Share on Facebook

Main News Page

ਸਾਧ ਰੰਧਾਵਾ ਵਲੋਂ ਨਾਨਕਸ਼ਾਹੀ ਕੈਲੰਡਰ ਸਬੰਧੀ ਦਿੱਤੀ ਚੁਣੌਤੀ ਨੂੰ ਪੰਥਕ ਜਥੇਬੰਦੀਆਂ ਨੇ ਕਬੂਲਿਆ

* ਰੰਧਾਵਾ ਜੀ! ਬਹਿਸ ਕਰਨ ਦੀਆਂ ਸਿਰਫ ਚੁਣੌਤੀਆਂ ਦੇਣਾ ਹੀ ਜਾਣਦੇ ਹੋ ਜਾਂ ਕਦੀ ਬਹਿਸ ਦਾ ਸਾਹਮਣਾ ਕਰਨ ਦਾ ਹਿੰਮਤ ਵੀ ਕਰ ਸਕਦੇ ਹੋ?: ਸਰਬਜੀਤ ਸਿੰਘ
* ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਅੱਜ ਸਰਨਾ ਨੇ ਨਹੀਂ ਕੀਤਾ ਸਗੋਂ ਪਿਛਲੇ 8 ਸਾਲਾਂ ਤੋਂ ਤੁਸੀਂ ਖ਼ੁਦ ਕਰਦੇ ਆ ਰਹੇ ਹੋ: ਰਤਨ ਸਿੰਘ
* ਸਿੱਖ ਕੌਮ ਦੀ ਏਕਤਾ ਚਾਹੁੰਦੇ ਹੋ ਤਾਂ ਪਹਿਲਾਂ ਸਾਧ ਯੂਨੀਅਨ ਖ਼ੁਦ ਆਪਣੇ ਡੇਰਿਆਂ ਵਿੱਚ ਸਿੱਖ ਰਹਿਤ ਮਰਿਆਦਾ ਲਾਗੂ ਕਰੇ: ਭਾਈ ਦਰਵੇਸ਼
* ਜੇ ਸਿਰਫ ਅਕਾਲ ਤਖ਼ਤ ਦਾ ਨਾਮ ਹੀ ਵਰਤਣਾ ਹੈ ਤਾਂ 6 ਜੂਨ 2008 ਦਾ ਹੁਕੁਮਨਾਮਾ ਵੀ ਲਾਗੂ ਕਰਵਾਓ: ਮਨਜੀਤ ਸਿੰਘ ਮੋਹਾਲੀ
* ਜੇ ਗੁਰਪੁਰਬ ਪੋਹ ਸੁਦੀ 7 ਦੀ ਵਜਾਏ 23 ਪੋਹ ਨੂੰ ਮਨਾ ਲਿਆ ਜਾਵੇ ਜਿਹੜਾ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਹਰ ਸਾਲ 5 ਜਨਵਰੀ ਨੂੰ ਹੀ ਆਵੇਗਾ, ਤਾਂ ਕਿਹੜੇ ਧਾਰਮਿਕ ਅਸੂਲ ਜਾਂ ਇਤਿਹਾਸਕ ਤੱਥ ਦੀ ਉਲੰਘਣਾ ਹੁੰਦੀ ਹੈ?: ਸਿਮਰਨਜੋਤ ਸਿੰਘ ਖ਼ਾਲਸਾ

ਬਠਿੰਡਾ, 9 ਜਨਵਰੀ (ਕਿਰਪਾਲ ਸਿੰਘ): ਰੰਧਾਵਾ ਜੀ! ਬਹਿਸ ਕਰਨ ਦੀਆਂ ਸਿਰਫ ਚੁਣੌਤੀਆਂ ਦੇਣ ਹੀ ਜਾਣਦੇ ਹੋ ਜਾਂ ਕਦੀ ਬਹਿਸ ਦਾ ਸਾਹਮਣਾ ਕਰਨ ਦੀ ਹਿੰਮਤ ਵੀ ਕਰ ਸਕਦੇ ਹੋ? ਇਹ ਸ਼ਬਦ ਇੰਡੀਆ ਅਵੇਰਨੈੱਸ ਦੇ ਮੁੱਖ ਸੰਪਾਦਕ ਸਰਬਜੀਤ ਸਿੰਘ ਨੇ ਨਾਨਕਸ਼ਾਹੀ ਕੈਲੰਡਰ ਦੇ ਸਬੰਧ ਵਿੱਚ ਸਾਧ ਯੂਨੀਅਨ ਦੇ ਜਨਰਲ ਸਕੱਤਰ ਹਰੀ ਸਿੰਘ ਰੰਧਾਵੇ ਵਲੋਂ ਵਿਰੋਧੀਆਂ ਨੂੰ ਬਹਿਸ ਲਈ ਦਿੱਤੀ ਚੁਣੌਤੀ ਦੀਆਂ ਖ਼ਬਰਾਂ ’ਤੇ ਪ੍ਰਤੀਕਰਮ ਕਰਦੇ ਹੋਏ ਕਹੇ।

ਉਨ੍ਹਾਂ ਕਿਹਾ ਕਿ ਤੁਹਾਨੂੰ ਯਾਦ ਹੋਵੇਗਾ ਕਿ ਨਿਊਯਾਰਕ ਵਿਖੇ ਵੀ ਇੱਕ ਵਾਰੀ ਤੁਸੀਂ ਅਖੌਤੀ ਦਸਮ ਗ੍ਰੰਥ ਦੇ ਸਬੰਧ ਵਿਚ ਬਹਿਸ ਲਈ ਚੁਣੌਤੀ ਦਿੱਤੀ ਸੀ ਤਾਂ ਸੰਗਤਾਂ ਨੇ ਵਿਸ਼ੇਸ਼ ਤੌਰ ’ਤੇ ਹਵਾਈ ਜਹਾਜ ’ਤੇ ਪ੍ਰੋ: ਦਰਸ਼ਨ ਸਿੰਘ ਨੂੰ ਬਹਿਸ ਲਈ ਬੁਲਾਇਆ, ਪਰ ਐਨ ਮੌਕੇ ’ਤੇ ਤੁਸੀਂ ਮਾਈਕ ਛੱਡ ਕੇ ਸਟੇਜ਼ ਤੋਂ ਭੱਜ ਗਏ ਸੀ।

ਤੁਹਾਡੇ ਵਲੋਂ ਵਿਗਾੜੇ ਗਏ ਕੈਲੰਡਰ ਵਿੱਚ ਵਿਦਵਾਨਾਂ ਵਲੋਂ ਸੈਂਕੜੇ ਊਣਤਾਈਆਂ ਮੀਡੀਏ ਰਾਹੀਂ ਪੰਥ ਦੇ ਸਾਹਮਣੇ ਲਿਆਂਦੀਆਂ ਗਈਆਂ ਹਨ ਪਰ ਤੁਹਾਡੇ ਵਲੋਂ ਕਿਸੇ ਇੱਕ ਦਾ ਜਵਾਬ ਵੀ ਨਹੀਂ ਦਿੱਤਾ ਗਿਆ। ਪਿਛਲੇ ਕਿਸੇ ਸਵਾਲ ਦਾ ਜਵਾਬ ਨਾ ਦੇਣਾ ਅਤੇ ਅਖ਼ਬਾਰਾਂ ਰਾਹੀਂ ਨਵੀਆਂ ਚੁਣੌਤੀਆਂ ਦੇਣ ਦੇ ਤੁਹਾਡੇ ਸ਼ੌਕ ਹੀ ਨਵੇਂ ਵਿਵਾਦ ਪੈਦਾ ਕਰ ਰਹੇ ਹਨ। ਅਕਾਲ ਤਖ਼ਤ ਦੇ ਜਿਸ ਜਥੇਦਾਰ ਕੋਲ ਤੁਸੀਂ ਵਿਦਵਾਨ ਭੇਜਣ ਦੀ ਗੱਲ ਕਰ ਰਹੇ ਹੋ ਉਸ ਦੇ ਧਿਆਨ ਵਿੱਚ ਜਦੋਂ ਸ਼ੇਰੇ ਪੰਜਾਬ ਰੇਡੀਓ ਕੈਨੇਡਾ ’ਤੇ ਕੈਲੰਡਰ ਦੇ ਸਬੰਧ ਵਿੱਚ ਹੋਈ ਚਰਚਾ ਦਾ ਹਵਾਲਾ ਦੇ ਕੇ 3 ਜਨਵਰੀ ਨੂੰ ਇਹ ਪੁੱਛਿਆ ਗਿਆ ਸੀ ਕਿ ਆਉਂਦੇ 100 ਸਾਲ ਵਿੱਚ 3 ਸਾਲ ਐਸੇ ਹੋਣਗੇ ਜਿਸ ਵਿੱਚ ਪੋਹ ਦਾ ਮਹੀਨਾ ਹੀ ਨਹੀਂ ਹੋਵੇਗਾ ਤਾਂ ਉਹ ਇਸ ਦਾ ਕੋਈ ਜਵਾਬ ਨਹੀਂ ਸੀ ਦੇ ਸਕਿਆ। ਜਿਸ ਸਮੇਂ ਉਨ੍ਹਾਂ ਤੋਂ ਇਹ ਵੀ ਪੁੱਛਿਆ ਗਿਆ ਸੀ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪਪੁਰਬ ਪੋਹ ਸੁਦੀ 7 ਦੀ ਬਜਾਏ ਸੂਰਜੀ ਸਾਲ ਦੇ ਮੁਤਾਬਿਕ 23 ਪੋਹ ਜਿਹੜਾ ਕਿ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਹਰ ਸਾਲ 5 ਜਨਵਰੀ ਨੂੰ ਹੀ ਆਵੇਗਾ, ਨੂੰ ਮਨਾ ਲਿਆ ਜਾਵੇ ਤਾਂ ਇਸ ਨਾਲ ਧਾਰਮਿਕ ਜਾਂ ਇਤਿਹਾਸਕ ਤੌਰ ’ਤੇ ਕੀ ਫਰਕ ਪਏਗਾ। ਤਾਂ ਵੀ ਉਹ ਇਸ ਦਾ ਕੋਈ ਜਵਾਬ ਨਹੀਂ ਸੀ ਦੇ ਸਕਿਆ ਤੇ ਉਸ ਨੇ ਇਨ੍ਹਾਂ ਸਵਾਲਾਂ ਦਾ ਉੱਤਰ ਲੈਣ ਲਈ ਅਨੁਰਾਗ ਸਿੰਘ ਨਾਲ ਗੱਲ ਕਰਨ ਲਈ ਕਿਹਾ ਸੀ।

 

16 ਅਗਸਤ 2009 ਨੂੰ ਹਰੀ ਸਿੰਘ ਰੰਧਾਵੇ ਦਾ ਚੈਲੰਜ ਕਬੂਲ ਕਰਦੇ ਹੋਏ ਪ੍ਰੋ. ਦਰਸ਼ਨ ਸਿੰਘ ਆਏ ਸੀ, ਪਰ ਸਾਧ ਹਰੀ ਸਿੰਘ ਸਟੇਜ਼ ਛੱਡ ਕੇ ਭੱਜ ਗਿਆ ਸੀ

ਇਹੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਿਊਯਾਰਕ ਵਿਖੇ ਗੱਲਬਾਤ ਲਈ ਸੰਗਤਾਂ ਨੂੰ ਸਮਾਂ ਦੇ ਕੇ ਉੱਥੇ ਨਹੀਂ ਸੀ ਪਹੁੰਚਿਆ। ਬਾਅਦ ਵਿੱਚ ਜਦੋਂ ਸ਼ੇਰੇ ਪੰਜਾਬ ਰੇਡੀਓ ’ਤੇ ਹੋਈ ਟਾਕ ਸ਼ੋ ਵਿਚ ਗਿਆਨੀ ਗੁਰਬਚਨ ਸਿੰਘ ਨੂੰ, ਕੁਲਦੀਪ ਸਿੰਘ ਨਿਊ ਯਾਰਕ ਦੇ ਸਵਾਲਾਂ ਦੇ ਜਵਾਬ ਦੇਣ ਲਾਈ ਲਾਈਨ ’ਤੇ ਲਿਆ ਗਿਆ ਸੀ ਉਸ ਸਮੇਂ ਵੀ ਉਸ ਨੇ ਸਰੋਤਿਆਂ ਦੇ ਸਿੱਧੇ ਜਵਾਬ ਦੇਣ ਤੋਂ ਸਾਫ ਨਾਂਹ ਕਰ ਦਿੱਤੀ ਸੀ। ਮੈਂ (ਸਰਬਜੀਤ ਸਿੰਘ ਨੇ) ਉਸ ਨੂੰ ਇੰਡੀਆ ਅਵੇਰਨੈੱਸ ਦੇ ਜਨਵਰੀ ਅੰਕ ਵਿੱਚ 31 ਸਵਾਲ ਕੀਤੇ ਹਨ ਜਿਹੜੇ ਕਿ www.indiaawareness.com ਸਾਈਟ ’ਤੇ ਵੀ ਪੜ੍ਹੇ ਜਾ ਸਕਦੇ ਹਨ। ਜਿਹੜਾ ਜਥੇਦਾਰ ਕਿਸੇ ਸਵਾਲ ਦਾ ਜਵਾਬ ਦੇਣ ਦੀ ਸਮਰੱਥਾ ਵਿੱਚ ਹੀ ਨਹੀਂ ਉਸ ਕੋਲ ਵਿਦਵਾਨ ਭੇਜਣ ਦਾ ਕੀ ਲਾਭ ਹੋਵੇਗਾ? ਇਸ ਲਈ ਬਹਿਸ ਦੀ ਨਵੀਂ ਚੁਣੌਤੀ ਦੇਣ ਤੋਂ ਪਹਿਲਾਂ ਤੁਸੀਂ ਉਨ੍ਹਾਂ ਦੇ ਜਵਾਬ ਦਿਓ ਅਤੇ ਆਪਣੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਦਿਵਾਓ ਫਿਰ ਹੀ ਕੋਈ ਨਵੀਂ ਗੱਲ ਕਰਨ ਦਾ ਫਾਇਦਾ ਹੈ, ਇਕੱਲੀਆਂ ਚੁਣੌਤੀਆਂ ਦੇਣ ਦਾ ਕੋਈ ਲਾਭ ਨਹੀਂ ਹੋਵੇਗਾ।

ਖ਼ਾਲਸਾ ਗੁਰਦੁਆਰਾ ਪ੍ਰਬੰਧ ਸੁਧਾਰ ਜਥਾ ਬਠਿੰਡਾ ਦੇ ਪ੍ਰਧਾਨ ਭਾਈ ਰਤਨ ਸਿੰਘ ਨੇ ਕਿਹਾ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਅੱਜ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਨੇ ਨਹੀਂ ਕੀਤਾ ਸਗੋਂ ਪਿਛਲੇ 8 ਸਾਲਾਂ ਤੋਂ ਤੁਸੀਂ ਖ਼ੁਦ ਕਰਦੇ ਆ ਰਹੇ ਹੋ। ਜਿਸ ਨਾਨਕਸ਼ਾਹੀ ਕੈਲੰਡਰ ਦੀ ਗੱਲ ਤੁਸੀਂ ਅੱਜ ਕਰ ਰਹੇ ਹੋ ਇਸ ਵਿੱਚ ਨਾਨਕਸ਼ਾਹੀ ਕੈਲੰਡਰ ਦਾ ਤਾਂ ਕੁਝ ਹੈ ਹੀ ਨਹੀਂ ਇਹ ਤਾਂ ਅਸਲ ਵਿਚ ਹੈ ਹੀ ਬਿਕ੍ਰਮੀ ਕੈਲੰਡਰ, ਜਿਸ ਰਾਹੀਂ ਸੰਗਰਾਂਦਾਂ, ਮੱਸਿਆ, ਪੂਰਨਮਾਸੀਆਂ ਮਨਾ ਕੇ ਤੁਸੀਂ ਕੌਮ ਨੂੰ ਬ੍ਰਾਹਮਣਵਾਦ ਦੇ ਜਾਲ ਵਿੱਚੋਂ ਨਹੀਂ ਨਿਕਲਣ ਦੇਣਾ ਚਾਹੁੰਦੇ। ਉਨ੍ਹਾਂ ਕਿਹਾ ਜੇ ਤੁਹਾਡਾ ਮੱਸਿਆ ਪੂਰਨਮਾਸੀਆਂ ਤੋਂ ਵਗੈਰ ਨਹੀਂ ਸਰਦਾ ਤਾਂ ਤੁਸੀਂ ਬਿਕਰਮੀ ਯੰਤਰੀ ਮੁਤਾਬਿਕ ਮਨਾਈ ਚੱਲੋ, ਪਰ ਤੁਸੀਂ ਬਿਕ੍ਰਮੀ ਯੰਤਰੀ ਦਾ ਨਾਂ ਨਾਨਕਸ਼ਾਹੀ ਕੈਲੰਡਰ ਰੱਖ ਕੇ ਕੌਮ ਨੂੰ ਭੰਬਲਭੂਸੇ ਵਿੱਚ ਕਿਉਂ ਪਾਇਆ ਹੈ?

ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਪੰਚ ਭਾਈ ਹਰਿੰਦਰ ਸਿੰਘ ਦਰਵੇਸ਼ ਨੇ ਕਿਹਾ ਕਿ ਸਿਖ ਕੌਮ ਦੀ ਏਕਤਾ ਚਾਹੁੰਦੇ ਹੋ ਤਾਂ ਪਹਿਲਾਂ ਸਾਧ ਯੂਨੀਅਨ ਖ਼ੁਦ ਆਪਣੇ ਡੇਰਿਆਂ ਵਿੱਚ ਸਿੱਖ ਰਹਿਤ ਮਰਿਆਦਾ ਲਾਗੂ ਕਰੇ। ਜੇ ਸਿਰਫ ਬਿਕਰਮੀ ਯੰਤਰੀ ਦੇ ਨਾਨਕਸ਼ਾਹੀ ਚੋਲ਼ਾ ਪਵਾ ਕੇ ਹੀ ਕੌਮ ਵਿੱਚ ਏਕਤਾ ਹੁੰਦੀ ਹੈ ਤਾਂ ਇਹ 2003 ਤੱਕ ਤਾਂ ਸਾਰੀ ਕੌਮ ਬਿਕ੍ਰਮੀ ਕੈਲੰਡਰ ਅਨੁਸਾਰ ਹੀ ਸਾਰੇ ਦਿਹਾੜੇ ਮਨਾਉਂਦੀ ਰਹੀ ਹੈ ਉਸ ਸਮੇਂ ਤੱਕ ਇਹ ਏਕਤਾ ਕਿਉਂ ਨਹੀਂ ਹੋ ਸਕੀ? ਉਨ੍ਹਾਂ ਕਿਹਾ ਕਿ ਕੌਮ ਵਿੱਚ ਵੰਡੀਆਂ ਪੈਣ ਦਾ ਇਕੋ ਇਕ ਕਾਰਣ ਹੈ ਤੋਰੀ ਫੁਲਕਾ ਚਲਾਉਣ ਲਈ ਵਿਹਲੜ ਸਾਧ ਲਾਣੇ ਦਾ ਬਿਪ੍ਰਵਾਦੀ ਰੀਤਾਂ ਤੋਂ ਬਗੈਰ ਸਰਦਾ ਨਹੀਂ, ਇਸੇ ਲਈ 1945 ਤੋਂ ਜਦੋਂ ਦੀ ਸਿੱਖ ਰਹਿਤ ਮਰਯਾਦਾ ਲਾਗੂ ਹੋਈ ਹੈ, ਉਸੇ ਦਿਨ ਤੋਂ ਸਾਰੇ ਸਾਧ ਬਾਬਿਆਂ ਨੇ ਅਕਾਲ ਤਖ਼ਤ ਤੋਂ ਜਾਰੀ ਹੋਈ ਸਿੱਖ ਰਹਿਤ ਮਰਿਆਦਾ ਦਾ ਵਿਰੋਧ ਕੀਤਾ ਹੈ ਅਤੇ ਆਪਣੇ ਡੇਰਿਆਂ ਵਿੱਚ ਵੱਖਰੀ ਵੱਖਰੀ ਮਰਿਆਦਾ ਚਲਾ ਕੇ ਕੌਮ ਨੂੰ ਵੰਡ ਰੱਖਿਆ ਹੈ, ਤੇ ਹੁਣ 7 ਸਾਲਾਂ ਤੋਂ ਠੀਕ ਢੰਗ ਨਾਲ ਚੱਲ ਰਹੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ।

ਗੁਰੂ ਗ੍ਰੰਥ ਦੇ ਖ਼ਾਲਸਾ ਪੰਥ ਦੇ ਮੈਂਬਰ ਭਾਈ ਮਨਜੀਤ ਸਿੰਘ ਮੋਹਾਲੀ ਨੇ ਹਰੀ ਸਿੰਘ ਰੰਧਾਵਾ ਨੂੰ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਲਈ ਜਿਸ ਅਕਾਲ ਤਖ਼ਤ ਦਾ ਨਾਮ ਤੁਸੀਂ ਅੱਜ ਵਰਤ ਰਹੇ ਹੋ ਇਸੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ 6 ਜੂਨ 2008 ਨੂੰ ਹੁਕਨਾਮਾ ਜਾਰੀ ਕੀਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਹੈ ਇਸ ਲਈ ਇਸ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਤਾਂ 19 ਜੂਨ ਨੂੰ ਹੀ ਹਰਨਾਮ ਸਿੰਘ ਧੁੰਮਾ ਦੀ ਅਗਵਾਈ ਹੇਠ ਸਾਧ ਯੂਨੀਅਨ ਨੇ ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਅਕਾਲ ਤਖ਼ਤ ਨੂੰ ਚੁਣੌਤੀ ਦੇ ਦਿੱਤੀ ਸੀ ਕਿ ਅਸੀਂ ਇਸ ਹੁਕਮਨਾਮੇ ਨੂੰ ਨਹੀਂ ਮੰਨਦੇ ਕਿਉਂਕਿ ਇਸ ’ਤੇ ਤਖ਼ਤ ਪਟਨਾ ਸਾਹਿਬ ਅਤੇ ਤਖ਼ਤ ਹਜੂਰ ਸਾਹਿਬ ਦੇ ਜਥੇਦਾਰਾਂ ਦੇ ਦਸਤਖ਼ਤ ਨਹੀਂ ਹਨ।

ਭਾਈ ਮਨਜੀਤ ਸਿੰਘ ਨੇ ਸਾਧ ਰੰਧਾਵੇ ਨੂੰ ਪੁੱਛਿਆ ਕਿ ਉਸ ਪ੍ਰੈੱਸ ਕਾਨਫਰੰਸ ਵਿੱਚ ਤੁਸੀਂ ਵੀ ਸ਼ਾਮਲ ਸੀ, ਤਾਂ ਦੱਸੋ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਵਾਲੇ ਹੁਕਮਨਾਮੇ ’ਤੇ ਤਾਂ ਚਾਰੇ ਹੀ ਤਖ਼ਤਾਂ ਦੇ ਜਥੇਦਾਰਾਂ ਦੇ ਦਸਤਖ਼ਤ ਨਹੀਂ ਹਨ ਅਤੇ ਤਖ਼ਤ ਸ਼੍ਰੀ ਦਮਦਮਾ ਸਹਿਬ ਦੇ ਜਥੇਦਾਰ ਤਾਂ ਸੋਧਾਂ ਲਈ ਹੋਈ ਪਹਿਲੀ ਮੀਟਿੰਗ ਤੋਂ ਹੀ ਸੋਧਾਂ ਦਾ ਜਬਰਦਸਤ ਵਿਰੋਧ ਕਰਦੇ ਆ ਰਹੇ ਹਨ, ਤੇ ਅੱਜ ਦੇ ਅਖ਼ਬਾਰਾਂ ’ਚ ਛਪੇ ਉਨ੍ਹਾਂ ਦੇ ਆਪਣੇ ਬਿਆਨ ਵਿੱਚ ਹੀ ਦੇਸ਼ ਵਿਦੇਸ਼ ਦੇ ਉਨ੍ਹਾਂ 75% ਸਿੱਖਾਂ ਨੂੰ ਵਧਾਈ ਦਿੱਤੀ ਹੈ ਜਿਨ੍ਹਾਂ ਨੇ 2003 ਵਾਲੀ ਨਾਨਕਸ਼ਾਹੀ ਕੈਲੰਡਰ ਮੁਤਾਬਿਕ 5 ਜਨਵਰੀ ਨੂੰ ਗੁਰਪੁਰਬ ਮਨਾ ਕੇ ਸੋਧਾਂ ਨੂੰ ਰੱਦ ਕਰ ਦਿੱਤਾ ਹੈ। ਫਿਰ ਇਸ ਹੁਕਮਨਾਮੇ ਨੂੰ ਲਾਗੂ ਕਰਨ ਲਈ ਤੁਸੀਂ ਕਿਸ ਆਧਾਰ ’ਤੇ ਕਹਿ ਰਹੇ ਹੋ? ਜੇ ਸਿਰਫ ਅਕਾਲ ਤਖ਼ਤ ਦਾ ਨਾਮ ਹੀ ਵਰਤਣਾ ਹੈ ਤਾਂ 6 ਜੂਨ 2008 ਦਾ ਹੁਕਨਾਮਾ ਵੀ ਲਾਗੂ ਕਰਵਾਓ। ਉਨ੍ਹਾਂ ਕਿਹਾ ਜੇ ਪੰਥ ਵਿੱਚ ਏਕਤਾ ਚਾਹੁੰਦੇ ਹੋ ਤਾਂ ਜਿਸ ਹਿਸਾਬ ਨਾਲ ਪੰਥਕ ਵਿਦਵਾਨਾਂ ਵਲੋਂ 15 ਸਾਲ ਦੇ ਲੰਬੇ ਵੀਚਾਰ ਵਟਾਂਦਰੇ ਪਿੱਛੋਂ 2003 ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕਰਵਉਣ ਲਈ ਅਤੇ 1945 ਵਿੱਚ ਲਾਗੂ ਹੋਈ ਸਿੱਖ ਰਹਿਤ ਮਰਿਆਦਾ ਲਈ 14 ਸਾਲ ਸਾਲ ਲਾਏ ਗਏ ਸਨ, ਉਨ੍ਹਾਂ ਦੋਵਾਂ ਵਿੱਚ ਜੇ ਕਿਸੇ ਸੋਧ ਦੀ ਲੋੜ ਹੈ ਤਾਂ ਉਸੇ ਢੰਗ ਨਾਲ ਵਿਦਵਾਨਾਂ ਦਾ ਪੈਨਲ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਨਵੀਆਂ ਸੋਧਾਂ ਕਰਵਾਈਆਂ ਜਾਣ, ਨਾ ਕਿ ਸਿਰਫ ਧੁੰਮਾ ਮੱਕੜ ਜੋੜੀ ਹੀ ਬਿਪਰਵਾਦੀਆਂ ਨੂੰ ਖ਼ੁਸ਼ ਕਰਨ ਲਈ ਮਨਆਈਆਂ ਸੋਧਾਂ ਕਰ ਦੇਵੇ।

ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਦੇ ਵਿਰੋਧੀਆਂ ਨੂੰ, ਸਾਧ ਰੰਧਾਵਾ ਵਲੋਂ, ਭੀਖੀ ਕਾਂਡ ਵਿਚ ਪਾਏ ਗਏ ਯੋਗਦਾਨ ਪੁੱਛਣ ਸਬੰਧੀ ਦਿੱਤੇ ਬਿਆਨ ’ਤੇ ਪ੍ਰਤੀਕਰਮ ਕਰਦਿਆਂ ਸਾਹਿਬਜ਼ਾਦਾ ਜੁਝਾਰ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਸਿਮਰਨਜੋਤ ਸਿੰਘ ਖ਼ਾਲਸਾ ਨੇ ਪੁੱਛਿਆ ਕਿ ਦੂਸਰਿਆਂ ਤੇ ਸਵਾਲ ਕਰਨ ਤੋਂ ਪਹਿਲਾਂ ਰੰਧਾਵਾ ਜੀ!

ਤੁਸੀਂ ਦੱਸੋਂ ਕਿ ਤੁਹਾਡਾ ਇਸ ਵਿੱਚ ਕੀ ਯੋਗਦਾਨ ਹੈ? ਜਿਸ ਪ੍ਰਧਾਨ ਅਵਤਰ ਸਿੰਘ ਮੱਕੜ ਰਾਹੀਂ ਤੁਸੀਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਵਾਇਆ ਹੈ, ਉਸ ਨੇ ਤਾਂ ਬਿਆਨ ਦਾਗ਼ ਦਿੱਤਾ ਹੈ ਕਿ ਬਾਬਾ ਦਾਦੂਵਾਲਾ ਕੂੜ ਪ੍ਰਚਾਰ ਕਰ ਰਿਹਾ ਹੈ। ਤੁਸੀਂ ਦੱਸੋ ਕਿ ਤੁਹਾਡਾ ਇਸ ਸਬੰਧੀ ਕੀ ਨਜ਼ਰੀਆ ਹੈ? ਜੇ ਤੁਸੀਂ ਸਮਝਦੇ ਹੋ ਕਿ ਬਾਬਾ ਦਾਦੂਵਾਲਾ ਅਕਾਲ ਤਖ਼ਤ ਦਾ ਹੁਕਮਨਾਮਾ ਲਾਗੂ ਕਰਵਾਉਣ ਲਈ ਠੀਕ ਭੂਮਿਕਾ ਨਿਭਾ ਰਿਹਾ ਹੈ ਤਾਂ ਤੁਸੀਂ ਉਸ ਦਾ ਸਾਥ ਕਿਉਂ ਨਹੀਂ ਦੇ ਰਹੇ? ਜਿਨਾਂ ਜੋਰ ਤੁਸੀਂ ਬਿਕ੍ਰਮੀ ਯੰਤਰੀ ਨੂੰ ਮੁੜ ਕੌਮ ਦੇ ਗਲ਼ ਮੜਨ ਲਈ ਜਾਰੀ ਕੀਤੇ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਲਾ ਰਹੇ ਹੋ ਉਤਨਾ ਜੋਰ ਤੁਸੀਂ 17 ਮਈ 2007 ਨੂੰ ਸੌਦਾ ਸਾਧ ਵਿਰੁੱਧ ਜਾਰੀ ਹੋਏ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਕਿਉਂ ਨਹੀਂ ਲਾ ਰਹੇ? ਕੀ ਦੇਹਧਾਰੀਆਂ ਦੇ ਕੂੜ ਪ੍ਰਚਾਰ ਨੂੰ ਰੋਕਣ ਨਾਲੋਂ ਤੁਹਾਡੇ ਲਈ ਇਹ ਜਿਆਦਾ ਮਹੱਤਵਪੂਰਨ ਹੈ ਕਿ ਗੁਰਪੁਰਬ ਕਿਹੜੀ ਤਰੀਕ ਨੂੰ ਮਨਾਉਣਾ ਹੈ ਅਤੇ ਕਿਹੜੀ ਨੂੰ ਨਹੀਂ? ਗੁਰੂ ਗੋਬਿੰਦ ਸਿੰਘ ਜੀ ਦਾ ਜਿਸ ਦਿਨ ਪ੍ਰਕਾਸ਼ ਹੋਇਆ ਸੀ ਉਸ ਦਿਨ 22 ਦਸੰਬਰ, ਤਿਥਾਂ ਦੇ ਹਿਸਾਬ ਪੋਹ ਸੁਦੀ 7 ਅਤੇ ਸੰਗਰਾਂਦ ਦੇ ਹਿਸਾਬ 23 ਪੋਹ ਸੀ। ਇਹ ਤਿੰਨੇ ਤਰੀਕਾਂ ਇਕੱਠੀਆਂ ਤਾਂ 25- 30 ਸਾਲ ਪਿਛੋਂ ਆਉਂਦੀਆਂ ਹਨ। ਪੋਹ ਸੁਦੀ 7 ਕਦੀ 354 ਦਿਨਾਂ ਪਿੱਛੋਂ ਆਉਂਦੀ ਅਤੇ ਕਦੀ 375 ਦਿਨਾਂ ਪਿਛੋਂ ਇਸ ਕਰਕੇ ਕਿਸੇ ਨੂੰ ਇਹ ਹੀ ਨਹੀਂ ਪਤਾ ਲਗਦਾ ਕਿ ਗੁਰਪੁਰਬ ਕਿਸ ਦਿਨ ਆਉਣਾ ਹੈ। ਫਿਰ ਤੁਸੀਂ ਹੀ ਦੱਸੋ ਕਿ ਜੇ ਗੁਰਪੁਰਬ ਪੋਹ ਸੁਦੀ 7 ਦੀ ਵਜਾਏ 23 ਪੋਹ ਨੂੰ ਮਨਾ ਲਿਆ ਜਾਵੇ ਜਿਹੜਾ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਹਰ ਸਾਲ 5 ਜਨਵਰੀ ਨੂੰ ਹੀ ਆਵੇਗਾ, ਤਾਂ ਕਿਹੜੇ ਧਾਰਮਿਕ ਅਸੂਲ ਜਾਂ ਇਤਿਹਾਸਕ ਤੱਥ ਦੀ ਉਲੰਘਨਾ ਹੁੰਦੀ ਹੈ? ਜੇ ਕਰ ਤੁਸੀਂ ਸਿਰਫ ਇਸ ਸਵਾਲ ਦਾ ਜਵਾਬ ਨਹੀਂ ਦੇ ਸਕਦੇ ਤਾਂ ਇਸ ਵਿੱਚ ਕੋਈ ਸਚਾਈ ਨਹੀਂ ਹੈ ਕਿ ਸ: ਪਾਲ ਸਿੰਘ ਪੁਰੇਵਾਲ ਜੀ ਤੁਹਾਡੇ ਕਿਸੇ ਸਵਾਲ ਦਾ ਜਵਾਬ ਨਹੀਂ ਦੇ ਸਕੇ। ਸ: ਪਾਲ ਸਿੰਘ ਪੁਰੇਵਾਲ ਜੀ ਤਾਂ ਇੱਕ ਬਹੁਤ ਵਿਦਵਾਨ ਹਨ, ਜਿਨ੍ਹਾਂ ਨੇ ਸਿਰਫ ਨਾਨਕਸ਼ਾਹੀ ਕੈਲੰਡਰ ਹੀ ਨਹੀਂ ਬਣਾਇਆ ਬਲਕਿ ਇਸਲਾਮਿਕ ਕੈਲੰਡਰ ਵੀ ਸੂਰਜੀ ਸਾਲ ਦੇ ਹਿਸਾਬ ਨਾਲ ਤਿਆਰ ਕੀਤਾ ਹੈ ਜਿਸ ਨੂੰ ਮੁਸਲਮਾਨਾਂ ਨੇ ਵੀ ਅਪਣਾ ਲਿਆ ਹੈ। ਇਸ ਲਈ ਤੁਹਾਨੂੰ ਚੁਣੌਤੀ ਦਿੱਤੀ ਜਾਂਦੀ ਹੈ ਕਿ ਜੇ ਕਰ ਤੁਹਨੂੰ ਨਾਨਕਸ਼ਾਹੀ ਕੈਲੰਡਰ ਸਬੰਧੀ ਕੋਈ ਸ਼ੰਕਾ ਹੈ ਤਾਂ ਪੁਰੇਵਾਲ ਜੀ ਤਾਂ ਦੂਰ ਦੀ ਗੱਲ ਹੈ ਤੁਸੀਂ ਸਾਨੂੰ ਦੱਸੋ ਅਸੀਂ ਹੀ ਤੁਹਾਡੀ ਤਸੱਲੀ ਕਰਵਾ ਸਕਦੇ ਹਾਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top