Share on Facebook

Main News Page

 

ਛੇਤੀ ਹੀ ਇਕ ਹੋਰ ਤਖਤ ਸਿਰਜਿਆ ਜਾਣ ਵਾਲਾ ਹੈ

 

ਪਤਾ ਨਹੀਂ ਸਿੱਖ ਏਨੇ ਅਵੇਸਲੇ ਕਿਉਂ ਹਨ? ਜੋ ਉਨ੍ਹਾਂ ਨੂੰ ਪੁਜਾਰੀਆਂ ਵਲੋਂ, ਸਿੱਖੀ ਦੇ ਹੁੰਦੇ ਘਾਣ ਬਾਰੇ ਕੋਈ ਸੋਝੀ ਹੀ ਨਹੀਂ ਹੁੰਦੀ। ਵੈਸੇ ਸ਼ਾਇਦ ਜ਼ਿਆਦਾ ਸੰਭਾਵਨਾ ਤਾਂ ਇਹੀ ਹੈ ਕਿ ਸਿੱਖ ਆਪ ਹੀ ਏਨੇ ਗਰਕ ਚੁੱਕੇ ਹਨ ਕਿ, ਅਪਣੀਆਂ ਕਰਤੂਤਾਂ ਸਾਹਵੇਂ ਉਨ੍ਹਾਂ ਨੂੰ ਪੁਜਾਰੀਆਂ ਦੀਆਂ ਕਰਤੂਤਾਂ, ਹੇਚ ਜਾਪਦੀਆਂ ਹਨ।

 

ਸਰਕਾਰ ਨੇ ਸਿੱਖਾਂ ਦੀ ਸਹੂਲਤ ਲਈ, ਜਾਂ ਸਿੱਖਾਂ ਦਾ ਘਾਣ ਕਰਨ ਲਈ ਇਕ ਰੇਲ ਗੱਡੀ ਚਲਾਈ ਹੈ, ਜਿਸ ਦਾ ਨਾਮ  “ਸ਼ਾਨ-ਏ-ਖਾਲਸਾ”  ਰੱਖਿਆ ਗਿਆ ਹੈ। ਇਹ ਰੇਲ ਗੱਡੀ ਸਿੱਖਾਂ ਦੇ ਅਖੌਤੀ ਪੰਜਾਂ ਤਖਤਾਂ ਦੀ ਯਾਤਰਾ ਕਰਵਾਉਣ ਲਈ ਚਲਾਈ ਗਈ ਹੈ। ਇਸ ਗੱਡੀ ਦੀ ਟਿਕਟ, ਸਿਰਫ 2 ਲੱਖ 10 ਹਜ਼ਾਰ ਰੁਪਏ ਦੀ ਹੈ। ਗੱਡੀ ਵਿਚ ਕੁੱਲ 80 ਸੀਟਾਂ ਹਨ, ਇਹ ਸਾਰੀਆਂ ਟਿਕਟਾਂ, ਗਰਮ-ਗਰਮ ਪਕੌੜਿਆਂ ਵਾਙ 2-3 ਦਿਨ ਵਿਚ ਹੀ ਵਿੱਕ ਗਈਆਂ।

 

ਜਿਸ ਤੋਂ ਦੁਨੀਆਂ ਵਿਚ ਸੰਦੇਸ਼ ਜਾਂਦਾ ਹੈ ਕਿ, ਸਿੱਖ ਬਹੁਤ ਅਮੀਰ ਹਨ। ਇਹ ਗੱਲ ਵੱਖਰੀ ਹੈ ਕਿ  27 ਸਾਲ ਪਹਿਲਾਂ ਵਾਪਰੇ, ਸਿੱਖ ਕਤਲੇਆਮ ਦੇ ਘੱਲੂ-ਕਾਰੇ ਦੇ ਪੀੜਤ ਸਿੱਖ, ਬੀਬੀਆਂ ਅਤੇ ਬੰਦਿਆਂ ਦੇ ਜ਼ਖਮ, ਅੱਜ ਵੀ ਮੱਲ੍ਹਮ ਖੁਣੋਂ ਰਿਸ ਰਹੇ ਹਨ।

 

ਪੰਜਾਬ ਦੇ ਸਿੱਖ ਕਿਸਾਨ, ਕਰਜ਼ਿਆਂ ਦੇ ਬੋਝ ਥੱਲੇ ਦੱਬੇ, ਹਰ ਸਾਲ ਦਰਜਣਾਂ ਵਿਚ ਖੁਦ-ਕੁਸ਼ੀਆਂ ਕਰ ਲੈਂਦੇ ਹਨ। ਵਿਕਾਸ ਦੇ ਮਾਮਲੇ ‘ਚ ਪੰਜਾਬ, ਭਾਰਤ ਵਰਗੇ ਗਰੀਬ ਦੇਸ਼ ਦੇ ਸੂਬਿਆਂ ਵਿਚ 26 ਵੇਂ ਥਾਂ ’ਤੇ ਹੈ।

(ਹੁਣ ਕੋਈ ਮੇਰੇ ਕੋਲੋਂ ਇਹ ਨਾ ਪੁੱਛ ਲੈਣਾ ਕਿ ਭਾਰਤ ਵਿਚ ਕੁੱਲ ਕਿੰਨੇ ਸੂਬੇ ਹਨ?)

 

ਇਸ ਗੱਡੀ ਦੇ ਸਵਾਗਤ ਲਈ, ਹਰ ਸਟੇਸ਼ਨ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਹੋਰ ਪ੍ਰਬੰਧਕ, ਸਰਕਾਰ ਵਿਚ ਮੌਜਾਂ ਮਾਣਦੇ, ਅਕਾਲੀ ਦਲ ਦੇ ਵਜ਼ੀਰ ਅਤੇ ਵਿਧਾਇਕ ਪਹੁੰਚਦੇ ਹਨ। ਇਹ ਸਾਰੇ ਓਥੇ ਕਿਸ ਚੀਜ਼ ਦਾ ਸਵਾਗਤ ਕਰਨ ਲਈ ਪਹੁੰਚਦੇ ਹਨ? ਕੀ ਉਸ ਵਿਚ ਬੈਠੇ ਉਨ੍ਹਾਂ ਧਨਾਢਾਂ ਦਾ? ਜੋ ਉਨ੍ਹਾਂ ਦੀ, ਸਿੱਖੀ ਨੂੰ ਖਤਮ ਕਰਨ ਦੀ ਵਿਉਂਤ ਵਿਚ ਸਹਿਯੋਗ ਦਿੰਦੇ ਹਨ, ਉਨ੍ਹਾਂ ਦੀ ਹੌਸਲਾ-ਅਫਜ਼ਾਈ ਕਰਨ?  ਕੀ ਇਹ ਤਖਤਾਂ ਦੀ ਯਾਤਰਾ ’ਤੇ ਜਾਣ ਵਾਲੇ ਸਾਰੇ ਯਾਤਰੂਆਂ ਦਾ ਇਵੇਂ ਹੀ ਸੁਆਗਤ ਕਰਦੇ ਹਨ?

 

ਪਰ ਸ਼ਾਇਦ ਇਸ ਦਾ ਸਵਾਗਤ, ਇਹ ਵੇਖਣ ਲਈ ਕੀਤਾ ਜਾਂਦਾ ਹੈ ਕਿ ਉਸ ਦੇ ਯਾਤਰੂ, ਉਸ ਗੱਡੀ ਵਿਚ ਮਿਲਦੀਆਂ ਪੂਰੀਆਂ ਸਹੂਲਤਾਂ (ਸ਼ਰਾਬ ਅਤੇ ਯੋਗਾ ਆਦਿ) ਦਾ ਪੂਰਾ ਆਨੰਦ ਵੀ ਮਾਣਦੇ ਹਨ? ਕੀ ਉਨ੍ਹਾਂ ਨੂੰ ਕਿਸੇ ਚੀਜ਼ ਦੀ ਘਾਟ ਤਾਂ ਨਹੀਂ ਪੈ ਰਹੀ? ਇਹ ਵੀ ਸੰਭਵ ਹੈ ਕਿ ਉਹ, ਉਨ੍ਹਾਂ ਚੀਜ਼ਾਂ ਦੀ ਗੁਣ-ਵਤਾ ਵੀ ਚੈਕ ਕਰਦੇ ਹੋਣ? ਕਿ ਕਿਤੇ ਲੱਖਾਂ ਰੁਪਏ ਦੇਣ ਵਾਲਿਆਂ ਨੂੰ ਘਟੀਆ ਮਾਲ ਦੇ ਕੇ ਠੱਗਿਆ ਤਾਂ ਨਹੀਂ ਜਾ ਰਿਹਾ?

 

ਸਭ ਤੋਂ ਮਜ਼ੇ ਦੀ ਗੱਲ ਤਾਂ ਇਹ ਹੈ ਕਿ ਉਸ ਗੱਡੀ ਵਿਚ ਸਫਰ ਕਰਨ ਵਾਲ਼ਿਆਂ ਵਿਚੋਂ ਕਿਸੇ ਨੂੰ ਵੀ ਇਨ੍ਹਾਂ ਸਹੂਲਤਾਂ ਦੇ ਗੱਡੀ ਵਿਚ ਹੋਣ ’ਤੇ ਕੋਈ ਇਤਰਾਜ਼ ਨਹੀਂ ਸੀ, ਕਿਉਂਕਿ ਇਨ੍ਹਾਂ ਵਿਚੋਂ ਕਿਸੇ ਵੱਲੋਂ ਵੀ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਸੀ। ਬੁਰਾ ਹੋਵੇ ਉਨ੍ਹਾਂ ਪੱਤਰਕਾਰਾਂ ਦਾ, ਜਿਨ੍ਹਾਂ ਨੇ ਬਾਹਰੋਂ ਵੇਖ ਕੇ ਹੀ, ਉਨ੍ਹਾਂ ਦਾ ਭਾਂਡਾ ਫੋੜ ਦਿੱਤਾ। ਕੀ ਉਹ ਕੁਝ ਭਾਈਵਾਲੀ ਕਰ ਕੇ, ਆਪਣਾ ਮੂੰਹ ਬੰਦ ਨਹੀਂ ਰੱਖ ਸਕਦੇ ਸਨ?

ਗੱਲ ਢੱਕੀ ਰਹਿਣੀ ਸੀ, ਕਿਉਂਕਿ ਉਸ ਗੱਡੀ ਵਿਚ, ਸਫਰ ਕਰਨ ਵਾਲਿਆਂ ਤੋਂ ਇਲਾਵਾ, ਕੋਈ ਦੂਸਰਾ ਦਾਖਲ ਹੀ ਨਹੀਂ ਹੋ ਸਕਦਾ ਸੀ। (ਸ਼ਾਇਦ ਏਸੇ ਲਈ ਪ੍ਰਬੰਧਕਾਂ ਨੂੰ ਪੂਰੀ ਆਸ ਸੀ ਕਿ ਅੰਦਰ ਦੀ ਗੱਲ ਬਾਹਰ ਨਹੀਂ ਨਿਕਲੇਗੀ)

 

ਚਲੋ ਕੋਈ ਗੱਲ ਨਹੀਂ, ਇਸ ਮਾਮਲੇ ਵਿਚ ਅਕਾਲ ਤਖਤ ’ਤੇ ਕਬਜ਼ਾ ਕੀਤੀ ਬੈਠੇ, ਸਿੰਘ ਸਾਹਿਬ ਤਾਂ ਆਪਣੀ ਨੀਤੀ ਮੁਤਾਬਕ, ਆਪਣਾ ਮੂੰਹ ਬੰਦ ਹੀ ਰੱਖਣਗੇ, ਭਾਵੇਂ ਉਨ੍ਹਾਂ ਨੂੰ ਜਿੰਨੀਆਂ ਮਰਜ਼ੀ ਸ਼ਿਕਾਇਤਾਂ ਮਿਲਣ। ਅਤੇ ਇਹ ਵੀ ਯਕੀਨ ਰੱਖੋ ਕਿ ਮੱਕੜ ਜੀ ਏਨੇ ਸਮਰੱਥ ਤਾਂ ਹਨ ਹੀ ਕਿ ਉਹ ਇਸ ਗੱਲ ਨੂੰ ਦਬਾਅ ਲੈਣ, ਕਿਸੇ ਵੀ ਸਵਾਰੀ ਪ੍ਰਬੰਧਕ, ਜਾਂ ਸਵਾਗਤ ਕਰਤਾ ਵਿਰੁੱਧ ਕੋਈ ਐਕਸ਼ਨ ਨਹੀਂ ਹੋਣ ਦੇਣਗੇ। (ਅੱਗੇ ਵੀ ਉਹ ਸਿੱਖ ਇਤਿਹਾਸ ਕਿਤਾਬ ਦੇ ਲਿਖਾਰੀ, ਛਾਪਣ ਵਾਲੇ ਬਾਰੇ, ਹਜ਼ਾਰਾਂ ਸਿੱਖਾਂ ਵਲੋਂ ਪੁੱਛੇ ਜਾਣ ’ਤੇ ਵੀ, ਉਸ ਮਾਮਲੇ ਨੂੰ ਸ਼ੀਰ-ਏ-ਮਾਦਰ ਵਾਙ ਹਜ਼ਮ ਕਰ ਚੱਕੇ ਹਨ)

 

ਹਾਂ ਵਿਚਾਰੇ ਪੱਤਰਕਾਰਾਂ ਵਿਰੁੱਧ ਜ਼ਰੂਰ ਕਾਰਵਾਈ ਹੋ ਸਕਦੀ ਹੈ, ਕਿ ਉਨ੍ਹਾਂ ਕਿਉਂ ਪਰਾਏ ਫੱਟੇ ਵਿਚ ਟੰਗ ਦਿੱਤੀ? ਵੈਸੇ ਇਹ ਵੀ ਹੋ ਸਕਦਾ ਹੈ ਕਿ, ਹਾਲ ਹੀ ਵਿਚ ਸੋਧੈ 295. ਏ. ਅਤੇ 153. ਏ. (ਜਿਨ੍ਹਾਂ ਅਧੀਨ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਿਰੁੱਧ ਸਜ਼ਾ ਦੀ ਗੱਲ ਹੈ) ਉਨ੍ਹਾਂ ਦੀ ਧਾਰ ਇਨ੍ਹਾਂ ਤੇ ਪਰਖਣ ਦੀ ਸਕੀਮ ਬਣ ਜਾਵੇ? ਇਨ੍ਹਾਂ ਪੱਤਰਕਾਰਾਂ ਨੇ ਵੀ ਤਾਂ, ਲੱਖਾਂ ਰੁਪਏ ਖਰਚ ਕੇ, ਧਰਮ-ਕਰਮ ਦੇ ਕੰਮ, ਤਖਤਾਂ ਦੀ ਯਾਤਰਾ ’ਤੇ ਜਾਣ ਵਾਲਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

 

ਇਹ ਵੀ ਸੰਭਵ ਹੈ ਕਿ ਇਹ ਖਬਰ ਛਾਪਣ ਬਦਲੇ, ਸਪੋਕਸਮੈਨ ਦੇ ਸ. ਜੋਗਿੰਦਰ ਸਿੰਘ ਨੂੰ ਦੋ-ਚਾਰ ਥਾਣਿਆਂ ਦੇ ਚੱਕਰ ਹੋਰ ਲਵਾ ਕੇ ਨਿਵਾਜਿਆ ਜਾਵੇ।

 

ਮੁੜਦੇ ਹਾਂ ਅਸਲ ਵਿਸ਼ੇ ਵੱਲ।

 

ਹਿਮਾਚਲ ਦੇ ਮੁੱਖ-ਮੰਤ੍ਰੀ ਜੀ ਨੇ ਪੰਜਾਬ ਦੇ ਮੁੱਖ-ਮੰਤ੍ਰੀ ਬਾਦਲ ਜੀ ਕੋਲ ਸਫਾਰਸ਼ ਵੀ ਕੀਤੀ ਹੈ ਅਤੇ ਜਾਣਕਾਰੀ ਵੀ ਦਿੱਤੀ ਹੈ ਕਿ  ਬ੍ਰਹਮ-ਗਿਆਨੀ, ਸੰਤ-ਬਾਬਾ ਸਰਬਜੋਤ ਸਿੰਘ ਜੀ ਬੇਦੀ, ਜੋ ਗੁਰੂ ਨਾਨਕ ਸਾਹਿਬ ਦੇ ਜਾਨ-ਨਸ਼ੀਨ ਵਜੋਂ ਵਿਚਰ ਰਹੇ ਹਨ, ਊਨਾ (ਹਿਮਾਚਲ) ਵਿਚ ਆਪਣੀ ਗੱਦੀ ਲਾ ਕੇ ਬੈਠਦੇ ਹਨ। (ਜੋ ਤੁਹਾਡੇ ਅਤੇ ਅਸਾਡੇ ਦੋਹਾਂ ਦੇ ਆਕਾ, ਆਰ. ਐਸ. ਐਸ. ਦੇ ਪਰਮ ਭਗਤ ਹਨ) ਉਨ੍ਹਾਂ ਦਾ ਗੱਦੀ ਅਸਥਾਨ “ਊਨਾ” ਵੀ ਤਖਤਾਂ ਦੇ ਦਰਸ਼ਨ ਕਰਾਉਣ ਵਾਲੀ ਗੱਡੀ “ਦੀਦਾਰ-ਏ-ਤਖਤ” ਦੇ ਰੂਟ ’ਤੇ ਲਿਆਂਦਾ ਜਾਵੇ। ਜੱਦ ਤੱਕ ਇਹ ਗੱਡੀ ਊਨਾ ਹੋ ਕੇ ਨਹੀਂ ਗੁਜ਼ਰਦੀ, ਤਦ ਤੱਕ ਇਸ ਦੀ (ਇਸ ਦੀਆਂ ਸਵਾਰੀਆਂ ਦੀ) ਰੂਹਾਨੀ ਯਾਤਰਾ ਪੂਰਨ ਨਹੀਂ ਹੋ ਸਕਦੀ।

 

ਮਾਮਲਾ ਏਥੇ ਅਟਕਿਆ ਹੋਇਆ ਹੈ ਕਿ, ਪੰਜਾਬ ਸਰਕਾਰ ਕਹਿੰਦੀ ਹੈ, ਜੇ ਕਰ ਹਿਮਾਚਲ ਸਰਕਾਰ 30 ਲੱਖ ਰੁਪਏ ਦੇ ਦੇਵੇ ਤਾਂ ਊਨਾ, ਇਸ ਗੱਡੀ ਦੇ ਰੂਟ ’ਤੇ ਲਿਆ ਜਾ ਸਕਦਾ ਹੈ।

 

ਹਿਮਾਚਲ ਸਰਕਾਰ 30 ਲੱਖ ਰੁਪਏ ਦੇਵੇ ਜਾਂ ਆਰ. ਐਸ. ਐਸ. 30 ਲੱਖ ਰੁਪਏ ਦੇਵੇ, ਜਾਂ ਬਾਬਾ ਬੇਦੀ ਜੀ 30 ਲੱਖ ਰੁਪਏ ਦੇਣ, ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈ, ਪੈਸੇ ਤਾਂ ਦਿੱਤੇ ਹੀ ਜਾਣੇ ਹਨ, ਇਹ ਤਾਂ ਭੂਮਿਕਾ ਬੰਨ੍ਹਣ ਦਾ ਇਕ ਸਾਧਨ ਹੀ ਹੈ।

 

ਉਸ ਮਗਰੋਂ ਏਨਾ ਮਹਾਨ ਅਸਥਾਨ, ਜਿਸ ਦੀ ਯਾਤਰਾ ਬਗੈਰ, ਪੰਜਾਂ ਤਖਤਾਂ ਦੀ ਯਾਤਰਾ ਕਰਨ ’ਤੇ ਵੀ, ਰੂਹਾਨੀ ਯਾਤਰਾ ਪੂਰੀ ਨਹੀਂ ਹੋ ਸਕਦੀ, ਅਜਿਹੇ ਉਚ ਧਾਰਮਿਕ ਅਸਥਾਨ ਨੂੰ ਸਿੱਖਾਂ ਦਾ ਛੇਵਾਂ ਤਖਤ ਬਨਾਉਣ ਤੋਂ ਕੌਣ ਰੋਕ ਸਕਦਾ ਹੈ?

 

ਪਹਿਲਾਂ ਵੀ ਤਾਂ ਸਿੱਖਾਂ ਨੇ ਚਾਰ ਤਖਤ ਬਣਾ ਕੇ, ਅਕਾਲ ਦੇ ਤਖਤ ਦੇ ਸਿਧਾਂਤ ਨੂੰ ਨੀਵਾਂ ਕਰ ਕੇ ਸਿੱਖਾਂ ਦੇ ਤਖਤ ਵਾਲੀ ਥਾਂ ਤੇ ਲੈ ਆਂਦਾ ਹੈ। ਹੁਣ ਇਕ ਤਖਤ ਹੋਰ ਬਣ ਕੇ ਸਿੱਖਾਂ ਦੇ ਛੇ ਤਖਤ ਸਹੀ। ਇਵੇਂ ਹੋਰ ਨਵੇਂ ਤਖਤ ਬਣਨ ਦਾ ਰਾਹ ਵੀ ਸਾਫ ਹੋ ਜਾਵੇਗਾ।

 

ਜੇ ਚਾਰ ਤਖਤ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਹੋ ਸਕਦੇ ਹਨ, ਤਾਂ ਬਾਬੇ ਨਾਨਕ ਨਾਲ ਸਬੰਧਤ ਇਕ ਤਖਤ ਕਿਉਂ ਨਹੀਂ ਹੋ ਸਕਦਾ? ਬਾਬਾ ਸਰਬਜੋਤ ਸਿੰਘ ਬੇਦੀ ਵੀ ਤਾਂ, ਬਾਬਾ ਨਾਨਕ ਦੇਵ ਜੀ ‘ਬੇਦੀ’ ਦਾ ਹੀ ਸਰੂਪ ਹਨ।

 

ਪ੍ਰਿਤਪਾਲ ਸਿੰਘ ਮੀਤ

ਦਾ ਖਾਲਸਾ

ਫੋਨ: 99271 45522


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top