Share on Facebook

Main News Page

ਜੇ ਔਰੰਗਜ਼ੇਬ ਦੇ ਸਮੇਂ ਅੱਜ ਵਾਲੇ ਕੇਸਾਧਾਰੀ ਬ੍ਰਾਹਮਣ ਹੁੰਦੇ, ਤਾਂ ਉਨ੍ਹਾਂ ਨੇ ਮੁੱਲਾਂ ਬਣ ਕੇ ਉਸ ਦੀਆਂ ਸਿਫਤਾਂ ਦੇ ਪੁਲ਼ ਬੰਨ੍ਹ ਦੇਣੇ ਸਨ: ਹਰਵਿੰਦਰ ਸਿੰਘ ਸਰਨਾ

* ਬਾਲ ਗੋਬਿੰਦ ਰਾਏ ’ਚੋਂ ਸ਼੍ਰੀ ਰਾਮ ਚੰਦਰ ਦੇ ਦਰਸ਼ਨ ਕਰਵਾਉਣ ਵਾਲਿਓ! ਤੁਹਾਨੂੰ ਉਨ੍ਹਾਂ ’ਚੋਂ ਗੁਰੂ ਨਾਨਕ ਦੇ ਦਰਸ਼ਨ ਕਿਉਂ ਨਹੀਂ ਹੁੰਦੇ?

ਬਠਿੰਡਾ, 14 ਜਨਵਰੀ (ਕਿਰਪਾਲ ਸਿੰਘ): ਜੇ ਔਰੰਗਜ਼ੇਬ ਦੇ ਸਮੇਂ ਅੱਜ ਵਾਲੇ ਕੇਸਾਧਾਰੀ ਬ੍ਰਹਮਣ ਹੁੰਦੇ ਤਾਂ ਉਨ੍ਹਾਂ ਨੇ ਮੁੱਲਾਂ ਬਣ ਕੇ ਉਸ ਦੀਆਂ ਸਿਫਤਾਂ ਦੇ ਪੁਲ਼ ਬੰਨ੍ਹ ਦੇਣੇ ਸਨ। ਇਹ ਸ਼ਬਦ ਸ਼ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਸ: ਹਰਵਿੰਦਰ ਸਿੰਘ ਸਰਨਾ ਨੇ ਇਸ ਪੱਤਰਕਾਰ ਨਾਲ ਫ਼ੋਨ ’ਤੇ ਗੱਲ ਕਰਦਿਆਂ ਕਹੇ।

ਵਿਸਥਾਰ ਵਿੱਚ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ 11 ਜਨਵਰੀ ਨੂੰ ਤਖ਼ਤ ਸ਼੍ਰੀ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਮਨਾਏ ਜਾ ਰਹੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਕੀਤੇ ਜਾ ਰਹੇ ਸਮਾਗਮ ਦਾ ਪੀ.ਟੀ.ਸੀ ਨਿਊਜ਼ ਚੈਨਲ ਤੋਂ ਸਿੱਧਾ ਪ੍ਰਸਾਰਣ ਵੇਖ ਰਹੇ ਸਨ। ਉਸ ਵੇਲੇ ਸ਼੍ਰੀ ਐੱਸ.ਐੱਸ ਆਹਲੂਵਾਲੀਆ ਬਾਲ ਗੋਬਿੰਦ ਰਾਏ ਵਲੋਂ ਪਟਨਾ ਵਿਖੇ ਕੀਤੇ ਗਏ ਚੋਜਾਂ ਦੀ ਜਾਣਕਾਰੀ ਦਿੰਦਿਆਂ ਹਿੰਦੀ ਵਿੱਚ ਭਾਸ਼ਣ ਦੇ ਰਹੇ ਸਨ। ਸ: ਸਰਨਾ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਸੁਣ ਕੇ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਆਹਲੂਵਾਲੀਆ ਜੀ ਕਹਿ ਰਹੇ ਸਨ, ’ਪੰਡਿਤ ਜੀ ਨੇ ਬਾਲ ਗੋਬਿੰਦ ਰਾਏ ਜੀ ਅੱਗੇ ਹੱਥ ਜੋੜਦਿਆਂ ਬੇਨਤੀ ਕੀਤੀ ਕਿ ਮਹਾਰਾਜ ਇਹ ਦੱਸੋ ਕਿ ਤੁਹਾਡੇ ਵਿਚ ਇਹ ਸ਼ਕਤੀ ਕਿੱਥੋਂ ਆਈ ਹੈ। ਬਾਲ ਗੋਬਿੰਦ ਰਾਏ ਜੀ ਨੇ ਕਿਹਾ ਕਿ ਜੇ ਤੁਸੀਂ ਇਹ ਵੇਖਣਾ ਚਾਹੁੰਦੇ ਹੋ ਕਿ ਸ਼ਕਤੀ ਕਿੱਥੋਂ ਆਈ ਤਾਂ ਅੱਖਾਂ ਮੀਟੋ। ਜਦੋਂ ਪੰਡਿਤ ਜੀ ਨੇ ਅੱਖਾਂ ਮੀਚੀਆਂ ਤਾਂ ਉਨ੍ਹਾਂ ਨੂੰ ਬਾਲ ਗੋਬਿੰਦ ਰਾਏ ਜੀ ਦੀ ਥਾਂ ਸਾਖਸ਼ਾਤ ਰੂਪ ਵਿੱਚ ਸ਼੍ਰੀ ਰਾਮ ਚੰਦਰ ਜੀ ਖੜ੍ਹੇ ਹੋਏ ਦਿੱਸੇ।

ਸ: ਸਰਨਾ ਨੇ ਕਿਹਾ ਕਿ ਇਹ ਮਨਘੜਤ ਸਾਖੀ ਸੁਣਾ ਕੇ ਕੇਸਾਧਾਰੀ ਬ੍ਰਾਹਮਣ ਆਹਲੂਵਾਲੀਆ ਜੀ ਇਹ ਦੱਸਣਾ ਚਾਹ ਰਹੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀ ਸ਼ਕਤੀ ਸ਼੍ਰੀ ਰਾਮ ਚੰਦਰ ਜੀ ਤੋਂ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਇਸ ਨੇ ਸਿੱਧ ਕਰ ਦਿੱਤਾ ਹੈ ਕਿ ਆਹਲੂਵਾਲੀਆ ਉਨ੍ਹਾਂ ਹੀ ਸ਼ਕਤੀਆਂ ਦਾ ਹਿੱਸਾ ਹੈ ਜਿਹੜੀਆਂ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅੰਗ ਅਤੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਦੱਸਣ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਇਹ ਕਿਸ ਤਰ੍ਹਾਂ ਸੰਭਵ ਹੈ ਕਿ ਗੁਰੂ ਨਾਨਕ ਦੀ 10ਵੀਂ ਜੋਤਿ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਕਤੀ ਗੁਰੂ ਦੇ ਸ਼ਬਦ ਜਾਂ ਅਕਾਲਪੁਰਖ਼ ਤੋਂ ਨਹੀਂ ਬਲਕਿ ਉਸ ਸ਼੍ਰੀ ਰਾਮ ਚੰਦਰ ਜੀ ਤੋਂ ਮਿਲੀ ਹੋਵੇ, ਜਿਸ ਸਬੰਧੀ ਉਨ੍ਹਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਹੋਣ ’ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥ ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥50॥’ (ਪੰਨਾ 1429)।

ਸ: ਹਰਿਵਿੰਦਰ ਸਿੰਘ ਸਰਨਾ ਨੇ ਕਿਹਾ ਆਪਣੇ ਸੁਆਰਥੀ ਹਿੱਤਾਂ ਦੀ ਪੂਰਤੀ ਅਤੇ ਤੁਛ ਅਹੁਦਿਆਂ ਦੀ ਖ਼ਾਤਰ ਸ਼੍ਰੀ ਆਹਲੂਵਾਲੀਆ ਜੀ ਉਨ੍ਹਾਂ ਕੇਸਾਧਾਰੀ ਬ੍ਰਾਹਮਣਾਂ ਦਾ ਰੂਪ ਧਾਰ ਚੁੱਕੇ ਹਨ ਜੋ ਚੰਦ ਵੋਟਾਂ ਦੀ ਖ਼ਾਤਰ ਹਿੰਦੂਤਵਾ ਬਹੁਗਿਣਤੀ ਨੂੰ ਖੁਸ਼ ਕਰਨ ਲਈ ਗੁਰੂ ਗੰ੍ਰਥ ਸਾਹਿਬ ਵਿੱਚ ਆਏ ਅਕਾਲਪੁਰਖ਼ ਵਾਚੀ ਸ਼ਬਦ ’ਰਾਮੁ’ ਜੋ ਘਟਿ ਘਟਿ ਵਿੱਚ ਰਮਿਆ ਹੋਇਆ ਹੈ, ਨੂੰ ਦਸਰਥ ਦੇ ਪੁੱਤਰ ਸ਼੍ਰੀ ਰਾਮ ਚੰਦਰ ਜੀ ਦੱਸ ਕੇ ਸੰਗਤਾਂ ਵਿੱਚ ਭੁਲੇਖਾ ਖੜ੍ਹ ਕਰ ਰਹੇ ਹਨ। ਉਨ੍ਹਾਂ ਕਿਹਾ ਇਹ ਕੇਸਾਧਾਰੀ ਬ੍ਰਹਮਣ, ਇਹ ਨਹੀਂ ਜਾਣਦੇ ਜਾਂ ਜਾਣਬੁੱਝ ਕੇ ਅੱਖਾਂ ਮੀਚੀਆਂ ਹੋਈਆਂ ਹਨ ਕਿ ਗੁਰਬਾਣੀ ਵਿੱਚ ਜਿਥੇ ਦਸਰਥ ਦੇ ਪੁੱਤਰ ਸ਼੍ਰੀ ਰਾਮ ਚੰਦਰ ਜੀ ਦਾ ਜ਼ਿਕਰ ਆਉਂਦਾ ਹੈ ਉੱਥੇ ਤਾਂ ਇਸ ਨੂੰ ਰੋਂਦਾ ਹੋਇਆ ਵਿਖਾਇਆ ਗਿਆ ਹੈ: ’ਰੋਵੈ ਰਾਮੁ ਨਿਕਾਲਾ ਭਇਆ ॥ ਸੀਤਾ ਲਖਮਣੁ ਵਿਛੁੜਿ ਗਇਆ ॥’ (ਪੰਨਾ 953)। ਉਨ੍ਹਾਂ ਕਿਹਾ ਜਿਸ ਤਰ੍ਹਾਂ ਇਹ ਬਹੁਗਿਣਤੀ ਦੀ ਖੁਸ਼ਮਦ ਵਿੱਚ ਲੱਗੇ ਹੋਏ ਹਨ ਉਸ ਤੋਂ ਇੰਝ ਹੀ ਲਗਦਾ ਹੈ ਕਿ ਜੇ ਔਰੰਗਜ਼ੇਬ ਦੇ ਸਮੇਂ ਅੱਜ ਵਾਲੇ ਇਹ ਕੇਸਾਧਾਰੀ ਬ੍ਰਹਮਣ ਹੁੰਦੇ ਤਾਂ ਉਨ੍ਹਾਂ ਨੇ ਮੁੱਲਾਂ ਬਣ ਕੇ ਉਸ ਦੀਆਂ ਸਿਫਤਾਂ ਦੇ ਪੁਲ਼ ਬੰਨ੍ਹ ਦੇਣੇ ਸਨ। ਅਜੇਹੇ ਲੋਕਾਂ ਨੂੰ ਉਨ੍ਹਾਂ ਕਿਹਾ ਕਿ ਬਾਲ ਗੋਬਿੰਦ ਰਾਏ ’ਚੋਂ ਸ਼੍ਰੀ ਰਾਮ ਚੰਦਰ ਦੇ ਦਰਸ਼ਨ ਕਰਵਾਉਣ ਵਾਲਿਓ! ਤੁਹਾਨੂੰ ਉਨ੍ਹਾਂ ’ਚੋਂ ਗੁਰੂ ਨਾਨਕ ਦੇ ਦਰਸ਼ਨ ਕਿਉਂ ਨਹੀਂ ਹੁੰਦੇ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top