੰ ਪੜ੍ਹਨ ਲੱਗੇ। ਇਸ ਦੀ ਜਾਣਕਾਰੀ ਮੋਗਾ ਪੁਲਸ ਨੂੰ ਮਿਲਣ ‘ਤੇ ਸ਼ਹਿਰ ਅਤੇ ਜ਼ਿਲੇ ਅੰਦਰ ਅਮਨ ਦਾ ਮਾਹੌਲ ਬਣਾਈ ਰੱਖਣ ਲਈ ਇਨ੍ਹਾਂ ਪੋਸਟਰਾਂ ਨੂੰ ਤੁਰੰਤ ਉਤਾਰ ਦਿੱਤਾ ਗਿਆ ਅਤੇ ਕਈ ਪੋਸਟਰਾਂ ਨੂੰ ਲੋਕ ਵੀ ਲਾਹ ਕੇ ਨਾਲ ਲੈ ਗਏ। ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅੱਜ ਮੋਗਾ ਦੀਆਂ ਵੱਖ -ਵੱਖ ਹਿੰਦੂ ਜੱਥੇਬੰਦੀਆਂ ਅਖਿਲ ਭਾਰਤੀ ਹਿੰਦੂ ਸੁਰੱਖਿਆ ਸੰਮਤੀ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਧਰਮ ਜਾਗਰਣ ਵਿਭਾਗ, ਸ਼ਿਵ ਸੈਨਾ ਸਹਿਤ ਹੋਰ ਕਈ ਸੰਸਥਾਵਾਂ ਵੱਲੋਂ ਇਕ ਹੰਗਾਮੀ ਮੀਟਿੰਗ ਅਖਿਲ ਭਾਰਤੀ ਹਿੰਦੂ ਸੁਰੱਖਿਆ ਸੰਮਤੀ ਦੇ ਜ਼ਿਲਾ ਪ੍ਰਧਾਨ ਨਵੀਨ ਸੂਦ ਦੀ ਪ੍ਰਧਾਨਗੀ ਹੇਠ ਕੀਤੀ ਗਈ।

ਮੀਟਿੰਗ ਵਿਚ ਪੰਜਾਬ ਇੰਚਾਰਜ ਵਿਨੋਦ ਗੋਇਲ, ਕੁਲਵੰਤ ਸਿੰਘ ਰਾਜਪੂਤ, ਰਾਜ ਕੁਮਾਰ ਸ਼ਰਮਾ, ਪ੍ਰਵੀਨ ਰਾਜਪੂਤ, ਪਵਨ ਚੌਧਰੀ, ਗੁਰਮੇਲ ਸਿੰਘ, ਅਸ਼ਵਨੀ ਕੁਮਾਰ, ਗੁਰਦੀਪ ਸਿੰਘ, ਸੁਰਿੰਦਰ ਸਿੰਘ, ਨਰੇਸ਼ ਬਾਥ, ਸੰਜੀਵ ਕੁਮਾਰ, ਮੰਗਤ ਸ਼ਰਮਾ ਦੇ ਇਲਾਵਾ ਵੀਰਭਾਨ ਦਾਨਵ ਅਤੇ ਹੋਰ ਕਈ ਅਹੁਦੇਦਾਰ ਸ਼ਾਮਿਲ ਹੋਏ। ਮੀਟਿੰਗ ਵਿਚ ਅੱਜ ਲੱਗੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਪੋਸਟਰਾਂ ਦਾ ਇੱਕਸੁਰ ‘ਚ ਭਾਰੀ ਵਿਰੋਧ ਕਰਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਖਾਲਿਸਤਾਨ ਦੇ ਸਮਰਥਨ ‘ਚ ਮੁਹਿੰਮ ਚੱਲਦੀ ਆ ਰਹੀ ਹੈ, ਜਿਸ ਕਾਰਨ ਹਿੰਦੂ ਸਮਾਜ ਵਿਚ ਡਰ ਅਤੇ ਭੈਅ ਦਾ ਮਾਹੌਲ ਪੈਦਾ ਹੋ ਰਿਹਾ ਹੈ ਪਰ ਅਕਾਲੀ-ਭਾਜਪਾ ਸਰਕਾਰ ਅੱਖਾਂ ਮੀਚੀ ਬੈਠੀ ਹੈ। ਸਾਰੇ ਸੰਗਠਨਾਂ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਉਹ ਖਾਲਿਸਤਾਨ ਦਾ ਸਮਰਥਨ ਕਰਦੀ ਹੈ? ਜੇ ਨਹੀਂ ਤਾਂ ਉਹ ਚੁੱਪ ਬੈਠ ਕੇ ਤਮਾਸ਼ਾ ਕਿਉਂ ਵੇਖ ਰਹੀ ਹੈ? ਸਾਰੇ ਆਗੂਆਂ ਨੇ ਕਿਹਾ ਕਿ ਹਿੰਦੂ ਸਮਾਜ ਵਿਚ ਡਰ ਅਤੇ ਭੈਅ ਪੈਦਾ ਕਰਨ ਦੀਆਂ ਹਰਕਤਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੀ ਮੁਹਿੰਮ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।

ਉਨ੍ਹਾਂ ਪੰਜਾਬ ਸਰਕਾਰ ਦੇ ਇਲਾਵਾ ਜ਼ਿਲਾ ਪ੍ਰਸ਼ਾਸਨ ਮੋਗਾ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਪੰਜਾਬ ਦਾ ਅਮਨ ਭੰਗ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰੇ, ਤਾਂ ਕਿ ਹਿੰਦੂ ਸਮਾਜ ਜੋ ਅਮਨ ਪਸੰਦ ਹੈ, ਬਿਨਾਂ ਡਰ ਭੈਅ ਦੇ ਜੀ ਸਕੇ। ਉਕਤ ਆਗੂਆਂ ਵੱਲੋਂ ਪੱਤਰਕਾਰਾਂ ਨੂੰ ਉਨ੍ਹਾਂ ਪੋਸਟਰਾਂ ਦੀ ਕਾਪੀ ਵੀ ਵਿਖਾਈ ਗਈ, ਜਿਸ ਵਿਚ ਸਾਫ ਲਿਖਿਆ ਸੀ ‘ਨਾ ਅਸੀਂ ਹਿੰਦੂ, ਨਾ ਮੁਸਲਮਾਨ, ਸਾਡੀ ਮੰਜ਼ਿਲ ਖਾਲਿਸਤਾਨ' ਉਕਤ ਪੋਸਟਰ ਵਿਚ ਸ਼੍ਰੋਮਣੀ ਅਕਾਲੀ ਦਲ ਮਾਨ ਗਰੁੱਪ ਦੇ ਆਗੂਆਂ ਦੀਆਂ ਫੋਟੋਆਂ ਵੀ ਲੱਗੀਆਂ ਹੋਈਆਂ ਹਨ। ਇਸ ਸਬੰਧ ਵਿਚ ਜਦੋਂ ਐੱਸ. ਅੱੈਸ. ਪੀ. ਮੋਗਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੇ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਸਿਟੀ ਡੀ. ਅੱੈਸ. ਪੀ. ਸੱਤਪਾਲ ਸਿੰਘ ਭੰਗੂ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਜ਼ਿਲਾ ਪੁਲਸ ਮੁੱਖੀ ਤੇ ਹੋਰਨਾਂ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੋਗਾ ਜ਼ਿਲੇ ਅੰਦਰ ਕਿਸੇ ਨੂੰ ਡਰ ਦਾ ਮਾਹੌਲ ਪੈਦਾ ਕਰਨ ਤੇ ਅਮਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿਆਂਗੇ। ਅਮਨ ਭੰਗ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top