Share on Facebook

Main News Page

ਹੁਕਮਨਾਮੇ ਜਾਰੀ ਕਰ ਕੇ ਗੁਰਦੁਆਰੇ ਜਾਣ ਤੋਂ ਰੋਕਣ ਵਾਲੇ ਕੀ ਔਰੰਗਜ਼ੇਬ ਤੋਂ ਘੱਟ ਹਨ?: ਗਿਆਨੀ ਸ਼ਿਵਤੇਗ ਸਿੰਘ

* ਜਿਸ ਬ੍ਰਾਹਮਣ ਅਤੇ ਮੌਕੇ ਦੇ ਰਾਜੇ ਦੇ ਅਧੀਨ ਹੋਣ ਦੀ ਥਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਪੁੱਤਰਾਂ ਤੋਂ ਪਿਆਰੇ ਸਿੱਖ ਸ਼ਹੀਦ ਕਰਵਾਏ ਅੱਜ ਕੌਮ ਦੇ ਆਗੂਆਂ ਨੇ ਪੰਥ ਨੂੰ ਉਨ੍ਹਾਂ ਦੇ ਹੀ ਅਧੀਨ ਕਰ ਦਿੱਤਾ

* ਗੁਰਪੁਰਬ 5 ਜਨਵਰੀ ਨੂੰ ਨਹੀਂ 11 ਜਨਵਰੀ ਨੂੰ ਮਨਾਉਣਾ ਹੈ, ਦੇ ਹੁਕਮਨਾਮੇ ਜਾਰੀ ਕਰਨ ਵਾਲਿਆਂ ਨੇ ਕਦੀ ਇਹ ਵੀ ਹੁਕਮਨਾਮੇ ਜਾਰੀ ਕੀਤੇ ਹਨ ਕਿ ਗੁਰਪੁਰਬ ਮਨਾਉਣੇ ਕਿਦਾਂ ਹਨ?

ਬਠਿੰਡਾ, 5 ਜਨਵਰੀ (ਕਿਰਪਾਲ ਸਿੰਘ): ਜਿਸ ਬ੍ਰਹਮਣ ਅਤੇ ਮੌਕੇ ਦੇ ਰਾਜੇ ਦੇ ਅਧੀਨ ਹੋਣ ਦੀ ਥਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਅਤੇ ਪੁੱਤਰਾਂ ਤੋਂ ਪਿਆਰੇ ਸਿੱਖ ਸ਼ਹੀਦ ਕਰਵਾਏ ਅੱਜ ਕੌਮ ਦੇ ਆਗੂਆਂ ਨੇ ਪੰਥ ਨੂੰ ਉਨ੍ਹਾਂ ਦੇ ਹੀ ਅਧੀਨ ਕਰ ਦਿੱਤਾ ਹੈ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਤੋਂ ਚੱਲ ਰਹੀ ਲੜੀਵਾਰ ਕਥਾ ਦੌਰਾਨ ਗੁਰੂ ਬੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਕੀਤੀ ਗਈ ਕਥਾ ਦੌਰਾਨ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ।

ਉਨ੍ਹਾਂ ਕਿਹਾ ਗੁਰੂ ਸਾਹਿਬ ਜੀ ਨੇ ਬ੍ਰਾਹਮਣ ਵਲੋਂ ਵਰਨ ਵੰਡ ਅਤੇ ਜਾਤ ਪਾਤ ਦੇ ਆਧਾਰ ’ਤੇ ਸਮਾਜ ਵਿੱਚ ਪਾਈਆਂ ਵੰਡੀਆਂ ਵਿਰੁੱਧ ਆਵਾਜ਼ ਉਠਾ ਕੇ ਭਈਚਾਰਕ ਸਾਂਝ ਪੈਦਾ ਕੀਤੀ ਅਤੇ ਸਿੱਖਾਂ ਨੂੰ ਬ੍ਰਾਹਮਣ ਦੀ ਸਰਬਉਚਤਾ ਤੇ ਕਰਮਕਾਂਡਾਂ ਦੇ ਜਾਲ ਤੋਂ ਮੁਕਤ ਕਰਵਾਇਆ ਇਸ ਕਰ ਕੇ ਉਹ ਗੁਰੂ ਨਾਨਕ ਦੇ ਫ਼ਲਸਫ਼ੇ ਦੇ ਵਿਰੋਧੀ ਬਣ ਗਏ। ਮੌਕੇ ਦੀ ਮੁਗਲ ਸਰਕਾਰ ਦਾ ਵੀ ਸਿੱਖ ਗੁਰੂਆਂ ਨਾਲ ਕੋਈ ਟਕਰਾਓ ਨਹੀਂ ਸੀ ਉਹ ਤਾਂ ਚਾਹੁੰਦੇ ਸਨ ਕਿ ਉਹ ਸਿਰਫ ਸਰਕਾਰ ਦੇ ਅਧੀਨ ਹੋ ਕੇ ਚੱਲਣ ਇਸ ਤਰ੍ਹਾਂ ਉਹ ਵੀ ਐਸ਼ ਦਾ ਜੀਵਨ ਬਤੀਤ ਕਰਨ ਤੇ ਉਨ੍ਹਾਂ ਨੂੰ ਵੀ ਸੁਖਚੈਨ ਨਾਲ ਰਾਜ ਕਰਨ ਦੇਣ। ਪਰ ਮੁਨੱਖਤਾ ਨੂੰ ਅਜਾਦੀ ਦਿਵਾਉਣ ਆਏ ਗੁਰੂ ਅਰਜੁਨ ਦੇਵ ਜੀ ਅਤੇ ਗੁਰੂ ਤੇਗ ਬਹਾਦੁਰ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜੰਗਾਂ ਲੜੀਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਤੇ ਪੁੱਤਰਾਂ ਤੋਂ ਪਿਆਰੇ ਸਿੱਖ ਸ਼ਹੀਦ ਕਰਵਾਏ ਪਰ ਅੱਜ ਕੌਮ ਦੇ ਆਗੂਆਂ ਨੇ ਪੰਥ ਨੂੰ ਉਨ੍ਹਾਂ ਦੇ ਹੀ ਅਧੀਨ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਹੋਰ ਤਾਂ ਹੋਰ ਸਿੱਖ ਪੰਥ ਦੀ ਨਿਆਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦਾ ਹੀ ਕਤਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਉਨ੍ਹਾਂ ਨੂੰ ਹੈਰਾਨੀ ਹੋਈ ਜਦੋਂ ਉਨ੍ਹਾਂ ਅਖ਼ਬਾਰਾਂ ’ਚ ਇਹ ਇਹ ਇਸ਼ਤਿਹਾਰ ਪੜ੍ਹੇ ਕਿ ਗੁਰਪੁਰਬ 5 ਜਨਵਰੀ ਨੂੰ ਨਹੀਂ ਹੈ ਇਸ ਲਈ 5 ਜਨਵਰੀ ਨੂੰ ਕਿਸੇ ਨੇ ਵੀ ਗੁਰਦੁਆਰੇ ਨਹੀਂ ਜਾਣਾ। ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਗੁਰਪੁਰਬ 5 ਜਨਵਰੀ ਨੂੰ ਨਹੀਂ 11 ਜਨਵਰੀ ਨੂੰ ਮਨਾਉਣਾ ਹੈ, ਦੇ ਹੁਕਮਨਾਮੇ ਜਾਰੀ ਕਰਨ ਵਾਲਿਆਂ ਨੇ ਕਦੀ ਇਹ ਵੀ ਹੁਕਮਨਾਮੇ ਜਾਰੀ ਕੀਤੇ ਹਨ ਕਿ ਗੁਰਪੁਰਬ ਮਨਾਉਣੇ ਕਿਦਾਂ ਹਨ? ਉਨ੍ਹਾਂ ਕਿਹਾ ਉਸ ਤਰ੍ਹਾਂ ਤਾਂ ਅਸੀਂ ਪੜ੍ਹਦੇ ਹਾਂ ‘ਜਬ ਲਗ ਖ਼ਾਲਸਾ ਰਹੇ ਨਿਆਰਾ। ਤਬ ਲਗ ਤੇਜ ਦੀਊਂ ਮੈਂ ਸਾਰਾ॥ ਜਬ ਇਹ ਗਹੇਂ ਬਿਪਰਨ ਕੀ ਰੀਤ। ਮੈਂ ਨਾ ਕਰੂੰ ਇਨ ਕੀ ਪ੍ਰਤੀਤ॥’ ਪਰ ਸਾਡੇ ਆਗੂ ਤਾਂ 4 ਵੋਟਾਂ ਖ਼ਾਤਰ ਸਾਰੀਆਂ ਹੀ ਬਿਪ੍ਰਨ ਕੀਆਂ ਰੀਤਾਂ ਕਰ ਰਹੇ ਹਨ। ਮੱਥੇ ਟਿੱਕੇ ਲਵਾ ਕੇ ਕਹਿੰਦੇ ਹਨ ਅਸੀਂ ਵੀ ਕੇਸਾਧਾਰੀ ਹਿੰਦੂ ਹੀ ਹਾਂ, ਸਾਨੂੰ ਵੋਟਾਂ ਪਾਓ।

ਉਨ੍ਹਾ ਕਿਹਾ ਕਰਤਾਰਪੁਰ (ਪਾਕਸਤਾਨ) ਦੇ ਆਸ ਪਾਸ ਸਾਰੇ ਹੀ ਮੁਸਲਮਾਨਾਂ ਦੇ ਪਿੰਡ ਹਨ। ਉਨ੍ਹਾਂ ਵਿੱਚ ਸਿੱਖਾਂ ਦੀ ਅਬਾਦੀ ਬਹੁਤ ਘੱਟ ਹੈ ਪਰ ਇਸ ਦੇ ਬਾਵਯੂਦ ਉਨ੍ਹਾਂ ਪਿੰਡਾਂ ਦੇ ਲੋਕਾਂ ਦਾ ਜੇ ਕਦੀ ਆਪਸੀ ਝਗੜਾ ਹੋ ਜਾਵੇ ਤਾਂ ਉਹ ਕਦੀ ਵੀ ਥਾਣੇ ਜਾਂ ਕਚਹਿਰੀ ਨਹੀਂ ਜਾਂਦੇ ਸਗੋਂ ਪਿੰਡ ਦੀ ਪੰਚਾਇਤ ਕਰਤਾਰਪੁਰ ਦੇ ਗੁਰਦੁਆਰਾ ਸਾਹਿਬ ’ਚ ਬੈਠ ਕੇ ਫੈਸਲਾ ਕਰਦੇ ਹਨ ਤੇ ਉਸ ਫੈਸਲੇ ’ਤੇ ਗੁਰਦੁਆਰੇ ਦੇ ਗੰ੍ਰਥੀ ਦੇ ਦਸਤਖਤ ਕਰਵਾਉਂਦੇ ਹਨ। ਉਸ ਫੈਸਲੇ ’ਤੇ ਕੋਈ ਵੀ ਕਿੰਤੂ ਨਹੀਂ ਕਰਦਾ ਅਤੇ ਕਹਿੰਦੇ ਹਨ ਕਿ ਕਿ ਗੁਰ ਨਾਨਕ ਦੇ ਘਰ ਵਿੱਚ ਬੈਠ ਕੇ ਜਿਹੜਾ ਫੈਸਲਾ ਹੋਇਆ ਹੈ ਇਹ ਸਭ ਦੇ ਮੰਨਣ ਯੋਗ ਹੈ। ਉਨ੍ਹਾਂ ਦੱਸਿਆ ਕਿ ਇਸ ਗੁਰਦੁਆਰੇ ਵਿੱਚ ਹੋਏ ਫੈਸਲੇ ਨੂੰ ਉਥੋਂ ਦੀ ਹਾਈ ਕੋਰਟ ਵੀ ਮਾਨਤਾ ਦਿੰਦੀ ਹੈ।

ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਧੰਨ ਹਨ ਉਹ ਮੁਸਲਮਾਨ ਅਤੇ ਉਨ੍ਹਾਂ ਦੀ ਅਦਾਲਤ ਜਿਹੜੀ ਗੁਰੂ ਨਾਨਕ ਦੇ ਘਰ ਦਾ ਇਤਨਾ ਸਤਿਕਾਰ ਕਰਦੇ ਹਨ ਪਰ ਇਥੇ ਤਾਂ ਸ: ਪਾਲ ਸਿੰਘ ਪੁਰੇਵਾਲ ਵਲੋਂ 15 ਸਾਲ ਦੀ ਮਿਹਨਤ ਨਾਲ ਗੁਰੂ ਨਾਨਕ ਦੇ ਨਾਮ ’ਤੇ ਤਿਆਰ ਕੀਤਾ, ਸਮੁਚੇ ਵਿਦਾਵਾਨਾਂ ਦੀ ਸਲਾਹ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਅਤੇ ਕਾਰਜ਼ਕਾਰੀ ਕਮੇਟੀ ਵਲੋਂ ਪ੍ਰਵਾਨਗੀ ਉਪ੍ਰੰਤ ਪੰਜ ਸਿੰਘ ਸਾਹਿਬਾਨ ਵਲੋਂ 2003 ’ਚ ਅਕਾਲ ਤਖ਼ਤ ਤੋਂ ਜਾਰੀ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਇਨ੍ਹਾਂ ਆਪ ਹੀ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜੀਆਂ ਜਥੇਬੰਦੀਆਂ ਅਕਾਲ ਤਖ਼ਤ ਦੇ 2003 ਵਾਲੇ ਹੁਕਮ ਅਨੁਸਾਰ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮਨਾ ਰਹੀਆਂ ਹਨ ਉਨ੍ਹਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ ਕਿ ਉਹ ਇਸ ਦਿਨ ਗੁਰਪੁਰਬ ਨਾ ਮਨਾਉਣ ਅਤੇ ਅੱਜ ਇਸ਼ਤਿਹਾਰ ਦੇ ਕੇ ਸਿਖ ਸੰਗਤਾਂ ਨੂੰ ਹੁਕਮ ਕੀਤਾ ਗਿਆ ਹੈ ਕਿ ਉਹ ਗੁਰਦੁਆਰੇ ਨਾ ਜਾਣ। ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਗੁਰਪੁਰਬ ਨਾ ਮਨਾਉਣ ਅਤੇ ਸਿੱਖ ਸੰਗਤਾਂ ਨੂ ਗੁਰਦੁਆਰੇ ਨਾ ਜਾਣ ਦੇ ਹੁਕਮ ਦੇਣ ਵਾਲੇ ਕੀ ਔਰੰਗਜ਼ੇਬ ਤੋਂ ਘੱਟ ਹਨ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top