Share on Facebook

Main News Page

ਅਮਰੀਕਾ ਵਿਚ ਪਗੜੀ ਮੁੱਦੇ ’ਤੇ ਮਗਰਮੱਛੀ ਹੰਝੂ ਵਗਾਉਣ ਵਾਲੇ ਬਾਦਲਕੇ ਭਾਰਤ, 'ਚ ਸਿੱਖਾਂ ਦੀਆਂ ਪੱਗਾਂ ਰੋਲਣ ਤੋਂ ਸੰਕੋਚ ਕਿਉਂ ਨਹੀਂ ਕਰਦੇ?

ਅੱਜ ਤਾਂ ਮੂਡ ਬਹੁਤ ਖਰਾਬ ਹੈ, ਕੁੱਝ ਕੌੜੀਆਂ-ਕੌੜੀਆਂ ਗੱਲਾਂ ਕਰਨ ਦਾ ਮਨ ਹੋ ਰਿਹਾ ਹੈ। ਹਰ ਬੰਦਾ, ਹਰ ਕੰਮ ਮਨ ਦੇ ਕਹੇ ਕਰਦਾ ਹੈ, ਇਹ ਗੱਲ ਵੱਖਰੀ ਹੈ ਕਿ ਉਸ ਦਾ ਮਨ ਆਪ-ਹੁਦਰਾ ਹੈ? ਜਾਂ ਸ਼ਬਦ ਗੁਰੂ ਤੋਂ ਸਿੱਖਿਆ ਲੈਣ ਵਾਲਾ ਹੈ? ਇਸ ਦੇ ਆਧਾਰ ਤੇ ਹੀ ਬੰਦੇ ਦਾ ਕਿਰਦਾਰ ਬਣਦਾ ਹੈ।

ਪਰ ਗੱਲਾਂ ਕਰਨ ਤੋਂ ਪਹਿਲਾਂ, ਸੁਹਿਰਦ ਪਾਠਕ ਵੀਰਾਂ ਨੂੰ ਇੱਕ ਬੇਨਤੀ, ਜ਼ਰੂਰ ਕਰਨੀ ਚਾਹਾਂਗਾ ਕਿ ਇਹ ਕੌੜੀਆਂ ਗੱਲਾਂ ਪੜ੍ਹਨ ਮਗਰੋਂ, ਜੇ ਉਨ੍ਹਾਂ ਦਾ ਮਨ ਮੈਨੁੰ ਕੁੱਝ ਕਹਿਣ ਨੂੰ ਕਰੇ ਤਾਂ ਇੱਕ ਵਾਰ ਮੇਰੀਆਂ ਗੱਲਾਂ ਨੂੰ, ਆਪਣੇ ਮਨ ਦੀ ਕਸਵੱਟੀ ਤੇ ਜ਼ਰੂਰ ਪਰਖ ਲੈਣ, ਜੇ ਫਿਰ ਵੀ ਮਨ ਨਾ ਮੰਨੇ ਤਾਂ ਤੁਹਾਨੂੰ ਹਰ ਗੱਲ ਕਹਣ ਦੀ ਪੂਰੀ ਖੁਲ੍ਹ ਹੋਵੇਗੀ, ਮੈਂ ਤੁਹਾਡੀਆਂ ਗੱਲਾਂ ਸਿਰ-ਮੱਥੇ ਤੇ ਮੰਨਾਂਗਾ।

ਕਲ ਮੈਂ ਵੇਖ ਰਿਹਾ ਸੀ ਕਿ ਅਵਤਾਰ ਸਿੰਘ ਹਿੱਤ ਵਰਗੇ, ਸਿੱਖ ਕਤਲੇਆਮ ਦੇ ਦੋਸ਼ੀਆਂ ਦੇ ਦਲਾਲ ਬੰਦੇ ਵੀ, ਸਰਦਾਰਾਂ ਦੀ ਪੱਗ ਲਈ ਚਿੰਤਤ ਨਜ਼ਰ ਆ ਰਹੇ ਹਨ। ਅੱਜ ਵੇਖ ਰਿਹਾ ਹਾਂ ਕਿ ਉਹ ਹੀ ਨਹੀਂ, ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਸੰਤ ਸਮਾਜ ਦੇ ਬਹੁਤ ਸਾਰੇ, ਬਾਦਲ ਦੇ ਜੁੱਤੀ ਚੱਟ ਬੰਦੇ ਵੀ, ਅਮਰੀਕਾ ਦੇ ਹਵਾਈ ਅਡਿਆਂ ਤੇ ਸਰਦਾਰਾਂ ਦੀ ਦਸਤਾਰ ਦੀ ਤਲਾਸ਼ੀ ਲੈਣ ਦੇ ਢੰਗ ਤੋਂ ਡਾਢੇ ਚਿੰਤਤ ਹਨ। ਸ਼ਾਇਦ ਪੰਥ ਉਨ੍ਹਾਂ ਨੂੰ ਏਨੇ ਜ਼ਿਆਦਾ ਪੈਸੇ ਦਿੰਦਾ ਹੈ ਕਿ, ਉਹ ਉਨ੍ਹਾਂ ਪੈਸਿਆਂ ਨੂੰ ਖਰਚਣ ਲਈ, ਵਿਦੇਸ਼ਾਂ ਵਿੱਚ ਜ਼ਿਆਦਾ ਅਤੇ ਪੰਜਾਬ ਵਿੱਚ ਘੱਟ ਰਹਿੰਦੇ ਹਨ। ਤਾਂ ਹੀ ਤੇ ਉਨ੍ਹਾਂ ਨੂੰ ਪੰਜਾਬ ਵਿੱਚ ਕੁੱਝ ਵਾਪਰੇ ਦਾ ਘੱਟ ਹੀ ਪਤਾ ਲਗਦਾ ਹੈ, ਵਿਦੇਸ਼ਾਂ ਵਿੱਚ ਵਾਪਰਦੀਆਂ ਘਟਨਾਵਾਂ ਬਾਰੇ ਜ਼ਿਆਦਾ ਗਿਆਨ ਹੁੰਦਾ ਹੈ।

ਇਹ ਹਾਲਤ ਹੈ ਦਸਤਾਰ ਦੀ ਪੰਜਾਬ 'ਚ, ਤੇ ਦਸਤਾਰ ਵਾਸਤੇ ਫਰਾਂਸ ਅਤੇ ਹੋਰ ਦੇਸਾਂ 'ਚ ਸਿੱਖ ਸੰਘਰਸ਼ ਕਰ ਰਹੇ ਹਨ...???

ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਚ ਅਵਤਾਰ ਸਿੰਘ ਮੱਕੜ ਤੋਂ ਸੁਆਲ ਪੁੱਛਣ ਦੀ ਜ਼ੁਰਅਤ ਕਰਨ ਵਾਲੇ ਨੌਜੁਆਨਾਂ ਦੀਆਂ ਦਸਤਾਰਾਂ ਰੋਲਣ ਉਪਰੰਤ ਉਨ੍ਹਾਂ ਨੂੰ ਕੇਸਾਂ ਤੋਂ ਘਸੀਟਦਿਆਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ

ਪਿਛਲੇ ਦਿਨੀਂ ਪੰਜਾਬ ਪੁਲਿਸ ਵਾਲੇ ETT ਅਧਿਆਪਕਾਂ ਨੂੰ ਕੁੱਟਦੇ ਹੋਏ, ਅਤੇ ਸਿੱਖਾਂ ਦੀਆਂ ਦਸਤਾਰਾਂ ਬੇਦਰਦੀ ਨਾਲ ਲਾਹੁੰਦੇ ਹੋਏ

ਵੈਸੇ ਇਹ ਵੀ ਹੋ ਸਕਦਾ ਹੈ ਕਿ, ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਵਲੋਂ ਉਨ੍ਹਾਂ ਨੂੰ ਦਿੱਤੇ ਜਾਂਦੇ ਡਾਲਰਾਂ ਦੀ ਚਮਕ, ਏਨੀ ਜ਼ਿਆਦਾ ਹੋਵੇ ਕਿ, ਉਨ੍ਹਾਂ ਨੂੰ ਪੰਜਾਬ ਦੇ ਗੁਰਦਵਾਰਿਆਂ ਵਿਚੋਂ ਮਿਲਦੇ ਅਰਬਾਂ ਰੁਪਏ, ਘੱਟ ਜਾਪਦੇ ਹੋਣ ਅਤੇ ਉਨ੍ਹਾਂ ਨੂੰ ਸਾਵਣ ਦੇ ਅੰਨ੍ਹੇਵਾਹ ਹਰ ਵੇਲੇ ਹਰਾ ਹੀ ਹਰਾ (ਡਾਲਰ ਹੀ ਡਾਲਰ, ਵਿਦੇਸ਼ ਹੀ ਵਿਦੇਸ਼) ਦਿੱਸਦਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਉਹ ਵਿਚਾਰੇ, ਅਜਿਹੇ ਦੀਵੇ ਹੋਣ, ਜਿਨ੍ਹਾਂ ਥੱਲੇ ਹਨੇਰਾ ਹੀ ਹਨੇਰਾ ਰਹਿਣਾ ਹੈ। ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਦੀ ਨਜ਼ਰ ਵਿੱਚ ਹੀ ਕੋਈ ਅਜਿਹਾ ਨੁਕਸ ਹੋਵੇ, ਜਿਸ ਨਾਲ ਉਨ੍ਹਾਂ ਨੂੰ ਨੇੜੇ ਦੀ ਚੀਜ਼ ਘੱਟ ਦਿਸਦੀ ਹੋਵੇ, ਅਤੇ ਦੂਰ ਦੀ ਚੀਜ਼ ਸਾਫ ਦਿਸਦੀ ਹੋਵੇ। ਸ਼ਾਇਦ ਅਜਿਹੇ ਬੰਦਿਆਂ ਲਈ ਹੀ ਕਿਸੇ ਨੇ ਕਿਹਾ ਹੋਵੇ ‘ਅੰਧੇ ਕੋ ਅੰਧੇਰੇ ਮੇਂ ਬੜੇ ਦੂਰ ਕੀ ਸੂਝੀ’।

ਇਹ ਆਪ ਤਾਂ ਅਕਸਰ ਹੀ ਪੰਥਕ ਸਟੇਜਾਂ ਤੇ, ਗੁਰਦੁਆਰਿਆਂ ਵਿਚ, ਵਿਧਾਨ ਸਭਾ ਵਿਚ, ਇੱਕ ਦੂਜੇ ਦੀਆਂ ਪੱਗਾਂ ਲਾਹੁੰਦੇ ਹੀ ਰਹਿੰਦੇ ਹਨ। (ਮੈਂ ਪਿਛਲੇ ਲੇਖ ਵਿੱਚ ਲਿਖਿਆ ਸੀ ਕਿ ਸ਼ਾਇਦ ਸਿੱਖਾਂ ਕੋਲ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਸਾੜਨ ਦਾ ਅਧਿਕਾਰ ਹੈ, ਇਸ ਲਈ ਹੀ ਹੱਥ ਲਿਖਤ ਬੀੜਾਂ ਸਾੜ ਕੇ, ਸਿੱਖੀ ਦਾ ਵਿਰਸਾ ਖਤਮ ਕਰਨ ਲਈ ਉਚੇਚੇ ਤੌਰ ਤੇ, ਅੰਗੀਠਾ ਸਾਹਿਬ ਦੇ ਨਾਮ ਨਾਲ ਗੁਰਦੁਆਰੇ ਬਣਾਏ ਗਏ ਹਨ। ਗੁਰਦੁਆਰਿਆਂ ਦੇ ਕਹੇ ਜਾਂਦੇ ਸੁਖਾਸਣ ਦੇ ਕਮਰਿਆਂ ਵਿਚ, ਸਾਲ ਦੀਆਂ ਸੈਂਕੜੇ ਬੀੜਾਂ ਸੜਨ ’ਤੇ ਵੀ ਕੋਈ ਰੋਸ ਨਹੀਂ ਹੁੰਦਾ, ਬਸ ਅਖੰਡ ਪਾਠ ਦਾ ਭੋਗ ਪਾਇਆ, ਅਰਦਾਸ ਕੀਤੀ, ਮੁਆਮਲਾ ਖਤਮ। ਕਿਸੇ ਵੀ ਗੈਰ-ਸਿੱਖ ਕੋਲੋਂ, ਜੇ ਇੱਕ ਵੀ ਬੀੜ ਸੜ ਜਾਵੇ, (ਭਾਵੇਂ ਅਣਭੋਲ ਹੀ ਸੜੀ ਹੋਵੇ) ਤਾਂ ਸਾਰੇ ਪੰਥ ਵਿੱਚ ਹਾਹਾਕਾਰ ਮਚ ਜਾਂਦੀ ਹੈ)। ਕਿਤੇ ਇਹ ਤਾਂ ਨਹੀਂ ਕਿ ਉਨ੍ਹਾਂ ਨੂੰ ਇਹ ਮਹਿਸੂਸ ਹੋਣ ਲਗ ਜਾਂਦਾ ਹੋਵੇ ਕਿ ਸਾਡਾ ਠੇਕਾ ਕੋਈ ਦੂਸਰਾ ਹੀ ਨਾ ਲੈ ਜਾਵੇ? ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਪ੍ਰਤੀ ਉਨ੍ਹਾਂ ਦਾ ਪਿਆਰ ਤਾਂ ਜੱਗ-ਜ਼ਾਹਰ ਹੈ।

ਇਵੇਂ ਹੀ ਦਰਬਾਰ ਸਾਹਿਬ ਵਿੱਚ ਵੀ, ਸਿੱਖੀ ਦੀ ਰਖਵਾਲੀ, ਟਾਸਕ ਫੋਰਸ ਵਲੋਂ, ਰੋਜ਼ ਦੀਆਂ ਦੋ-ਚਾਰ ਦੇਸੀ ਜਾਂ ਵਿਦੇਸ਼ੀ ਸਿੱਖਾਂ ਦੀਆਂ ਪੱਗਾਂ ਲਾਹੀਆਂ ਜਾਂਦੀਆਂ ਆਮ ਹੀ ਵੇਖੀਆਂ ਜਾ ਸਦੀਆਂ ਹਨ। ਇਸ ਕਾਲੀ-ਦਲ ਦੇ ਰਾਜ ਥੱਲੇ, ਪੰਜਾਬ ਵਿੱਚ ਕਿਤੇ ਨਾ ਕਿਤੇ, ਹਰ ਰੋਜ਼ ਆਪਣੇ ਹੱਕਾਂ ਲਈ, ਪੁਰ ਅਮਨ ਮਹਜ਼ਾਹਰਾ ਕਰਨ ਵਾਲਿਆਂ ਦੀਆਂ, ਪੰਜਾਬ ਪੁਲਸ ਹੱਥੋਂ, ਸਰਦਾਰਾਂ ਦੀਆਂ ਪੱਗਾਂ ਅਤੇ ਬੀਬੀਆਂ ਦੀਆਂ ਚੁੰਨੀਆਂ ਲਥਦੀਆਂ ਅਤੇ ਉਨ੍ਹਾਂ ਨੂੰ ਕੇਸਾਂ ਤੋਂ ਫੜ ਕੇ ਧੂੰਹਦਿਆਂ ਦੀਆਂ ਤਸਵੀਰਾਂ ਅਖਬਾਰਾਂ, ਰਸਾਲਿਆਂ ਅਤੇ ਟੀ.ਵੀ. ਤੇ ਆਮ ਹੀ ਵੇਖੀਆਂ ਜਾ ਸਕਦੀਆਂ ਹਨ।

ਚਾਰ-ਪੰਜ ਮਹੀਨੇ ਪਹਿਲਾਂ, ਅਕਾਲ ਤਖਤ ਤੇ ਕਾਬਜ਼, ਲਫਾਫਾ ਛਾਪ ਜਥੇਦਾਰਾਂ ਨੂੰ ਹੀ ਅਕਾਲ ਤਖਤ ਮੰਨਣ ਵਾਲਿਆਂ ਨੇ ਈ.ਟੀ.ਟੀ. ਅਧਿਆਪਕਾਂ ਦੀਆਂ ਪੁਲਸ ਹੱਥੋਂ ਰੁਲਦੀਆਂ ਪੱਗਾਂ ਅਤੇ ਚੁੰਨੀਆਂ, ਕੇਸਾਂ ਤੋਂ ਫੜ ਕੇ ਘੜੀਸਦਿਆਂ ਦੀਆਂ ਫੋਟੋਆਂ, ਅਤੇ ਵੀ.ਡੀ.ਓ. ਅਕਾਲ ਤਖ਼ਤ ਸਾਹਿਬ ਜੀ ਦੇ ਦਲਾਲੀ ਵਾਲੇ ਕਮਰੇ ਵਿੱਚ ਪੇਸ਼ ਕੀਤੀਆਂ ਗਈਆਂ ਸਨ, ਪਰ ਅੱਜ ਤਕ ਉਨ੍ਹਾਂ ਬਾਰੇ ਕਿਸੇ ਨੇ ਇੱਕ ਲਫਜ਼ ਵੀ ਨਹੀਂ ਕਿਹਾ। (ਸ਼ਾਇਦ ਸੁਵਿਧਾ ਸ਼ੁਲਕ ਨਾ ਮਿਲਿਆ ਹੋਣ ਕਾਰਨ) ਫਿਰ ਇਨ੍ਹਾਂ ਨੂੰ ਅਮਰੀਕਾ ਵਿਚ, ਸਿੱਖਾਂ ਦੀਆਂ ਪੱਗਾਂ ਦੀ ਲਈ ਜਾਂਦੀ ਤਲਾਸ਼ੀ ਬਾਰੇ ਹੇਜ ਕਿਵੇਂ ਜਾਗ ਪਿਆ? ਜੋ ਇਹ ਸਾਰੇ ਇਕੱਠੇ ਹੋ ਕੇ ਅਮਰੀਕੀ ਦੂਤ-ਘਰ ਅੱਗੇ ਪਹੁੰਚ ਗਏ?

ਗੱਲ ਸਿੱਧੀ-ਸਾਦੀ ਜਿਹੀ ਹੈ ਕਿ ਇਨ੍ਹਾਂ ਨੂੰ ਨਾ ਸਿੱਖੀ ਨਾਲ ਪਿਆਰ ਹੈ, ਨਾ ਸਿੱਖਾਂ ਦੀਆਂ ਪੱਗਾਂ ਨਾਲ। ਨਾ ਬੀਬੀਆਂ ਦਿਆਂ ਦੁਪੱਟਿਆਂ ਦੀ ਇੱਜ਼ਤ ਨਾਲ ਪਿਆਰ ਹੈ, ਨਾ ਬਾਬਾ ਨਾਨਕ ਜੀ ਦੇ ਸਿੱਖੀ ਦੇ ਸਿਧਾਂਤ ਦੀ ਇੱਜ਼ਤ ਨਾਲ ਹੀ ਕੋਈ ਪਿਆਰ ਹੈ। ਇਨ੍ਹਾਂ ਨੂੰ ਪਿਆਰ ਹੈ ਸਿੱਖਾਂ ਦੀਆਂ ਵੋਟਾਂ ਨਾਲ (ਜਿਸ ਆਸਰੇ ਤੁਹਾਡੇ, ਸਮਾਜ ਕਲਿਆਣ ਲਈ ਦਿੱਤੇ ਦਸਵੰਧ ਤੇ, ਇਹ ਆਪ ਹੀ ਕਬਜ਼ਾ ਕਰ ਲੈਂਦੇ ਹਨ।) ਜਿਸ ਲਈ ਇਨ੍ਹਾਂ ਅਜਿਹੇ ਮੁੱਦੇ ਉਠਾ ਕੇ, ਸਿੱਖਾਂ ਨੂੰ ਇਸ ਗੱਲੋਂ ਭੜਕਾਉਣਾ ਹੈ ਕਿ ਭਾਰਤ ਦਾ ਪ੍ਰਧਾਨ ਮੰਤ੍ਰੀ, ਸਰਦਾਰ ਹੁੰਦੇ ਹੋਏ ਵੀ, ਵਿਦੇਸ਼ਾਂ ਵਿੱਚ ਤੁਹਾਡੀ ਦਸਤਾਰ ਦੀ ਰਾਖੀ ਕਰਨ ਵਿੱਚ ਅਸਮਰੱਥ ਹੈ। ਤਾਂ ਜੋ ਸਰਦਾਰਾਂ ਦੀਆਂ ਵੋਟਾਂ ਰੂਪੀ ਬਟੇਰਾ ਉਨ੍ਹਾਂ ਦੇ ਹੱਥੋਂ ਨਾ ਨਿਕਲ ਜਾਵੇ।

ਵੈਸੇ ਇਨ੍ਹਾਂ ਨੇ ਡਾ. ਮਨਮੋਹਨ ਸਿੰਘ ਨੂੰ ਆਪਣੇ ਪੰਥ ਦਾ ਮੈਂਬਰ ਹੀ ਕੱਦ ਸਮਝਿਆ ਸੀ ਜੋ ਉਸ ਵਲੋਂ ਸਿੱਖਾਂ ਦੇ ਹਿੱਤਾਂ ਦੀ ਘੱਟ ਰਾਖੀ ਕਰਨ ਕਾਰਨ ਇਨ੍ਹਾਂ ਦੇ ਮਨਾਂ ਵਿੱਚ ਰੋਸ ਉ¤ਠ ਖਲੋਇਆ? ਜਦ ਡਾ. ਮਨਮੋਹਨ ਸਿੰਘ ਦੇ ਬਰ-ਖਿਲਾਫ ਅਵਿਸ਼ਵਾਸ ਦਾ ਮਤਾ ਪੇਸ਼ ਹੋਇਆ ਸੀ ਤਾਂ, ਇੱਕ ਸਰਦਾਰ ਹੋਣ ਦੇ ਨਾਤੇ ਉਸ ਦੀ ਮਦਦ ਕਰਨ ਦੀ ਥਾਂ, ਇਹ ਆਪਣੇ ਢਾਈ ਟੋਟਰੂਆਂ ਨਾਲ ਸਭ ਤੋਂ ਪਹਿਲਾਂ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤ੍ਰ ਦੀ ਕੁਰਸੀ ਤੋਂ ਹਟਾਉਣ ਲਈ, ਜ਼ੋਰ ਲਗਾ ਰਹੇ ਸਨ। ਹੋਰ ਤਾਂ ਹੋਰ ਜਦ ਕੈਪਟਨ ਅਮਰਿੰਦਰ ਸਿੰਘ 84 ਦੇ ਕਾਰੇ ਦੇ ਰੋਸ ਵਜੋਂ, ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਆ ਗਿਆ ਸੀ ਤਾਂ ਇਨ੍ਹਾਂ ਭੱਦਰ ਪੁਰਸ਼ਾਂ ਨੇ ਹੀ, ਉਸ ਦੇ ਅਕਾਲੀ ਦਲ ਵਿੱਚ ਪੈਰ ਨਹੀਂ ਲੱਗਣ ਦਿੱਤੇ ਸਨ, ਸ਼ਾਇਦ ਇਨ੍ਹਾਂ ਨੂੰ ਇਹ ਦਿੱਸ ਪਿਆ ਸੀ ਕਿ ਇਸ ਦੇ ਅਕਾਲੀ ਦਲ ਵਿੱਚ ਹੁੰਦਿਆਂ, ਸਾਡੇ ਵਰਗੇ ਬੇਵਕੂਫਾਂ ਦੀ, ਇੱਕ ਨਹੀਂ ਚਲਣੀ। ਜੇ ਉਹ ਅਕਾਲੀ ਦਲ ਵਿੱਚ ਹੀ ਹੁੰਦਾ ਤਾਂ ਅੱਜ ਤਕ ਪੰਜਾਬ ਵਿਚੋਂ ਕਾਂਗਰਸ ਦਾ ਸਫਾਇਆ ਹੋ ਗਿਆ ਹੁੰਦਾ ਅਤੇ ਪੰਜਾਬ ਵਿੱਚ ਬੀ.ਜੇ.ਪੀ. ਵੀ ਨਾ ਜੰਮਦੀ।

ਅੱਜ ਇਹ ਪੰਜਾਬ ਵਿਚਲੇ ਸਰਦਾਰਾਂ ਦੀਆਂ ਦਸਤਾਰਾਂ, ਬੀਬੀਆਂ ਦੇ ਦੁਪੱਟੇ ਸਾਂਭਣ ਦੀ ਥਾਂ, ਦਿੱਲੀ ਦੇ ਅਮਰੀਕੀ ਦੂਤ-ਘਰ ਕੀ ਲੈਣ ਚਲੇ ਗਏ? ਜਿਹੜਾ ਬੰਦਾ ਆਪ ਹੀ ਆਪਣੀ ਪੱਗ ਦੀ ਸੰਭਾਲ ਨਹੀਂ ਕਰ ਸਕਦਾ, ਉਹ ਕਿਸੇ ਦੂਸਰੇ ਤੋਂ ਆਪਣੀ ਪੱਗ ਦੀ ਇੱਜ਼ਤ ਕਰਨ ਦੀ ਆਸ ਕਿਵੇਂ ਕਰ ਸਕਦਾ ਹੈ? ਜੇ ਸਿੱਖ ਪੱਗਾਂ ਵਿੱਚ ਹੀ ਗਲਤ ਚੀਜ਼ਾਂ ਨਾ ਛੁਪਾਉਣ, ਤਾਂ ਕਿਸੇ ਨੂੰ ਕੁੱਤੇ ਨੇ ਕੱਟਿਆ ਹੈ ਕਿ ਉਹ ਸਿੱਖਾਂ ਦੀਆਂ ਪੱਗਾਂ ਦੀ ਤਲਾਸ਼ੀ ਲੈਂਦਾ ਫਿਰੇ? ਜੇ ਇੱਕ ਮਹੀਨਾ ਵੀ ਕਿਸੇ ਸਿੱਖ ਦੀ ਪੱਗ ਵਿਚੋਂ ਕੋਈ ਚੀਜ਼ ਨਾ ਨਿਕਲੇ, ਤਾਂ ਯਕੀਨਨ ਅਮਰੀਕਾ ਵਰਗੇ ਦੇਸ਼ ਵਿਚ, ਸਿੱਖਾਂ ਦੀ ਪੱਗ ਦੀ ਤਲਾਸ਼ੀ ਹੀ ਬੰਦ ਹੋ ਜਾਵੇਗੀ। ਪਰ ਏਥੇ ਤਾਂ ਅਜਿਹੇ ਬੰਦੇ ਵੀ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਨ, ਜਿਨ੍ਹਾਂ ਨੇ ਆਪਣੀ ਪੱਗ ਵਿੱਚ ਸਿਗਰਟਾਂ, ਅਫੀਮ ਅਤੇ ਸਮੈਕ ਲੁਕੋਈ ਹੁੰਦੀ ਹੈ। ਅਜਿਹੇ ਬੰਦੇ ਦੂਸਰਿਆਂ ਦਾ ਵੀ ਇਤਬਾਰ ਗਵਾਉਂਦੇ ਹਨ।

ਜਦ ਤੁਸੀਂ ਵਿਦੇਸ਼ ਵਿੱਚ ਇੱਕ ਐਮ.ਪੀ. ਦੀ ਪੱਗ ਦੀ ਤਲਾਸ਼ੀ ਲੈਣ ਬਾਰੇ ਰੌਲਾ ਪਾਉਂਦੇ ਹੋ ਤਾਂ ਇਹ ਕਿਉਂ ਭੁੱਲ ਜਾਂਦੇ ਹੋ ਕਿ ਜੇਕਰ ਤੁਹਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੀ ਕਾਰ ਵਿੱਚ ਸ਼ਰਾਬ ਦੇ ਕ੍ਰੇਟ ਅਤੇ ਕਾਲ ਗਰਲ ਹੋ ਸਕਦੀਆਂ ਹਨ, ਤਾਂ ਤੁਹਾਡੇ ’ਤੇ ਕਿਸ ਆਧਾਰ ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ? ਕੀ ਕਦੇ ਸਿੱਖਾਂ ਨੇ ਇੱਕਮੁੱਠ ਹੋ ਕੇ ਅਜਿਹੇ, ਸਿੱਖੀ ਨੂੰ ਬਦਨਾਮ ਕਰਨ ਵਾਲੇ ਬੰਦਿਆਂ ਵਿਰੁੱਧ ਐਕਸ਼ਨ ਲਿਆ ਹੈ? ਪਰ ਇਹ ਕਿਵੇਂ ਹੋ ਸਕਦਾ ਹੈ? ਜਦਕਿ ਇਸ ਦੇ ਪਿੱਛੇ ਤੁਹਾਡੀ ਸ਼੍ਰੋਮਣੀ ਅਕਾਲੀ ਦਲ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਮਹਾਨ ਲੀਡਰ ਦਾ ਹੱਥ ਹੁੰਦਾ ਹੈ। ਕੀ ਪਿਛਲੇ ਦਿਨੀਂ, ਕਬੂਤਰਬਾਜ਼ੀ ਦੇ ਮਾਮਲੇ ਵਿਚ, ਸੰਤ ਸਮਾਜ ਦੇ ਮਹਾਨ ਸੰਤ, ਬ੍ਰਹਮਗਿਆਨੀਆਂ, ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀਆਂ ਮਹਾਨ ਹਸਤੀਆਂ ਵਿਰੁੱਧ ਕੋਈ ਐਕਸ਼ਨ ਲਿਆ ਗਿਆ? ਕੀ ਵਿਦੇਸ਼ੀਂ ਜਾਣ ਲਈ, ਭੈਣਾਂ-ਭਰਾਵਾਂ ਦੇ ਵਿਆਹ, ਏਥੋਂ ਤਕ ਕਿ ਪਿਉ-ਧੀ ਦੇ ਹੋਏ ਵਿਆਹ ਦੇ ਬਾਰੇ ਵਿਚ, ਕਿਸੇ ਨੇ ਕੋਈ ਆਵਾਜ਼ ਚੁੱਕੀ? ਜੇ ਨਹੀਂ, ਤਾਂ ਫਿਰ ਤੁਹਾਡੇ ਨਾਲ ਹੋਣ ਵਾਲੀ ਵਧੀਕੀ ਲਈ, ਤੁਸੀਂ ਆਪ ਹੀ ਜ਼ਿੰਮੇਵਾਰ ਹੋ। ਦੂਸਰੇ ਕੋਲੋਂ ਇੱਜ਼ਤ ਕਰਵਾਉਣ ਲਈ ਆਪਣਾ ਕਿਰਦਾਰ ਵੀ ਉ¤ਚਾ ਹੋਣਾ ਚਾਹੀਦਾ ਹੈ।

ਸਰਨਾ ਜੀ ਕਹਿੰਦੇ ਹਨ ਕਿ, ਸੁਸ਼ਮਾ ਸਵਰਾਜ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਦੇਵੀ ਕੋਲੋਂ ਵਰ ਮੰਗਣ ਦੀ ਗੱਲ ਕਹਿਣੀ, ਭਾਜਪਾ ਵਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ ਸਿੱਧ ਕਰਨ ਦੀ ਚਾਲ ਹੈ। ਸਰਨਾ ਜੀ, ਕਿਸੇ ਨੂੰ ਕੁੱਝ ਸਿੱਧ ਕਰਨ ਦੀ ਚਾਲ ਚੱਲਣ ਦੀ ਕੀ ਲੋੜ ਹੈ? ਤੁਹਾਡੇ ਹਰ ਗੁਰਦੁਆਰੇ ਵਿਚ, ਹਰ ਰੋਜ਼ ਦਰਜਣਾਂ ਵਾਰੀ, ਗੁਰੂਆਂ ਦੇ ਨਾਵਾਂ ਤੋਂ ਪਹਿਲਾਂ ਭਗਉਤੀ ਨੂੰ ਸਿਮਰਿਆ ਜਾਣਾ ਕੀ ਸਿੱਧ ਕਰਦਾ ਹੈ? ਦਰਬਾਰ ਸਾਹਿਬ ਦੇ ਅੰਦਰ ਅਰਦਾਸ ਵਿੱਚ ੱਦੇਹਿ ਸ਼ਿਵਾ ਵਰ ਮੋਹਿ ਇਹੈ- ਪੜ੍ਹਿਆ ਜਾਣਾ, ਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ ਸਿੱਧ ਕਰਨ ਲਈ ਕਾਫੀ ਨਹੀਂ ਹੈ?

ਜਿੱਥੇ ਸ਼੍ਰੋਮਣੀ ਕਮੇਟੀ ਦੇ ਮੈਂਬਰ, ਅਕਾਲੀ ਦਲ ਦੇ ਮੈਂਬਰ, ਸਿੱਖ ਸਟੂਡੈਂਟ ਫੈਡਰੇਸ਼ਨਾਂ ਦੇ ਪ੍ਰਧਾਨ, ਹਵਨ ਯੱਗ ਕਰਵਾਉਂਦੇ ਹੋਣ, ਦੇਵੀਆਂ ਦੀਆਂ ਮੂਰਤੀਆਂ ਨੂੰ ਮੱਥੇ ਟੇਕਦੇ ਹੋਣ, ਰਾਮਾਇਣ ਦੇ ਪੰਜ-ਪੰਜ ਸੌ ਪਾਠ ਕਰਵਾਉਂਦੇ ਹੋਣ, ਮਾਤਾ ਦੀਆਂ ਭੇਟਾ ਗਾਉਂਦੇ ਹੋਣ, ਸਾਧਾਂ ਦਿਆਂ ਡੇਰਿਆਂ ਵਿੱਚ ਉਨ੍ਹਾਂ ਸਾਧਾਂ ਨੂੰ "ਧੰਨ-ਧੰਨ ਸਤਿਗੁਰੂ, ਤੇਰਾ ਹੀ ਆਸਰਾ" ਕਹਿ ਕੇ ਸੰਬੋਧਨ ਕਰਦੇ ਹੋਣ (ਜਿਸ ਬਾਰੇ ਗੁਰਬਚਨ ਸਿੰਹੁ ਨੇ ਕਿਹਾ ਹੈ ਕਿ ਉਸ ਨੂੰ ਬੰਦਾ ਬਣਾਵਾਂਗੇ। ਪਰ ਜਿਸ ਪੁਜਾਰੀ ਨੂੰ ਆਪ ਹੀ ਨਹੀਂ ਪਤਾ ਕਿ ਕਿਸੇ ਨੂੰ ਬੰਦਾ ਬਣਾਉਨ ਤੋਂ ਪਹਿਲਾਂ ਆਪ ਬੰਦਾ ਬਣਨਾ ਪੈਂਦਾ ਹੈ, ਉਹ ਦੂਸਰੇ ਨੂੰ ਕੀ ਬੰਦਾ ਬਣਾਵੇਗਾ?) ਅਜਿਹੇ ਹਾਲਾਤ ਵਿੱਚ ਕਿਸੇ ਦੂਸਰੇ ਨੂੰ ਕੁੱਝ ਸਾਬਤ ਕਰਨ ਦੀ ਗੁੰਜਾਇਸ਼ ਹੀ ਕਿੱਥੇ ਹੈ?

ਕਿਤੇ ਅਜਿਹਾ ਤਾਂ ਨਹੀਂ ਕਿ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਸਟੂਡੈਂਟ ਫੈਡਰੇਸ਼ਨ ਵਾਲੇ, ਸੰਤ ਸਮਾਜੀਏ, ਇਹ ਸੋਚਦੇ ਹੋਣ ਕਿ ਜੋ ਕੰਮ, ਸਿੱਖਾਂ ਦੀਆਂ ਦਸਤਾਰਾਂ, ਬੀਬੀਆਂ ਦੀਆਂ ਚੁਨੀਆਂ ਲਾਹੁਣ ਦਾ, ਕੇਸਾਂ ਦੀ ਬੇਅਦਬੀ ਕਰਨ ਦਾ, ਗੁਰੂ ਸਾਹਿਬ ਨੂੰ ਦੇਵੀ ਪੂਜਕ ਸਿੱਧ ਕਰਨ ਦਾ, ਸਿੱਖਾਂ ਦੇ ਘਰਾਂ ਵਿੱਚ ਦੇਵੀ ਪੂਜਾ, ਹਵਨ ਯੱਗ ਦੀ ਰੀਤ ਚਲਾਉਣ ਦਾ ਆਰ. ਐਸ. ਐਸ. ਨੇ ਸਾਡੇ ਜ਼ਿੰਮੇ ਲਾਇਆ ਹੈ। ਜੇ ਉਹ ਦੂਸਰੇ ਹੀ ਕਰਨ ਲਗ ਗਏ ਤਾਂ ਸਾਨੂੰ ਆਰ.ਐਸ.ਐਸ. ਵਲੋਂ ਮਿਲਦਾ ਭੱਤਾ ਬੰਦ ਹੀ ਨਾ ਹੋ ਜਾਵੇ? ਏਸੇ ਡਰ ਅਧੀਨ, ਦੂਸਰਿਆਂ ਨੂੰ ਇਹ ਕੰਮ ਕਰਨ ਤੋਂ ਰੋਕਣ ਦੇ ਉਪਰਾਲੇ ਵਜੋਂ ਇਹ ਸਭ ਕੀਤਾ ਜਾ ਰਿਹਾ ਹੈ? ਅਤੇ ਨਾਲ ਹੀ ਹੋਰ ਪ੍ਰਭਾਵ ਪਾਉਣ ਲਈ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੀ ਥਾਂ ਬਚਿਤ੍ਰ ਨਾਟਕ ਦੀਆਂ ਕਵਿਤਾਵਾਂ ਗਾਉਣ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ?

ਗੱਲ ਏਨੀ ਸਾਰੀ ਹੈ ਕਿ ਇਹ ਸਾਰੇ ਤਾਂ ਆਪਣੇ ਸਾਰੇ ਮਤ-ਭੇਦ ਭੁਲਾ ਕੇ, ਸਿੱਖੀ ਦਾ ਹਰ ਹਾਲਤ ਵਿੱਚ ਮਲੀਆ ਮੇਟ ਕਰਨ ਤੇ, ਯਕ ਰੰਗ ਹੋ ਗਏ ਹਨ। ਹੁਣ ਸਿੱਖ ਕਦੋਂ, ਦੋਰੰਗੀ ਛੱਡ ਕੇ, ਸਿੱਖੀ ਨੂੰ ਬਚਾਉਣ ਦੇ ਟੀਚੇ ਅਧੀਨ, ਯਕ ਰੰਗ ਹੁੰਦੇ ਹਨ? ਇਹ ਵੇਖਣ ਵਾਲੀ ਗੱਲ ਹੈ?

ਅਮਰਜੀਤ ਸਿੰਘ ਚੰਦੀ
ਫੋਨ : 9568541414


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top