Share on Facebook

Main News Page

ਮਹਾਰਾਣਾ ਪ੍ਰਤਾਪ ਦੀ ਪੱਗ ਇੱਕ ਭਿਖਾਰੀ ਦੇ ਸਿਰ ’ਤੇ ਟਿੱਕ ਵੀ ਮੁਗਲ ਬਾਦਸ਼ਾਹ ਅੱਗੇ ਨਹੀਂ ਸੀ ਝੁਕੀ ਤਾਂ ਦਸ਼ਮੇਸ਼ ਪਿਤਾ ਦੀ ਬਖਸ਼ੀ ਪੱਗ ਦਰ ਦਰ’ਤੇ ਕਿਉਂ ਝੁਕੇ: ਗਿਆਨੀ ਹਰਨਾਮ ਸਿੰਘ

* ਜਿਸ ਸਿੱਖ ਕੌਮ ਦੀ ਨੀਂਹ ਇੱਟਾਂ ਦੀ ਬਜ਼ਾਏ ਛੋਟੇ ਸਾਹਿਬਜ਼ਾਦਿਆਂ ਦੇ ਸਿਰ ’ਤੇ ਉਸਰੀ ਹੋਵੇ ਉਸ ਕੌਮ ਦੇ ਸਿੱਖਾਂ ਦਾ ਸਿਰ ਦੁਨਿਆਵੀ ਲੋਭ ਲਾਲਚਾਂ ਪਿੱਛੇ ਦਰ ਦਰ ’ਤੇ ਝੁਕਦਾ ਹੋਵੇ ਇਹ ਸ਼ੋਭਾ ਨਹੀਂ ਦਿੰਦਾ

ਬਠਿੰਡਾ, 4 ਜਨਵਰੀ (ਕਿਰਪਾਲ ਸਿੰਘ): ਮਹਾਰਾਣਾ ਪ੍ਰਤਾਪ ਦੀ ਪੱਗ ਇੱਕ ਭਿਖਾਰੀ ਦੇ ਸਿਰ ’ਤੇ ਟਿੱਕ ਵੀ ਮੁਗਲ ਬਾਦਸ਼ਾਹ ਅੱਗੇ ਨਹੀਂ ਸੀ ਝੁਕੀ ਤਾਂ ਦਸ਼ਮੇਸ਼ ਪਿਤਾ ਦੀ ਬਖਸ਼ੀ ਪੱਗ ਦਰ ਦਰ ’ਤੇ ਕਿਉਂ ਝੁਕੇ? ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਲੜੀਵਾਰ ਚੱਲ ਰਹੀ ਕਥਾ ਦੌਰਾਨ ਹੈੱਡ ਗ੍ਰੰਥੀ ਗਿਆਨੀ ਹਰਨਾਮ ਸਿੰਘ ਨੇ ਕਥਾ ਕਰਦਿਆਂ ਅੱਜ ਸਵੇਰੇ ਕਹੇ। ਉਨ੍ਹਾਂ ਇੱਕ ਇਤਿਹਾਸਕ ਸਾਖੀ ਸੁਣਾਉਂਦਿਆਂ ਕਿਹਾ ਕਿ ਜਿਸ ਸਮੇਂ ਮਹਾਰਾਣਾ ਪ੍ਰਤਾਪ ਮੁਗਲਾਂ ਨਾਲ ਹੋਈ ਲੜਾਈ ਦੌਰਾਨ ਹਾਰਨ ਤੋਂ ਪਿੱਛੋਂ ਜੰਗਲ ਵਿੱਚ ਸਮਾ ਬਤੀਤ ਕਰ ਰਿਹਾ ਸੀ ਤਾਂ ਉਸ ਸਮੇਂ ਇੱਕ ਭਿਖਾਰੀ ਨੇ ਉਸ ਕੋਲ ਆ ਕੇ ਕਿਹਾ ਹੇ ਰਾਜਨ ਜਦੋਂ ਤੇਰੇ ਦਰਬਾਰ ਵਿੱਚ ਕੁਝ ਮੰਗਣ ਲਈ ਆਉਂਦਾ ਸੀ ਤਾਂ ਤੁਸੀਂ ਕਦੇ ਵੀ ਮੈਨੂੰ ਖਾਲੀ ਨਹੀਂ ਸੀ ਮੋੜਿਆ ਬੇਸ਼ੱਕ ਅੱਜ ਤੁਹਾਡੇ ਕੋਲ ਦੇਣ ਲਈ ਕੁਝ ਵੀ ਨਹੀਂ ਹੇੈ ਪਰ ਮੈਨੂੰ ਯਕੀਨ ਹੈ ਕਿ ਤੁਸੀਂ ਅੱਜ ਵੀ ਮੈਨੂੰ ਖਾਲੀ ਨਹੀਂ ਮੋੜੋਗੇ। ਰਾਣਾ ਪ੍ਰਤਾਪ ਨੇ ਕਿਹਾ ਕਿ ਜੇ ਤੇਰਾ ਇਤਨਾ ਹੀ ਯਕੀਨ ਬਣਿਆ ਹੈ ਤਾਂ ਅੱਜ ਵੀ ਜੋ ਤੈਨੂੰ ਮੇਰੇ ਕੋਲ ਦਿਸ ਰਿਹਾ ਹੈ ਉਹ ਮੰਗ ਲੈ ਤੈਨੂੰ ਜਰੂਰ ਮਿਲੇਗਾ। ਭਿਖਾਰੀ ਨੇ ਉਸ ਵੱਲ ਵੇਖ ਕੇ ਕਿਹਾ ਕਿ ਅੱਜ ਤੁਸੀਂ ਮੈਨੂੰ ਆਪਣੀ ਪੱਗ ਦੇ ਦਿਉ।

ਰਾਣਾ ਪ੍ਰਤਾਪ ਨੇ ਕਿਹਾ ਪੱਗ ਤਾਂ ਤੈਨੂੰ ਦੇ ਦਿੰਦਾ ਹਾਂ ਪਰ ਤੂੰ ਇੱਕ ਭਿਖਾਰੀ ਹੈਂ, ਤੇ ਭਿਖਾਰੀ ਦਾ ਸੁਭਾ ਹੁੰਦਾ ਹੈ ਕਿ ਜਿਸ ਪਾਸ ਵੀ ਮੰਗਣ ਜਾਓ ਉਸੇ ਅੱਗੇ ਸਿਰ ਝੁਕਾ ਦੇਣਾ। ਮੈਂ ਤੈਨੂੰ ਆਪਣੀ ਪੱਗ ਤਾਂ ਹੀ ਦੇ ਸਕਦਾ ਹਾਂ ਜੇ ਤੂੰ ਮੇਰੇ ਨਾਲ ਇਹ ਵਾਅਦਾ ਕਰੇਂ ਕਿ ਬੇਸ਼ੱਕ ਤੈਨੂੰ ਮੁਗਲ ਬਾਦਸ਼ਾਹ ਦੇ ਦਰਬਾਰ ਵਿੱਚ ਵੀ ਜਾਣਾ ਪੈ ਜਾਵੇ ਤਾਂ ਵੀ ਤੇਰਾ ਸਿਰ ਉਸ ਅੱਗੇ ਝੁਕੇਗਾ ਨਹੀਂ। ਕਦੀ ਐਸਾ ਨਾ ਹੋਵੇ ਕਿ ਤੇਰਾ ਸਿਰ ਮੁਗਲ ਬਾਦਸ਼ਾਹ ਅੱਗੇ ਝੁਕ ਜਾਵੇ ਤੇ ਲੋਕ ਇਹ ਕਹਿਣ ਕਿ ਇਸ ਭਿਖਾਰੀ ਦੇ ਸਿਰ ’ਤੇ ਮਹਾਰਾਣਾ ਦੀ ਪੱਗ ਹੈ, ਇਸ ਲਈ ਉਸ ਦੀ ਪੱਗ ਮੁਗਲ ਬਾਦਸ਼ਾਹ ਦੇ ਪੈਰਾਂ ਵਿੱਚ ਝੁਕ ਗਈ ਹੈ। ਉਸ ਭਿਖਾਰੀ ਨੇ ਵਾਅਦਾ ਕੀਤਾ ਕਿ ਮੇਰੇ ਸਿਰ’ਤੇ ਬੱਝੀ ਹੋਣ ਦੇ ਬਾਵਯੂਦ ਵੀ ਇਹ ਕਿਸੇ ਦੇ ਅੱਗੇ ਝੁਕੇਗੀ ਨਹੀਂ ਅਤੇ ਮੈਂ ਤੇਰੀ ਇਸ ਪੱਗ ਦੀ ਪੂਰੀ ਲਾਜ ਰੱਖਾਂਗਾ।

ਇਹ ਵਾਅਦਾ ਲੈ ਕੇ ਮਹਾਰਾਣਾ ਨੇ ਆਪਣੇ ਸਿਰ ਤੋਂ ਪੱਗ ਉਤਾਰ ਕੇ ਭੇਖਾਰੀ ਦੇ ਸਿਰ ’ਤੇ ਟਿਕਾ ਦਿੱਤੀ। ਆਖਰ ਇੱਕ ਦਿਨ ਉਸ ਭਿਖਾਰੀ ਨੂੰ ਮੁਗਲ ਬਾਦਸ਼ਾਹ ਦੇ ਦਰਬਾਰ ਵਿੱਚ ਜਾਣਾ ਪਿਆ ਤਾਂ ਸਭ ਨੇ ਬਾਦਸ਼ਾਹ ਅੱਗੇ ਸਿਰ ਨਿਵਾਏ ਪਰ ਉਸ ਭਿਖਾਰੀ ਨੂੰ ਮਹਾਰਾਣਾ ਨਾਲ ਕੀਤਾ ਵਾਅਦਾ ਯਾਦ ਆ ਗਿਆ ਤੇ ਉਸ ਨੇ ਆਪਣਾ ਸਿਰ ਨਾ ਨਿਵਾਇਆ। ਜਦ ਉਸ ਨੂੰ ਪੁੱਛਿਆ ਗਿਆ ਕਿ ਉਸ ਨੇ ਬਾਦਸ਼ਾਹ ਨੂੰ ਸਿਰ ਨਿਵਾ ਕੇ ਸਲਾਮ ਕਿਉਂ ਨਹੀਂ ਕੀਤੀ ਤਾਂ ਉਸ ਨੇ ਬੜੇ ਮਾਨ ਨਾਲ ਕਿਹਾ ਕਿ ਮੇਰੇ ਸਿਰ ’ਤੇ ਮਹਾਰਾਣੇ ਦੀ ਪੱਗ ਹੈ ਉਸ ਨਾਲ ਕੀਤੇ ਵਾਅਦੇ ਅਨੁਸਾਰ ਇਹ ਮੁਗਲ ਬਾਦਸ਼ਾਹ ਅੱਗੇ ਨਹੀਂ ਝੁਕ ਸਕਦੀ। ਗਿਆਨੀ ਹਰਨਾਮ ਸਿੰਘ ਨੇ ਕਿਹਾ ਕਿ ਸਿੱਖ ਨੂੰ ਵੀ ਇਹ ਮਾਣ ਹੋਣਾ ਚਾਹੀਦਾ ਹੈ ਕਿ ਉਸ ਦੇ ਸਿਰ ’ਤੇ ਬੱਝੀ ਪੱਗ ਆਮ ਪੱਗ ਨਹੀਂ ਹੈ ਇਹ ਉਸ ਮਹਾਨ ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ਿਸ ਹੈ ਜਿਸ ਨੇ ਸਿਰਫ ਆਪ ਹੀ ਨਹੀਂ ਬਲਕਿ ਉਸ ਦੇ ਬਾਪ ਗੁਰੂ ਤੇਗ ਬਹਾਦੁਰ ਜੀ, ਦਾਦੇ ਗੁਰੂ ਹਰਿਗੋਬਿੰਦ ਸਾਹਿਬ ਜੀ ਪੜਦਾਦੇ ਗੁਰੂ ਅਰਜੁਨ ਦੇਵ ਜੀ ਨੇ ਸੱਚ ਹੱਕ ’ਤੇ ਪਹਿਰਾ ਦਿੰਦਿਆਂ ਉਹ ਮਹਾਨ ਕਾਰਨਾਮੇ ਕੀਤੇ ਜਿਹੜਾ ਦੁਨੀਆਂ ਦਾ ਹੋਰ ਕੋਈ ਰਹਿਬਰ ਨਹੀਂ ਕਰ ਸਕਿਆ, ਜਿਨ੍ਹਾਂ ਨੂੰ ਵੇਖ ਸੁਣ ਕੇ ਹੀ ਸਾਡਾ ਸਿਰ ਮਾਨ ਨਾਲ ਉੱਚਾ ਹੋ ਜਾਂਦਾ ਹੈ।

ਸਿਰਫ ਇੱਥੇ ਹੀ ਬੱਸ ਨਹੀਂ ਆਪਣੇ ਜਿਗਰ ਦੇ ਟੋਟੇ ਚਾਰੇ ਸਾਹਿਬਜ਼ਾਦੇ ਵੀ ਸਾਡੇ ਤੋਂ ਵਾਰ ਦਿੱਤੇ। ਸਿਰਫ 6 ਅਤੇ 8 ਸਾਲ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਤੋਂ ਸੂਬਾ ਸਰਹਿੰਦ ਅੱਗੇ ਸਿਰ ਝੁਕਾਉਣ ਲਈ ਰਾਜਨੀਤੀ ਵੀ ਵਰਤੀ ਗਈ ਕਿ ਦਰਵਾਜੇ ਦਾ ਵੱਡਾ ਗੇਟ ਬੰਦ ਕਰ ਕੇ ਛੋਟੀ ਖਿੜਕੀ ਹੀ ਖੋਲ੍ਹੀ ਗਈ ਜਿਸ ਵਿਚੋਂ ਲੰਘਣ ਲਈ ਸਿਰ ਝੁਕਾਉਣਾ ਪੈਣਾ ਸੀ ਪਰ ਜਿਨ੍ਹਾਂ ਨੇ ਆਪਣੇ ਪਿਤਾ ਗੁਰੂ ਤੋਂ ਗੁਰੂ ਨਾਨਕ ਸਾਹਿਬ ਦੀ ਸਿਖਿਆ ‘ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥’ ਗ੍ਰਹਿਣ ਕੀਤੀ ਹੋਈ ਸੀ, ਨੇ ਪਹਿਲਾਂ ਆਪਣੇ ਪੈਰ ਖਿੜਕੀ ਵਿੱਚੋਂ ਦੀ ਲੰਘਾਏ ਤੇ ਬਿਨਾ ਝੁਕਾਏ ਸਿਰ ਬਾਅਦ ਵਿੱਚ ਲੰਘਾਇਆ। ਉਨ੍ਹਾਂ ਇਸ ਬਾਲ ਉਮਰ ਵਿੱਚ ਹੀ ਨੀਹਾਂ ਵਿੱਚ ਚਿਣ ਕੇ ਸ਼ਹੀਦ ਹੋਣਾ ਤਾਂ ਪ੍ਰਵਾਨ ਕਰ ਲਿਆ ਪਰ ਗੁਰੂ ਦੀ ਬਖ਼ਸ਼ੀ ਦਸਤਾਰ ਦੇ ਸਨਮਾਨ ਨੂੰ ਆਂਚ ਨਹੀਂ ਆਉਣ ਦਿੱਤੀ।

ਜਿਸ ਸਿੱਖ ਕੌਮ ਦੀ ਨੀਂਹ ਇੱਟਾਂ ਦੀ ਬਜ਼ਾਏ ਛੋਟੇ ਸਾਹਿਬਜ਼ਾਦਿਆਂ ਦੇ ਸਿਰ ’ਤੇ ਉਸਰੀ ਹੋਵੇ ਉਸ ਕੌਮ ਦੇ ਸਿੱਖਾਂ ਦਾ ਸਿਰ ਦੁਨਿਆਵੀ ਲੋਭ ਲਾਲਚਾਂ ਪਿੱਛੇ ਦਰ ਦਰ ’ਤੇ ਝੁਕਦਾ ਹੋਵੇ ਇਹ ਸ਼ੋਭਾ ਨਹੀਂ ਦਿੰਦਾ ਪਰ ਅੱਜ ਕੌਮ ਦੀ ਹਾਲਤ ਇਹ ਹੈ ਕਿ ਆਪਣਾ ਸੁਆਰਥ ਪੂਰਾ ਕਰਨ ਲਈ ਹਰ ਕਬਰ, ਸਮਾਧ, ਦੇਵੀ ਦੇਵਤੇ, ਦੇਹਧਾਰੀ ਗੁਰੂ ਅਤੇ ਹਰ ਐਰੇ ਗੈਰੇ ਅੱਗੇ ਝੁਕਣ ਲਈ ਤਤਪਰ ਰਹਿੰਦਾ ਹੈ ਜਿਹੜੀ ਕਿ ਇੱਕ ਸ਼ਰਮ ਦੀ ਗੱਲ ਹੈ। ਉਨ੍ਹਾਂ ਕਿਹਾ ਹਾਲਤ ਇੱਥੋਂ ਤੱਕ ਨਿੱਘਰ ਗਏ ਹਨ ਕਿ ਹੁਣ ਤਾਂ ਨੌਜਵਾਨ ਆਪ ਹੀ ਆਪਣੀਆਂ ਦਸਤਾਰਾਂ ਨੂੰ ਭਾਰ ਸਮਝ ਕੇ ਉਤਾਰ ਰਹੇ ਹਨ ਤੇ ਗੁਰੂ ਦੀ ਮੋਹਰ ਕੇਸ ਕਤਲ ਕਰਵਾ ਰਹੇ ਹਨ। ਗਿਆਨੀ ਹਰਨਾਮ ਸਿੰਘ ਨੇ ਕਿਹਾ ਕਿ ਅਜੇਹੇ ਸਿੱਖਾਂ ਨੂੰ ਭਿਖਾਰੀ ਤੋਂ ਹੀ ਸੇਧ ਲੈਣੀ ਚਾਹੀਦੀ ਹੈ ਕਿ ਜੇ ਮਹਾਰਾਣਾ ਪ੍ਰਤਾਪ ਦੀ ਪੱਗ ਸਿਰ ’ਤੇ ਬੰਨ੍ਹ ਕੇ ਆਪਣੇ ਆਪ ਨੂੰ ਮਹਾਰਾਣਾ ਸਮਝਣ ਲੱਗ ਪਿਆ ਸੀ ਤੇ ਉਸ ਦਾ ਸਿਰ ਬਾਦਸ਼ਾਹ ਅੱਗੇ ਵੀ ਨਹੀਂ ਝੁਕਿਆ ਤਾਂ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਦੀ ਬਖ਼ਸ਼ੀ ਦਸਤਾਰ ਦੀ ਲਾਜ ਸਾਨੂੰ ਰੱਖਣੀ ਚਾਹੀਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top