Share on Facebook

Main News Page

ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਨੇ ਗੁਰਸਿੱਖ ਜੋੜਿਆਂ ਦੇ ਮੁਕਾਬਲੇ ਕਰਵਾਏ

* ਸਰਦਾਰਨੀ ਹਰਮੀਤ ਕੌਰ ਅਤੇ ਸਰਦਾਰ ਭੁਪਿੰਦਰ ਸਿੰਘ ਨੇ ਸੋਨੇ ਦਾ ਖੰਡਾ ਜਿੱਤਿਆ

(ਜਨਵਰੀ 2011 : ਹਰਪ੍ਰੀਤ ਕੌਰ/ ਬਸੰਤ ਕੌਰ, ਲੁਧਿਆਣਾ): ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਜੋ ਲੰਬੇ ਸਮੇਂ ਤੋਂ ਸਿੱਖ ਕੌਮ ਵਿਚ ਨਵੇਕਲੇ ਢੰਗ ਨਾਲ ਪ੍ਰਚਾਰ ਕਰ ਕੇ ਸਿੱਖ ਕੌਮ ਦੇ ਹਰ ਵਰਗ ਨੂੰ ਗੁਰੂੁ ਗਿਆਨ ਨਾਲ ਜੋੜਦਾ ਆ ਰਿਹਾ ਹੈ। ਐਤਕੀਂ ਵੀ ਇਸ ਸੰਸਥਾ ਵੱਲੋਂ ‘ਏਕ ਜੋਤਿ ਦੁਇ ਮੂਰਤੀ’ ਦੇ ਸਿਧਾਂਤ ਨੂੰ ਦ੍ਰਿੜ ਕਰਵਾ ਕੇ ਗ੍ਰਿਹਸਤ ਮਾਰਗ ਨੂੰ ਸਵਰਗ ਬਣਾਉਣ ਲਈ ਸਾਬਤ ਸੂਰਤ ਜੋੜਿਆਂ ਲਈ “ਗੁਰਸਿੱਖ ਕੱਪਲ ਮੁਕਾਬਲਾ -2” ਦਾ ਆਯੋਜਨ ਕੀਤਾ। ਜਿਸ ਵਿਚ ਮਹੀਨਾ ਕੁ ਪਹਿਲਾਂ ਰਖੇ ਆਡੀਸ਼ਨ ਵਿਚ ਭਾਗ ਲੈਣ ਵਾਲੀਆਂ 60 ਜੋੜਿਆਂ ਵਿਚੋਂ ਕੇਵਲ 6 ਗੁਰਸਿੱਖ ਜੋੜੇ ਹੀ ਮੁਕਾਬਲੇ ਲਈ ਰੱਖੀ ਯੋਗਤਾ ਨੂੰ ਪੂਰਾ ਕਰ ਸਕੇ। ਇੰਨ੍ਹਾਂ 6 ਜੋੜਿਆ ਦਾ ਮੁਕਾਬਲਾ 2 ਜਨਵਰੀ ਨੂੰ ਰੋਟਰੀ ਭਵਨ, ਸਰਾਭਾ ਨਗਰ ਲੁਧਿਆਣਾ ਦੇ ਪਰਿਸਰ ਵਿਚ ਰੱਖਿਆ ਗਿਆ। ਜਿਸ ਵਿਚ ਤਿੰਨ ਰਾਉਂਡਜ਼ ਨੂੰ ਪੂਰਾ ਕਰਦੇ ਹੋਏ ਜਿਥੇ ਗੁਰਮਤਿ ਨਾਲ ਸੰਬੰਧਤ ਸਵਾਲਾਂ ਦੇ ਜੁਆਬ ਦਿੱਤੇ, ਉਥੇ ਹਰ ਗੁਰਸਿੱਖ ਜੋੜੇ ਨੇ ਸਿੱਖੀ ਸਰੂਪ ਵਿਚ ਮਨੁੱਖਤਾ ਲਈ ਸਕਿਟ ਰਾਹੀਂ ਸੰਦੇਸ਼ ਅਤੇ ਕੱਪਲ ਖੇਡਾਂ ਵਿਚ ਹਿੱਸਾ ਲੈ ਕੇ ਆਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ।

ਇਸ ਮੁਕਾਬਲੇ ਵਿਚ ਸਟੇਜ ਦੀ ਸੇਵਾ ਸਿੱਖ ਪ੍ਰੈਸ ਦੇ ਸਰਦਾਰ ਪ੍ਰਭਜੋਤ ਸਿੰਘ ਅਤੇ ਗੁਰਸਿੱਖ ਨਾਰੀ ਮੰਚ ਦੀ ਬੀਬੀ ਹਰਪ੍ਰੀਤ ਕੌਰ ਨੇ ਬਾਖੂਬੀ ਨਿਭਾਈ। ਮੁਕਾਬਲੇ ਵਿਚ ਜੋੜਿਆਂ ਨੂੰ ਰੈਂਪ ’ਤੇ ਪ੍ਰਦਰਸ਼ਨ ਕਰਨ ਦੀ ਸੇਵਾ ਦੰਦਾਂ ਦੇ ਮਾਹਰ ਡਾ. ਆਤਮਜੀਤ ਸਿੰਘ ਨੇ ਨਿਭਾਈ ਅਤੇ ਨਿਰਣਾਇਕ ਮੰਡਲ ਵਿਚ ਜੱਜਾਂ ਦੀ ਭੂਮਿਕਾ ਰੇਣੁਕਾ ਸਰਬਜੀਤ ਸਿੰਘ, ਡਾ. ਸ਼ਰਬਜੋਤ ਕੌਰ, ਲਾੲੈਨ ਜੇ.ਐਸ.ਖੈਹਰਾ ਨੇ ਨਿਭਾਈ। ਕੜਾਕੇ ਦੀ ਠੰਡ ਵਿਚ ਵੀ ਸਿੱਖ ਸੰਗਤਾਂ ਇਸ ਮੁਕਾਬਲੇ ਨੂੰ ਵੇਖਣ ਲਈ ਵੱਧ ਚੜ੍ਹ ਕੇ ਪੁੱਜੀਆ। ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਗਤਕਾ ਦਲ ਨੇ ਗਤਕੇ ਦੇ ਜੌਹਰ ਵਿਖਾਏ ।

ਇਸ ਤੋਂ ਇਲਾਵਾ ਸੰਗਤਾਂ ਲਈ ਵਪਾਰ ਪ੍ਰਦਰਸ਼ਨੀ, ਬਚਿੱਆਂ ਲਈ ਫੈਂਸੀ ਡ੍ਰੈਸ ਸ਼ੋ, ਰੈਂਪ ਸ਼ੋ, ਸੋਹਣੀ ਦਸਤਾਰ ਪ੍ਰਦਰਸ਼ਨ, ਫ੍ਰੀ ਮੈਡੀਕਲ ਚੈਕੱਅਪ ਕੈਂਪ ਅਤੇ ਖਾਣ ਪੀਣ ਦੇ ਸਟਾਲ ਵੀ ਲਾਏ ਗਏ।ਇਸ ਪ੍ਰਤੀਯੋਗਤਾ ਮੌਕੇ ਨਵ ਵਿਆਹੀ ਜੋੜੀ ਸਰਦਾਰ ਗੁਰਸੇਵਕ ਸਿੰਘ ਅਤੇ ਬੀਬੀ ਹਰਬੰਸ ਕੌਰ ਫਰੀਦਾਬਾਦ ਨੂੰ ਸਿੱਖ ਕੌਮ ਪ੍ਰਤੀ ਸੇਵਾਵਾਂ ਲਈ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਡਾਇਰੈਕਟਰ ਅਤੇ ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਦੇ ਐਮ.ਡੀ. ਕੰਵਰ ਮਹਿੰਦਰ ਪ੍ਰਤਾਪ ਸਿੰਘ ਅਤੇ ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਦੀ ਸਮੁੱਚੀ ਟੀਮ ਨੇ ਸਨਮਾਨਤ ਕੀਤਾ। ਸ. ਗੁਰਸੇਵਕ ਸਿੰਘ ਅਤੇ ਬੀਬੀ ਹਰਬੰਸ ਕੌਰ ਨੇ ਸੰਗਤਾਂ ਨੂੰ ਸੰਬੋਧਤ ਹੁੰਦਿਆਂ ਆਖਿਆ ਕਿ ਸਹੀ ਮਾਇਨੇ ਵਿਚ ਅਸੀਂ ਗੁਰਸਿੱਖ ਕੱਪਲ ਅਖਵਾਉਣ ਦੇ ਹਕਦਾਰ ਤਾਂ ਹਾਂ ਜਦੋਂ ਅਸੀਂ ਗੁਰਬਾਣੀ ਬਣੀਐ ’ਤੇ ਪੂਰਾ ਉਤਰਦੇ ਹਾਂ ਗੁਰਸਿੱਖ ਕੱਪਲ ਬਣਨ ਲਈ ਗੁਰੂ ਗਿਆਨ ਮੁਤਾਬਕ ਵਿਚਾਰਾਂ ਦੀ ਇਕਮਿਕਤਾ ਹੋਣੀ ਬਹੁਤ ਜ਼ਰੂਰੀ ਹੈ।

ਇਸ ਮੁਕਾਬਲੇ ਵਿਚ ਬੀਬੀ ਹਰਮੀਤ ਕੌਰ ਅਤੇ ਸ. ਭੁਪਿੰਦਰ ਸਿੰਘ ਲੁਧਿਆਣਾ ਜੇਤੂ ਰਹੇ ਜਿੰਨ੍ਹਾਂ ਨੂੰ ਸੋਨੇ ਦਾ ਖੰਡਾ, ਮੋਬਾਈਲ ਫੋਨ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ। ਇਸ ਮੁਕਾਬਲੇ ਵਿਚ ਸ.ਜਸਪ੍ਰੀਤ ਸਿੰਘ ਅਤੇ ਮਨਜੀਤ ਕੌਰ ਪਹਿਲੇ ਰਨਰ ਅਪ, ਸ.ਮਨਦੀਪ ਸਿੰਘ ਅਤੇ ਬੀਬੀ ਅਮਨਪ੍ਰੀਤ ਕੌਰ ਦੂਜੇ ਰਨਰ ਅਪ, ਸ.ਗੁਰਮੀਤ ਸਿੰਘ ਅਤੇ ਕੁਲਦੀਪ ਕੌਰ ਟੈਲੇਂਟੀਡ ਕੱਪਲ, ਸ.ਹਰਦੀਪ ਸਿੰਘ ਅਤੇ ਬਿਸਮਨਪ੍ਰੀਤ ਕੌਰ ਸਮਾਰਟ ਕੱਪਲ, ਸ. ਵਰਿੰਦਰ ਪਾਲ ਸਿੰਘ ਅਤੇ ਬੀਬੀ ਬਲਵਿੰਦਰ ਕੌਰ ਨੂੰ ਫੇਮਸ ਕੱਪਲ ਦੇ ਖਿਤਾਬ ਨਾਲ ਨਿਵਾਜਿਆ ਅਤੇ ਹਰ ਜੋੜੀ ਨੂੰ ਟੀ.ਵੀ. ਮਿਕਸਰ ਜੂਸਰ, ਮੋਬਾਈਲ ਫੋਨ, ਆਦਿ ਤੋਹਫੇ ਵੀ ਦਿੱਤੇ ਗਏ।

ਪ੍ਰਤੀਯੋਗਤਾ ਨੂੰ ਸਪੋਂਸਰ ਕਰਨ ਲਈ ਲੈਮਨ ਮੋਬਾਈਲ, ਪ੍ਰਾਈਮ ਟੀ.ਵੀ, ਰੈਲੀਗੇਰ ਲਾਈਫ ਇਸ਼ੌਰੈਂਸ, ਚਿਨਾਰ ਹੌਜ਼ਰੀ ਮਿਲਜ਼, ਲਿਉ ਦੁਪਟਾ ਪਗੜੀ ਸੈਂਟਰ, ਰੈਡ ਕਲਿਫ ਸਕੂਲ ਅਤੇ ਬੀਬੀ ਸੁਰਿੰਦਰ ਕੌਰ ਨਿਉਜ਼ੀਲੈਂਡ ਨੂੰ ਉਚੇਚੇ ਤੌਰ’ਤੇ ਸਨਮਾਨਤ ਕੀਤਾ ਗਿਆ।ਇਸ ਸਮੇਂ ਪੰਥਕ ਸ਼ਖਸੀਅਤਾਂ ਵਿਚੋਂ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਸ. ਗੁਰਦੇਵ ਸਿੰਘ ਬਟਾਲਵੀ, ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਸ. ਉਪਕਾਰ ਸਿੰਘ ਫਰੀਦਾਬਾਦ, ਗੁਰਮਤਿ ਪ੍ਰਚਾਰ ਜੱਥਾ ਦੇ ਸ.ਬਲਦੇਵ ਸਿੰਘ ਅਤੇ ਸ. ਗੁਰਬਖਸ਼ ਸਿੰਘ ਦਿੱਲੀ, ਕੇਸ ਪ੍ਰਚਾਰ ਮੁਹਿੰਮ ਦੇ ਸ. ਦਵਿੰਦਰ ਸਿੰਘ ਜੁਨੇਜਾ, ਸਾਹਿਬਾਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਤੋਂ ਪ੍ਰੋਫੈਸਰ ਅਮਨਦੀਪ ਸਿੰਘ ਅਤੇ ਉਨ੍ਹਾਂ ਦੇ ਸਾਥੀ, ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਦੇ ਡਾਇਰੈਕਟਰ ਸ. ਅਮਨਪ੍ਰੀਤ ਸਿੰਘ, ਅਤੇ ਉਨ੍ਹਾਂ ਦੇ ਸਾਥੀ ਸ. ਹਰਮਿੰਦਰ ਸਿੰਘ, ਸ.ਗੁਰਪ੍ਰੀਤ ਸਿੰਘ, ਸ. ਅਰਵਿੰਦਰ ਸਿੰਘ ਖਾਲਸਾ ਡਾ. ਆਤਮਜੀਤ ਸਿੰਘ, ਸ. ਦਵਿੰਦਰ ਸਿੰਘ ਮਿਸ਼ਨਰੀ ਆਦਿ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top