Share on Facebook

Main News Page

ਦਰਸ਼ਨੀ ਡਿਊਢੀ ਦੇ ਦਰਵਾਜਿਆਂ ਨੂੰ ਮੁਰੰਮਤ ਤੋਂ ਬਾਅਦ ਉਥੇ ਹੀ ਲੱਗਣਾ ਯਕੀਨੀ ਬਣਾਇਆ ਜਾਵੇ

ਧੂਰੀ/ 12 ਜਨਵਰੀ / ਰਾਜੇਸ਼ਵਰ ਪਿੰਟੂ, ਅਨਵਰ ਭਸੌੜ - ਸ਼੍ਰੋਮਣੀ ਅਕਾਲੀ ਦਲ (ਅ) ਦੇ ਕੌਮੀ ਮੀਤ ਪ੍ਰਧਾਨ ਬਾਬਾ ਅਮਰਜੀਤ ਸਿੰਘ ਕਿਲਾ ਹਕੀਮਾਂ ਤੇ ਵਰਕਿੰਗ ਕਮੇਟੀ ਮੈਂਬਰ ਜੱਥੇਦਾਰ ਬਹਾਦਰ ਸਿੰਘ ਭਸੌੜ ਨੇ ਕਿਹਾ ਹੈ ਕਿ ਸਿੱਖਾਂ ਦੀਆਂ ਚਿਰਾਂ ਤੋਂ ਲਟਕਦੀਆਂ ਸਮੱਸਿਆਵਾਂ ਜਿੰਨ੍ਹਾਂ ਨੂੰ ਸੱਤਾਧਾਰੀ ਅਕਾਲੀ ਦਲ ਪੂਰਨ ਤੌਰ ’ਤੇ ਵਿਸਾਰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਅਖੌਤੀ ਸਿੱਖ ਹਿਤੈਸ਼ੀ ਕਹਾਉਣ ਵਾਲੀ ਇਸ ਸਰਕਾਰ ਦੇ ਰਾਜ ’ਚ ਸਿੱਖ, ਸਿੱਖੀ ਤੇ ਕਤਲੇਆਮ ਹੋਇਆ ਹੈ। ਬਾਬਾ ਕਿਲਾ ਹਕੀਮਾਂ ਤੇ ਜਥੇਦਾਰ ਭਸੌੜ ਅੱਜ ਅੰਮ੍ਰਿਤਸਰ ਲਈ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਭੀਖੀ ਵਿਖੇ ਸੰਤ ਦਾਦੂਦਾਲ ਨੂੰ ਗ੍ਰਿਫਤਾਰ ਕਰਨ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਭਾਵੇਂ ਸੰਤ ਦਾਦੂਵਾਲ ਨੂੰ ਰਿਹਾਅ ਕਰ ਦਿੱਤਾ ਗਿਆ ਹੈ, ਪਰ ਪੁਲਿਸ ਨੇ ਸੱਤਾਧਾਰੀ ਧਿਰ ਦੀ ਸ਼ਹਿ ’ਤੇ ਸੰਤ ਦਾਦੂਵਾਲ ਨੂੰ ਗ੍ਰਿਫਤਾਰ ਕਰਕੇ ਡੇਰਾਵਾਦ ਦੀ ਪਿੱਠ ਥਾਪੜੀ ਹੈ, ਜਿਸਨੂੰ ਸਿੱਖ ਕੌਮ ਕਦੇ ਵੀ ਮੁਆਫ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਭੀਖੀ ਵਿਖੇ ਵਾਪਰੇ ਇਸ ਕਾਂਡ ਵਿੱਚ ਜ਼ਿੰਨ੍ਹਾਂ ਵਿਅਕਤੀਆਂ ਖਿਲਾਫ਼ ਪੁਲਿਸ ਵੱਲੋਂ 307 ਦਾ ਮੁੱਕਦਮਾ ਦਰਜ ਕੀਤਾ ਗਿਆ ਹੈ, ਉਸਨੁੰ ਵੀ ਸਰਕਾਰ ਵੱਲੋਂ ਬਿਨਾਂ ਸ਼ਰਤ ਵਾਪਸ ਲੈਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਹਿੰਦੋਸਤਾਨ ਦੇ ਸੰਵਿਧਾਨ ਮੁਤਾਬਿਕ ਹਰ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ।

ਉਨ੍ਹਾ ਕਿਹਾ ਕਿ ਭਾਵੇ ਸੰਤ ਦਾਦੂਵਾਲ ਨੇ ਆਪਣੇ ਦੀਵਾਨ ’ਚ ਕਿਸੇ ਦੇ ਖਿਲਾਫ਼ ਕੁਝ ਵੀ ਬੋਲਿਆ ਨਹੀਂ ਸੀ, ਇਸਤੋਂ ਪਹਿਲਾਂ ਹੀ ਡੇਰਾ ਪ੍ਰੇਮੀਆਂ ਨੇ ਉਨ੍ਹਾਂ ਦੇ ਖਿਲਾਫ਼ ਇਕੱਠੇ ਹੋ ਕੇ ਜਿੱਥੇ ਮਾਹੌਲ ਨੂੰ ਵਿਗਾੜਣ ਦੀ ਕੋਸ਼ਿਸ਼ ਕੀਤੀ, ਉਥੇ ਪੁਲਿਸ ਨੇ ਸੰਤ ਦਾਦੂਵਾਲ ਦੇ ਦੀਵਾਨ ਦੇ ਸਪੀਕਰਾਂ ਦੀਆਂ ਤਾਰਾਂ ਕੱਟ ’ਕੇ ਡੇਰਾ ਪ੍ਰੇਮੀਆਂ ਦਾ ਪੱਖ ਪੂਰਨ ਵਾਲੀ ਗੱਲ ਕਰਕੇ ਮਾਹੋਲ ਨੂੰ ਖਰਾਬ ਕੀਤਾ ਹੈ ਅਤੇ ਇਸ ਸਭ ਕੁਝ ਲਈ ਅਕਾਲੀ ਭਾਜਪਾ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ (ਬ) ਆਪਣੇ ਆਪ ਨੂੰ ਪੰਥਕ ਪਾਰਟੀ ਗਰਦਾਨ ਰਿਹਾ ਹੈ, ਪਰ ਦੂਜੇ ਪਾਸੇ ਅਕਾਲ ਤਖਤ ਸਾਹਿਬ ਵੱਲੋ ਡੇਰਾ ਸੱਚਾ ਸੌਦਾ ਦੇ ਖਿਲਾਫ਼ ਜਾਰੀ ਕੀਤੇ ਹੁਕਮਨਾਮੇ ਨੂੰ ਲਾਗੂ ਕਰਨ ਤੋਂ ਭੱਜ਼ਣ ਦੇ ਨਾਲ-ਨਾਲ ਉਨ੍ਹਾ ਦਾ ਪੱਖ ਪੂਰ ਰਹੀ ਹੈ।

ਉਨ੍ਹਾਂ ਸ਼ੰਕਾ ਜ਼ਾਹਿਰ ਕੀਤੀ ਕਿ ਕਾਰ ਸੇਵਾ ਦੌਰਾਨ ਸ੍ਰੀ ਹਰਮਿੰਦਰ ਸਾਹਿਬ ਦੀ ਦਰਸ਼ਨੀ ਡਿਊਢੀ ਦੇ ਦਰਵਾਜ਼ਿਆਂ ਨੂੰ ਬਹਾਨੇ ਨਾਲ ਉਤਾਰ ਕੇ ਸੋਮ ਨਾਥ ਮੰਦਿਰ ਭੇਜਿਆ ਜਾ ਰਿਹਾ ਹੈ।ਬਾਬਾ ਕਿਲਾ ਹਕੀਮਾਂ ਨੇ ਕਿਹਾ ਕਿ ਕਾਰ ਸੇਵਾ ਵਾਲੇ ਸੰਤ ਬਾਬਾ ਕਸ਼ਮੀਰਾ ਸਿੰਘ ਨੇ ਪਹਿਲਾਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਭਰੌਸਾ ਦਿਵਾਇਆ ਸੀ ਕਿ ਕਾਰ ਸੇਵਾ ਦੌਰਾਨ ਦਰਸ਼ਨੀ ਡਿਊਢੀ ਦੇ ਇਤਿਹਾਸਕ ਦਰਵਾਜੇ ਮੁਰੰਮਤ ਕਰਵਾ ਕੇ ਉਸੇ ਜਗ੍ਹਾ ਲਗਾਏ ਜਾਣਗੇ, ਪਰ ਹੁਣ ਬਾਬਾ ਕਸ਼ਮੀਰਾ ਸਿੰਘ ਵੱਲੋਂ ਕਿਹਾ ਜਾ ਰਿਹਾ ਹੈ ਕਿ ਦਰਵਾਜੇ ਮੁਰੰਮਤ ਯੋਗ ਹੀ ਨਹੀਂ ਰਹੇ। ਬਾਬਾ ਕਿਲਾ ਹਕੀਮਾਂ ਨੇ ਕਿਹਾ ਕਿ ਅਕਾਲੀ ਦਲ (ਬ) ਆਰ.ਐਸ.ਐਸ ਵਾਲੀ ਭਾਜਪਾ ਦੇ ਪ੍ਰਭਾਵ ਅਧੀਨ ਹੈ ਅਤੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਆਰ.ਐਸ.ਐਸ ਦੇ ਇਸ਼ਾਰਿਆਂ ’ਤੇ ਸਿੱਖ ਇਤਿਹਾਸ ਦੇ ਰਾਹ ਤੁਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪਿਛਲੇ ਸਮੇਂ ’ਚ ਇਤਿਹਾਸਕ ਸਿੱਖ ਲਾਇਬਰੇਰੀ ਇੰਨ੍ਹਾਂ ਦੇ ਕਾਰਨਾਂ ਕਰਕੇ ਹੀ ਚਲੀ ਗਈ ਅਤੇ ਸ਼੍ਰੋਮਣੀ ਕਮੇਟੀ ਅਤੇ ਸ਼੍ਰ੍ਰੋਮਣੀ ਅਕਾਲੀ ਦਲ ਨੇ ਲਾਇਬਰੇਰੀ ਵਿੱਚੋਂ ਚੁੱਕੀਆਂ ਗਈ ਸਿੱਖ ਇਤਿਹਾਸ ਨਾਲ ਸਬੰਧਤ ਕੀਮਤੀ ਕਿਤਾਬਾਂ ਨੂੰ ਵਾਪਸ ਕਰਵਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ। ਉਨ੍ਹਾਂ ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਦਰਸ਼ਨੀ ਡਿਊਢੀ ਦੇ ਦਰਵਾਜਿਆਂ ਨੂੰ ਮੁਰੰਮਤ ਤੋਂ ਬਾਅਦ ਇਥੇ ਹੀ ਲੱਗਣਾ ਯਕੀਨੀ ਬਣਾਇਆ ਜਾਵੇ। ਜੇਕਰ ਕਿਸੇ ਸਾਜਿਸ਼ ਤਹਿਤ ਦਰਸ਼ਨੀ ਡਿਊਢੀ ਦੇ ਇਤਿਹਾਸਕ ਦਰਵਾਜਿਆਂ ਨੂੰ ਸੋਮ ਨਾਥ ਮੰਦਿਰ ਭੇਜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਿੱਖ ਕੌਮ ਅਜਿਹੀ ਨਿੰਦਦਯੋਗ ਕਾਰਵਾਈ ਨੂੰ ਕਦੇ ਬਰਦਾਸ਼ਤ ਨਹੀਂ ਕਰੇਗੀ।

Source: Punjab Hotline


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top