Share on Facebook

Main News Page

ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਤੰਬਾਕੂ ਰਹਿਤ ਸ਼ਹਿਰ ਬਣਾਉਣ ਦੀ ਮੰਗ

ਅੰਮ੍ਰਿਤਸਰ 14 ਜਨਵਰੀ(ਪੀ.ਐਸ.ਐਨ): ਨੌਜਵਾਨਾਂ ਦੀ ਜਥੇਬੰਦੀ ‘ਸਿੱਖ ਯੂਥ ਆਫ ਪੰਜਾਬ' ਨੇ ਅੰਮ੍ਰਿਤਸਰ ਲਈ ਪਵਿੱਤਰ ਸ਼ਹਿਰ ਦੇ ਦਰਜ਼ੇ ਦੀ ਮੰਗ ਕੀਤੀ ਹੈ। ਜਥੇਬੰਦੀ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਇਸ ਸ਼ਹਿਰ ਨੂੰ ਤੰਬਾਕੂ ਰਹਿਤ ਬਣਾਉਣ ਦੀ ਵੀ ਅਪੀਲ ਕੀਤੀ ਹੈ। ਜਥੇਬੰਦੀ ਨੇ ਇਸ ਸਬੰਧੀ ਇਕ ਯਾਦ-ਪੱਤਰ ਪ੍ਰਧਾਨ ਮੰਤਰੀ ਦਫਤਰ ਨੂੰ ਜਲਦੀ ਹੀ ਭੇਜਣ ਦਾ ਐਲਾਨ ਕੀਤਾ। ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨੀਂਹ-ਪੱਥਰ ਰੱਖਣ ਦੇ ਪਵਿਤਰ ਦਿਹਾੜੇ ਮੌਕੇ ‘ਸਿੱਖ ਯੂਥ ਆਫ ਪੰਜਾਬ' ਦੇ ਨਵੇਂ ਚੁਣੇ ਅਹੁਦੇਦਾਰਾਂ ਨੇ ਅੱਜ ਅਕਾਲ ਤਖਤ ਸਾਹਿਬ ਦੇ ਸਨਮੁਖ ਅਰਦਾਸ ਕਰਕੇ ਪੰਥ ਅਤੇ ਪੰਜਾਬ ਦੇ ਭਲੇ ਲਈ ਆਪਣੀਆਂ ਸਰਗਰਮੀਆਂ ਜਾਰੀ ਰੱਖਣ ਲਈ ਵਾਹਿਗੁਰੂ ਪਾਸੋਂ ਅਸ਼ੀਰਵਾਦ ਦੀ ਕਾਮਨਾ ਕੀਤੀ। ਯਾਦ ਰਹੇ ਕਿ ਸਿੱਖ ਯੂਥ ਆਫ ਪੰਜਾਬ ਦਾ ਗਠਨ ਦਸੰਬਰ 2008 ਵਿਚ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਨੌਜਵਾਨ ਸ਼ਕਤੀ ਨੂੰ ਮਜ਼ਬੂਤ ਅਤੇ ਇੱਕ ਮੰਚ ਉਤੇ ਜਥੇਬੰਦ ਕਰਨ ਦੇ ਮਕਸਦ ਨਾਲ ਕੀਤਾ ਗਿਆ ਸੀ।

ਜਥੇਬੰਦੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਾਨ ਤੇ ਤਰਜਮਾਨ ਪ੍ਰਭਜੋਤ ਸਿੰਘ ਨਵਾਂਸ਼ਹਿਰ ਨੇ ਸ਼ਹਿਰ ਦੀ ਮਹਾਨਤਾ ਬਾਰੇ ਦਸਦਿਆਂ ਕਿਹਾ ਗਿਆ ਹੈ ਕਿ ਠਗੁਰੂ ਕੀ ਨਗਰੀ ਅੰਮ੍ਰਿਤਸਰ ਸ਼ਹਿਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਸਿੱਖਾਂ ਦੇ ਧਾਰਮਿਕ-ਸਿਆਸੀ ਕੇਂਦਰ ਵਜੋਂ ਸਥਾਪਿਤ ਕੀਤਾ ਹੈ ਤੇ ਇਹ ਸਿੱਖਾਂ ਦੀ ਸੱਭਿਆਚਾਰਕ ਰਾਜਧਾਨੀ ਅਤੇ ਵਪਾਰ ਦਾ ਕੇਂਦਰ ਹੈ। ਉਹਨਾਂ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਹੋਰ ਬਹੁਤ ਸਾਰੇ ਸ਼ਹਿਰਾਂ ਨੂੰ ਸਮੇਂ- ਸਮੇ ਦੀਆਂ ਕੇਂਦਰ ਸਰਕਾਰਾਂ ਨੇ ਪਵਿੱਤਰ ਸ਼ਹਿਰ ਦਾ ਦਰਜ਼ਾ ਦਿਤਾ ਹੈ ਪਰ ਲੰਮੇ ਸਮੇ ਤੋਂ ਅੰਮ੍ਰਿਤਸਰ ਨੂੰ ਇਹ ਬਣਦਾ ਰੁਤਬਾ ਦੇਣ ਤੋਂ ਨਾਂਹ ਕੀਤੀ ਹੋਈ ਹੈ। ਉਹਨਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਦਰਜ਼ਾ ਦਿਤਾ ਜਾਵੇ ਤਾਂ ਜੋ ਸਿੱਖ ਕੌਮ ਇਸ ਸ਼ਹਿਰ ਵਿਚ ਸਥਿਤ ਆਪਣੇ ਧਾਰਮਿਕ, ਇਤਿਹਾਸਕ ਤੇ ਸੱਭਿਆਚਾਰਕ ਮਹਤੱਤਾ ਵਾਲੇ ਵਿਰਾਸਤੀ ਸਥਾਨਾਂ ਨੂੰ ਸੰਭਾਲਣ ਤੇ ਬਚਾਉਣ ਦੇ ਸਮਰਥ ਹੋ ਸਕੇ। ਨੌਜਵਾਨਾਂ ਦੀ ਇਸ ਜਥੇਬੰਦੀ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਇਹ ਦਰਜ਼ਾ ਮਿਲਣਾ ਜ਼ਰੂਰੀ ਹੈ ਤਾਂ ਜੋ ‘ਪਵਿਤਰ ਸ਼ਹਿਰ' ਦਾ ਰੁਤਬਾ ਮਿਲਣ ਮਗਰੋਂ ਪ੍ਰਸ਼ਾਸਿਨਕ ਅਧਿਕਾਰੀ ਸ਼ਹਿਰ ਨੂੰ ਨਸ਼ਿਆਂ ਅਤੇ ਤੰਬਾਕੂ ਤੋਂ ਪਾਕ ਰੱਖ ਸਕਣ।

ਉਨ੍ਹਾਂ ਪ੍ਰਧਾਨ ਮੰਤਰੀ ਦਾ ਇਸ ਤੱਥ ਵਲ ਧਿਆਨ ਦਿਵਾਇਆ ਕਿ ਪੰਜਾਬ ਦੇ ਕਈ ਹਿੱਸਿਆਂ ਵਿਚ ਹਰ ਪ੍ਰਕਾਰ ਦੇ ਨਸ਼ਿਆਂ ਨੇ ਆਪਣਾ ਤੰਦੂਆਂ-ਜਾਲ਼ ਬੁਰੀ ਤਰਾਂ ਫੈਲਾਇਆ ਹੋਇਆ ਹੈ ਤੇ ਇਸ ਕੋਹੜ ਨੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਲੱਗਭੱਗ ਨਿਗਲ਼ ਲਿਆ ਹੈ। ਜਥੇਬੰਦੀ ਦਾ ਆਦਰਸ਼ ਵਾਕ, ਠਤੰਦਰੁਸਤ ਪੰਜਾਬ-ਨਸ਼ਾ ਮੁਕਤ ਪੰਜਾਬੂ ਐਲਾਨ ਕਰਦਿਆਂ ਜਥੇਬੰਦੀ ਦੇ ਸਲਾਹਕਾਰ ਰਣਬੀਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਜਿਵੇਂ ਮੁਸਲਮਾਨਾਂ ਤੇ ਹਿੰਦੂਆਂ ਦੇ ਪਵਿਤਰ ਸ਼ਹਿਰਾਂ ਮੱਕਾ ਤੇ ਹਰਦੁਆਰ ਵਿਚ ਸੂਰ ਅਤੇ ਗਾਂ ਦੇ ਮੀਟ ਦੀ ਮਨਾਹੀ ਹੈ ਤਾਂ ਫਿਰ ਸਿੱਖਾਂ ਦੇ ਸਭ ਤੋਂ ਮੁਕੱਦਸ ਸ਼ਹਿਰ ਅੰਮ੍ਰਿਤਸਰ ਵਿਚ ਤੰਬਾਕੂ ਤੇ ਪਾਬੰਦੀ ਕਿਉਂ ਨਹੀ ਲਾਈ ਜਾ ਸਕਦੀ? ਅੱਜ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਵਾਲਿਆਂ ਵਿੱਚ ਨਵੇਂ ਚੁਣੇ ਗਏ ਅਹੁਦੇਦਾਰਾਂ ਅਤੇ ਵਰਕਿੰਗ ਕਮੇਟੀ ਮੈਂਬਰਾਂ ਵਿੱਚ ਰਣਬੀਰ ਸਿੰਘ ਗੀਗਨੋਵਾਲ, ਗੁਰਪ੍ਰੀਤ ਸਿੰਘ ਮਾਨ (ਪ੍ਰਧਾਨ), ਪ੍ਰਭਜੋਤ ਸਿੰਘ ਨਵਾਂਸ਼ਹਿਰ (ਤਰਜਮਾਨ), ਨੋਬਲਜੀਤ ਸਿੰਘ ਬੁਲੋਵਾਲ (ਮੀਤ-ਪ੍ਰਧਾਨ), ਤਰਜਿੰਦਰ ਸਿੰਘ ਸੋਹਲ (ਜਨਰਲ ਸਕੱਤਰ), ਸਰਵਕਾਰ ਸਿੰਘ ਲੁਧਿਆਣਾ, ਪਰਮਜੀਤ ਸਿੰਘ ਟਾਂਡਾ, ਗੁਰਜਿੰਦਰ ਸਿੰਘ ਫੇਰੂਮਾਨ (ਤਿੰਨੇ ਜਥੇਬੰਦਕ ਸਕੱਤਰ), ਹਰਜਿੰਦਰ ਸਿੰਘ (ਜਾਇੰਟ ਸਕੱਤਰ), ਵਰਿੰਦਰਜੀਤ ਸਿੰਘ, ਨਵਦੀਪ ਸਿੰਘ ਨਵਾਂਸ਼ਹਿਰ, ਅਮ੍ਰਿਤਪਾਲ ਸਿੰਘ ਦਸੂਹਾ, ਗੁਰਦੀਪ ਸਿੰਘ, ਅਰਵਿੰਦਰ ਸਿੰਘ ਟਾਂਡਾ, ਜਗਰੂਪ ਸਿੰਘ ਗ੍ਰੰਥਗੜ੍ਹ, ਮਨਦੀਪ ਸਿੰਘ ਸ਼੍ਰ੍ਰੀ ਹਰਿਗੋਬਿੰਦਪੁਰ, ਮਨਜੀਤ ਸਿੰਘ ਹੁਸ਼ਿਆਰਪੁਰ, ਵਰਿੰਦਰ ਸਿੰਘ ਮਨੀ, ਆਦਿ ਸ਼ਾਮਿਲ ਸਨ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top