Share on Facebook

Main News Page

ਬਾਦਲ ਪਿਉ-ਪੁੱਤਾਂ ਦੀ ਬਿਆਨਬਾਜ਼ੀ ਨੇ ਉਨ੍ਹਾਂ ਦੀ ਸਥਿਤੀ ਹਾਸੋਹੀਣੀ ਬਣਾਈ: ਜਤਿੰਦਰ ਪਨੂੰ

ਇਨ੍ਹਾਂ ਗੱਲਾਂ ਉਤੇ ਅੱਜ ਦੀ ਘੜੀ ਅਸੀਂ ਸਿਰ-ਖਪਾਈ ਨਹੀਂ ਕਰਾਂਗੇ ਕਿ ਮਨਪ੍ਰੀਤ ਸਿੰਘ ਬਾਦਲ ਜਿਹੜੇ ਪੈਂਡੇ ਤੁਰ ਪਿਆ ਹੈ, ਉਸ ਵਿੱਚੋਂ ਉਸ ਦਾ ਭਵਿੱਖ ਨਿੱਖਰਦਾ ਹੈ ਜਾਂ ਨਿੱਘਰਦਾ ਹੈ, ਤੇ ਇਸ ਗੱਲ ਲਈ ਵੀ ਹੁਣੇ ਕੁਝ ਨਹੀਂ ਕਹਾਂਗੇ ਕਿ ਸੋਲਾਂ ਮਹੀਨੇ ਪਿੱਛੋਂ ਪੰਜਾਬ ਦੇ ਲੋਕ ਕਿਸ ਦੀ ਪਰਜਾ ਹੋਣਗੇ। ਵਿਧਾਨ ਸਭਾ ਚੋਣਾਂ ਹਾਲ ਦੀ ਘੜੀ ਕਣਕ ਖੇਤ, ਕੁੜੀ ਪੇਟ ਤੇ ਆ ਜਵਾਈਆ ਮੰਡੇ ਖਾਹ’ਵਾਲਾ ਮਾਮਲਾ ਹੈ, ਇਸ ਲਈ ਉਸ ਦੀ ਚਰਚਾ ਵਿੱਚ ਹੁਣੇ ਪੈਣ ਦਾ ਕੋਈ ਮਤਲਬ ਨਹੀਂ। ਇਹ ਵੀ ਅੱਜ ਦੀ ਘੜੀ ਨਹੀਂ ਕਿਹਾ ਜਾ ਸਕਦਾ ਕਿ ਕੱਲ੍ਹ ਨੂੰ ਬਾਦਲ ਬਾਪ-ਬੇਟੇ ਨੂੰ ਛੱਡ ਕੇ ਕੌਣ ਮਨਪ੍ਰੀਤ ਬਾਦਲ ਵੱਲ ਤੁਰ ਜਾਵੇਗਾ ਤੇ ਕੌਣ ਅਮਰਿੰਦਰ ਸਿੰਘ ਵੱਲ ਜਾਂ ਕੌਣ ਟਿਕਟ ਨਾ ਮਿਲਦੀ ਵੇਖ ਕੇ ਕਾਂਗਰਸ ਛੱਡ ਕੇ ਬਾਦਲ ਅਕਾਲੀ ਦਲ ਵਿੱਚ ਆਣ ਵੜੇਗਾ। ਜਿਨ੍ਹਾਂ ਜਿੱਤੇ ਹੋਇਆਂ ਜਾਂ ਸਾਬਕਾ ਹੋ ਚੁੱਕਿਆਂ ਦੇ ਚੋਣ ਹਲਕੇ ਰਿਜ਼ਰਵ ਹੋਣ ਜਾਂ ਰਿਜ਼ਰਵੇਸ਼ਨ ਟੁੱਟਣ ਕਾਰਨ ਛੱਡਣੇ ਪੈ ਗਏ, ਉਨ੍ਹਾਂ ਵੀ ਰਾਜਨੀਤੀ ਨਹੀਂ ਛੱਡ ਦੇਣੀ, ਸਗੋਂ ’ਮਿੱਤਰਾਂ ਦੀ ਛਤਰੀ ਤੋਂ ਉੱਡ ਗਈ’ ਵਾਂਗ ਉਡਾਰੀਆਂ ਮਾਰ ਜਾਣ ਲਈ ਹੁਣੇ ਤੋਂ ਪਰ ਤੋਲਦੇ ਨਜ਼ਰ ਆਉਂਦੇ ਹਨ। ਇਸ ਕਰ ਕੇ ਇਹ ਸਾਰਾ ਕੁਝ ਓਦੋਂ ਲਈ ਛੱਡ ਕੇ ਇਸ ਵੇਲੇ ਕਈ ਕੁਝ ਹੋਰ ਵਿਚਾਰਨ ਵਾਲਾ ਪਿਆ ਹੈ।

ਅਸੀਂ ਪਿਛਲੇ ਸਾਲਾਂ ਵਿੱਚ ਬਹੁਤ ਸਾਰੇ ਲੀਡਰਾਂ ਦੀਆਂ ਬੇਤੁਕੀਆਂ ਗੱਲਾਂ ਸੁਣੀਆਂ ਹਨ, ਪਰ ਜਿੰਨੀਆਂ ਵੀ ਸੁਣੀਆਂ ਹਨ, ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਅਕਾਲੀ ਦਲਾਂ ਦੀ ਦਲਦਲ ਵਿੱਚੋਂ ਸਭ ਤੋਂ ਵੱਡੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਉਹ ਨਿਗੂਣੀਆਂ ਸਾਬਤ ਕਰਨ ਦਾ ਇਰਾਦਾ ਧਾਰ ਲਿਆ ਜਾਪਦਾ ਹੈ। ਉਹ ਇੱਕ ਗੱਲ ਅੱਜ ਆਖਦੇ ਹਨ ਤੇ ਦੂਜੇ ਦਿਨ ਨਹੀਂ, ਦੂਜੇ ਮਿੰਟ ਹੀ ਉਸ ਤੋਂ ਉਲਟ ਗੱਲ ਕਹਿ ਕੇ ਆਪਣੀ ਸਾਰੀ ਖੇਡ ਖਰਾਬ ਕਰ ਲੈਂਦੇ ਹਨ। ਠੀਕ ਜਾਂ ਗਲਤ ਦਾ ਫੈਸਲਾ ਉਨ੍ਹਾਂ ਚੇਲਿਆਂ ਨਹੀਂ ਕਰਨਾ, ਜਿਹੜੇ ਤਾੜੀਆਂ ਮਾਰਨ ਤੇ ਜੈਕਾਰੇ ਛੱਡਣ ਤੋਂ ਬਿਨਾਂ ਕੁਝ ਜਾਣਦੇ ਨਹੀਂ। ਇਨ੍ਹਾਂ ਦਾ ਪਤਾ ਤਾਂ ਓਦੋਂ ਲੱਗ ਗਿਆ ਸੀ, ਜਦੋਂ ਅਮਰਿੰਦਰ ਸਿੰਘ ਦੇ ਰਾਜ ਵੇਲੇ ਜੈਤੋ ਵਿੱਚ ਭਾਸ਼ਣ ਕਰ ਰਹੇ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਨਹੀਂ ਜਿੱਤੀ, ਆਪੋ ਵਿੱਚ ਦੋ ਥਾਂਈਂ ਪਾਟ ਕੇ ਅਸੀਂ ਆਪਣੇ ਪੈਰਾਂ ਉ¤ਤੇ ਆਪ ਕਹੀ ਮਾਰ ਲਈ ਹੈ, ਤੇ ਏਨੀ ਗੱਲ ਸੁਣ ਕੇ ਇੱਕ ਅਕਾਲੀ ਨੇ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਛੱਡ ਦਿੱਤਾ ਸੀ। ਓਦੋਂ ਬਾਦਲ ਸਾਹਿਬ ਨੇ ਖਿਝ ਕੇ ਕਿਹਾ ਸੀ ਕਿ ਮੈਂ ਤਾਂ ਕਿਹਾ ਹੈ ਕਿ ਅਸੀਂ ਪੈਰਾਂ ’ਤੇ ਕਹੀ ਮਾਰ ਲਈ ਹੈ, ਇਸ ਵਿੱਚ ਜੈਕਾਰਾ ਛੱਡਣ ਵਾਲੀ ਕਿਹੜੀ ਗੱਲ ਹੈ...? ਇਹੋ ਜਿਹੇ ਜੈਕਾਰੇ ਛੱਡਣ ਵਾਲੇ ਲੋਕ ਹੁਣ ਸੁਖਬੀਰ ਸਿੰਘ ਬਾਦਲ ਦੇ ਮਗਰ ਏਨੇ ਫਿਰਦੇ ਹਨ ਕਿ ਉਨ੍ਹਾਂ ਵਿੱਚ ਇੱਕ ਦੂਜੇ ਤੋਂ ਪਹਿਲਾਂ ਤਾੜੀਆਂ ਮਾਰਨ ਤੇ ਜੈਕਾਰੇ ਮਾਰਨ ਦੀ ਦੌੜ ਲੱਗੀ ਪਈ ਹੈ।

ਜਿੱਥੋਂ ਤੱਕ ਬੇਤੁਕੀਆਂ ਦਾ ਸੰਬੰਧ ਹੈ, ਸੁਖਬੀਰ ਸਿੰਘ ਦੀ ਪਹਿਲੀ ਬੇਤੁਕੀ ਗੱਲ ਅਸੀਂ ਕਈ ਸਾਲ ਪਹਿਲਾਂ ਓਦੋਂ ਸੁਣੀ ਸੀ, ਜਦੋਂ ਉਸ ਨੇ ਕਿਹਾ ਸੀ ਕਿ ਮੇਰੇ ਪਿਤਾ ਜੀ ਨੇ ਨੈਲਸਨ ਮੰਡੇਲਾ ਨਾਲੋਂ ਵੱਧ ਜੇਲ੍ਹ ਕੱਟੀ ਹੋਈ ਹੈ। ਉਸ ਦੇ ਪਿਤਾ ਜੀ ਨੇ ਵੱਖ-ਵੱਖ ਅੰਦਾਜ਼ਿਆਂ ਮੁਤਾਬਕ ਸੱਤ ਕੁ ਸਾਲ ਦੀ ਕੈਦ ਕੱਟੀ ਹੋਈ ਹੈ ਤੇ ਨੈਲਸਨ ਮੰਡੇਲਾ ਨੇ ਸਤਾਈ ਸਾਲ ਜੇਲ੍ਹਾਂ ਵਿੱਚ ਗੁਜ਼ਾਰੇ ਹੋਏ ਸਨ। ਜੇ ਸੁਖਬੀਰ ਸਿੰਘ ਨੇ ਆਪਣੇ ਪਿਤਾ ਜੀ ਦੇ ਸੱਤ ਸਾਲ ਵੀ ਗਿਣਾਏ ਹੁੰਦੇ ਤਾਂ ਇਹ ਪੰਜਾਬ ਦੀ ਰਾਜਨੀਤੀ ਵਿੱਚ ਇਸ ਵੇਲੇ ਸਰਗਰਮ ਕਿਸੇ ਵੀ ਹੋਰ ਲੀਡਰ ਨਾਲੋਂ ਘੱਟ ਸ਼ਾਇਦ ਨਹੀਂ ਸਨ ਹੋਣੇ, ਪਰ ਉਸ ਨੇ ਸਤਾਈ ਸਾਲ ਕਹਿ ਕੇ ਕੁਝ ਲੋਕਾਂ ਨੂੰ ਜੇਲ੍ਹਾਂ ਦੀਆਂ ਤਰੀਕਾਂ ਪੇਸ਼ ਕਰ ਕੇ ਮਜ਼ਾਕ ਉਡਾਉਣ ਦਾ ਮੌਕਾ ਦੇ ਦਿੱਤਾ। ਨਾਲ ਹੀ ਇਹ ਬਹਿਸ ਚੱਲ ਪਈ ਕਿ ਇਸ ਵਿੱਚੋਂ ਪਾਰਟੀ ਦੀ ਲੋੜ ਵਾਸਤੇ ਕਿੰਨੀ ਜੇਲ੍ਹ ਕੱਟੀ ਸੀ ਤੇ ਆਪਣੀ ਲੋੜ ਵਾਸਤੇ ਕਿੰਨੀ? ਉਨ੍ਹਾਂ ਦੇ ਵਿਰੋਧੀ ਆਖਦੇ ਹਨ ਕਿ ਜਦੋਂ ਧਰਮ ਯੁੱਧ ਮੋਰਚਾ ਲੱਗਾ ਸੀ, ਓਦੋਂ ਬਾਹਰ ਖਤਰਾ ਵੇਖ ਕੇ ਬਾਦਲ ਸਾਹਿਬ ਖੁਦ ਹੀ ਜੇਲ੍ਹ ਵਿੱਚ ਵੱਧ ਸੁਰੱਖਿਅਤ ਮਹਿਸੂਸ ਕਰਦੇ ਸਨ। ਅਪਰੇਸ਼ਨ ਬਲਿਊ ਸਟਾਰ ਜਦੋਂ ਸਾਰਾ ਹੋ ਚੁੱਕਾ, ਓਦੋਂ ਚੰਡੀਗੜ੍ਹ ਆ ਕੇ ਉਨ੍ਹਾਂ ਨੇ ਫੌਜਾਂ ਵਿਚਲੇ ਸਿੱਖਾਂ ਨੂੰ ਬੈਰਕਾਂ ਛੱਡ ਕੇ ਪੰਥ ਲਈ ਜਾਨਾਂ ਵਾਰਨ ਦਾ ਉਹ ਸੱਦਾ ਦੇ ਦਿੱਤਾ, ਜਿਹੜਾ ਹਰ ਗੱਲ ਪੰਜ ਛਾਨਣੀਆਂ ਨਾਲ ਛਾਨਣ ਵਾਲੇ ਆਲ ਇੰਡੀਆ ਰੇਡੀਓ ਨੇ ਆਪ ਪਤਾ ਨਹੀਂ ਕਿਉਂ ਪ੍ਰਸਾਰਤ ਕੀਤਾ, ਤੇ ਜਿਸ ਨੂੰ ਸੁਣ ਕੇ ਕਈ ਥਾਂ ਬਗਾਵਤ ਹੋ ਗਈ ਸੀ। ਕਾਰਨ ਸ਼ਾਇਦ ਇਹ ਕਿ ਹਾਲਾਤ ਜੋ ਵੀ ਹੋਣ, ਅੰਦਰੋਂ ਫੜ ਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਜਦੋਂ ਜੇਲ੍ਹ ਵਿੱਚ ਭੇਜ ਦਿੱਤੇ ਗਏ ਤਾਂ ਇਕੱਲੇ ਪ੍ਰਕਾਸ਼ ਸਿੰਘ ਬਾਦਲ ਦੇ ਬਾਹਰ ਰਹਿਣ ਦੇ ਕਈ ਅਰਥ ਕੱਢੇ ਜਾਣੇ ਸਨ। ਏਦਾਂ ਦੇ ਕਈ ਮੌਕੇ ਗਿਣਾਏ ਜਾ ਸਕਦੇ ਹਨ, ਜਦੋਂ ਰਾਜਸੀ ਲੋੜ ਖਾਤਰ ਉਨ੍ਹਾਂ ਦਾ ਬਾਹਰ ਨਾਲੋਂ ਅੰਦਰ ਰਹਿਣਾ ਵੱਧ ਲਾਹੇਵੰਦਾ ਸੀ, ਅਮਰਿੰਦਰ ਸਿੰਘ ਦੇ ਸਮੇਂ ਦੇ ਚਾਰ ਕੁ ਦਿਨ ਇਸ ਵਿੱਚ ਸ਼ਾਮਲ ਨਹੀਂ ਹੋਣਗੇ।

ਦੂਜਾ ਮੌਕਾ ਅੱਜ ਕੱਲ੍ਹ ਮੁੜ-ਮੁੜ ਬਣ ਰਿਹਾ ਹੈ, ਜਦੋਂ ਮਨਪ੍ਰੀਤ ਬਾਦਲ ਵੱਲੋਂ ਉਛਾਲੇ ਗਏ ਪੰਜਾਬ ਦੇ ਸਿਰ ਚੜ੍ਹੇ ਕਰਜ਼ੇ ਦੇ ਮੁੱਦੇ ਬਾਰੇ ਪੁੱਛਿਆ ਜਾਂਦਾ ਹੈ। ਮਨਪ੍ਰੀਤ ਦੇ ਗਿੱਦੜਬਾਹਾ ਵਿੱਚ ਕੀਤੇ ਪਹਿਲੇ ਜਲਸੇ ਮਗਰੋਂ ਆਪਣੇ ਪਹਿਲੇ ਜਲਸੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਹਿ ਦਿੱਤਾ ਕਿ ਜੇ ਮੇਰੇ ਇਸ ਭਰਾ ਦੀ ਗੱਲ ਮੰਨੀ ਜਾਵੇ ਤਾਂ ਕਿਸਾਨਾਂ ਨੂੰ ਤੀਹ-ਤੀਹ ਹਜ਼ਾਰ ਰੁਪਏ ਹਰ ਸਾਲ ਬਿਜਲੀ ਬਿੱਲਾਂ ਦੇ ਦੇਣੇ ਪੈਣਗੇ। ਇਹ ਗੱਲ ਉਸ ਨੂੰ ਪਤਾ ਨਹੀਂ ਕਿਸ ਨੇ ਦੱਸ ਦਿੱਤੀ। ਆਮ ਕਿਸਾਨ ਹੁਣ ਸਾਢੇ ਸੱਤ ਤੋਂ ਦਸ ਹਾਰਸ ਪਾਵਰ ਤੱਕ ਦੀ ਮੋਟਰ ਲਾਉਂਦੇ ਹਨ ਤੇ ਪੰਜਾਹ ਰੁਪਏ ਮਹੀਨਾ ਪ੍ਰਤੀ ਹਾਰਸ ਪਾਵਰ ਦੇ ਹਿਸਾਬ ਦਸ ਹਾਰਸ ਪਾਵਰ ਦੀ ਮੋਟਰ ਦੇ ਛੇ ਸੌ ਰੁਪਏ ਮਹੀਨਾ ਬਣ ਕੇ ਵੀ ਸਾਲ ਦੇ ਸਵਾ ਸੱਤ ਹਜ਼ਾਰ ਤੋਂ ਹੇਠਾਂ ਰਹਿ ਜਾਣਗੇ। ਤੰਗੀਆਂ-ਤੁਰਸ਼ੀਆਂ ਦੇ ਮਾਰੇ ਲੋਕਾਂ ਨੂੰ ਏਨੇ ਪੈਸੇ ਦੱਸ ਕੇ ਵੀ ਸਰ ਜਾਣਾ ਸੀ, ਤੀਹ ਹਜ਼ਾਰ ਦੱਸ ਕੇ ਉਨ੍ਹਾਂ ਦਾ ਤ੍ਰਾਹ ਕੱਢਣ ਦੀ ਕੀ ਲੋੜ ਸੀ?

ਪਿਛਲੇ ਹਫਤੇ ਸੁਖਬੀਰ ਸਿੰਘ ਹੋਰੀਂ ਕਪੂਰਥਲੇ ਆਏ ਸਨ। ਓਥੇ ਵੀ ਪੱਤਰਕਾਰਾਂ ਨੇ ਪੰਜਾਬ ਦੇ ਸੱਤਰ ਹਜ਼ਾਰ ਕਰੋੜ ਦੇ ਕਰਜ਼ੇ ਦੀ ਗੱਲ ਛੇੜ ਲਈ। ਸੁਖਬੀਰ ਹੁਰਾਂ ਨੇ ਆਪਣੀ ਘਸਦੀ ਜਾ ਰਹੀ ਓਹੋ ਟੇਪ ਚਲਾ ਦਿੱਤੀ ਕਿ ਏਨਾ ਕਰਜ਼ਾ ਹੈ ਹੀ ਨਹੀਂ, ਸਿਰਫ਼ ਪੈਂਤੀ ਸੌ ਕਰੋੜ ਰੁਪਏ ਹੈ। ਪੱਤਰਕਾਰਾਂ ਨੇ ਖੜੇ ਪੈਰ ਦੂਜਾ ਸਵਾਲ ਪੁੱਛ ਲਿਆ ਕਿ ਜੇ ਪੰਜਾਬ ਸਰਕਾਰ ਏਨੀ ਕਰਜ਼ਾਈ ਨਹੀਂ ਤਾਂ ਕਰਮਚਾਰੀਆਂ ਦੀਆਂ ਤਨਖ਼ਾਹਾਂ ਅਤੇ ਹੋਰ ਬਕਾਇਆਂ ਦੇ ਸੱਤ ਹਜ਼ਾਰ ਕਰੋੜ ਰੁਪਏ ਦਾ ਭੁਗਤਾਨ ਕਿਉਂ ਨਹੀਂ ਕੀਤਾ ਜਾ ਰਿਹਾ? ਬਿਨਾਂ ਸੋਚੇ ਸੁਖਬੀਰ ਸਿੰਘ ਹੋਰੀਂ ਅਗਲੀ ਗੱਲ ਇਹ ਕਹਿ ਗਏ ਕਿ ‘ਜਿਹੜੀ ਸਰਕਾਰ ਅੱਠ ਹਜ਼ਾਰ ਕਰੋੜ ਰੁਪਏ ਸਾਲਾਨਾ ਤੋਂ ਵੱਧ ਦਾ ਕਰਜ਼ੇ ਦਾ ਵਿਆਜ ਭਰ ਰਹੀ ਹੋਵੇ, ਉਸ ਲਈ ਇਹ ਭੁਗਤਾਨ ਕਰਨੇ ਏਡੀ ਸੌਖੀ ਗੱਲ ਨਹੀਂ ਹੁੰਦੀ।’ ਇਸੇ ਗੱਲ ਨੇ ਉਨ੍ਹਾਂ ਦੀ ਸਥਿਤੀ ਖ਼ਰਾਬ ਕਰ ਦਿੱਤੀ ਕਿ ਹੁਣੇ ਤਾਂ ਕਿਹਾ ਸੀ ਕਿ ਕਰਜ਼ਾ ਸਿਰਫ਼ ਪੈਂਤੀ ਸੌ ਕਰੋੜ ਰੁਪਏ ਹੈ, ਜੇ ਕਰਜ਼ਾ ਹੀ ਪੈਂਤੀ ਸੌ ਜਾਂ ਸਾਢੇ ਤਿੰਨ ਹਜ਼ਾਰ ਕਰੋੜ ਰੁਪਏ ਹੈ ਤਾਂ ਵਿਆਜ ਅੱਠ ਹਜ਼ਾਰ ਕਰੋੜ ਰੁਪਏ ਸਾਲਾਨਾ ਕਿਵੇਂ ਬਣ ਗਿਆ? ਜੇ ਸੁਖਬੀਰ ਸਿੰਘ ਬਾਦਲ ਸਾਰਾ ਕੁਝ ਗਿਣ ਮਿਥ ਕੇ ਬੋਲਣ ਅਤੇ ਬੇਤੁਕੀਆਂ ਨਾ ਛੱਡਣ ਤਾਂ ਇਹੋ ਜਿਹੀਆਂ ਉਲਝਣਾਂ ਵੀ ਨਾ ਪੈਣ।

ਹੁਣ ਉਨ੍ਹਾਂ ਨੇ ਅਠਾਰਾਂ ਨਵੰਬਰ ਦੇ ਦਿਨ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਲਾ ਕੇ ਕੁਝ ਮਤੇ ਪਾਸ ਕੀਤੇ ਤੇ ਇਹੋ ਉਲਝਣ ਹੋਰ ਵਧਾ ਦਿੱਤੀ ਹੈ। ਅਖ਼ਬਾਰਾਂ ਮੁਤਾਬਕ ਕੇਂਦਰ ਸਰਕਾਰ ਦੇ ਟੈਲੀਕਾਮ ਘੋਟਾਲੇ ਬਾਰੇ ਅਕਾਲੀ ਦਲ ਦਾ ਮਤਾ ਕਹਿੰਦਾ ਹੈ ਕਿ ਇਸ ਵਿੱਚ ਇੱਕ ਲੱਖ ਛਿਹੱਤਰ ਹਜ਼ਾਰ ਕਰੋੜ ਦੀ ਹੇਰਾਫੇਰੀ ਹੋਈ ਹੈ, ਅਤੇ ਏਨੀ ਗੱਲ ਅਕਾਲੀ ਦਲ ਬਿਲਕੁਲ ਠੀਕ ਕਹਿੰਦਾ ਹੈ, ਪਰ ਅਗਲੀ ਗੱਲ ਇਹ ਆਖ ਦਿੱਤੀ ਹੈ ਕਿ ਏਨੇ ਪੈਸੇ ਨਾਲ ਪੰਜਾਬ ਦਾ ਮੌਜੂਦਾ ਕਰਜ਼ਾ ਲਗਭਗ ਤਿੰਨ ਵਾਰੀ ਮੁਆਫ਼ ਕੀਤਾ ਜਾ ਸਕਦਾ ਸੀ। ਜੇ ਕਰਜ਼ਾ ਸਿਰਫ਼ ਪੈਂਤੀ ਸੌ ਕਰੋੜ ਰੁਪਏ ਹੋਵੇ ਤਾਂ ਉਸ ਦੀਆਂ ਤਿੰਨ ਵਾਰੀਆਂ ਸਿਰਫ਼ ਸਾਢੇ ਦਸ ਹਜ਼ਾਰ ਕਰੋੜ ਤੱਕ ਜਾ ਕੇ ਮੁੱਕ ਜਾਂਦੀਆਂ ਹਨ ਤੇ ਟੈਲੀਕਾਮ ਘੋਟਾਲੇ ਦੇ ਪੌਣੇ ਦੋ ਲੱਖ ਕਰੋੜ ਵਿੱਚੋਂ ਤਾਂ ’ਏਨਾ’ ਕਰਜ਼ਾ ਪੰਜਾਹ ਵਾਰੀ ਮੁਆਫ਼ ਕੀਤਾ ਜਾ ਸਕਦਾ ਹੈ। ’ਤਿੰਨ ਵਾਰੀ ਮੁਆਫ਼ ਹੋ ਸਕਦਾ’ ਕਹਿਣ ਨੇ ਹੀ ਇਸ ਕਰਜ਼ੇ ਨੂੰ ਸੱਠ ਹਜ਼ਾਰ ਕਰੋੜ ਦੇ ਨੇੜੇ ਪੁਚਾ ਦਿੱਤਾ ਹੈ।

ਸਵਾਲ ਇਹ ਹੈ ਕਿ ਕੀ ਸੁਖਬੀਰ ਸਿੰਘ ਇਹੋ ਜਿਹੀਆਂ ਉਕਾਈਆਂ ਅਨਾੜੀ ਹੋਣ ਕਰ ਕੇ ਕਰਦਾ ਹੈ, ਜਾਂ ਜਾਣ-ਬੁੱਝ ਕੇ ਲੋਕਾਂ ਦੀ ਉਲਝਣ ਵਧਾਉਣੀ ਚਾਹੁੰਦਾ ਹੈ ਜਾਂ ਉਸ ਨੂੰ ਪਤਾ ਹੀ ਨਹੀਂ ਤੇ ਜੋੜੀਦਾਰ ਜੋ ਕੁਝ ਲਿਖ ਕੇ ਫੜਾ ਦੇਂਦੇ ਹਨ, ਮਾੜਾ-ਮੋਟਾ ਪੜ੍ਹ ਕੇ ਅੱਗੇ ਬੋਲ ਦੇਂਦਾ ਹੈ? ਤਿੰਨੇ ਹਾਲਾਤ ਵਿੱਚ ਹੀ ਉਸ ਦੀ ਸਥਿਤੀ ਹਾਸੋਹੀਣੀ ਹੁੰਦੀ ਹੈ, ਪਰ ਇਹ ਗੱਲ ਉਸ ਪਿੱਛੇ ਤਾੜੀਆਂ ਮਾਰਨ ਤੇ ਜੈਕਾਰੇ ਛੱਡਣ ਵਾਲੇ ਉਸ ਨੂੰ ਕਦੇ ਨਹੀਂ ਦੱਸਣਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top