Share on Facebook

Main News Page

ਬਾਦਲ ਸਰਕਾਰ ਨਾਨਕਸਰ ਸੰਪਰਦਾਇ ਨੂੰ ਖੁਸ਼ ਕਰਨ ਲਈ ਜਗਰਾਉਂ ਨੂੰ ਵੀ ਜ਼ਿਲ੍ਹਾ ਐਲਾਨੇ ਜਾਣ ਦਾ ਮਨ ਬਣਾ ਰਹੀ ਹੈ

* ਜਗਰਾਉਂ ਨੂੰ ਜ਼ਿਲ੍ਹਾ ਬਣਾ ਕੇ ਇਸਦਾ ਨਾਮ ਬਾਬਾ ਨੰਦ ਸਿੰਘ ਨਗਰ ਰੱਖਣ ਦਾ ਵਿਚਾਰ ਕੀਤਾ ਜਾ ਰਿਹਾ ਹੈ

* ਸੰਤ ਬਲਜੀਤ ਸਿੰਘ ਦਾਦੂਵਾਲ ਵਲੋਂ ਬਾਦਲ ਸਰਕਾਰ ਦੀ ਸਿੱਖ ਪੰਥ 'ਚ ਕੀਤੀ ਜਾ ਰਹੀ ਬਦਨਾਮੀ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਨਾਨਕਸਰ ਸੰਪਰਦਾਇ ਨੂੰ ਜਿਹੜੀ ਪਹਿਲਾ ਵੀ ਬਹੁਤੀ ਬਾਦਲਕਿਆਂ ਦੇ ਹੱਕ 'ਚ ਚੱਲ ਰਹੀ ਹੈ, ਹੋਰ ਖੁਸ਼ ਕਰਨਾ ਚਾਹੁੰਦੇ ਹਨ

ਚੰਡੀਗੜ੍ਹ, 7 ਜਨਵਰੀ (ਪਰਮਿੰਦਰ ਜੱਟਪੁਰੀ): ਭਾਜਪਾ ਦੇ ਵੱਧਦੇ ਦਬਾਅ ਕਾਰਣ ਜੇ ਬਾਦਲ ਸਰਕਾਰ ਨੂੰ ਫਾਜ਼ਿਲਕਾ ਤੇ ਪਠਾਨਕੋਟ ਨੂੰ ਜ਼ਿਲ੍ਹੇ ਬਣਾਉਣਾ ਪਿਆ ਤਾਂ ਬਾਦਲ ਸਰਕਾਰ ਨਾਨਕਸਰ ਸੰਪਰਦਾਇ ਨੂੰ ਖੁਸ਼ ਕਰਨ ਲਈ ਜਗਰਾਉਂ ਨੂੰ ਵੀ ਜ਼ਿਲ੍ਹਾ ਐਲਾਨੇ ਜਾਣ ਦਾ ਮਨ ਬਣਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਵੇਂ ਬਾਦਲ ਸਰਕਾਰ ਨੇ ਫਾਜ਼ਿਲਕਾ ਤੇ ਪਠਾਨਕੋਟ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਠੰਡੇ ਬਸਤੇ 'ਚ ਪਾ ਕੇ, ਟਾਲਣ ਦਾ ਮਨ ਬਣਾ ਲਿਆ ਸੀ ਅਤੇ ਇਸੇ ਕਾਰਣ ਹੀ ਸੁਖਬੀਰ-ਕਾਲੀਆ ਦੋ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਸੀ ਅਤੇ ਭਾਜਪਾ ਦੇ ਮੰਤਰੀ ਮਨੋਰੰਜਨ ਕਾਲੀਆ ਦੇ ਫਿਲਹਾਲ 10 ਜਨਵਰੀ ਤੱਕ ਸੂਬੇ 'ਚੋ ਬਾਹਰ ਹੋਣ ਕਾਰਣ ਤੇ ਫਿਰ ਮਾਘੀ ਦੀ ਕਾਨਫਰੰਸ ਬਹਾਨੇ ਇਸ ਮਾਮਲੇ ਨੂੰ ਟਾਲਣ ਦਾ ਮਨ ਬਣਾਇਆ ਗਿਆ ਸੀ, ਪੰਰਤੂ ਜਿਸ ਤਰ੍ਹਾਂ ਦਾ ਸਖਤ ਸਟੈਂਡ ਭਾਜਪਾ ਵਲੋਂ ਲਿਆ ਗਿਆ ਹੈ, ਉਸਨੂੰ ਵੇਖਦਿਆਂ ਬਾਦਲ ਸਰਕਾਰ ਨੇ ਇਸ ਫੈਸਲੇ ਨੂੰ ਮੰਨਣ ਦਾ ਮਨ ਬਣ ਲਿਆ ਹੈ ਅਤੇ ਉਪ ਮੁੱਖ ਮੰਤਰੀ ਵਲੋਂ ਇਸ ਤਰ੍ਹਾਂ ਦਾ ਇਸ਼ਾਰਾ ਆਪਣੇ ਨਜ਼ਦੀਕੀ ਸੂਤਰਾਂ ਨੂੰ ਦਿੱਤਾ ਵੀ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਾਦਲਕੇ ਇਸ ਸਮੇਂ ਸੰਤ ਸਮਾਜ ਨਾਲ ਆਪਣੀਆਂ ਪੀਂਘਾਂ ਨੂੰ ਹੋਰ ਗੂੜਾ ਕਰਨ ਲਈ ਅਤੇ ਸੰਤ ਬਲਜੀਤ ਸਿੰਘ ਦਾਦੂਵਾਲ ਵਲੋਂ ਬਾਦਲ ਸਰਕਾਰ ਦੀ ਸਿੱਖ ਪੰਥ 'ਚ ਕੀਤੀ ਜਾ ਰਹੀ ਬਦਨਾਮੀ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਨਾਨਕਸਰ ਸੰਪਰਦਾਇ ਨੂੰ ਜਿਹੜੀ ਪਹਿਲਾ ਵੀ ਬਹੁਤੀ ਬਾਦਲਕਿਆਂ ਦੇ ਹੱਕ 'ਚ ਚੱਲ ਰਹੀ ਹੈ, ਹੋਰ ਖੁਸ਼ ਕਰਨ ਲਈ ਜਗਰਾਉਂ ਨੂੰ ਜ਼ਿਲ੍ਹਾ ਬਣਾ ਕੇ ਇਸਦਾ ਨਾਮ ਬਾਬਾ ਨੰਦ ਸਿੰਘ ਨਗਰ ਰੱਖਣ ਦਾ ਵਿਚਾਰ ਕੀਤਾ ਜਾ ਰਿਹਾ ਹੈ।

ਪਤਾ ਲੱਗਾ ਹੈ ਕਿ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ, ਜਿਹੜੇ ਨਾਨਕਸਰ ਪ੍ਰਤੀ ਖਾਸੀ ਸ਼ਰਧਾ ਰੱਖਦੇ ਹਨ, ਵਲੋਂ ਵੱਗਦੀ ਗੰਗਾ 'ਚ ਹੱਥ ਧੋਣ ਲਈ ਜਗਰਾਉਂ ਨੂੰ ਵੀ ਫਾਜ਼ਿਲਕਾ ਤੇ ਪਠਾਨਕੋਟ ਦੇ ਨਾਲ ਨਾਲ ਜ਼ਿਲ੍ਹਾ ਜਗਰਾਉਂ ਦੀ ਤਿਆਰੀ ਅੰਦਰ ਖਾਤੇ ਸ਼ੁਰੂ ਕਰਵਾ ਦਿੱਤੀ ਹੈ। ਜਗਰਾਉਂ 'ਚ ਇਸ ਸਮੇਂ ਜਿਥੇ ਪਹਿਲਾ ਹੀ ਪੁਲਿਸ ਜ਼ਿਲ੍ਹਾ ਹੋਣ ਕਾਰਨ ਇਥੇ ਐਸ ਐਸ ਪੀ ਦਾ ਪੂਰਾ ਅਮਲਾ ਫੈਲਾ ਤੇ ਦਫਤਰ ਹੈ, ਉਥੇ ਅਦਾਲਤੀ ਕੰਪਲੈਕਸ ਵੀ ਹੁਣੇ ਹੁਣੇ ਨਵਾਂ ਤਿਆਰ ਹੋਇਆ ਹੈ, ਜਿਹੜਾ ਜ਼ਿਲ੍ਹਾ ਕਚਹਿਰੀਆਂ ਦੀ ਲੋੜ ਨੂੰ ਪੂਰਾ ਕਰਦਾ ਹੈ ਅਤੇ ਪੁਰਾਣੀ ਕਚਹਿਰੀ ਵਾਲੀ ਥਾਂ ਤੇ ਨਵਾਂ ਡੀ ਸੀ ਕੰਪਲੈਕਸ ਉਸਾਰਿਆ ਜਾ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਉਂ ਜ਼ਿਲ੍ਹੇ 'ਚ ਜਗਰਾਉਂ, ਰਾਏਕੋਟ ਤਹਿਸੀਲਾਂ ਤੇ ਮੁੱਲਾਂਪੁਰ ਦਾਖਾ ਸਬ ਡਵੀਜ਼ਨ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਸਬੰਧੀ ਜਦੋਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਮਨਪ੍ਰੀਤ ਸਿੰਘ ਇਆਲੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਆਖਿਆ ਕਿਲ ਬਾਬਾ ਨੰਦ ਸਿੰਘ ਜੀ ਦੇ ਨਾਮ ਤੇ ਜ਼ਿਲ੍ਹਾ ਬਣਾਕੇ, ਸਰਕਾਰ ਉਨ੍ਹਾਂ ਨੂੰ ਆਪਣੀ ਅਕੀਕਤ ਭੇਂਟ ਕਰਨਾ ਚਾਹੁੰਦੀ ਹੈ ਅਤੇ ਇਸ ਸਬੰਧੀ ਮੁਢਲੀ ਕਾਰਵਾਈ ਅਰੰਭੀ ਜਾ ਚੁੱਕੀ ਹੈ।

ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਜਿਨ੍ਹਾਂ ਨੇ ਜਗਰਾਉਂ ਸ਼ਹਿਰ ਦਾ ਨਾਮ ਬਾਬਾ ਨੰਦ ਸਿੰਘ ਜੀ ਦੇ ਨਾਮ ਤੇ ਰੱਖਣ ਦੀ ਮੰਗ ਸਭ ਤੋਂ ਪਹਿਲਾ ਚੁੱਕੀ ਸੀ ਨੇ ਇਸ ਸਮੇਂ ਆਖਿਆ ਕਿ ਨਾਨਕਸਰ ਸੰਪਰਦਾਇ ਦੇ ਸਮੂਹ ਸੰਤ ਮਹਾਂਪੁਰਸ਼ ਅਤੇ ਜਗਰਾਉਂ ਦੇ ਮੋਹਤਬਰ ਵਿਅਕਤੀ ਇਸ ਮੰਗ ਦੀ ਪੂਰਤੀ ਲਈ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਜਲਦੀ ਹੀ ਮਿਲਣਗੇ। ਭਾਵੇਂ ਕਿ ਜਗਰਾਉਂ ਦੇ ਜ਼ਿਲ੍ਹਾ ਬਣਨ ਬਾਰੇ ਹਾਲੇ ਮੁਢਲੀਆਂ ਅਫਵਾਹਾਂ ਹੀ ਸ਼ੁਰੂ ਹੋਈਆਂ ਹਨ, ਪਰ ਇਸ ਚਰਚਾ ਦੇ ਬਾਹਰ ਨਿਕਲਣ ਤੋਂ ਬਾਅਦ ਫਾਜ਼ਿਲਕਾ ਦੇ ਨਾਲ ਨਾਲ ਆਨੰਦਪੁਰ ਸਾਹਿਬ ਜਾਂ ਨੰਗਲ ਨੂੰ ਅਤੇ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਵੀ ਉਠਣੀ ਸ਼ੁਰੂ ਹੋ ਗਈ ਹੈ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top