Share on Facebook

Main News Page

ਜਥੇਦਾਰ ਨੰਦਗੜ੍ਹ ਨੂੰ ਤਖ਼ਤ ਸਾਹਿਬ ਦੀ ਮਰਿਯਾਦਾ ਸਿਖਾਉਣ ਵਾਲਿਓ, ਪਹਿਲਾਂ ਖ਼ੁਦ ਮਰਿਯਾਦਾ ਦਾ ਪਾਲਣ ਕਰੋ: ਭਾਈ ਦਰਵੇਸ਼

* ਤਖ਼ਤਾਂ ਦੇ ਮੌਜੂਦਾ ਜਥੇਦਾਰਾਂ ਵਿੱਚੋਂ ਇਕੋ ਇੱਕ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਹਨ ਜਿਹੜੇ ਜਥੇਦਾਰ ਦੇ ਤੌਰ ’ਤੇ ਆਪਣਾ ਸਹੀ ਫ਼ਰਜ਼ ਨਿਭਾਅ ਰਹੇ ਹਨ ਜਦੋਂ ਕਿ ਬਾਕੀ ਦੇ ਬਾਦਲ ਦੀਆਂ ਕਠਪੁਤਲੀਆਂ ਦੇ ਤੌਰ ’ਤੇ ਕੰਮ ਕਰ ਰਹੇ ਹਨ

* ਜਿਸ ਰੰਧਾਵਾ ਨੇ ਅੱਜ ਤੱਕ ਸੌਦਾ ਡੇਰਾ ਵਿਰੁਧ ਜਾਰੀ ਹੋਇਆ ਹੁਕਮਨਾਮਾ ਲਾਗੂ ਕਰਾਉਣ ਲਈ ਕੱਖ ਨਹੀਂ ਕੀਤਾ ਉਹ ਹੁਣ ਇਸ ਮੁੱਦੇ ’ਤੇ ਬਿਆਨਬਾਜ਼ੀ ਕਰਕੇ ਨਾਨਕਸ਼ਾਹੀ ਕਲੈਂਡਰ ਵਾਲੇ ਪਾਸੇ ਤੋਂ ਸਿੱਖ ਸੰਗਤਾਂ ਦਾ ਧਿਆਨ ਲਾਂਭੇ ਕਰਨਾ ਚਾਹੁੰਦੇ ਹਨ।

ਬਠਿੰਡਾ, 11 ਜਨਵਰੀ (ਕਿਰਪਾਲ ਸਿੰਘ) : ਜਥੇਦਾਰ ਨੰਦਗੜ੍ਹ ਨੂੰ ਤਖਤ ਸਾਹਿਬ ਦੀ ਮਰਯਾਦਾ ਸਿਖਾਉਣ ਵਾਲਿਓ ਪਹਿਲਾਂ ਖ਼ੁਦ ਮਰਯਾਦਾ ਦਾ ਪਾਲਣ ਕਰਨਾ ਸਿੱਖੋ। ਇਹ ਸ਼ਬਦ ਸੰਤ ਸਮਾਜ ਦੇ ਜਨਰਲ ਸਕੱਤਰ ਹਰੀ ਸਿੰਘ ਰੰਧਾਵੇ ਵਾਲਿਆˆ ਦੇ ਅਖ਼ਬਾਰਾਂ ਵਿੱਚ ਛਪੇ ਬਿਆਨ ’ਤੇ ਪ੍ਰਤੀਕਰਮ ਕਰਦੇ ਹੋਏ ਸ਼ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ ਜਿਲ੍ਹਾ ਪ੍ਰਧਾਨ ਭਾਈ ਹਰਿੰਦਰ ਸਿੰਘ ਦਰਵੇਸ਼, ਕੌਮੀ ਮੀਤ ਪ੍ਰਧਾਨ ਹਰਪਾਲ ਸਿੰਘ ਮਿੱਠੂ ਸੀਨੀਅਰ ਆਗੂ ਰਣਜੀਤ ਸਿੰਘ ਥਰਮਲ ਅਤੇ ਕੁਲਦੀਪ ਸਿੰਘ ਭਾਈਕਾ ਨੇ ਕਹੇ।

ਉਨ੍ਹਾਂ ਕਿਹਾ ਕਿ ਤਖ਼ਤਾਂ ਦੇ ਮੌਜੂਦਾ ਜਥੇਦਾਰਾਂ ਵਿੱਚੋਂ ਇਕੋ ਇੱਕ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਹਨ ਜਿਹੜੇ ਜਥੇਦਾਰ ਦੇ ਤੌਰ ’ਤੇ ਆਪਣਾ ਸਹੀ ਫ਼ਰਜ਼ ਨਿਭਾਅ ਰਹੇ ਹਨ ਜਦੋਂ ਕਿ ਬਾਕੀ ਦੇ ਬਾਦਲ ਦੀਆਂ ਕਠਪੁਤਲੀਆਂ ਦੇ ਤੌਰ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਸਿੱਖ ਕੌਮ ਦੀ ਪਿਛਲੇ 100 ਸਾਲ ਦੀ ਸੋਚ, ਸ: ਪਾਲ ਸਿੰਘ ਪੁਰੇਵਾਲ ਦੀ 15 ਸਾਲ ਦੀ ਮਿਹਨਤ ਅਤੇ ਇਸ ਕੰਮ ਲਈ ਸ਼ਰੋਮਣੀ ਕਮੇਟੀ ਵਲੋਂ ਬਣਾਈ ਗਈ ਨਿਰਣੈ ਕਮੇਟੀ ਦੇ ਨਾਮਜ਼ਦ ਕੀਤੇ ਗਏ 40 ਤੋਂ ਉੱਪਰ ਵਿਦਵਾਨਾਂ ਵਲੋਂ ਕੀਤੀ ਲੰਬੀ ਸੋਚ ਵੀਚਾਰ ਤੋਂ ਬਾਅਦ ਨਾਨਕਸ਼ਾਹੀ ਕੈਲੰਡਰ ਦਾ ਖਰੜਾ ਤਿਆਰ ਕਰਨ ਸਮੇਂ 30 ਦੇ ਲਗਪਗ ਪੰਥਕ ਜਥੇਬੰਦੀਆਂ ਅਤੇ ਵਿਦਵਾਨਾਂ ਵਲੋਂ ਭੇਜੇ ਗਏ ਲਿਖਤੀ ਸੁਝਾਵਾਂ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਸੀ।

ਇਸ ਉਪ੍ਰੰਤ ਸ਼ਰੋਮਣੀ ਕਮੇਟੀ ਦੇ ਜਨਰਲ ਇਜਲਾਸ ਅਤੇ ਕਾਰਜ਼ਕਾਰਨੀ ਕਮੇਟੀ ਦੀਆਂ ਵੱਖ ਵੱਖ ਮੀਟਿੰਗਾ ਵਿੱਚ ਪਾਸ ਹੋਣ ਉਪ੍ਰੰਤ ਪੰਜ ਸਿੰਘ ਸਾਹਿਬਾਨ ਨੇ ਇਸ ਨੂੰ ਲਾਗੂ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਲੰਬੀ ਪ੍ਰੀਕਿਰਿਆ ’ਚੋਂ ਲੰਘਣ ਤੋਂ ਬਾਅਦ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸ਼ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਅਤੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਇਸ ਨੂੰ 2003 ਦੀ ਵਿਸਾਖੀ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਕੌਮ ਨੂੰ ਸਮਰਪਿਤ ਕੀਤਾ ਸੀ। ਇਸ ਕਲੈਂਡਰ ਨੂੰ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ, ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਅੰਤਰਾਸ਼ਟਰੀ ਪੱਧਰ ’ਤੇ ਮਾਨਤਾ ਮਿਲੀ। ਨਾਨਕਸ਼ਾਹੀ ਕਲੈਡਰ ਸਿੱਖ ਕੌਮ ਦੀ ਵਖਰੀ ਹਸਤੀ ਦਾ ਪ੍ਰਤੀਕ ਹੈ।

ਉਨ੍ਹਾਂ ਕਿਹਾ ਕਿ ਪ੍ਰਚਲਤ ਬਿਕ੍ਰਮੀ ਸਾਲ ਦੀ ਲੰਬਾਈ ਮੌਸਮੀ ਸਾਲ ਨਾਲ ਤਕਰੀਬਨ 20 ਮਿੰਟ ਵੱਧ ਹੋਣ ਕਰਕੇ 70/71 ਸਾਲਾਂ ਵਿੱਚ ਮੌਸਮ ਨਾਲੋਂ ਇੱਕ ਦਿਨ ਪਛੜ ਜਾਂਦਾ ਹੈ। ਇਹੋ ਕਾਰਣ ਹੈ 1699 ਦੀ ਵਿਸਾਖੀ 30 ਮਾਰਚ ਨੂੰ ਸੀ ਅਤੇ ਅੱਜ ਕੱਲ੍ਹ 14 ਅਪ੍ਰੈਲ ਨੂੰ ਆ ਰਹੀ ਹੈ। ਉਕਤ ਆਗੂਆਂ ਨੇ ਕਿਹਾ ਕਿ ਇਸ ਹਿਸਾਬ ਨਾਲ ਅੱਜ ਤੋਂ 1100 ਸੌ ਸਾਲ ਬਾਅਦ ਵਿਸਾਖੀ ਅਪ੍ਰੈਲ ਦੀ ਥਾਂ ਮਈ ਮਹੀਨੇ ਵਿੱਚ ਚਲੀ ਜਾਵੇਗੀ ਅਤੇ ਇਸ ਤਰ੍ਹਾਂ ਗੁਰਬਾਣੀ ਵਿੱਚ ਦਰਜ਼ ਬਾਰਹ ਮਾਂਹ ’ਚ ਰੁੱਤਾਂ ਦਾ ਸਬੰਧ ਮੌਸਮ ਨਾਲੋਂ ਟੁੱਟ ਜਾਵੇਗਾ। ਉਨ੍ਹਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਜਿਥੇ ਗੁਰਬਾਣੀ ਅਨੁਸਾਰ ਹੈ ਅਤੇ ਦੂਰ ਦੁਰੇਡੇ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਨੂੰ ਕੌਮੀ ਦਿਹਾੜੇ ਨਿਸਚਿਤ ਕਰਨੇ ਬੜੇ ਅਸਾਨ ਹਨ ਕਿਉਂਕਿ ਇਹ ਈਸਵੀ ਸਾਲ ਨਾਲ ਜੁੜਿਆ ਹੋਇਆ ਹੈ ਜਿਹੜਾ ਕਿ ਸਾਰੀ ਦੁਨੀਆਂ ਵਿੱਚ ਪ੍ਰਚਲਤ ਹੈ ਜਦੋਂ ਕਿ ਬਿਕ੍ਰਮੀ ਸੰਮਤ ਦੀਆਂ ਤਿੱਥਾਂ ਪੰਜਾਬ ਵਿੱਚ ਵੀ ਕੋਈ ਨਹੀਂ ਜਾਣਦਾ। ਸਾਧਾਂ ਦੇ ਡੇਰਿਆਂ ਨੂੰ ਛੱਡ ਕੇ ਸਮੁੱਚਾ ਸਿੱਖ ਪੰਥ ਨਾਨਕਸ਼ਾਹੀ ਕੈਲੰਡਰ ਨੂੰ ਪੂਰੀ ਤਰ੍ਹਾਂ ਅਪਣਾ ਚੁੱਕਾ ਸੀ ਅਤੇ ਇਸ ਦੀ ਤਬਦੀਲੀ ਲਈ ਕਿਸੇ ਵਲੋਂ ਕੋਈ ਲਿਖਤੀ ਸੁਝਾਅ ਅੱਜ ਤੱਕ ਨਹੀਂ ਆਇਆ। ਆਰ.ਐੱਸ.ਐੱਸ ਦੇ ਏਜੰਟ ਡੇਰੇਦਾਰਾਂ ਦੀਆਂ ਵੋਟਾਂ ਲੈਣ ਲਈ ਅਚਾਨਕ 2009 ਦੀ ਦੀਵਾਲੀ ਵਾਲੇ ਦਿਨ ਇਸ ਦੀ ਸੋਧ (ਸਹੀ ਮਾਅਨਿਆਂ ਵਿੱਚ ਵਿਗਾੜ) ਕਰਨ ਦਾ ਮਸਲਾ 5 ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਵੀਚਾਰਿਆ ਗਿਆ ਜਿਥੇ ਗਿਆਨੀ ਨੰਦਗੜ੍ਹ ਦੇ ਸਖਤ ਸਟੈਂਡ ਕਾਰਣ ਪਾਸ ਨਾ ਸਕਿਆ।

ਇਸ ਲਈ ਇਸ ਤੇ ਵੀਚਾਰ ਕਰਨ ਲਈ ਇਹ ਸ਼ਰੋਮਣੀ ਕਮੇਟੀ ਦੀ ਕਾਰਜ਼ਕਾਰੀ ਕਮੇਟੀ ਨੂੰ ਭੇਜਿਆ ਗਿਆ ਜਿਸ ਵਿਚ ਵੀ ਬਹੁਸੰਮਤੀ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਖ਼ਗੋਲ ਅਤੇ ਤਾਰਾ ਵਿਗਿਆਨ ਦੀ ਕੋਈ ਸੋਝੀ ਨਹੀਂ ਇਸ ਲਈ ਇਸ ’ਤੇ ਵੀਚਾਰ ਕਰਨ ਲਈ ਵਿਦਵਾਨਾਂ ਦੇ ਪੈਨਲ ਨੂੰ ਸੌਂਪਿਆ ਜਾਵੇ। ਪਰ ਜਦੋਂ ਹੀ ਪ੍ਰਧਾਨ ਮੱਕੜ ਨੇ ਸੁਖਬੀਰ ਬਾਦਲ ਦਾ ਨਾਮ ਲਿਆ ਤਾਂ ਬੇਸ਼ੱਕ ਬਹੁ ਗਿਣਤੀ ਮੈਂਬਰ ਨੇ ਸੋਧਾਂ ਲਈ ਪ੍ਰਵਾਨਗੀ ਲਈ ਹੱਥ ਖੜ੍ਹੇ ਕਰ ਦਿੱਤੇ ਪਰ ਸ਼ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸਮੇਤ 3 ਮੈਂਬਰਾਂ ਨੇ ਸੋਧਾਂ ਦੇ ਰੋਸ ਵਜੋਂ ਵਾਕਆਊਟ ਕੀਤਾ। ਉਨ੍ਹਾਂ ਦੇ ਵਿਰੋਧ ਦੇ ਬਾਵਯੂਦ ਸੋਧਾਂ ਦੀ ਪ੍ਰਵਾਨਗੀ ਦੇ ਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਭੇਜਿਆ ਗਿਆ ਪਰ ਕਿਉਂਕਿ ਉਹ 5 ਸਿੰਘ ਸਾਹਿਬਾਨ ਦੀ ਸਹਿਮਤੀ ਨਾ ਲੈ ਸਕਿਆ ਇਸ ਕਰਕੇ 4 ਹੋਰ ਗੰ੍ਰਥੀ ਲੈ ਕੇ ਉਨ੍ਹਾਂ ਆਪਣੇ ਤੌਰ ’ਤੇ ਹੀ ਇਸ ਵਿਗਾੜੇ ਹੋਏ ਨਾਨਕਸ਼ਾਹੀ ਕਲੈਂਡਰ ਨੂੰ ਲਾਗੂ ਕਰਨ ਦਾ ਐਲਾਨ ਕਰ ਦਿੱਤਾ। ਇਸ ਦਾ ਨਾਮ ਹੀ ਨਾਨਕਸ਼ਾਹੀ ਹੈ ਅਸਲ ਵਿੱਚ ਇਹ ਬਿਕ੍ਰਮੀ ਕਲੈਂਡਰ ਹੀ ਬਣ ਚੁੱਕਾ ਹੈ। ਇਸ ਲਈ ਇਸ ਨੂੰ ਨਾ ਤਾਂ ਨਾਨਕਸ਼ਾਹੀ ਕਲੈਂਡਰ ਕਹਿਣਾ ਅਤੇ ਨਾ ਹੀ ਅਕਾਲ ਤਖ਼ਤ ਤੋਂ ਜਾਰੀ ਹੋਇਆ ਕਹਿਣਾ ਯੋਗ ਹੈ ਕਿਉਂਕਿ ਸੋਧਾਂ ਲਈ ਉਹ ਪ੍ਰੀਕਿਰਿਆ ਨਹੀਂ ਅਪਣਾਈ ਗਈ ਜੋ ਇਸ ਨੂੰ ਲਾਗੂ ਕਰਨ ਸਮੇਂ ਅਪਨਾਈ ਗਈ ਸੀ। ਉਕਤ ਆਗੂਆਂ ਨੇ ਕਿਹਾ ਇਸ ਲਈ ਉਨ੍ਹਾਂ ਦੀ ਪਾਰਟੀ ਸ਼ਰੋਮਣੀ ਅਕਾਲੀ ਦਲ (ਲੌਂਗੌਵਾਲ), ਜਥੇਦਾਰ ਨੰਦਗੜ੍ਹ ਦੀ ਪੂਰਨ ਹਮਾਇਤ ਕਰਦੀ ਹੈ।

ਭਿਖੀ ਕਾਂਡ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਗੰਭੀਰ ਮਸਲੇ ਨੂੰ ਬਾਦਲ ਨੇ ਆਪਣੀ ਸਿਆਸਤ ਲਈ ਉਲਝਾਇਆ ਹੈ। ਪਹਿਲਾਂ ਤਾਂ ਸੌਦਾ ਸਾਧ ਦੇ ਚੇਲਿਆਂ ਵਲੋਂ ਬਾਦਲ ਦਲ ਨੂੰ ਵੋਟਾਂ ਨਾ ਪਾਏ ਜਾਣ ਕਾਰਣ 17 ਮਈ 2007 ਨੂੰ ਉਨ੍ਹਾਂ ਦੀਆਂ ਕੂੜ ਚਰਚਾਵਾਂ ਤੇ ਡੇਰੇ ਬੰਦ ਕਰਵਾਉਣ ਲਈ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਕਰਵਾ ਦਿੱਤਾ ਤੇ ਫਿਰ ਲੋਕ ਸਭਾ ਦੀਆਂ ਚੋਣਾਂ ’ਚ ਵੋਟਾਂ ਲੈਣ ਲਈ ਉਨ੍ਹਾਂ ਦੀਆਂ ਕੂੜ ਚਰਚਾਵਾਂ ਸਰਕਾਰੀ ਸੁਰੱਖਿਆ ਹੇਠ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਣ ਉਨ੍ਹਾਂ ਦੇ ਹੌਸਲੇ ਵਧੇ ਤੇ ਭਿੱਖੀ ਕਾਂਡ ਵਾਪਰਿਆ ਪਰ ਅਕਾਲ ਤਖ਼ਤ ਦਾ ਜਥੇਦਾਰ ਨਾਂ ਤਾਂ ਇਹ ਹੁਕਮਨਾਮਾਂ ਲਾਗੂ ਕਰਵਾ ਰਿਹਾ ਹੈ ਅਤੇ ਨਾਂ ਹੀ ਰੱਦ ਕਰਵਾ ਰਹੇ ਹਨ ਕਿਉਂਕਿ ਜੇ ਸੌਦਾ ਸਾਧ ਨੇ 2012 ਵਿੱਚ ਬਾਦਲ ਦਲ ਨੂੰ ਵੋਟਾਂ ਨਾ ਪਾਈਆਂ ਤਾਂ ਇਸ ਦਾ ਬਹਾਨਾ ਬਣਾ ਕੇ ਉਨ੍ਹਾਂ ਵਿਰੁੱਧ ਫਿਰ ਸਕੰਜਾ ਕਸ ਦਿੱਤਾ ਜਾਵੇਗਾ। ਉਕਤ ਆਗੂਆਂ ਨੇ ਕਿਹਾ ਕਿ ਧਰਮ ਨੂੰ ਸਿਆਸਤ ਲਈ ਵਰਤਣ ਕਰਕੇ ਪਹਿਲਾਂ ਹੀ ਧਰਮ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ ਇਸ ਲਈ ਹੋਰ ਨੁਕਸਾਨ ਕਰਨ ਤੋਂ ਬਾਜ਼ ਆਇਆ ਜਾਵੇ। ਉਨ੍ਹਾਂ ਕਿਹਾ ਜਿਸ ਰੰਧਾਵਾ ਨੇ ਅੱਜ ਤੱਕ ਸੌਦਾ ਡੇਰਾ ਵਿਰੁਧ ਜਾਰੀ ਹੋਇਆ ਹੁਕਮਨਾਮਾ ਲਾਗੂ ਕਰਾਉਣ ਲਈ ਕੱਖ ਨਹੀਂ ਕੀਤਾ ਉਹ ਹੁਣ ਇਸ ਮੁੱਦੇ’ਤੇ ਬਿਆਨਬਾਜ਼ੀ ਕਰਕੇ ਨਾਨਕਸ਼ਾਹੀ ਕੈਲੰਡਰ ਵਾਲੇ ਪਾਸੇ ਤੋਂ ਸਿੱਖ ਸੰਗਤਾਂ ਦਾ ਧਿਆਨ ਲਾਂਭੇ ਕਰਨਾ ਚਾਹੁੰਦੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top