Share on Facebook

Main News Page

ਫਰੀਦਾਬਾਦ ਵਿੱਚ ਪੁਜਾਰੀਆਂ ਦੇ ਫੈਸਲੇ ਨੂੰ ਰੱਦ ਕਰ ਕੇ ਸੰਗਤਾਂ ਨੇ ਅਸਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ

(ਫਰੀਦਾਬਾਦ : ਬਸੰਤ ਕੌਰ 6 ਜਨਵਰੀ 2011)

ਫਰੀਦਾਬਾਦ ਵਿਚ ਪੁਜਾਰੀਆਂ ਦੇ ਫੈਸਲੇ ਨੂੰ ਰੱਦ ਕਰ ਕੇ ਸੰਗਤਾਂ ਨੇ ਅਸਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ 5 ਜਨਵਰੀ ਨੂੰ ਸਾਮੂਹਿਕ ਤੌਰ ’ਤੇ ਨਗਰ ਕੀਰਤਨ ਸਜਾਇਆ। ਜਿਸ ਵਿਚ ਫਰੀਦਾਬਾਦ ਦੀਆਂ ਸਮੁੱਚੀਆਂ ਸਿੰਘ ਸਭਾਵਾਂ, ਅਤੇ ਸੰਗਤਾਂ ਦਾ ਭਰਪੂਰ ਸਹਿਯੋਗ ਮਿਲਿਆ।ਨਗਰ ਕੀਰਤਨ ਦੀ ਅਰੰਭਤਾ ਅਤੇ ਸਮਾਪਤੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨੰ. 5 ਵਿਖੇ ਹੋਈ। ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੰ. 1, ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਸੈਕਟਰ 22-23, ਗੁਰਦੁਆਰਾ ਸਿੰਘ ਸਭਾ ਜਵਾਹਰ ਕਾਲੌਨੀ ਅਤੇ ਗੁਰਦੁਆਰਾ ਸ੍ਰੀ ਗਰੂ ਰਾਮਦਾਸ ਸਾਹਿਬ ਡਬੂਆ ਕਾਲੌਨੀ ਵਿਚ ਵੀ ਗੁਰਮਤਿ ਸਮਾਗਮ ਰੱਖੇ ਗਏ । ਇਸ ਮੌਕੇ ਗੁਰਦੁਆਰਾ ਸ੍ਰੀ ਗਰੂ ਰਾਮਦਾਸ ਸਾਹਿਬ ਡਬੂਆ ਕਾਲੌਨੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਂਦਿਆਂ ਅਖੌਤੀ ਦਸਮ ਗ੍ਰੰਥ ਦੀ ਕੋਈ ਰਚਨਾ ਨਹੀਂ ਪੜ੍ਹੀ ਗਈ। ਗੁਰਦੁਆਰੇ ਦੇ ਪ੍ਰਧਾਨ ਸ. ਅਵਤਾਰ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ’ਤੇ ਚਾਨਣਾ ਪਾਉਂਦਿਆਂ ਦਸਿਆ ਕਿ ਗੁਰੂ ਸਾਹਿਬ ਨੇ ਸਾਨੂੰ ਵਹਿਮਾਂ ਭਰਮਾਂ ਤੋਂ ਬਾਹਰ ਕੱਢਿਆ ਸੀ।

ਉਨ੍ਹਾਂ ਦਸਿਆ ਕਿ ਗੁਰੂ ਸਾਹਿਬ ਨੇ ਸ਼ਨੀ ਦੇਵਤੇ ਦਾ ਖੰਡਨ ਕੀਤਾ ਸੀ ਪਰ ਅੱਜ ਉਹੀ ਸ਼ਨੀਵਾਰ ਕਾਲੇ ਛੋਲਿਆਂ ਦੇ ਰੂਪ ਵਿਚ ਸਾਡੇ ਗੁਰਦੁਆਰਿਆਂ ਵਿਚ ਆ ਵੜਿਆ ਹੈ। ਸਟੇਜ ਸਕੱਤਰ ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਸਿੱਖ ਸੰਗਤਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਅਸਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾ ਕੇ ਸਾਬਤ ਕਰ ਦਿੱਤਾ ਹੈ ਕਿ ਪੁਜਾਰੀਆਂ ਦੇ ਗਲਤ ਫੈਸਲਿਆਂ ਨੂੰ ਕਿਸੇ ਕੀਮਤ’ਤੇ ਨਹੀਂ ਮੰਨਿਆ ਜਾਵੇਗਾ। ਸਿੱਖਾਂ ਲਈ ਬਾਬਾ ਨਾਨਕ ਮਹੱਤਤਾ ਰਖਦੇ ਹਨ ਨਾ ਕਿ ਬ੍ਰਾਹਮਣਾਂ ਦਾ ਬਿਕਰਮੀ ਕੈਲੰਡਰ।ਉਨ੍ਹਾਂ ਕਿਹਾ ਕਿ ਆਰ. ਐਸ. ਐਸ. ਦੇ ਹੱਥਠੋਕੇ ਸਾਧ ਲਾਣਾ ਅਤੇ ਪੁਜਾਰੀ ਸ਼੍ਰੇਣੀ ਅਕਾਲ ਤਖ਼ਤ ਦੇ ਨਾਂ ਦੀ ਦੁਰਵਰਤੋਂ ਕਰ ਕੇ ਸਿੱਖ ਕੌਮ ਨੂੰ ਮੁੜ ਬ੍ਰਾਹਮਣਵਾਦ ਦੇ ਜੂਲੇ ਹੇਠ ਪਾਉਣਾ ਚਾਹੁੰਦੇ ਹਨ ਜਿਸ ਨੂੰ ਕਿਸੇ ਕੀਮਤ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੱਖਾਂ ਨੂੰ ਸਿਧਾਂਤਾਂ ਪ੍ਰਤੀ ਇੰਨ੍ਹਾਂ ਤਕੜਾ ਕਰ ਦਿੱਤਾ ਸੀ ਕਿ ਉਹ ਸਿਧਾਂਤ ਤੋਂ ਉਲਟ ਜਾਣ ’ਤੇ ਗੁਰੂ ਅੱਗੇ ਵੀ ਸਵਾਲ ਖੜਾ ਕਰ ਸਕਦੇ ਸਨ। ਉਨ੍ਹਾਂ ਅਫਸੋਸ ਜਤਾਉਂਦਿਆਂ ਕਿਹਾ ਕਿ ਅੱਜ, ਜੇਕਰ ਕੋਈ ਸਿਧਾਂਤ ਦੀ ਗੱਲ ਕਰਦਾ ਹੈ ਤਾਂ ਉਸਨੂੰ ਡਾਂਗਾਂ ਖਾਣੀਆਂ ਪੈਂਦੀਆਂ ਹਨ, ਪੰਥ ’ਚੋਂ ਛੇਕ ਕੇ ਜ਼ਲੀਲ ਕੀਤਾ ਜਾਂਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top