Share on Facebook

Main News Page

ਕੁੱਝ ਜਥੇਬੰਦੀਆਂ ਅਤੇ ਸੰਤ ਸਮਾਜ ਦੇ ਆਗੂ ਨਾਨਕਸ਼ਾਹੀ ਕੈਲੰਡਰ ਦੀ ਰੂਹ ਦਾ ਕਤਲ ਕਰਾਉਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ੀ ਹਨ: ਗਿਆਨੀ ਵੇਦਾਂਤੀ

* ਨਾਨਕਸ਼ਾਹੀ ਕੈਲੰਡਰ ਬਾਰੇ ਕਿਸੇ ਕਿਸਮ ਦੀ ਬਹਿਸ ਕਰਨ ਦਾ ਸੱਦਾ ਦੇਣ ਤੋਂ ਪਹਿਲਾਂ ਇਹ ਲੋਕ ਆਪੋ ਆਪਣੇ ਡੇਰਿਆਂ ਦੀ ਮਰਿਆਦਾ ਤਿਆਗ ਕੇ ਸ੍ਰੀ ਅਕਾਲ ਤਖਤ ਸਹਿਬ ਵਲੋਂ ਪ੍ਰਵਾਨਿਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਪ੍ਰਕਾਸ਼ਿਤ ਸਿਖ ਰਹਿਤ ਮਰਿਆਦਾ ਨੂੰ ਲਾਗੂ ਕਰਨ

* ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਮੰਨਣ ਦੀ ਪਾਬੰਦ ਰਹੀ ਹੈ ਲੇਕਿਨ ਕੈਲੰਡਰ ਦੇ ਬਿਕਰਮੀ ਕਰਨ ਮਾਮਲੇ ਵਿਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੀ ਰਾਜਸੀ ਮਜਬੂਰੀ ਅੱਗੇ ਗੋਡੇ ਟੇਕੇ ਹਨ।

* ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲੇ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਕੇ ਸੰਤ ਜੀ ਦੀ ਵਿਚਾਰਧਾਰਾ ਨੂੰ ਪਿਠ ਵਿਖਾਉਂਦੇ ਹਨ, ਕਿਉਂਕਿ ਸੰਤ ਜੀ ਸਿੱਖ ਕੌਮ ਦੀ ਵੱਖਰੀ ਪਹਿਚਾਣ ਦੇ ਮੁਦਈ ਸਨ

ਬਠਿੰਡਾ, 15 ਜਨਵਰੀ (ਕਿਰਪਾਲ ਸਿੰਘ): ਜੋਗਿੰਦਰ ਸਿੰਘ ਵੇਦਾਂਤੀ ਨੇ ਮੁੜ ਦੁਹਰਾਇਆ ਹੈ ਕਿ ਕੁਝ ਜਥੇਬੰਦੀਆਂ ਅਤੇ ਸੰਤ ਸਮਾਜ ਦੇ ਕੁਝ ਆਗੂ, ਸੂਰਜੀ ਪ੍ਰਣਾਲੀ ਤੇ ਅਦਾਰਿਤ, ਸਿੱਖ ਕੌਮ ਦੀ ਅੱਡਰੀ ਨਿਆਰੀ ਤੇ ਵਿਲੱਖਣ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦੀ ਰੂਹ ਦਾ ਕਤਲ ਕਰਾਉਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਵਾਲੇ ਉਲੰਘਣਾ ਕਰਨ ਦੇ ਦੋਸ਼ੀ ਹਨ, ਜਿਨ੍ਹਾਂ ਨੇ ਆਪਣੇ ਸੌੜੇ ਨਿਜੀ ਹਿੱਤਾਂ ਲਈ ਸਾਲ 2003 ਤੋਂ 2010 ਤੀਕ, ਇਸ ਕੈਲੰਡਰ ਦਾ ਵਿਰੋਧ ਕੀਤਾ।

ਉਨ੍ਹਾਂ ਮੰਗ ਕੀਤੀ ਕਿ ਨਾਨਕਸ਼ਾਹੀ ਕੈਲੰਡਰ ਬਾਰੇ ਕਿਸੇ ਕਿਸਮ ਦੀ ਬਹਿਸ ਕਰਨ ਦਾ ਸੱਦਾ ਦੇਣ ਤੋਂ ਪਹਿਲਾˆ ਇਹ ਲੋਕ ਆਪੋ ਆਪਣੇ ਡੇਰਿਆਂ ਦੀ ਮਰਿਆਦਾ ਤਿਆਗ ਕੇ ਸ੍ਰੀ ਅਕਾਲ ਤਖਤ ਸਹਿਬ ਵਲੋਂ ਪ੍ਰਵਾਨਿਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਪ੍ਰਕਾਸ਼ਿਤ ਸਿਖ ਰਹਿਤ ਮਰਿਆਦਾ ਨੂੰ ਲਾਗੂ ਕਰਨ। ਜਥੇਦਾਰ ਵੇਦਾਂਤੀ ਨੇ ਦੱਸਿਆ ਕਿ ਸ੍ਰ: ਪਾਲ ਸਿੰਘ ਪੁਰੇਵਾਲ ਵਲੋਂ ਤਿਆਰ ਕੈਲੰਡਰ ਨੂੰ ਵੱਖ ਵੱਖ ਸਿੱਖ ਜਥੇਬੰਦੀਆਂ, ਸਿੰਘ ਸਭਾਵਾਂ, ਸਿਖ ਚਿੰਤਕਾਂ, ਬੁਧੀਜੀਵੀਆਂ ਵਲੋਂ ਪ੍ਰਵਾਨ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਵਲੋਂ ਪ੍ਰਵਾਨਗੀ ਦੇਣ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮੋਹਰ ਹੇਠ ਸੰਗਤ ਨੂੰ ਅਰਪਣ ਕੀਤਾ ਗਿਆ ਸੀ ਲੇਕਿਨ ਕਥਿਤ ਤੌਰ ’ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦਾ ਦਾਅਵਾ ਕਰਨ ਵਾਲੇ ਕੁਝ ਡੇਰੇਦਾਰਾਂ ਅਤੇ ਕੁਝ ਜਥੇਬੰਦੀਆਂ ਨੇ ਇਤਰਾਜ ਮੰਗਣ ਦੇ ਬਾਵਜੂਦ ਨਾ ਤਾਂ ਕੈਲੰਡਰ ਨੂੰ ਆਪਣੇ ਡੇਰਿਆਂ ਵਿਚ ਲਾਗੂ ਕੀਤਾ ਤੇ ਨਾ ਹੀ ਕੈਲੰਡਰ ਵਿਚ ਕਿਸੇ ਤਰੁਟੀ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖਤੀ ਤੌਰ ਤੇ ਸ਼ਿਕਾਇਤ ਕੀਤੀ।

ਜਥੇਦਾਰ ਵੇਦਾਂਤੀ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪੰਥ ਦੋਖੀ ਕਰਾਰ ਦਿੱਤੀ ਸੰਸਥਾ, ਆਰ.ਐਸ.ਐਸ. ਤੇ ਇਸ ਦੀਆਂ ਸਹਿਯੋਗੀ ਜਥੇਬੰਦੀਆਂ ਤਾਂ ਸ਼ੁਰੂ ਤੋਂ ਹੀ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਕਰ ਰਹੀਆਂ ਹਨ, ਕਿਉਂਕਿ ਉਹ ਇਸ ਗਲ ਤੇ ਬਜ਼ਿਦ ਹਨ ਕਿ ਸਿੱਖ ਇਕ ਵੱਖਰੀ ਕੌਮ ਨਾ ਹੋਕੇ ਹਿੰਦੂ ਧਰਮ ਦਾ ਹੀ ਅੰਗ ਹਨ। ਉਨ੍ਹਾਂ ਦੱਸਿਆ ਕਿ ਜਦੋ ਇਨ੍ਹਾ ਸੰਸਥਾਵਾਂ ਦੀ ਇਹ ਮਨਸ਼ਾ ਪੂਰੀ ਨਾ ਹੋਈ ਤਾਂ ਇਨ੍ਹਾਂ ਡੇਰੇਦਾਰਾਂ ਨੇ ਰਾਤੋ ਰਾਤ ਆਪਣਾ ਰਾਜਸੀ ਪ੍ਰਭਾਵ ਵਰਤ ਕੇ ਇਸ ਕੈਲੰਡਰ ਦੀ ਰੂਹ ਕਤਲ ਕਰਵਾ ਦਿੱਤੀ।

ਉਨ੍ਹਾਂ ਦੱਸਿਆ ਕਿ ਹਮੇਸ਼ਾ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਮੰਨਣ ਦੀ ਪਾਬੰਦ ਰਹੀ ਹੈ ਲੇਕਿਨ ਕੈਲੰਡਰ ਦੇ ਬਿਕਰਮੀ ਕਰਨ ਮਾਮਲੇ ਵਿਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੀ ਰਾਜਸੀ ਮਜਬੂਰੀ ਅੱਗੇ ਗੋਡੇ ਟੇਕੇ ਹਨ। ਉਨ੍ਹਾਂ ਕਿਹਾ ਕਿ ਇਹ ਡੇਰੇਦਾਰ ਖੁਦ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੈਰੋਕਾਰ ਹੋਣ ਦਾ ਦਾਅਵਾ ਕਰਦੇ ਹਨ ਲੇਕਿਨ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਸੰਤ ਜੀ ਦੀ ਵਿਚਾਰਧਾਰਾ ਨੂੰ ਪਿਠ ਵਿਖਾਉˆਦੇ ਹਨ, ਕਿਉਂਕਿ ਸੰਤ ਜੀ ਸਿਖ ਕੌਮ ਦੀ ਵੱਖਰੀ ਪਹਿਚਾਣ ਦੇ ਮੁਦਈ ਸਨ। ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ ਬਿਕਰਮੀ/ ਚੰਦਰ ਪ੍ਰਣਾਲੀ ਤੇ ਅਧਾਰਿਤ ਕੇੈਲੰਡਰ ਲਾਗੂ ਕਰਨਾ ਹੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਕੋਈ ਮਜਬੂਰੀ ਹੈ ਤਾਂ ਗੱਲੀਂ ਬਾਤੀਂ ਨਹੀਂ, ਸਗੋਂ ਅਮਲੀ ਰੂਪ ਵਿਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਤੇ ਸਿਖ ਰਹਿਤ ਮਰਿਆਦਾ ਨੂੰ ਪ੍ਰਵਾਨ ਕਰਨ ਵਾਲੀਆਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ, ਬੁਧੀਜੀਵੀਆਂ, ਇਤਿਹਾਸਕਾਰਾ, ਖੁਗੋਲ,ਭੂਗੋਲ ਅਤੇ ਕੈਲੰਡਰ ਮਾਹਿਰਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਤਰਤਾ ਬੁਲਾਕੇ ਨਿਰਣਾ ਲੈ ਲਿਆ ਜਾਵੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top