Share on Facebook

Main News Page

ਟ੍ਰਾਈਸਟੇਟ ਨਿਊਯਾਰਕ ਦੀਆਂ ਸਿੱਖ ਜਥੇਬੰਦੀਆਂ ਵਲੋਂ ਡੇਰਾਸ਼ਾਹੀ ਕੈਲੰਡਰ (2010) ਰੱਦ

ਨਿਊਜਰਸੀ 7 ਜਨਵਰੀ (ਜੇਤਿੰਦਰ ਸਿੰਘ) ਨਿਊਜਰਸੀ ਦੇ ਕੇਂਦਰੀ ਸਥਾਨ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ 5 ਜਨਵਰੀ 23 ਪੋਹ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਮਨਾਇਆ ਗਿਆ, ਜਿਸ ਵਿੱਚ ਪੰਥ ਪ੍ਰਸਿੱਧ ਵਿਦਾਵਨਾਂ ਤੋਂ ਇਲਾਵਾ ਨਿਊਯਾਰਕ, ਨਿਊਜਰਸੀ ਤੇ ਪੈਨਸਲਵਾਨੀਆਂ ਦੀਆਂ ਜਾਗਰੂਕ ਸਿੱਖ ਜਥੇਬੰਦੀਆਂ ਦੇ ਮੁਖੀ ਨੁਮਾਇੰਦਿਆਂ ਨੇ ਭਾਗ ਲਿਆ, ਜਿਸ ਸਦਕਾ ਸਤਿਸੰਗ ਸਮਾਗਮ ਪੰਥਕ ਕਾਨਫਰੰਸ ਦਾ ਰੂਪ ਹੀ ਧਾਰ ਗਿਆ । ਭਾਈ ਗੁਰਬਖਸ਼ ਸਿੰਘ ਗੰਭੀਰ ਦੇ ਰਾਗੀ ਜਥੇ ਨੇ ਨਿਰੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੀਰਤਨ ਕੀਤਾ । ਉਪਰੰਤ ਅੰਤਰਾਸ਼ਟਰੀ ਪੰਥਕ ਪ੍ਰਚਾਰਕ ਗਿ: ਜਗਤਾਰ ਸਿੰਘ ਜਾਚਕ ਤੇ ਮੁਖ ਗੰ੍ਰਥੀ ਗਿਆਨੀ ਬਲਦੇਵ ਸਿੰਘ ਹੁਰਾਂ ਦਸਮ ਪਾਤਸ਼ਾਹ ਦੇ ਜੀਵਨ ਤੇ ਚਾਨਣਾ ਪਉਂਦਿਆਂ ਖ਼ਾਲਸਾ ਪੰਥ ਦੀ ਨਿਰਾਲੀ ਦਿੱਖ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ (2003) ਦੇ ਮੱਹਤਵ ਅਤੇ ਡੇਰਾਸ਼ਾਹੀ-ਕੈਲੰਡਰ (2010) ਦੇ ਢੋਲ ਦਾ ਪੋਲ ਵੀ ਚੰਗੀ ਤਰ੍ਹਾਂ ਖੋਲਿਆ । ਜਥੇਬੰਦੀਆਂ ਦੇ ਮੁਖੀ ਬੁਲਾਰਿਆਂ ਨੇ ਸ਼੍ਰੋਮਣੀ ਕਮੇਟੀ ਤੇ ਅਖੌਤੀ ਜਥੇਦਾਰਾਂ ਦੇ ਕੈਲੰਡਰ ਪ੍ਰਤੀ ਨਿਭਾਏ ਰੋਲ ਨੂੰ ਪੰਥ ਨਾਲ ਧ੍ਰੋਹ ਭਰੀ ਗਦਾਰੀ ਦੱਸਿਆ । ਉਨ੍ਹਾਂ ਕਿਹਾ ਕਿ ਇਹ ਫੈਸਲਾ ਹੁਣ ਸਿੱਖ ਸੰਗਤ ਕਰੇ ਕਿ ਨਾਨਕਸ਼ਾਹੀ ਕੈਲੰਡਰ (2003) ਨੂੰ ਮੰਨ ਕੇ ਆਪਣੇ ਕੇਂਦਰੀ ਧਰਮਸਥਾਨ ਸ੍ਰੀ ਹਰਿਮੰਦਰ ਸਾਹਿਬ ਜੁੜਣਾ ਹੈ ਜਾਂ ਡੇਰਾਸ਼ਾਹੀ ਬਿਕ੍ਰਮੀ ਕੈਲੰਡਰ (2010) ਨੂੰ ਪ੍ਰਵਾਨ ਕਰਕੇ ਉਜੈਨ ਦੇ ਹਿੰਦੂ ਮੰਦਰ ਨਾਲ ।

ਦਸ਼ਮੇਸ਼ ਦਰਬਾਰ ਦੇ ਸੂਝਵਾਨ ਸਕਤਰ ਭਾਈ ਜੇਤਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਦੀਵਾਨ ਦੀ ਸਮਾਪਤੀ ਉਪਰੰਤ ਜਥੇਬੰਦੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਦਸ਼ਮੇਸ਼ ਦਰਬਾਰ ਦੇ ਫਾਊਂਡਰ ਪ੍ਰਧਾਨ ਸ੍ਰ: ਹਰਦਿਆਲ ਸਿੰਘ ਜੌਹਲ, ਅਮਰੀਕਨ ਸਿੱਖ ਆਰਗੇਨਾਈਜੇਸ਼ਨ ਨਿਊਯਾਰਕ ਦੇ ਮੁਖੀ ਭਾਈ ਕਰਨੈਲ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਦੇ ਭਾਈ ਰਾਜਿੰਦਰ ਸਿੰਘ, ਸਿੱਖ ਸੁਸਾਇਟੀ ਫੈਲਡਲਫੀਆ ਦੇ ਭਾਈ ਧਰਮ ਸਿੰਘ, ਪੰਥਕ ਸੁਸਾਇਟੀ ਫਲੰਸ਼ਗ ਦੇ ਭਾਈ ਹਿੰਮਤ ਸਿੰਘ ਕਾਰਟਰੇਟ ਸਿੱਖ ਅਮਰੀਕਨ ਅਵੇਰਨਿਸ ਦੇ ਹਰਜਿੰਦਰ ਸਿੰਘ ਬਾਹੀਆ, ਸਾਕਾ ਜਥੇਬੰਦੀ ਨਿਊਜਰਸੀ ਦੇ ਭਾਈ ਜਸਮਿੱਤਰ ਸਿੰਘ, ਵੇਕਅੱਪ ਖਾਲਸਾ ਕੁਲਦੀਪ ਸਿੰਘ, ਰਵਿਦਾਸ ਸਭਾ ਦੇ ਸਾਬਕਾ ਚੇਅਰਮੈਨ ਭਾਈ ਗੁਰਦਿਆਲ ਸਿੰਘ, ਪੰਜਾਬ ਐਕਸਪ੍ਰੈਸ ਯੂ. ਐਸ. ਏ. ਦੇ ਸੰਪਾਦਕ ਤੇ ਸ੍ਰੀ ਗੁਰੂ ਗ੍ਰੰਥ ਪ੍ਰਚਾਰ ਦਲ ਨਿਊਯਾਰਕ (ਇੰਟਰਨੈਸ਼ਨਲ) ਆਦਿਕ ਕਈ ਹੋਰ ਸਭਾਵਾਂ ਦੇ ਭਾਈ ਸਤਪ੍ਰਕਾਸ਼ ਸਿੰਘ, ਭਾਈ ਲਾਲ ਸਿੰਘ ਤੇ ਭਾਈ ਸੁਖਦੇਵ ਸਿੰਘ ਵਰਗੇ ਨਿਸ਼ਕਾਮ ਸੇਵਾਦਾਰ ਵੀ ਸ਼ਾਮਲ ਹੋਏ ।

ਪਹਿਲੇ ਮਤੇ ਰਾਹੀਂ ਕਿਹਾ ਗਿਆ ਕਿ ਅੱਜ ਅਸੀਂ ਵਦੀਆਂ ਸੁਦੀਆਂ ਵਾਲੇ ਡੇਰਾਸ਼ਾਹੀ ਬਿਕ੍ਰਮੀ ਕੈਲੰਡਰ ਨੂੰ ਰੱਦ ਕਰਦੇ ਹੋਏ ਐਲਾਨ ਕਰਦੇ ਹਾਂ ਕਿ ਸਾਰੇ ਗੁਰਪੁਰਬ ਦਿਹਾੜੇ ਨਾਨਕਸ਼ਾਹੀ ਕੈਲੰਡਰ (2003) ਅਨੁਸਾਰ ਮਨਾਵਾਂਗੇ ।

ਦੂਜੇ ਮੱਤੇ ਰਾਹੀਂ ਪੰਜਾਬ ਦੇ ਪਿੰਡ ਭੀਖੀ ਵਿਖੇ ਗੁਰਮਤਿ ਸਮਾਗਮ ਰੋਕਣ ਅਤੇ ਸੌਦਾ ਸਾਧ ਦਾ ਸਮਾਗਮ ਕਰਾਉਣ ਲਈ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਗ੍ਰਿਫਤਾਰ ਕਰਣ ਅਤੇ ਸਿੱਖ ਸੰਗਤਾਂ ਨਾਲ ਪੁਲੀਸ ਵਲੋਂ ਕੀਤੇ ਧੱਕੇ ਦੀ ਨਿਖੇਧੀ ਕਰਦਿਆਂ ਸਿੱਖ ਜਗਤ ਨੁੰ ਅਪੀਲ ਕੀਤੀ ਕਿ ਅਗਾਮੀ ਚੋਣਾਂ ਵੇਲੇ ਬਾਦਲ ਕਿਆਂ ਨੂੰ ਸ਼੍ਰੋਮਣੀ ਕਮੇਟੀ ਤੇ ਪੰਜਾਬ ਦੀ ਸੱਤਾ ਤੋਂ ਪਾਸੇ ਕੀਤਾ ਜਾਵੇ । ਕਿਉਂਕਿ, ਇਹ ਸਿੱਖੀ ਨੂੰ ਬਿਪਰਵਾਦ ਦੇ ਖਾਰੇ ਸਮੂੰਦਰ ਵਿੱਚ ਡੋਬਣ ਲਈ ਜਤਨਸ਼ੀਲ ਹਨ ।

ਤੀਜੇ ਮਤੇ ਰਾਹੀਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ, ਗੁਰਦੁਆਰਾ ਗਲ਼ੈਨਕੋਵ ਲੌਂਗਆਈਲੈਂਡ(ਨਿਊਯਾਰਕ), ਗੁਰਦੁਆਰਾ ਬਰਿਜਵਾਟਰ ਨਿਊਜਰਸੀ, ਗੁਰਦੁਆਰਾ ਡੈਪਟਫੋਰਡ (ਚੈਰੀਹਿੱਲ) ਤੇ ਕੇਂਦਰੀ ਗੁਰਦੁਆਰਾ ਫੈਲਡਲਫੀਆ ਆਦਿਕ ਦੇਸ਼ ਵਿਦੇਸ਼ ਦੀਆਂ ਉਨ੍ਹਾਂ ਸਾਰੀਆਂ ਗੁਰਦੁਆਰਾ ਕਮੇਟੀਆਂ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਨੇ ਕਥਿਤ ਜਥੇਦਾਰਾਂ ਦੀਆਂ ਧਮਕੀਆਂ ਦੀ ਪ੍ਰਵਾਹ ਨਾ ਕਰਦਿਆਂ 5 ਜਨਵਰੀ ਨੂੰ ਦਸ਼ਮੇਸ਼ ਆਗਮਨ ਪੁਰਬ ਮਨਾਇਆ ।

ਸਪੰਰਕ ਮੁਬਾਈਲ 732 496 2248 : ਸਕੱਤਰ ਦਸ਼ਮੇਸ਼ ਦਰਬਾਰ ਜੇਤਿੰਦਰ ਸਿੰਘ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top