Share on Facebook

Main News Page

ਆਰ.ਐੱਸ.ਐੱਸ ਦੱਸੇ ਕਿ ਅਸੀਮਾ ਨੰਦ ਦਾ ਉਸ ਨਾਲ ਕੀ ਸਬੰਧ ਹੈ?: ਭਾਈ ਸਿਰਸਾ

* ਪੂਰਾ ਯਕੀਨ ਹੈ ਕਿ ਜੇ ਮੁੰਬਈ ਅਤਿਵਾਦੀ ਹਮਲੇ ਅਤੇ ਸ਼੍ਰੀ ਹੇਮੰਤ ਕਰਕਰੇ ਦੀ ਮੌਤ ਦੀ ਅੰਤਰਾਸ਼ਟਰੀ ਏਜੰਸੀਆਂ ਤੋਂ ਪੜਤਾਲ ਕਾਰਵਾਈ ਜਾਵੇ ਤਾਂ ਇਸ ਵਿੱਚ ਹਿੰਦੂ ਕੱਟੜਵਾਦੀ ਜਥੇਬੰਦੀਆਂ ਦੀ ਸ਼ਮੂਲੀਅਤ ਪ੍ਰਤੱਖ ਤੌਰ ’ਤੇ ਸਾਹਮਣੇ ਆ ਜਾਵੇਗੀ

ਬਠਿੰਡਾ, 14 ਜਨਵਰੀ (ਕਿਰਪਾਲ ਸਿੰਘ): ਆਰ.ਐੱਸ.ਐੱਸ ਦੱਸੇ ਕਿ ਅਸੀਮਾ ਨੰਦ ਦਾ ਉਸ ਨਾਲ ਕੀ ਸਬੰਧ ਹੈ? ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਅਸੀਮਾ ਨੰਦ ਵਲੋਂ ਭਾਰਤ ਅਤੇ ਪਾਕਸਤਾਨ ਦੇ ਰਾਸ਼ਟਰਪਤੀਆਂ ਨੂੰ ਲਿਖੇ ਪੱਤਰ, ਜਿਸ ਵਿੱਚ ਉਸ ਨੇ ਆਪਣਾ ਦੋਸ਼ ਕਬੂਲ ਕੀਤਾ ਹੈ ਕਿ ਉਹ ਮਾਲੇਗਾਂਵ ਅਤੇ ਸਮਝੌਤਾ ਐਕਸਪ੍ਰੈਸ ਧਮਾਕੇ ਮਾਮਲੇ 'ਚ ਦੋਸ਼ੀ ਹੈ, ’ਤੇ ਪ੍ਰਤੀਕਰਮ ਕਰਦੇ ਹੋਏ ਕਹੇ।

ਭਾਈ ਸਿਰਸਾ ਨੇ ਕਿਹਾ ਭਾਰਤ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਮਨਸੂਬੇ ਨਾਲ ਆਰ.ਐੱਸ.ਐੱਸ ਦੇਸ਼ ਵਿੱਚ ਬੰਬ ਧਮਾਕੇ ਕਰ ਕੇ ਅਤਿਵਾਦ ਫੈਲਾ ਰਹੀ ਹੈ ਅਤੇ ਉਲਟਾ ਇਨ੍ਹਾਂ ਬੰਬ ਧਮਾਕਿਆਂ ਅਤੇ ਅਤਿਵਾਦ ਲਈ ਘੱਟ ਗਿਣਤੀਆਂ ਨੂੰ ਦੋਸ਼ੀ ਗਰਦਾਨ ਕੇ ਉਨ੍ਹਾਂ ’ਤੇ ਸਰਕਾਰੀ ਅਤੇ ਗੈਰਸਰਕਾਰੀ ਤਸ਼ੱਦਦ ਢਾਹਿਆ ਜਾ ਰਿਹਾ ਹੈ ਤਾ ਕਿ ਜਾਂ ਤਾਂ ਉਹ ਭੈਭੀਤ ਹੋ ਕੇ ਹਿੰਦੂ ਧਰਮ ਅਪਣਾ ਲੈਣ ਜਾਂ ਫਿਰ ਦੇਸ਼ ਛੱਡ ਕੇ ਚਲੇ ਜਾਣ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਇਸ ਅਸਲੀਅਤ ਤੋਂ ਜਾਣੂ ਕਰਵਾ ਕੇ ਹਿੰਦੂ ਅਤਿਵਾਦ ਦੀ ਗੱਲ ਕਰਦਾ ਹੈ ਤਾਂ ਆਰਐੱਸਐੱਸ ਤੇ ਭਾਜਪਾ ਸਮੇਤ ਹੋਰ ਹਿੰਦੂ ਕੱਟੜਵਾਦੀ ਜਥੇਬੰਦੀਆਂ ਅਸਮਾਨ ਸਿਰ ’ਤੇ ਚੁੱਕ ਲੈਂਦੀਆਂ ਹਨ, ਕਿ ਹਿੰਦੂਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਮਹਾਂਰਾਸ਼ਟਰ ਅਤਿਵਾਦ ਵਿਰੋਧੀ ਦਸਤੇ ਦੇ ਈਮਾਨਦਾਰ ਮੁਖੀ ਸਵ: ਸ੍ਰੀ ਹੇਮੰਤ ਕਰਕਰੇ ਨੇ ਪਹਿਲੀ ਵਾਰ ਹਿੰਦੂਵਾਦ ਦਾ ਪ੍ਰਦਾ ਫ਼ਾਸ਼ ਕੀਤਾ ਤਾਂ ਮੁੰਬਈ ਅਤਿਵਾਦੀ ਹਮਲੇ ਦੀ ਆੜ ਹੇਠ ਉਸ ਨੂੰ ਹੀ ਖਤਮ ਕਰ ਦਿੱਤਾ। ਤਤਕਾਲੀ ਕੇਂਦਰੀ ਮੰਤਰੀ ਏ.ਆਰ. ਅੰਤਲੇ ਨੇ ਸ਼੍ਰੀ ਹੇਮੰਤ ਕਰਕਰੇ ਦੀ ਮੌਤ ਦੀ ਪੜਤਾਲ ਦੀ ਮੰਗ ਕੀਤੀ ਤਾਂ ਭਾਜਪਾ ਤੇ ਸ਼ਿਵਸੈਨਕਾਂ ਨੇ ਅਸਮਾਨ ਸਿਰ ਤੇ ਚੁੱਕ ਲਿਆ ਤੇ ਸ੍ਰੀ ਅੰਤਲੇ ਨੂੰ ਦੇਸ਼ ਵਿਰੋਧੀ ਦਸਦਿਆਂ ਉਸ ਦੇ ਅਸਤੀਫੇ ਦੀ ਮੰਗ ਕਰ ਦਿੱਤੀ। ਕਾਂਗਰਸ ਨੇ ਵੀ ਚੋਣਾਂ ਨੇੜੇ ਹੋਣ ਕਰਕੇ ਬਹੁਗਿਣਤੀ ਅੱਗੇ ਝੁਕਦਿਆਂ ਉਸ ਤੋਂ ਅਸਤੀਫ਼ਾ ਲੈ ਲਿਆ। ਪਿੱਛੇ ਜਿਹੇ ਕਾਂਗਰਸ ਦੇ ਜਨਰਲ ਸਕੱਤਰ ਸ਼੍ਰੀ ਰਾਹੁਲ ਗਾਂਧੀ ਨੇ ਹਿੰਦੂ ਅਤਿਵਾਦ ਨੂੰ ਭਾਰਤ ਲਈ ਸਭ ਤੋਂ ਵੱਡਾ ਖਤਰਾ ਦੱਸਿਆ ਤਾਂ ਭਾਜਪਾ ਤੇ ਸ਼ਿਵਸੈਨਕਾਂ ਨੇ ਕਈ ਦਿਨ ਸੰਸਦ ਦੀ ਕਾਰਵਾਈ ਰੋਕੀ ਰੱਖੀ ਅਤੇ ਦੋਸ਼ ਲਾਇਆ ਕਿ ਘੱਟ ਗਿਣਤੀਆਂ ਨੂੰ ਖੁਸ਼ ਕਰਨ ਲਈ ਹਿੰਦੂਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ।

ਭਾਈ ਸਿਰਸਾ ਨੇ ਕਿਹਾ ਕਿ ਹੁਣ ਆਰਐੱਸਐੱਸ ਦੇ ਇੱਕ ਅਹਿਮ ਅਹੁਦੇਦਾਰ ਅਸੀਮਾਂ ਨੰਦ ਨੇ ਸੀਬੀਆਈ ਕੋਲ ਇੰਕਸ਼ਾਫ ਕੀਤਾ ਸੀ ਕਿ ਅਜਮੇਰ ਸ਼ਰੀਫ ਅਤੇ ਸਮਝੌਤਾ ਐਕਸਪ੍ਰੈੱਸ ਬੰਬ ਧਮਾਕਿਆਂ ਵਿੱਚ ਉਨ੍ਹਾਂ ਸਮੇਤ ਆਰ ਐਸ ਐਸ ਦੇ ਕਈ ਮੈˆਬਰਾˆ ਅਤੇ ਉਸਦੀ ਕੇˆਦਰੀ ਸੰਮਤੀ ਦੇ ਪ੍ਰਧਾਨ ਇੰਦਰੇਸ਼ ਕੁਮਾਰ ਦੀ ਮਾਲੇਗਾˆਵ, ਹੈਦਰਾਬਾਦ ਅਤੇ ਸਮਝੌਤਾ ਐਕਸਪ੍ਰੈਸ ਧਮਾਕਿਆˆ 'ਚ ਸ਼ਮੂਲੀਅਤ ਹੈ। ਬੰਬ ਧਮਾਕਿਆਂ ’ਚ ਕਰਨਲ ਪੁਰੋਹਿਤ ਅਤੇ ਸਾਧਵੀ ਪ੍ਰਤਿਗਿਆ ਠਾਕੁਰ ਦੀ ਸ਼ਮੂਲੀਅਤ ਦਾ ਵੀ ਉਨ੍ਹਾਂ ਇਕਬਾਲ ਕੀਤਾ ਸੀ ਤਾਂ ਭਾਜਪਾ ਸਮੇਤ ਸਾਰੀਆਂ ਹਿੰਦੂ ਜਥਬੇਬੰਦੀਆਂ ਨੇ ਦੋਸ਼ ਲਾਏ ਸਨ ਕਿ ਸੀਬੀਆਈ ਹਿੰਦੂਆਂ ਨੂੰ ਬਦਨਾਮ ਕਰਨ ਲਈ ਅਜਿਹੇ ਬਿਆਨ ਜਾਰੀ ਕਰ ਰਹੀ ਹੈ। ਭਾਈ ਸਿਰਸਾ ਨੇ ਕਿਹਾ ਕਿ ਹੁਣ ਤਾਂ ਮੀਡੀਆ ਰੀਪੋਰਟਾਂ ਅਨੁਸਾਰ ਅਸੀਮਾ ਨੰਦ ਨੇ ਰਾਸ਼ਟਰਪਤੀ ਨੂੰ ਪੱਤਰ ਲਿਖ ਕਿ ਖ਼ੁਦ ਆਪਣਾ ਦੋਸ਼ ਇਕਬਾਲ ਕਰ ਲਿਆ ਹੈ ਇਸ ਲਈ ਆਰਐੱਸਐੱਸ ਦੱਸੇ ਕਿ ਅਸੀਮਾ ਨੰਦ ਦਾ ਇਸ ਨਾਲ ਕੀ ਸਬੰਧ ਹੈ। ਉਨ੍ਹਾਂ ਕਿਹਾ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਜੇ ਮੁੰਬਈ ਅਤਿਵਾਦੀ ਹਮਲੇ ਅਤੇ ਸ਼੍ਰੀ ਹੇਮੰਤ ਕਰਕਰੇ ਦੀ ਮੌਤ ਦੀ ਅੰਤਰਾਸ਼ਟਰੀ ਏਜੰਸੀਆਂ ਤੋਂ ਪੜਤਾਲ ਕਾਰਵਾਈ ਜਾਵੇ ਤਾਂ ਇਸ ਵਿੱਚ ਹਿੰਦੂ ਕੱਟੜਵਾਦੀ ਜਥੇਬੰਦੀਆਂ ਦੀ ਸ਼ਮੂਲੀਅਤ ਪ੍ਰਤੱਖ ਤੌਰ ’ਤੇ ਸਾਹਮਣੇ ਆ ਜਾਵੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top