Share on Facebook

Main News Page

ਸ਼ੇਰੇ ਪੰਜਾਬ ਰੇਡੀਓ ’ਤੇ ਹੋਈ ਟਾਕ ਸ਼ੋ ਵਿੱਚ ਨਾਨਕਸ਼ਾਹੀ ਕੈਲੰਡਰ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਤੋਂ ਬਚਣ ਲਈ ਹਰੀ ਸਿੰਘ ਰੰਧਾਵਾ ਵਾਰ ਵਾਰ ਉਠਾਉਂਦੇ ਰਹੇ ਭਿੱਖੀ ਕਾਂਡ ਦਾ ਮਸਲਾ

ਜਥੇਦਾਰ ਬਲਵੰਤ ਸਿੰਘ ਨੰਦਗੜ੍ਹ

* ਇਹ ਕਿਹੜੇ ਸੰਤ ਐ, ਇਹ ਤਾਂ ਆਰ.ਐੱਸ.ਐੱਸ ਦੇ ਟਾਊਟ ਹੈ, ਹਮੇਸ਼ਾਂ ਝੂਠ ਬੋਲਦੇ ਐ

* ਮੈਂ ਸੋਧਾਂ ਦੀ ਪ੍ਰਵਾਨਗੀ ਵਾਲੇ ਕਿਸੇ ਕੈਲੰਡਰ ’ਤੇ ਦਸਤਖ਼ਤ ਨਹੀਂ ਕੀਤੇ

* ਰੰਧਾਵਾ ਦੱਸੇ ਕਿ ਸੌਦਾ ਸਾਧ ਵਿਰੁਧ ਇਨ੍ਹਾਂ ਨੇ ਕੀ ਕੀਤਾ?

* ਜੇ ਇਹ ਪੁਰੇਵਾਲ ਦੀ ਤਸੱਲੀ ਕਰਵਾ ਦੇਣ ਤਾਂ ਮੈਂ ਇਸ ਕੈਲੰਡਰ ਨੂੰ ਮੰਨ ਲਵਾਂਗਾ

ਸ: ਪਾਲ ਸਿੰਘ ਪੁਰੇਵਾਲ

* ਗੁਰੂ ਸਾਹਿਬ ਦੇ ਸਮੇਂ ਸੰਗਰਾਂਦਾਂ ਸੂਰਜੀ ਸਿਧਾਂਤ ਮੁਤਬਿਕ ਮਿਥੀਆਂ ਜਾਂਦੀਆਂ ਸਨ ਜਦ ਕਿ ਪੰਜਾਬ ’ਚ ਅੱਜ ਕੱਲ੍ਹ ਜੋ ਕੈਲੰਡਰ ਲਾਗੂ ਹੈ ਉਹ ਦ੍ਰਿਗ ਗਣਿਤ ਦੇ ਹਿਸਾਬ ਹਨ; ਸੰਤ ਸਮਾਜ ਕਿਹੜੀਆਂ ਸੰਗਰਾਂਦਾਂ ਮੰਨਦਾ ਹੈ?

* ਸੰਤਾਂ ਨੂੰ ਨਾ ਕੈਲੰਡਰ ਬਾਰੇ ਕੋਈ ਜਾਣਕਾਰੀ ਹੈ, ਨਾ ਖ਼ਗੋਲ/ ਭੁਗੋਲ ਦੀ ਸਮਝ ਹੈ ਅਤੇ ਨਾ ਹੀ ਇਤਿਹਾਸ ਦੀ; ਅਕਾਲ ਤਖ਼ਤ ’ਤੇ ਹੋਈ ਮੀਟਿੰਗ ’ਚ ਜਥੇਦਾਰ ਵੇਦਾਂਤੀ ਦੇ ਸਾਹਮਣੇ ਇਨ੍ਹਾਂ ਨੂੰ ਪੁਰਾਣੀਆਂ ਯੰਤਰੀਆਂ ’ਚੋਂ ਤਰੀਕਾਂ ਵਿਖਾ ਦਿੱਤੀਆਂ ਸਨ

ਹਰੀ ਸਿੰਘ ਰੰਧਾਵਾ

* ਸੂਰਜੀ ਸਿਧਾਂਤ ਨੂੰ ਛੱਡ ਕੇ ਪੁਰੇਵਾਲ ਨੇ ਕਲਪਤ ਸੰਗਰਾਂਦਾਂ ਮਿਥੀਆਂ

* ਪੁਰੇਵਾਲ ਕੈਲੰਡਰ ਵਿੱਚ ਸਾਰੀਆਂ ਇਤਿਹਾਸਕ ਤਰੀਕਾਂ ਕਲਪਤ

* ਅਕਾਲ ਤਖ਼ਤ ਤੋਂ ਜਾਰੀ ਹੋਏ ਹੁਕਮਨਾਮੇ ਪੰਥ ਨੂੰ ਮੰਨਣੇ ਚਾਹੀਦੇ ਹਨ

* ਸੰਤ ਸਮਾਜ ਨੇ ਅਕਾਲ ਤਖ਼ਤ ਤੋਂ ਜਾਰੀ ਹੋਈ ਸਿੱਖ ਰਹਿਤ ਅਤੇ 2003 ਵਾਲਾ ਨਾਨਕਸ਼ਾਹੀ ਕੈਲੰਡਰ ਕਿਉਂ ਨਹੀਂ ਮੰਨਿਆ?: ਇੱਕ ਕਾਲਰ

ਬਠਿੰਡਾ, 13 ਜਨਵਰੀ (ਕਿਰਪਾਲ ਸਿੰਘ): ਨਾਨਕਸ਼ਾਹੀ ਕੈਲੰਡਰ ਜੋ ਕਿ ਅੱਜ ਕੱਲ੍ਹ ਪੰਥ ਦਾ ਭਖਦਾ ਵਿਵਾਦਤ ਮਸਲਾ ਬਣਿਆ ਹੋਇਆ ਹੈ, ਸਬੰਧੀ ਲੰਘੀ 9 ਜਨਵਰੀ ਨੂੰ ਸ਼ੇਰੇ ਪੰਜਾਬ ਰੇਡੀਓ ਕੈਨੇਡਾ ’ਤੇ ਇੱਕ ਭਖਵੀਂ ਬਹਿਸ ਹੋਈ ਜਿਸ ਵਿੱਚ ਰੇਡੀਓ ਐਂਕਰ ਕੁਲਦੀਪ ਸਿੰਘ, ਸੰਤ ਸਮਾਜ ਦੇ ਜਨਰਲ ਸਕੱਤਰ ਹਰੀ ਸਿੰਘ ਰੰਧਾਵਾ, ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸ: ਪਾਲ ਸਿੰਘ ਪੁਰੇਵਾਲ ਅਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਭਾਗ ਲਿਆ। ਇਸ ਬਹਿਸ ਦੀ ਰੀਕਾਰਡਿੰਗ http://www.wakeupkhalsa.com/talk-shows.php ਵਿਚੋਂ ਸੁਣੀ ਜਾ ਸਕਦੀ ਹੈ। ਇਸ ਬਹਿਸ ਨੂੰ ਸ਼ੁਰੂ ਕਰਦਿਆਂ ਰੇਡੀਓ ਐਂਕਰ ਸ: ਕੁਲਦੀਪ ਸਿੰਘ ਨੇ ਬਾਬਾ ਹਰੀ ਸਿੰਘ ਰੰਧਾਵਾ ਨੂੰ ਸਬੋਧਨ ਹੁੰਦੇ ਹੋਏ ਪੁੱਛਿਆ ਕਿ ਇਹ ਕਿਹਾ ਜਾ ਰਿਹਾ ਹੈ ਕਿ ਪੰਥਕ ਏਕਤਾ ਲਿਆਉਣ ਲਈ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਕੀਤੀਆਂ ਗਈਆਂ ਹਨ, ਪਰ ਵੇਖਿਆ ਗਿਆ ਹੈ ਕਿ ਇਨ੍ਹਾਂ ਸੋਧਾਂ ਨਾਲ ਪੰਥ ਵਿਚ ਪਹਿਲਾਂ ਨਾਲੋਂ ਵੀ ਵੱਧ ਵੰਡੀਆਂ ਪੈ ਗਈਆਂ ਹਨ; ਕਈਆਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 2003 ਵਿੱਚ ਜਾਰੀ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਿਕ 5 ਜਨਵਰੀ ਨੂੰ ਮਨਾ ਲਿਆ ਹੈ, ਕੁਝ 11 ਜਨਵਰੀ ਨੂੰ ਮਨਾ ਰਹੇ ਹਨ। ਸੰਤ ਸਮਾਜ ਦੇ ਜਨਰਲ ਸਕੱਤਰ ਹੋਣ ਦੇ ਨਾਤੇ ਤੁਸੀਂ ਪੰਥ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਜਵਾਬ ਵਿਚ ਉਨ੍ਹਾਂ ਕਿਹਾ ਕਿ ਸਾਡਾ ਇੱਕ ਪਿਤਾ ਗੁਰੂ ਗੋਬਿੰਦ ਸਿੰਘ, ਇੱਕ ਮਾਤਾ ਸਾਹਿਬ ਕੌਰ ਅਤੇ ਇੱਕ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ ਇਸ ਲਈ ਸਾਨੂੰ ਅਕਾਲ ਤਖ਼ਤ ਦੀ ਮਰਿਆਦਾ ਅਤੇ ਹੁਕਮਨਾਮਾ ਮੰਨ ਕੇ ਏਕਤਾ ਦਾ ਸਬੂਤ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਬਹੁਤ ਘੱਟ ਫੈਸਲੇ ਹਨ ਜਿਹੜੇ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਨੇ ਕੀਤੇ ਹੋਣ। ਇਸ ਸੋਧਾਂ ਵਾਲੇ ਕੈਲੰਡਰ ’ਤੇ ਪੰਜਾਂ ਜਥੇਦਾਰਾਂ ਦੇ ਦਸਤਖ਼ਤ ਹਨ, ਨਹੀਂ ਤਾਂ ਅਕਾਲ ਤਖ਼ਤ ਦਾ ਜਥੇਦਾਰ ਇਕੱਲੇ ਹੀ ਹੋਰ ਗ੍ਰੰਥੀਆਂ ਨੂੰ ਨਾਲ ਲੈ ਕੇ ਹੁਕਨਾਮਾ ਜਾਰੀ ਕਰ ਦਿੰਦੇ ਹਨ। ਇਸ ਲਈ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਸਭ ਨੂੰ ਮੰਨ ਲੈਣਾ ਚਾਹੀਦਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਅਕਾਲ ਤਖ਼ਤ ਦੀ ਮਰਿਆਦਾ ਅਤੇ 2003 ’ਚ ਲਾਗੂ ਹੋਇਆ ਕੈਲੰਡਰ ਮੰਨਦੇ ਹੋ? ਤਾਂ ਉਨ੍ਹਾਂ ਕਿਹਾ ਕਿ ਸਿੱਖ ਕੌਮ ਕਦੋਂ ਤੋਂ ਪੈਦਾ ਹੋਈ, ਉਸ ਸਮੇਂ ਤੋਂ 1945 ਤੱਕ ਕੀ ਇਹ ਬਿਨਾਂ ਮਰਿਆਦਾ ਤੋਂ ਹੀ ਰਹੀ? ਗੁਰੂ ਗੋਬਿੰਦ ਸਿੰਘ ਨੇ ਜੋ ਮਰਿਆਦਾ ਕਾਇਮ ਕੀਤੀ ਸੀ ਅਸੀਂ ਉਸ ਨੂੰ ਮੰਨਦੇ ਹਾਂ 1945 ’ਚ ਜੋ ਮਰਿਆਦਾ ਬਣਾਈ ਇਸ ਦਾ ਅਸੀਂ ਸ਼ੁਰੂ ਤੋਂ ਹੀ ਵਿਰੋਧ ਕਰਦੇ ਆ ਰਹੇ ਹਾਂ। ਨਾਨਕਸ਼ਾਹੀ ਕੈਲੰਡਰ ਸਬੰਧੀ ਉਨ੍ਹਾਂ ਕਿਹਾ ਕਿ ਉਸ ਵਿੱਚ ਖ਼ਾਮੀਆਂ ਸਨ, ਪੁਰੇਵਾਲ ਸਾਹਿਬ ਇਹ ਨਾ ਦੱਸ ਸਕੇ ਕਿ ਸੰਗਰਾਂਦ ਕੀ ਹੁੰਦੀ ਹੈ, ਇਨ੍ਹਾਂ ਨੇ ਕਲਪਤ ਸੰਗਰਾਂਦਾਂ ਮਿਥ ਲਈਆਂ ਅਤੇ ਮਿਥੇ ਗਏ ਇਤਿਹਾਸਕ ਦਿਹਾੜੇ ਵੀ ਇਤਿਹਾਸਕ ਸਬੂਤਾਂ ਨਾਲ ਨਹੀਂ ਮਿਲਦੇ। ਜਿਹੜੇ ਇਹ ਕਹਿੰਦੇ ਹਨ ਕਿ ਬਿਕ੍ਰਮੀ ਸੰਮਤ ਹਿੰਦੂਆਂ ਦਾ ਹੈ ਉਹ ਦੱਸਣ ਕਿ ਗੁਰੂ ਗ੍ਰੰਥ ਸਾਹਿਬ ਵਿਚ ਦੋ ਬਾਰਹਾ ਮਾਂਹ, ਤਿੰਨ ਤਿਥਾਂ ਦੀ ਬਾਣੀ ਅਤੇ ’ਆਵਨਿ ਅਠਤਰੈ ਜਾਨਿ ਸਤਾਨਵੈ’ ਕਿਹੜੇ ਕੈਲੰਡਰ ਮੁਤਾਬਿਕ ਲਿਖੇ ਹਨ। ਸੰਤ ਸਮਾਜ ਨੇ ਸਿਰਫ ਇਹ ਹੀ ਕਿਹਾ ਸੀ ਕਿ ਲਾਗੂ ਕਰਨ ਤੋਂ ਪਹਿਲਾਂ ਇਸ ਦੀਆਂ ਕਮੀਆਂ ਦੂਰ ਕਰ ਲਈਆਂ ਜਾਣ।

ਇਸ ਦੇ ਜਵਾਬ ਵਿੱਚ ਸ: ਪੁਰੇਵਾਲ ਨੇ ਕਿਹਾ ਕਿ ਇਨ੍ਹਾਂ ਨੇ ਨਾਂ ਤਾਂ ਨਾਨਕਸ਼ਾਹੀ ਕੈਲੰਡਰ ਪੜ੍ਹਿਆ ਹੈ, ਨਾ ਖ਼ਗੋਲ/ ਭੁਗੋਲ ਦੀ ਸਮਝ ਹੈ ਅਤੇ ਨਾ ਹੀ ਇਤਿਹਾਸ ਦੀ; ਅਕਾਲ ਤਖ਼ਤ ’ਤੇ ਹੋਈ ਮੀਟਿੰਗ ’ਚ ਜਥੇਦਾਰ ਵੇਦਾਂਤੀ ਦੇ ਸਾਹਮਣੇ ਇਨ੍ਹਾਂ ਨੂੰ ਪੁਰਾਣੀਆਂ ਯੰਤਰੀਆਂ ’ਚੋਂ ਤਰੀਕਾਂ ਵਿਖਾ ਦਿਤੀਆਂ ਸਨ ਕਿ ਪਹਿਲਾਂ ਵੀ ਇਨ੍ਹਾਂ ਹੀ ਤਰੀਕਾਂ ਨੂੰ ਗੁਰਪੁਰਬ ਆਏ ਸਨ। ਜਿਹੜੇ ਇਹ ਕਹਿੰਦੇ ਹਨ ਕਿ ਇੱਕ ਦਿਨ ਚਾਰ ਚਾਰ ਗੁਰਪੁਰਬ ਇਕੱਠੇ ਕਰ ਦਿੱਤੇ ਹਨ, ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਵਿੱਚ ਵੀ ਇਹ ਇਸੇ ਤਰ੍ਹਾਂ ਹੀ ਹਨ। ਸੰਗਰਾਂਦ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਜਦੋਂ ਸੂਰਜ ਇੱਕ ਰਾਸ ’ਚੋਂ ਬਦਲ ਕੇ ਦੂਜੀ ਰਾਸ ਵਿੱਚ ਜਾਂਦਾ ਹੈ ਉਸ ਨੂੰ ਸੰਗ੍ਰਾਂਦ ਕਹਿੰਦੇ ਹਨ ਪਰ ਨਾਨਕਸ਼ਾਹੀ ਕੈਲੰਡਰ ਦਾ ਰਾਸਾਂ ਨਾਲ ਕੋਈ ਸਬੰਧ ਨਹੀਂ ਇਸ ਵਿੱਚ ਮਹੀਨੇ ਦੀ ਅਰੰਭਤਾ ਹੈ ਅਤੇ ਮਹੀਨਾ ਅਰੰਭ ਹੋਣ ਵਾਲੀ ਤਰੀਕ ਨੂੰ ਇਹ ਸੰਗ੍ਰਾਂਦ ਕਹੀ ਜਾ ਰਹੇ ਹਨ। ਉਨ੍ਹਾਂ ਕਿਹਾ ਗੁਰੂ ਸਾਹਿਬ ਦੇ ਸਮੇਂ ਸੰਗਰਾਂਦਾਂ ਸੂਰਜੀ ਸਿਧਾਂਤ ਮੁਤਬਿਕ ਮਿਥੀਆਂ ਜਾਂਦੀਆਂ ਸਨ ਜਦ ਕਿ ਪੰਜਾਬ ’ਚ ਅੱਜ ਕੱਲ੍ਹ ਜੋ ਕੈਲੰਡਰ 1960 ਤੋਂ ਲਾਗੂ ਹੈ ਉਹ ਦ੍ਰਿਗ ਗਣਿਤ ਦੇ ਹਿਸਾਬ ਹਨ ਜਿਸ ਅਨੁਸਾਰ 5 ਸੰਗ੍ਰਾਂਦਾਂ ਦਾ ਸੂਰਜੀ ਸਿਧਾਂਤ ਨਾਲੋਂ ਵਖਰੇਵਾਂ ਹੈ। ਸੰਤ ਸਮਾਜ ਇਨ੍ਹਾਂ ਵਿਚੋਂ ਕਿਹੜੀਆਂ ਸੰਗਰਾਂਦਾਂ ਮੰਨਦਾ ਹੈ? ਕਿਉਂਕਿ ਇਨ੍ਹਾਂ ਨੇ ਦ੍ਰਿਗ ਗਣਿਤ ਵਾਲੇ ਕੈਲੰਡਰ ਨੂੰ ਮਾਨਤਾ ਦਿੱਤੀ ਹੈ ਜਿਹੜਾ ਕਿ ਗੁਰਬਾਣੀ ਨਾਲ ਮੇਲ ਨਹੀਂ ਖਾਂਦਾ। ਉਨ੍ਹਾਂ ਕਿਹਾ ਗਰੁਬਾਣੀ ਵਿਚ ਤਿਥ ਵਾਰ ਮਨਾਉਣ ਦਾ ਉਪਦੇਸ਼ ਨਹੀਂ ਦਿੱਤਾ ਸਗੋਂ ਇਥੇ ਤਾਂ ਤਿਥ ਵਾਰ ਮੰਨਣ ਵਾਲਿਆਂ ਨੂੰ ਮੁਗਧ ਗਵਾਰ ਕਿਹਾ ਹੈ: ’ਥਿਤੀ ਵਾਰ ਸੇਵਹਿ ਮੁਗਧ ਗਵਾਰ ॥’ ਅਤੇ ਭਗਤ ਕਬੀਰ ਜੀ ਨੇ ਲਿਖਿਆ ਹੈ: ’ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ ॥2॥’ ਭਾਵ ਇਹ ਚੌਦਹਾਂ ਮੱਸਿਆ ਅਕਾਲਪੁਰਖ਼ ਨੇ ਨਹੀਂ ਬਣਾਈਆਂ ਬ੍ਰਹਮਣਾਂ ਨੇ ਆਪ ਬਣਾ ਕੇ ਇਨ੍ਹਾਂ ਨੂੰ ਪਵਿੱਤਰ ਦੱਸ ਕੇ ਮੰਗਦੇ ਹਨ, ਉਹ ਹੱਥ ’ਤੇ ਦੀਵਾ ਰੱਖ ਕੇ ਖੂਹ ਵਿੱਚ ਡਿੱਗ ਰਹੇ ਹਨ। ਸ: ਪੁਰੇਵਾਲ ਨੇ ਕਿਹਾ ਸਾਡੇ ਪਾਸ ਤਾਂ ਸਿਰਫ ਦੀਵਾ ਹੀ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਰੂਪੀ ਗਿਆਨ ਦਾ ਸੂਰਜ ਹੈ ਤਾਂ ਅਸੀਂ ਖੂਹ ਵਿੱਚ ਕਿਉਂ ਡਿਗੀਏ?

ਸ: ਪੁਰੇਵਾਲ ਅਤੇ ਐਂਕਰ ਕੁਲਦੀਪ ਸਿੰਘ ਵਲੋਂ ਵਾਰ ਵਾਰ ਪੁੱਛਣ ’ਤੇ ਰੰਧਾਵਾ ਜੀ ਇਸ ਪ੍ਰਸ਼ਨ ਨੂੰ ਟਾਲਣ ਲਈ ਹਰ ਵਾਰ ਭਿੱਖੀ ਕਾਂਡ ਦੀ ਗੱਲ ਕਰਦੇ ਰਹੇ ਕਿ ਗਿਆਨੀ ਨੰਦਗੜ੍ਹ ਭਿਖੀ ਕਿਉਂ ਨਹੀਂ ਗਏ ਅਤੇ ਨਾਨਕਸ਼ਾਹੀ ਕੈਲੰਡਰ ਸਬੰਧੀ ਗੱਲ ਕਰਨ ਵਾਲਿਆਂ ਵਿਚੋਂ ਤੁਸੀਂ ਭਿੱਖੀ ਕਾਂਡ ਵਿੱਚ ਕੀ ਕੀਤਾ? ਕੁਲਦੀਪ ਸਿੰਘ ਨੇ ਕਿਹਾ ਕਿ ਇਸ ਸਮੇਂ ਚਰਚਾ ਨਾਨਕਸ਼ਾਹੀ ਕੈਲੰਡਰ ਸਬੰਧੀ ਹੋ ਰਹੀ ਹੈ ਤੁਸੀਂ ਇਸ ਦਾ ਜਵਾਬ ਦਿਉ। ਗਿਆਨੀ ਨੰਦਗੜ੍ਹ ਜੀ ਵੀ ਲਾਈਨ ’ਤੇ ਮੌਜੂਦ ਹਨ ਇਹ ਸੁਆਲ ਅਸੀਂ ਉਨ੍ਹਾਂ ਤੋਂ ਪੁਛਾਂਗੇ ਕਿ ਉਹ ਭਿਖੀ ਕਿਉਂ ਨਹੀਂ ਗਏ?

ਗਿਆਨੀ ਨੰਦਗੜ੍ਹ ਨੇ ਜ਼ਜਬਾਤੀ ਹੁੰਦੇ ਹੋਏ ਕਿਹਾ ਕਿ ਉਨ੍ਹਾਂ ਤਾਂ ਭਿਖੀ ਜਾਣ ਦਾ ਪ੍ਰੋਗਰਾਮ ੳਲੀਕਿਆ ਹੈ ਉਹ ਜਾਣਗੇ ਵੀ ਪਰ ਇਸ ਨੂੰ ਪੁੱਛੋ, ਇਹ ਭਿਖੀ ਕਦੋਂ ਗਿਆ ਹੈ? ਇਹ ਕਿਹੜੇ ਸੰਤ ਐ, ਇਹ ਹਮੇਸ਼ਾਂ ਝੂਠ ਬੋਲਦੇ ਐ ਆਰਐੱਸਐੱਸ ਦੇ ਟਊਟ ਹੈ। ਉਨ੍ਹਾਂ ਕਿਹਾ ਉਹ ਤਾਂ ਸੌਦਾ ਸਾਧ ਵਿਰੁਧ ਹਮੇਸ਼ਾਂ ਜਾਂਦੇ ਰਹੇ ਹਨ, ਰੰਧਾਵਾ ਦੱਸੇ ਕਿ ਸੌਦਾ ਸਾਧ ਵਿਰੁਧ ਇਨ੍ਹਾਂ ਨੇ ਕੀ ਕੀਤਾ? ਇਹ ਕਦੀ ਜਾਂਦੇ ਹੀ ਨਹੀਂ ਅਤੇ ਜੇ ਜਾਂਦੇ ਹਨ ਤਾਂ ਦੋ ਘੰਟੇ ਬੈਠ ਕੇ ਮੁੜ ਆਉਂਦੇ ਹਨ। ਅਕਾਲ ਤਖ਼ਤ ਦੇ ਕਿਸੇ ਹੁਕਨਾਮੇ ਨੂੰ ਮੰਨਦੇ ਹੀ ਨਹੀਂ, ਹਮੇਸ਼ਾਂ ਵਿਰੋਧ ਕਰਦੇ ਹਨ, ਸਿੱਖ ਰਹਿਤ ਮਰਿਆਦਾ ਇਨ੍ਹਾਂ ਨੇ ਨਹੀਂ ਮੰਨੀ, ਨਾਨਕਸ਼ਾਹੀ ਕੈਲੰਡਰ ਇਨ੍ਹਾਂ ਨੇ ਨਹੀਂ ਮੰਨਿਆਂ, ਸਕੂਲ ਦਾ ਕਦੀ ਮੂੰਹ ਨਹੀਂ ਵੇਖਿਆ, ਸਮਝਦੇ ਹਨ ਆਪਣੇ ਆਪ ਨੂੰ ਵੱਡੇ ਵਿਦਵਾਨ। ਉਨ੍ਹਾਂ ਰੰਧਾਵਾ ਨੂੰ ਸਬੋਧਨ ਹੁੰਦੇ ਕਿਹਾ ਤੁਸੀਂ ਝੂਠ ਬੋਲਣ ਦਾ ਠੇਕਾ ਲਿਆ ਹੈ, ਦਸੋ ਮੈਂ ਕਿਥੇ ਦਸਤਖ਼ਤ ਕੀਤੇ ਹਨ। ਜਦ ਭਾਈ ਰੰਧਾਵਾ ਨੇ ਕਿਹਾ ਜੇ ਤੁਹਾਨੂੰ ਉਸ ’ਤੇ ਤੁਹਾਡੇ ਦਸਤਖ਼ਤ ਹੋਏ ਵਿਖਾ ਦੇਈਏ ਤਾਂ ਗਿਆਨੀ ਨੰਦਗੜ੍ਹ ਨੇ ਕਿਹਾ, ਮੈਂ ਸੋਧਾਂ ਦੀ ਪ੍ਰਵਾਨਗੀ ਵਾਲੇ ਕਿਸੇ ਕੈਲੰਡਰ ’ਤੇ ਦਸਤਖ਼ਤ ਨਹੀਂ ਕੀਤੇ। ਅਸੀਂ ਉਸ ’ਤੇ ਦਸਖ਼ਤ ਕਰਕੇ ਤਾਂ ਸ਼ਰੋਮਣੀ ਕਮੇਟੀ ਨੂੰ ਭੇਜਿਆ ਸੀ ਕਿ ਇਸ ਦੀ ਸ: ਪੁਰੇਵਾਲ ਤੋਂ ਪ੍ਰਵਾਨਗੀ ਲਓ ਜਾਂ ਸ਼ਰੋਮਣੀ ਕਮੇਟੀ ਦੇ ਜਨਰਲ ਹਾਊਸ ਤੋਂ ਪਾਸ ਕਰਾ ਕੇ ਪੰਜਾਂ ਤਖ਼ਤਾਂ ’ਤੇ ਭੇਜੋ ਫਿਰ ਅਸੀਂ ਉਸ ’ਤੇ ਵੀਚਾਰ ਕਰਾਂਗੇ। ਇਨ੍ਹਾਂ ਨਾਂ ਪੁਰੇਵਾਲ ਤੋਂ ਪ੍ਰਵਾਨਗੀ ਲਈ, ਨਾ ਜਨਰਲ ਹਾਊਸ ਵਿੱਚ ਲੈ ਕੇ ਗਏ, ਕਾਰਜ਼ਕਾਰਨੀ ਕਮੇਟੀ ਨੇ ਅਕਾਲ ਤਖ਼ਤ ’ਤੇ ਭੇਜ ਦਿੱਤਾ ਉਸ ਨੇ ਇਕੱਲੇ ਨੇ ਹੀ ਚਾਰ ਗ੍ਰੰਥੀ ਲੈ ਕੇ ਲਾਗੂ ਕਰਨ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਜੇ ਇਹ ਪੁਰੇਵਾਲ ਦੀ ਤਸੱਲੀ ਕਰਵਾ ਦੇਣ ਤਾਂ ਮੈਂ ਇਸ ਕੈਲੰਡਰ ਨੂੰ ਮੰਨ ਲਵਾਂਗਾ। ਪੁਰੇਵਾਲ ਨੇ ਕਿਹਾ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਹਾੜ੍ਹ ਵਿੱਚ ਰਹਿੰਦੀ ਦੁਨੀਆਂ ਤੱਕ ਹਮੇਸ਼ਾਂ ਗਰਮੀ ਰਹੇਗੀ ਅਤੇ ਪੋਹ ਵਿੱਚ ਹਮੇਸ਼ਾਂ ਸਰਦੀ ਰਹੇਗੀ ਪਰ ਜੇ ਅਸੀਂ ਬਿਕ੍ਰਮੀ ਕੈਲੰਡਰ ਨਾਲ ਜੁੜੇ ਰਹੇ ਤਾਂ ਗੁਰਬਾਣੀ ਵਿੱਚ ਦਰਜ਼ ਬਾਰਹ ਮਾਂਹ ਅਤੇ ਰੁੱਤਾਂ ਦਾ ਸਬੰਧ ਟੁੱਟ ਜਾਵੇਗਾ ਇਸ ਲਈ ਉਹ ਬਿਕ੍ਰਮੀ ਸਾਲ ਦੀਆਂ ਸੰਗਰਾਂਦਾਂ ਨੂੰ ਕਦੀ ਨਹੀਂ ਮੰਨਣਗੇ।

ਐਂਕਰ ਕੁਲਦੀਪ ਸਿੰਘ ਵਲੋਂ ਹਰੀ ਸਿੰਘ ਰੰਧਾਵਾ ਨੂੰ ਪੁੱਛਿਆ ਗਿਆ ਕਿ ਤੁਸੀਂ ਅਕਾਲ ਤਖ਼ਤ ਦੇ ਹੁਕਨਾਮੇ ਨੂੰ ਮੰਨਣ ਦੀ ਗੱਲ ਕੀਤੀ ਹੈ ਪਰ ਇਹ ਦੱਸੋ ਕਿ 2003 ਵਾਲੇ ਕੈਲੰਡਰ ਨੂੰ ਪੰਜ ਸਿੰਘ ਸਾਹਿਬਾਨ ਅਤੇ ਸ਼ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਪ੍ਰਵਾਨਗੀ ਸੀ, ਪਰ 2010 ਵਾਲੀਆਂ ਸੋਧਾਂ ਦਾ ਜਥੇਦਾਰ ਨੰਦਗੜ੍ਹ ਵਿਰੋਧ ਕਰ ਰਹੇ ਹਨ, ਸ਼ਰੋਮਣੀ ਕਮੇਟੀ ਦੇ ਜਨਰਲ ਹਾਊਸ ਵਿੱਚ ਲੈ ਕੇ ਤੁਸੀਂ ਗਏ ਨਹੀਂ, ਕਾਰਜ਼ਕਾਰਨੀ ਕਮੇਟੀ ਵਿੱਚ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਸਮੇਤ ਤਿੰਨ ਮੈਂਬਰ ਵਾਕਆਊਟ ਕਰ ਗਏ ਅਤੇ ਇਕੱਲੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਚਾਰ ਗ੍ਰੰਥੀਆਂ ਨੂੰ ਨਾਲ ਲੈ ਕੇ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਤਾਂ ਦੱਸੋ ਦੋਵਾਂ ਵਿੱਚੋਂ ਕਿਹੜਾ ਕੈਲੰਡਰ ਮੰਨਣਯੋਗ ਹੈ? ਇਸ ਸਵਾਲ ਨੂੰ ਵੀ ਰੰਧਾਵਾ ਜੀ ਟਾਲਦੇ ਰਹੇ ਅਤੇ ਕਿਹਾ ਕਿ ਅਸੀਂ ਤਾਂ ਸਿਰਫ ਇਸ ਦੀਆਂ ਖ਼ਾਮੀਆਂ ਦੂਰ ਕਰਨ ਲਈ ਕਹਿੰਦੇ ਸੀ। ਇਸ ਦੌਰਾਨ ਇਕ ਕਾਲਰ ਦੀ ਕਾਲ ਆਈ ਤੇ ਉਨ੍ਹਾਂ ਕਿਹਾ ਕਿ ਜੇ ਸੰਤ ਸਮਾਜ ਕਹਿੰਦਾ ਹੈ ਕਿ ਸਿਖ ਕੌਮ ਦੀ ਹੋਂਦ ਤੋਂ 1945 ਤਕ ਜਿਹੜੀ ਮਰਿਆਦਾ ਚੱਲੀ ਆ ਰਹੀ ਸੀ ਇਹ ਉਸੇ ਨੂੰ ਹੀ ਮੰਨਦੇ ਹਨ ਤਾਂ ਇਨ੍ਹਾਂ 1996 ਵਿੱਚ ਅਕਾਲ ਤਖ਼ਤ ਨਾਲੋਂ ਆਪਣੀ ਵੱਖਰੀ ਰਹਿਤ ਮਰਿਆਦਾ ਕਿਉਂ ਬਣਾਈ? ਜੇ ਇਹ ਅਕਾਲ ਤਖ਼ਤ ਨੂੰ ਸਰਬ ਉੱਚ ਮੰਨਦੇ ਹਨ ਤਾਂ ਇਨ੍ਹਾਂ ਨੇ 2003 ਨੂੰ ਉਥੋਂ ਜਾਰੀ ਹੋਏ ਕੈਲੰਡਰ ਨੂੰ ਕਿਉਂ ਨਹੀਂ ਮੰਨਿਆ? ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਕਿ ਦਸਮ ਗ੍ਰੰਥ ਸਬੰਧੀ ਕੋਈ ਚਰਚਾ ਨਹੀਂ ਕਰਨੀ ਪਰ ਕੁਝ ਹੀ ਸਮੇਂ ਪਿਛੋਂ ਇਨ੍ਹਾਂ ਅੰਮ੍ਰਿਤਸਰ ਵਿਖੇ ਦਸਮ ਗ੍ਰੰਥ ’ਤੇ ਇੱਕ ਸੈਮੀਨਾਰ ਕਰਵਾਇਆ ਜਿਸ ਵਿੱਚ ਡਾ: ਹਰਿਭਜਨ ਸਿੰਘ ਦੀ ਇੱਕ ਪੁਸਤਕ ਰਲੀਜ਼ ਕੀਤੀ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਬਾਰੇ ਲਿਖਿਆ ਹੈ ਕਿ ਉਹ ਇੱਕ ਔਰਤ ਦੇ ਡੇਰੇ ’ਤੇ ਗਏ ਜਿਥੋਂ ਉਨ੍ਹਾਂ ਨੂੰ ਆਪਣੀ ਜੁੱਤੀ ਪਾਮਰੀ ਛੱਡ ਕੇ ਭੱਜਣਾ ਪਿਆ ਤੇ ਅਗਲੇ ਦਿਨ ਉਸ ਔਰਤ ਨੂੰ ਗੁਰੂ ਸਾਹਿਬ ਨੇ 20 ਹਜ਼ਾਰ ਟਕਾ ਛਿਮਾਹੀ ਬੰਨ੍ਹ ਦਿੱਤਾ। ਇਸ ਰੰਧਾਵਾ ਸਾਹਿਬ ਨੇ ਉਸ ਪੁਸਤਕ ਦੀ ਤਾਰੀਫ਼ ਵਿੱਚ ਦੋ ਸ਼ਬਦ ਉਸ ਪੁਸਤਕ ਵਿੱਚ ਲਿਖੇ ਹਨ। ਇਨ੍ਹਾਂ ਤੋਂ ਕਿੰਨੀ ਵਾਰ ਚਿੱਠੀਆਂ ਅਤੇ ਮੀਡੀਏ ਰਾਹੀਂ ਅਸੀਂ ਪੁੱਛ ਚੁੱਕੇ ਹਾਂ, ਇਨ੍ਹਾਂ ਕਦੀ ਜਵਾਬ ਨਹੀਂ ਦਿੱਤਾ। ਜਿਸ ਪੋਹ ਸੁਦੀ 7 ਦੀ ਇਹ ਗੱਲ ਕਰਦੇ ਹਨ ਉਹ ਆਉਣ ਵਾਲੇ 100 ਸਾਲ ਵਿਚ ਬਿਕ੍ਰਮੀ ਸੰਮਤ 2085, 2104 ਅਤੇ 2161 ਵਿੱਚ ਆਉਣੀ ਹੀ ਨਹੀਂ, ਤਾਂ ਦੱਸੋ ਉਨ੍ਹਾਂ ਸਾਲਾਂ ਵਿੱਚ ਅਸੀਂ ਗੁਰਪੁਰਬ ਕਿਹੜੇ ਦਿਨ ਮਨਾਵਾਂਗੇ? ਇਹ ਵੀ ਦੱਸਣ ਕਿ ਇਹ ਸੂਰਜੀ ਸਿਧਾਂਤ ਅਤੇ ਦ੍ਰਿਗ ਗਣਿਤ ਵਿਚੋਂ ਕਿਹੜੀ ਸੰਗਰਾਂਦ ਨੂੰ ਮੰਨਦੇ ਹਨ ਕਿਉਂਕਿ ਇਨ੍ਹਾਂ ਦੋਵਾਂ ਦੀਆਂ ਪੰਜ ਸੰਗਰਾਂਦਾਂ ਆਪਸ ਵਿੱਚ ਨਹੀਂ ਮਿਲਦੀਆਂ। ਜੇ ਇਹ ਕਹਿੰਦੇ ਹਨ ਕਿ 2003 ਵਾਲੇ ਕੈਲੰਡਰ ਵਿੱਚ ਊਣਤਾਈਆਂ ਸਨ ਅਤੇ ਹੁਣ ਇਨ੍ਹਾਂ ਸੋਧਾਂ ਕਰ ਕੇ ਦੂਰ ਕਰ ਦਿੱਤੀਆਂ ਹਨ ਤਾਂ ਇਹ ਦੱਸਣ ਕਿ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਗੁਰਪੁਰਬ ਇਨ੍ਹਾਂ ਨੂੰ 24 ਨਵੰਬਰ ਤੋਂ ਬਦਲ ਕੇ 10 ਦਸੰਬਰ ਕਿਉਂ ਕਰਨਾ ਪਿਆ? ਉਨ੍ਹਾ ਇਹ ਵੀ ਕਿਹਾ ਕਿ ਉਸ ਤਰ੍ਹਾਂ ਇਹ ਸਾਰੀ ਦੁਨੀਆ ਵਿੱਚ ਗੇੜੇ ਮਾਰਦੇ ਰਹਿੰਦੇ ਹਨ, ਫਿਰ ਅਕਾਲ ਤਖ਼ਤ ’ਤੇ ਹੀ ਵੀਚਾਰ ਚਰਚਾ ਕਰਨ ਲਈ ਕਿਉਂ ਸੱਦ ਰਹੇ ਹਨ? ਕਿਉਂ ਨਹੀਂ ਇੰਟਰਨੈੱਟ ਦੇ ਜ਼ਰੀਏ ਚਰਚਾ ਕਰਦੇ ਜਿਸ ਨੂੰ ਸਾਰੀ ਦੁਨੀਆਂ ਵੇਖ ਸਕੇ।

ਬਾਬਾ ਰੰਧਾਵਾ ਜੀ ਕਿਸੇ ਵੀ ਉਕਤ ਸਵਾਲ ਦਾ ਤਸੱਲੀ ਬਖ਼ਸ਼ ਜਵਾਬ ਨਹੀਂ ਦੇ ਸਕੇ ਤੇ ਵਾਰ ਵਾਰ ਭਿਖੀ ਕਾਂਡ ਦਾ ਨਾ ਲੈ ਕੇ ਵੀਚਾਰ ਨੂੰ ਹੋਰ ਪਾਸੇ ਲਿਜਾਣ ਦਾ ਯਤਨ ਕਰਦੇ ਰਹੇ। ਅਖੀਰ ਉਨ੍ਹਾਂ ਕਿਹਾ ਕਿ ਤੁਸੀਂ ਤਖ਼ਤਾਂ ਨੂੰ ਕੁਝ ਸਮਝਦੇ ਹੀ ਨਹੀਂ? ਵਿਚਾਰ ਚਰਚਾ ਪੰਜਾਂ ਵਿਚੋਂ ਕਿਸੇ ਇੱਕ ਤਖ਼ਤ ’ਤੇ ਮੀਡੀਏ ਦੀ ਹਾਜ਼ਰੀ ਵਿੱਚ ਹੋਵੇਗੀ। ਭਖਵੀਂ ਬਹਿਸ ਪਿਛੋਂ ਇਹ ਤਹਿ ਹੋਇਆ ਕਿ ਪੰਜਾਂ ਜਥੇਦਾਰਾਂ ਅਤੇ ਸੰਤ ਸਮਾਜ ਨੂੰ ਹਰੀ ਸਿੰਘ ਰੰਧਾਵਾ ਵੀਚਾਰ ਚਰਚਾ ਲਈ ਤਿਆਰ ਕਰਨਗੇ ਅਤੇ ਪੁਰੇਵਾਲ ਸਾਹਿਬ ਤੇ ਵਿਦੇਸ਼ਾਂ ’ਚੋਂ ਹੋਰ ਵਿਦਵਾਨ ਉਥੇ ਪਹੁੰਚਣਗੇ ਤਾ ਕਿ ਇੱਕਮਤ ਹੋ ਕੇ ਪੰਥ ਵਿੱਚ ਏਕਤਾ ਕੀਤੀ ਜਾ ਸਕੇ। ਅਖੀਰ ’ਤੇ ਗਿਆਨੀ ਨੰਦਗੜ੍ਹ ਨੂੰ ਕੌਮ ਨੂੰ ਸੰਦੇਸ਼ ਦੇਣ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬ ਨੇ ਕਿਹਾ ਹੈ ਕਿ ’ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥4॥’ ਇਸ ਲਈ ਸਾਡੇ ਕੈਲੰਡਰ ਦਾ ਵੀ ਹਿੰਦੂਆਂ ਨਾਲ ਕੋਈ ਸਬੰਧ ਨਹੀਂ ਹੋਣਾ ਚਾਹੀਦਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top