Share on Facebook

Main News Page

ਡੇਰਾ ਸੱਚਾ ਸੌਦਾ ਦੀ ਮਾਨਸਾ ਬਲਾਕ ਦੀ ਸੱਤ ਮੈਂਬਰੀ ਕਮੇਟੀ ਦੇ ਅਹਿਮ ਮੈਂਬਰ ਤੋਂ ਭਾਰੀ ਮਾਤਰਾ ਵਿੱਚ ਭੁੱਕੀ, ਨਸ਼ੀਲੀਆਂ ਗੋਲੀਆਂ ਅਤੇ ਤਰਲ ਪਦਾਰਥ ਬਰਾਮਦ

ਬਠਿੰਡਾ 9 ਜਨਵਰੀ (ਪੀ.ਐਸ.ਐਨ)-: ਡੇਰਾ ਸੌਦਾ ਸਾਧ ਵੱਲੋਂ ਕੀਤੇ ਜਾ ਰਹੇ ਇਹ ਦਾਅਵੇ ਕਿ ਉਹ ਨਸ਼ਿਆਂ ਦੀ ਲਾਹਨਤ ਨੂੰ ਖਤਮ ਕਰਨ ਲਈ ਯਤਨਸ਼ੀਲ ਹੈ ਤੇ ਸਮਾਜ ਸੇਵੀ ਕੰਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੀ ਉਹਨਾਂ ਦਾ ਮੁੱਖ ਮਕਸਦ ਹੈ ਪਰ ਉਹ ਦਾਅਵੇ ਉਸ ਵੇਲੇ ਤਾਰ ਤਾਰ ਹੋ ਗਏ ਜਦ ਥਾਣਾ ਜੋਗਾ ਪੁਲੀਸ ਨੇ ਉਹਨਾਂ ਦੇ ਇੱਕ ਪ੍ਰਬੰਧਕ ਤੋਂ ਭਾਰੀ ਮਾਤਰਾ ਵਿੱਚ ਭੁੱਕੀ , ਨਸ਼ੀਲੀਆਂ ਗੋਲੀਆਂ ਅਤੇ ਤਰਲ ਪਦਾਰਥ ਬਰਾਮਦ ਕਰਕੇ ਐਨ ਡੀ ਪੀ ਐਸ ਐਕਟ ਅਧੀਨ ਗ੍ਰਿਫਤਾਰ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਰੱਲਾ ਪਿੰਡ ਲਾਗੇ ਗਸ਼ਤ ਦੌਰਾਨ ਥਾਣਾ ਜੋਗਾ ਦੀ ਪੁਲਿਸ ਨੇ ਕ੍ਰਿਸ਼ਨ ਕੁਮਾਰ ਨਾਂ ਦੇ ਉਸ ਵਿਅਕਤੀ ਤੋਂ 58 ਕਿਲੋ 300 ਗਰਾਮ ਭੁੱਕੀ , 250 ਨਸ਼ੀਲੀਆਂ ਗੋਲੀਆਂ ਅਤੇ 2 ਕਿਲੋਗ੍ਰਾਮ ਦੀ ਤਰਲ ਨਸ਼ੀਲੇ ਪਦਾਰਥ ਦੀ ਇੱਕ ਬੋਤਲ ਬਰਾਮਦ ਕਰ ਲਈ ਜੋ ਡੇਰਾ ਸੱਚਾ ਸੌਦਾ ਦੀ ਮਾਨਸਾ ਬਲਾਕ ਦੀ ਸੱਤ ਮੈਂਬਰੀ ਕਮੇਟੀ ਦਾ ਅਹਿਮ ਮੈਂਬਰ ਹੈ।

ਇਹ ਵਿਅਕਤੀ ਪਿਛਲੇ ਲੰਬੇ ਸਮੇਂ ਤੋਂ ਰਾਜਸਥਾਨ ਖੇਤਰ ਤੋਂ ਭੁੱਕੀ ਲਿਆਕੇ ਉਸ ਨੂੰ ਮਾਨਸਾ ਦੇ ਪਿੰਡਾਂ ਵਿਚ ਗਾਹਕ ਲੱਭਕੇ ਉਨ੍ਹਾਂ ਨੂੰ ਮਹਿੰਗੇ ਰੇਟ ਵਿਚ ਵੇਚਦਾ ਸੀ। ਦੂਜੇ ਪਾਸੇ ਇਹ ਵਿਅਕਤੀ ਮਾਨਸਾ ਵਿਖੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਟੀਮ ਦਾ ਸਰਗਰਮ ਮੈਂਬਰ ਹੈ ਅਤੇ ਖੁਦ ਨੂੰ ਨਸ਼ੇ ਦੇ ਖਿਲਾਫ਼ ਦੱਸਦਾ ਹੋਇਆ, ਇਸ ਨੂੰ ਖ਼ਤਮ ਕਰਨ ਦੀ ਗੱਲ ਕਹਿੰਦਾ ਸੀ। ਉਸ ਪਾਸੋਂ ਭੁੱਕੀ ਬਰਾਮਦ ਹੋਣ ਤੇ ਹੈਰਾਨਗੀ ਦੇ ਕੋਈ ਹੱਦ ਨਹੀਂ ਅਤੇ ਡੇਰਾ ਪ੍ਰੇਮੀਆਂ ਦੀ ਵੀ ਕੋਈ ਪ੍ਰਤੀਕਿਰਿਆ ਇਸ ਬਾਰੇ ਨਹੀਂ ਆਈ। ਇਸ ਤੱਥ ਦੀ ਪੁਸ਼ਟੀ ਕਰਦਿਆਂ ਥਾਣਾ ਜੋਗਾ ਦੇ ਮੁਖੀ ਸ਼੍ਰੀ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਪੁਲੀਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਉਸਨੇ ਇੰਕਸ਼ਾਫੀਆ ਬਿਆਨ ਰਾਹੀਂ ਪਿੰਡ ਰੱਲਾ ਵਿਖੇ ਇੱਕ ਮਕਾਨ ਵਿਚ ਭੁੱਕੀ ਦੀ ਖੇਪ ਰੱਖੀ ਹੋਣ ਦੀ ਗੱਲ ਦੱਸੀ।

ਪੁਲੀਸ ਟੀਮ ਨੇ ਉਸ ਵੱਲੋਂ ਦੱਸੀ ਹੋਈ ਜਗ੍ਹਾ ਤੇ ਪਹੁੰਚਕੇ ਇੱਕ ਕਮਰੇ ਦੇ ਵਿਚ ਜ਼ਮੀਨ ਹੇਠਾਂ ਦੱਬੀਆਂ ਹੋਈਆਂ 2 ਬੋਰੀਆਂ ਭੁੱਕੀ ਚੂਰਾ ਪੋਸ਼ਤ ਬਰਾਮਦ ਕੀਤੀਆਂ। ਉਸ ਕੋਲੋਂ ਫੜੀ ਗਈ ਭੁੱਕੀ ਦੀ ਮਾਤਰਾ 58 ਕਿਲੋ 300 ਗ੍ਰਾਮ ਹੈ। ਸੀਨੀਅਰ ਪੁਲੀਸ ਕਪਤਾਨ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਇਹ ਵਿਅਕਤੀ ਰਾਜਸਥਾਨ ਦੇ ਪਿੰਡ ਢਾਬਾਂ ਤੋਂ 800 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਭੁੱਕੀ ਲਿਆ ਕੇ ਉਸ ਨੂੰ ਮਾਨਸਾ ਦੇ ਪਿੰਡਾਂ ਵਿਚ 1500 ਰੁਪਏ ਕਿਲੋ ਦੇ ਹਿਸਾਬ ਨਾਲ ਵੇਚਦਾ ਸੀ। ਜੋਗਾ ਪੁਲੀਸ ਨੇ ਉਸ ਨੂੰ ਉਦੋਂ ਕਾਬੂ ਕੀਤਾ, ਜਦੋਂ ਉਹ ਇੱਕ ਗ੍ਰਾਹਕ ਨੂੰ 5 ਕਿਲੋ ਭੁੱਕੀ ਵੇਚ ਰਿਹਾ ਸੀ। ਡੇਰਾ ਪ੍ਰੇਮੀ ਕ੍ਰਿਸ਼ਨ ਕੁਮਾਰ ਮਾਨਸਾ ਦੇ ਰਮਨ ਸਿਨੇਮਾ ਰੋਡ ਉਤੇ ਮੈਡੀਕਲ ਦੁਕਾਨ ਚਲਾਉਂਦਾ ਹੈ ਅਤੇ ਡੇਰਾ ਸੱਚਾ ਸੌਦਾ ਦੀ ਸੱਤ ਮੈਂਬਰੀ ਬਲਾਕ ਕਮੇਟੀ ਦਾ ਮੋਹਰੀ ਮੈਂਬਰ ਹੈ। ਦੂਜੇ ਪਾਸੇ ਥਾਣਾ ਝੁਨੀਰ ਦੇ ਏ.ਐਸ.ਆਈ ਅਮਰੀਕ ਸਿੰਘ ਨੇ ਗਸ਼ਤ ਦੌਰਾਨ ਪਿੰਡ ਝੰਡੂਕੇ ਕੋਲੋਂ ਬੁੱਧ ਰਾਮ ਪੁੱਤਰ ਗਣੇਸ਼ ਨਾਥ ਵਾਸੀ ਵਾਂਡਾ (ਗੰਗਾ ਨਗਰ) ਨੂੰ ਕਾਬੂ ਕਰਕੇ ਉਸ ਕੋਲੋਂ 5 ਕਿਲੋ 100 ਗ੍ਰਾਮ ਭੁੱਕੀ ਬਰਾਮਦ ਕੀਤੀ ਹੈ। ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਵਿਅਕਤੀ ਵੀ ਡੇਰਾ ਪ੍ਰੇਮੀ ਕ੍ਰਿਸ਼ਨ ਕੁਮਾਰ ਵਾਂਗ ਭੁੱਕੀ ਤਸਕਰੀ ਕਰਦਾ ਸੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top