Share on Facebook

Main News Page

ਸ਼ੇਰੇ ਪੰਜਾਬ ਰੇਡੀਓ ਕੈਨੇਡਾ 'ਤੇ ਨਾਨਕਸ਼ਾਹੀ ਕੈਲੰਡਰ ਸਬੰਧੀ ਕਰਵਾਏ ਗਏ ਲਾਈਵ ਟਾਕ ਸ਼ੋ ਦਾ ਵੇਰਵਾ

* ਆਉਂਦੇ 100 ਸਾਲ ਵਿੱਚ 3 ਸਾਲ ਐਸੇ ਹੋਣਗੇ ਜਿਸ ਵਿੱਚ ਪੋਹ ਦੇ ਮਹੀਨੇ ਹੋਣਗੇ ਹੀ ਨਹੀਂ

* ਜਿਹੜਾ ਬੰਦਾ ਆਪਣੇ ਘਰ ਦਾ ਗਣਿਤ ਸਹੀ ਨਹੀਂ ਕਰ ਸਕਦਾ ਉਹ ਕੌਮ ਦਾ ਕੈਲੰਡਰ ਸਹੀ ਕਿਵੇਂ ਕਰ ਸਕਦਾ ਹੈ: ਸਰਵਜੀਤ ਸਿੰਘ

* ਖ਼ਾਲਸੇ ਦੀ ਨਿਆਰੀ ਹੋਂਦ ਖ਼ਤਮ ਕਰਨ ਲਈ ਨਾਨਕਸ਼ਾਹੀ ਕੈਲੰਡਰ ਨੂੰ ਬਿਕ੍ਰਮੀ ਕੈਲੰਡਰ ਵਿੱਚ ਬਦਲਿਆ

* ਭੁਮੀਏ ਚੋਰ ਦੀ ਸਾਖੀ ਮੇਰੇ ’ਤੇ ਵੀ ਢੁਕਦੀ ਹੈ: ਪ੍ਰੋ. ਧੂੰਦਾ

* ਲੜਕੇ ਦੇ ਰਿਸ਼ਤੇ ਟੁੱਟਣ ਸਬੰਧੀ ਲੜਕੀਆਂ ਵਾਲਿਆਂ ਨਾਲੋਂ ਗੱਲ ਕਰੋ

* ਕਿਸੇ ਸਾਲ ’ਚ ਪੋਹ ਦਾ ਮਹੀਨਾ ਨਾ ਆਉਣ ਸਬੰਧੀ ਅਨੁਰਾਗ ਸਿੰਘ ਨਾਲ ਗੱਲ ਕਰੋ: ਗਿਆਨੀ ਗੁਰਬਚਨ ਸਿੰਘ

* ਪਹਿਲੇ ਰਿਸ਼ਤੇ ਦਾ ਸਾਨੂੰ ਪਤਾ ਨਹੀਂ ਸੀ ਇਸ ਲਈ ਅਸੀਂ ਅਕਾਲ ਤਖ਼ਤ ’ਤੇ ਅਰਦਾਸ ਕਰਕੇ ਆਪਣੀ ਲੜਕੀ ਦਾ ਰਿਸ਼ਤਾ ਕੀਤਾ, ਪਰ ਜਦੋਂ ਇੰਗਲੈਂਡ ਵਾਲੇ ਰਿਸ਼ਤੇ ਦਾ ਪਤਾ ਲੱਗਾ ਤਾਂ ਅਸੀਂ ਇਸ ਨੂੰ ਫ਼ਤਹਿ ਬੁਲਾ ਦਿੱਤੀ: ਗਿਆਨੀ ਵੇਦਾਂਤੀ

ਬਠਿੰਡਾ, 3 ਜਨਵਰੀ (ਕਿਰਪਾਲ ਸਿੰਘ): ਬੀਤੀ ਰਾਤ ਸ਼ੇਰੇ ਪੰਜਾਬ ਰੇਡੀਓ ਕੈਨੇਡਾ ਦੇ ਸ: ਕੁਲਦੀਪ ਸਿੰਘ ਨਿਊਯਾਰਕ ਵਲੋਂ ਨਾਨਕਸ਼ਾਹੀ ਕੈਲੰਡਰ ਸਬੰਧੀ ਕਰਵਾਈ ਗਈ ਲਾਈਵ ਟਾਕ ਸ਼ੋ ਦੌਰਾਨ ਸ: ਸਰਵਜੀਤ ਸਿੰਘ ਸੈਕਰਾਮੈਂਟੋ ਨੇ ਇੱਕ ਭੇਦ ਦੀ ਗੱਲ ਦੱਸੀ ਕਿ ਵਿਗਾੜੇ ਗਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਆਉਂਦੇ 100 ਸਾਲ ਵਿੱਚ 27 ਸਾਲ ਐਸੇ ਹੋਣਗੇ ਜਿਨ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਵੀ ਗੁਰਪੁਰਬ ਨਹੀਂ ਆਏਗਾ ਅਤੇ 27 ਸਾਲ ਐਸੇ ਹੋਣਗੇ ਜਿਨ੍ਹਾਂ ਵਿੱਚ ਦੋ ਵਾਰ ਆਉਣਗੇ, ਇੱਕ ਵਾਰ ਜਨਵਰੀ ਵਿੱਚ ਅਤੇ ਦੂਸਰੀ ਵਾਰ ਦਸੰਬਰ ਵਿੱਚ। ਇਸ ਤੋਂ ਵੱਧ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਬਿਕ੍ਰਮੀ ਕੈਲੰਡਰ ਦੇ ਆਧਾਰ ’ਤੇ ਨਾਨਕਸ਼ਾਹੀ ਕੈਲੰਡਰ ਵਿਗਾੜਿਆ ਗਿਆ ਹੈ ਉਸ ਅਨੁਸਾਰ ਆਉਂਦੇ 100 ਸਾਲ ਵਿੱਚ 2029, 2048 ਅਤੇ 2105 ਤਿੰਨ ਐਸੇ ਸਾਲ ਹੋਣਗੇ ਜਿਨ੍ਹਾਂ ਵਿੱਚ ਪੋਹ ਦਾ ਮਹੀਨਾ ਹੀ ਨਹੀਂ ਹੋਵੇਗਾ।

ਉਨ੍ਹਾਂ ਹੋਰ ਕਿਹਾ ਕਿ ਜਿਹੜਾ ਜਥੇਦਾਰ ਆਪਣੇ ਘਰ ਦਾ ਗਣਿਤ ਸਹੀ ਨਹੀਂ ਕਰ ਸਕਿਆ ਭਾਵ ਉਸ ਦੇ ਲੜਕੇ ਦੇ ਪਹਿਲਾਂ 3 ਰਿਸ਼ਤੇ ਹੋਏ ਜਿਹੜੇ ਤਿੰਨੇ ਹੀ ਟੁੱਟ ਗਏ ਅਤੇ ਹੁਣ ਚੌਥਾ ਹੋਇਆ ਹੈ, ਉਹ ਜਥੇਦਾਰ ਕੌਮ ਦਾ ਕੈਲੰਡਰ ਕਿਵੇਂ ਸਹੀ ਕਰ ਸਕਦਾ ਹੈ। ਭਰੋਸੇਯੋਗ ਮਿਲੀ ਜਾਣਕਾਰੀ ਅਨੁਸਾਰ ਸ: ਸਰਵਜੀਤ ਸਿੰਘ ਸੈਕਰਾਮੈਂਟੋ ਨੇ ਦੱਸਆ ਕਿ ਗਿਆਨੀ ਗੁਰਬਚਨ ਸਿੰਘ ਦਾ ਪੁੱਤਰ ਜਿਹੜਾ ਇਸ ਦਾ ਪੀਏ ਵੀ ਹੈ ਦਾ ਪਹਿਲਾ ਰਿਸ਼ਤਾ ਗੁਰਬਚਨ ਸਿੰਘ ਦੇ ਸਹੁਰੇ ਪਰਿਵਾਰ ਦੀ ਰਿਸ਼ਤੇਦਾਰੀ ਵਿੱਚ ਹੋਇਆ, ਜੋ ਟੁੱਟ ਗਿਆ। ਦੂਜਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਜੀ ਦੀ ਲੜਕੀ ਨਾਲ ਅਕਾਲ ਤਖ਼ਤ ’ਤੇ ਅਰਦਾਸ ਹੋ ਕੇ ਹੋਇਆ, ਜੋ ਬਾਅਦ ਵਿੱਚ ਟੁੱਟ ਗਿਆ। ਤੀਜਾ ਇੰਗਲੈਡ ਵਿੱਚ 6 ਜੂਨ 2010 ਨੂੰ ਗਿਆਨੀ ਗੁਰਬਚਨ ਸਿੰਘ ਜੀ ਬੇਟੇ ਦੀ ਕੁੜਮਾਈ ਉਸ ਸਮੇਂ ਕਰ ਰਹੇ ਸਨ ਜਦੋˆ ਸਿੱਖ ਕੌਮ ਘੱਲ੍ਹੂਘਾਰਾ ਦਿਵਸ ਮਨਾ ਰਹੀ ਸੀ ਪਰ ਇਹ ਵੀ ਟੁੱਟ ਗਿਆ। ਹੁਣ ਚੌਥਾ ਫਿਰੋਜਪੁਰ ਜਿਲ੍ਹੇ ਵਿੱਚ ਹੋਇਆ ਹੈ ਪ੍ਰਮਾਤਮਾ ਕਰੇ ਸਿਰੇ ਚੜ੍ਹ ਜਾਵੇ। ਉਨ੍ਹਾਂ ਕਿਹਾ ਜਿਹੜਾ ਅਖੌਤੀ ਜਥੇਦਾਰ ਆਪਣੇ ਘਰ ਦਾ ਕੈਲੰਡਰ ਚਾਰ ਵਾਰ ਬਦਲ ਸਕਦਾ ਹੈ ਉਹ ਕੌਮ ਦਾ ਕੈਲੰਡਰ ਪਤਾ ਨਹੀˆ ਕਿੰਨੀ ਵਾਰ ਬਦਲੂ। ਸ: ਸੈਕਰਾਮੈਂਟੋ ਨੇ ਰੇਡੀਓ ਐਂਕਰ ਸ: ਕੁਲਦੀਪ ਸਿੰਘ ਨੂੰ ਕਿਹਾ ਕਿ ਪ੍ਰੋ: ਸਰਬਜੀਤ ਸਿੰਘ ਧੂੰਦਾ ਜੀ ਨੂੰ ਪੁੱਛਣ ਕਿ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜਣ ਪਿੱਛੇ ਧਾਰਮਿਕ ਕਾਰਣ ਕੀ ਹੋ ਸਕਦੇ ਹਨ ਤੇ ਬਹੁਤੇ ਪ੍ਰਚਾਰਕ ਇਸ ਦੀ ਅਸਲੀਅਤ ਬਾਰੇ ਚਾਨਣਾ ਕਿਉਂ ਨਹੀਂ ਪਾਉਂਦੇ?

ਐਂਕਰ ਵਲੋਂ ਇਹ ਸੁਆਲ ਪ੍ਰੋ: ਧੂੰਦਾ ਜੀ ਤੋਂ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਮੈਨੂੰ ਤਾਂ ਇੰਝ ਪ੍ਰਤੀਤ ਹੋ ਰਿਹਾ ਕਿ ਸ: ਪਾਲ ਸਿੰਘ ਪੁਰੇਵਾਲ ਵਲੋਂ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਕੌਮ ਦੀਆਂ ਪਿਛਲੇ 100 ਸਾਲ ਦੀਆਂ ਭਾਵਨਾਵਾਂ ਨੂੰ ਪੂਰੀਆਂ ਕਰਦਾ ਹੈ ਜਿਸ ਤੋਂ ਦੁਨੀਆਂ ਵਿੱਚ ਕਿਸੇ ਵੀ ਕੋਨੇ ’ਚ ਬੈਠਾ ਸਿੱਖ ਬੜੀ ਅਸਾਨੀ ਨਾਲ ਗੁਰਪੁਰਬ ਦੀਆਂ ਤਰੀਕਾਂ ਵੇਖ ਅਤੇ ਯਾਦ ਕਰ ਸਕਦਾ ਹੈ ਪਰ ਸੋਧਾਂ ਦੇ ਨਾਮ ’ਤੇ ਵਿਗਾੜੇ ਗਏ ਕੈਲੰਡਰ ਅਨੁਸਾਰ ਕਿਸੇ ਨੂੰ ਇਹ ਨਹੀਂ ਪਤਾ ਲਗਦਾ ਕਿ ਇਸ ਸਾਲ ਗੁਰਪੁਰਬ ਕਿਹੜੇ ਦਿਨ ਹੈ। ਇਹ ਬੜੇ ਸ਼ਰਮ ਦੀ ਗੱਲ ਹੈ ਕਿ ਕਿਸੇ ਸਿੱਖ ਨੂੰ ਗੁਰਪੁਰਬ ਦਾ ਹੀ ਨਾ ਪਤਾ ਹੋਵੇ ਕਿ ਇਹ ਕਿਹੜੇ ਦਿਨ ਆਵੇਗਾ ਅਤੇ ਸਾਨੂੰ ਗੁਰਪੁਰਬ ਦਾ ਪਤਾ ਕਰਨ ਲਈ ਬ੍ਰਾਹਮਣ ਵਲੋਂ ਤਿਆਰ ਕੀਤੀ ਯੰਤਰੀ ਦਾ ਸਹਾਰਾ ਲੈਣਾ ਪਏ। ਧਾਰਮਿਕ ਤੌਰ ’ਤੇ ਇਸ ਵਿੱਚ ਕੁਝ ਵੀ ਗਲਤ ਨਹੀਂ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਚੰਦ੍ਰਮਾ ਦੇ ਹਿਸਾਬ ਪੋਹ ਸੁਦੀ ਸੱਤ ਦੀ ਥਾਂ ਸੂਰਜੀ ਸਾਲ ਦੇ ਹਿਸਾਬ 23 ਪੋਹ ਨੂੰ ਮਨਾਇਆ ਜਾਵੇ, ਜਿਹੜਾ ਕਿ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਹਰ ਸਾਲ 5 ਜਨਵਰੀ ਨੂੰ ਹੀ ਆਵੇਗਾ।

ਉਨ੍ਹਾਂ ਦੱਸਿਆ ਕਿ ਇਸ ਨੂੰ ਬਦਲਣ ਦਾ ਕਾਰਣ ਉਨ੍ਹਾਂ ਨੂੰ ਤਾਂ ਸਿਰਫ ‘ਰੋਟੀਆ ਕਾਰਣਿ ਪੂਰਹਿ ਤਾਲ॥’ ਹੀ ਲਗਦਾ ਹੈ ਕਿਉਂਕਿ ਅਹੁਦੇ ’ਤੇ ਟਿਕੇ ਰਹਿਣ ਲਈ ਕੌਮੀ ਭਾਵਨਾਵਾਂ ਦਾ ਕਤਲ ਕਰ ਕੇ ਸੋਧਾਂ ਦੇ ਨਾਮ ’ਤੇ ਇਸ ਨੂੰ ਵਿਗਾੜਿਆ ਇਸ ਲਈ ਗਿਆ ਹੈ ਤਾ ਕਿ ਉਹ ਆਪਣੇ ਰਾਜਨੀਤਕ ਆਕਾ ਦੀ ਖੁਸ਼ੀ ਹਾਸਲ ਕਰ ਸਕਣ। ਉਨ੍ਹਾਂ ਬੇਅਸੂਲੀਆਂ ਸੋਧਾਂ ਕਰਨ ਵਾਲਿਆਂ ਨੂੰ ਕਿਹਾ ਕਿ ਜੇ ਇਸ ਨੂੰ ਵਿਗਾੜਿਆ ਹੀ ਹੈ ਤਾਂ ਇਸ ਦਾ ਨਾਮ ਤਾਂ ਨਾਨਕਸ਼ਾਹੀ ਨਾ ਰੱਖਣ ਕਿਉਂਕਿ ਇਸ ਵਿੱਚ ਗੁਰੂ ਨਾਨਕ ਦਾ ਤਾਂ ਕੁਝ ਵੀ ਨਹੀਂ ਸਭ ਕੁਝ ਹੈ ਤਾਂ ਬਿਕ੍ਰਮੀ ਦਾ ਹੀ ਹੈ, ਫਿਰ ਨਾਨਕਸ਼ਾਹੀ ਨਾਮ ਰੱਖ ਕੇ ਸੰਗਤਾਂ ਨੂੰ ਭੁਲੇਖੇ ਵਿੱਚ ਕਿਉਂ ਪਾਇਆ ਜਾਂਦਾ ਹੈ ਕਿ ਕਿਹੜੇ ਨਾਨਕਸ਼ਾਹੀ ਕੈਲੰਡਰ ਦੀ ਗੱਲ ਕੀਤੀ ਜਾਂਦੀ ਹੈ, ਜਿਹੜਾ 2003 ਵਿੱਚ ਜਾਰੀ ਹੋਇਆ ਸੀ ਜਾਂ 2010 ਵਿੱਚ ਵਿਗਾੜਿਆ ਗਿਆ ਹੈ?

ਪ੍ਰੋ: ਧੂੰਦਾ ਨੇ ਕਿਹਾ ਕਿ ਜਿਹੜੇ ਜਥੇਦਾਰ ਕਹਿੰਦੇ ਹਨ ਕਿ ਅਕਾਲ ਤਖ਼ਤ ਤੋਂ ਗਲਤ ਹੁਕਮਨਾਮਾ ਜਾਰੀ ਨਹੀਂ ਹੋ ਸਕਦਾ ਅਤੇ ਜਿਹੜਾ ਇੱਕ ਵਾਰ ਜਾਰੀ ਹੋ ਗਿਆ ਉਹ ਬਦਲਿਆ ਨਹੀਂ ਜਾ ਸਕਦਾ, ਉਹ ਦੱਸਣ ਕਿ ਨਾਨਕਸ਼ਾਹੀ ਕੈਲੰਡਰ ਸਬੰਧੀ ਜਿਹੜਾ ਹੁਕਨਾਮਾ 2003 ਵਿੱਚ ਜਾਰੀ ਹੋਇਆ ਉਹ ਇਨ੍ਹਾਂ 2010 ’ਚ ਰੱਦ ਕਰ ਦਿੱਤਾ ਤਾਂ ਇਸ ਦਾ ਮਤਲਬ ਹੋਇਆ ਕਿ ਦੋਨਾਂ ਵਿਚੋਂ ਇੱਕ ਤਾਂ ਗਲਤ ਹੋਇਆ ਹੀ। ਜੇ ਇਨ੍ਹਾਂ ਵਿੱਚੋਂ ਇੱਕ ਗਲਤ ਹੈ ਤਾਂ ਇਸ ਦਾ ਮਤਲਬ ਹੈ ਇੱਥੋਂ ਹੋਰ ਗਲਤ ਹੁਕਨਾਮੇ ਵੀ ਜਾਰੀ ਹੋਏ ਹਨ, ਫਿਰ ਉਨ੍ਹਾਂ ਨੂੰ ਕਿਉਂ ਨਹੀਂ ਸੁਧਾਰਿਆ ਜਾਂਦਾ? ਉਨ੍ਹਾਂ ਕਿਹਾ ਭੂਮੀਏ ਚੋਰ ਵਾਲੀ ਸਾਖੀ ਮੇਰੇ ਸਮੇਤ ਹਰ ਪ੍ਰਚਾਰਕ, ਅਹੁਦੇਦਾਰ ਪ੍ਰਬੰਧਕ ਅਤੇ ਹਰ ਸਿੱਖ ’ਤੇ ਵੀ ਢੁਕਦੀ ਹੈ। ਜੇ ਭੂਮੀਏ ਚੋਰ ਨੇ ਗੁਰੂ ਨਾਨਕ ਦੇ ਬਚਨ ਮੰਨੇ ਕਿ ਲੂਣ ਖਾ ਕੇ ਹਰਾਮ ਨਹੀਂ ਕਰਨਾ ਅਤੇ ਹਮੇਸ਼ਾਂ ਸੱਚ ਬੋਲਣਾ ਹੈ ਤਾਂ ਇਹ ਸਾਖੀ ਸੁਣਾਉਣ ਵਾਲੇ ਪ੍ਰਚਾਰਕਾਂ ਨੂੰ ਵੀ ਚਾਹੀਦਾ ਹੈ ਕਿ ਅਸੀਂ ਵੀ ਗੁਰੂ ਦਾ ਨਮਕ ਖਾ ਰਹੇ ਹਾਂ ਇਸ ਲਈ ਹਰਾਮ ਨਹੀਂ ਕਰਨਾ ਚਾਹੀਦਾ ਅਤੇ ਹਮੇਸ਼ਾਂ ਸੱਚ ਬੋਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਈ ਜਥੇਦਾਰ ਜਿਸ ਸਮੇਂ ਉਹ ਅਹੁੱਦੇ ’ਤੇ ਹੁੰਦੇ ਹਨ ਉਸ ਸਮੇਂ ਸੱਚ ਨਹੀਂ ਬੋਲਦੇ ਪਰ ਅਹੁੱਦਾ ਖੁੱਸਣ ਪਿਛੋਂ ਸੱਚ ਬੋਲਣ ਲੱਗ ਪੈਂਦੇ ਹਨ। ਉਸ ਸਮੇਂ ਉਸ ਸੱਚ ਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਜੇ ਪਾਣੀ ਵਿੱਚ ਕਿਸੇ ਡੁੱਬ ਰਹੇ ਵਿਅਕਤੀ ਨੂੰ ਸਮੇਂ ਸਿਰ ਨਹੀਂ ਬਚਾਇਆ ਤਾਂ ਉਸ ਦੇ ਮਰਨ ਪਿੱਛੋਂ ਉਸ ਦੀ ਲਾਸ਼ ਨੂੰ ਕਿਸ਼ਤੀ ’ਚ ਪਾਈ ਫਿਰਨ ਦਾ ਕੋਈ ਫਾਇਦਾ ਨਹੀਂ ਹੋਵੇਗਾ।

ਲੜਕੇ ਦੀ ਚਾਰ ਵਾਰ ਹੋਈ ਕੁੜਮਾਈ ਦਾ ਸੱਚ ਜਾਨਣ ਲਈ ਜਦੋਂ ਗਿਆਨੀ ਗੁਰਬਚਨ ਸਿੰਘ ਨਾਲ ਸਪੰਰਕ ਕੀਤਾ ਤਾਂ ਪਹਿਲਾਂ ਤਾਂ ਉਨ੍ਹਾਂ ਨੇ ਇਸ ਤੋਂ ਇਨਕਾਰ ਕੀਤਾ ਪਰ ਜਦੋਂ ਉਨ੍ਹਾਂ ਨੂੰ ਚੇਤਾ ਕਰਵਾਇਆ ਗਿਆ ਕਿ ਇੱਕ ਵਾਰ ਤਾਂ ਗਿਆਨੀ ਵੇਦਾਂਤੀ ਦੀ ਲੜਕੀ ਨਾਲ ਹੋਇਆ ਸੀ ਤਾਂ ਉਨ੍ਹਾਂ ਮੰਨਿਆ ਕਿ ਚਾਰ ਵਾਰ ਨਹੀਂ ਦੋ ਵਾਰ ਹੋਇਆ ਹੈ। ਪਹਿਲਾ ਰਿਸ਼ਤਾ ਟੁੱਟਣ ਦੇ ਕਾਰਣ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਇਹ ਲੜਕੀ ਵਾਲਿਆਂ ਨੂੰ ਪੁੱਛੋ ਕਿ ਜਵਾਬ ਕਿਸ ਨੇ ਦਿੱਤਾ ਹੈ। ਅਗਲਾ ਸਵਾਲ ਕਿ ਕਈ ਸਾਲਾਂ ਵਿੱਚ ਪੋਹ ਦਾ ਮਹੀਨਾ ਹੀ ਨਾ ਆਉਣ ਸਬੰਧੀ ਪੁੱਛੇ ਜਾਣ ’ਤੇ ਉਨ੍ਹਾ ਪਹਿਲਾਂ ਤਾਂ ਇਹ ਕਿਹਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਕਿਸੇ ਸਾਲ ਵਿੱਚ ਪੋਹ ਦਾ ਮਹੀਨਾ ਹੀ ਨਾ ਆਵੇ। ਦੱਸਿਆ ਗਿਆ ਕਿ ਜੇ ਕਿਸੇ ਇੱਕ ਸੂਰਜੀ ਦਿਨ ਵਿਚ ਚੰਦਰਮਾਂ ਦੇ ਹਿਸਾਬ ਦੋ ਤਿਥਾਂ ਅਤੇ ਕਿਸੇ ਚੰਦ੍ਰਮਾ ਦੇ ਹਿਸਾਬ ਇੱਕ ਦਿਨ, ਸੂਰਜ ਦੀਆਂ ਦੋ ਤਿੱਥਾਂ ਹੋ ਸਕਦੀਆਂ ਹਨ ਤਾਂ ਇਹ ਵੀ ਸੰਭਵ ਹੋ ਸਕਦਾ ਹੈ ਕਿ ਕਿਸੇ ਸਾਲ ਵਿੱਚ ਕੋਈ ਵੀ ਪੋਹ ਦਾ ਮਹੀਨਾ ਹੀ ਨਾ ਆਵੇ। ਜਵਾਬ ਵਿੱਚ ਉਨ੍ਹਾਂ ਕਿਹਾ ਇਸ ਸਬੰਧ ਵਿੱਚ ਅਨੁਰਾਗ ਸਿੰਘ ਲੁਧਿਆਣਾ ਨਾਲ ਗੱਲ ਕਰੋ। ਜਦੋਂ ਇਹ ਪੁੱਛਿਆ ਗਿਆ ਕਿ ਜੇ ਗੁਰਪੁਰਬ ਚੰਦਰਮਾ ਦੀ ਤਿੱਥ ਦੇ ਬਜ਼ਾਏ ਸੂਰਜੀ ਕੈਲੰਡਰ ਦੀਆਂ ਤਰੀਕਾਂ ਨਾਲ ਮਨਾ ਲਏ ਜਾਣ ਤਾਂ ਇਸ ਨਾਲ ਕਿਹੜੇ ਧਾਰਮਿਕ ਅਸੂਲ ਦੀ ਉਲੰਘਣਾ ਹੁੰਦੀ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਵੀ ਅਨੁਰਾਗ ਸਿੰਘ ਤੋਂ ਹੀ ਪੁੱਛੋ ਉਹ ਹੀ ਸਹੀ ਦੱਸ ਸਕਦੇ ਹਨ।

ਰਿਸ਼ਤਾ ਟੁੱਟਣ ਦੇ ਕਾਰਣਾਂ ਸਬੰਧੀ ਜਦੋਂ ਗਿਆਨੀ ਵੇਦਾਂਤੀ ਜੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜੋ ਪਹਿਲਾਂ ਇਨ੍ਹਾਂ ਦੀ ਰਿਸ਼ਤੇਦਾਰੀ ’ਚ ਰਿਸ਼ਤਾ ਹੋਇਆ ਸੀ ਉਸ ਸਬੰਧੀ ਸਾਨੂੰ ਕੁਝ ਪਤਾ ਨਹੀਂ ਸੀ ਅਤੇ ਨਾ ਹੀ ਇਨ੍ਹਾਂ ਸਾਨੂੰ ਦੱਸਿਆ ਸੀ ਇਸ ਲਈ ਸਾਡੇ ਨਾਲ ਗੱਲ ਚੱਲਣ ’ਤੇ ਰਿਸ਼ਤਾ ਤਹਿ ਹੋ ਗਿਅ ਤੇ ਅਕਾਲ ਤਖ਼ਤ ’ਤੇ ਅਰਦਾਸ ਕੀਤੀ ਗਈ। ਫਿਰ ਇਹ ਇੰਗਲੈਂਡ ਗਿਆ ਤਾਂ ਉਥੇ ਇਕ ਰਿਸ਼ਤਾ ਕਰ ਆਏ। ਗਿਆਨੀ ਵੇਦਾਂਤੀ ਜੀ ਅਨੁਸਾਰ ਉਨ੍ਹਾਂ ਨੂੰ ਪਤਾ ਲੱਗਣ ’ਤੇ ਜਦੋਂ ਉਨ੍ਹਾਂ ਪੁੱਛਿਆ ਕਿ ਸਾਡੇ ਨਾਲ ਕੋਈ ਗੱਲ ਕੀਤੇ ਬਿਨਾਂ ਹੀ ਤੁਸੀਂ ਇੰਗਲੈਂਡ ਹੋਰ ਰਿਸ਼ਤਾ ਕਰ ਆਏ ਹੋ? ਤਾਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਤੁਸੀਂ ਵਿਆਹ ਦੀ ਤਰੀਕ ਪੱਕੀ ਕਰੋ ਅਸੀਂ ਇੰਗਲੈਂਡ ਵਾਲਿਆਂ ਨੂੰ ਜਵਾਬ ਦੇ ਦਿੰਦੇ ਹਾਂ। ਇਸ ਦਾ ਇਹ ਜਵਾਬ ਸੁਣ ਕੇ ਅਸੀਂ (ਗਿਆਨੀ ਵੇਦਾਂਤੀ ਨੇ) ਕਿਹਾ ਕਿ ਹੁਣ ਉਨ੍ਹਾਂ ਨੂੰ ਜਵਾਬ ਕਿਉਂ ਦੇਣਾ ਹੈ ਸਾਡੀ ਹੀ ਫ਼ਤਹਿ ਪ੍ਰਵਾਨ ਕਰੋ। ਗਿਆਨੀ ਵੇਦਾਂਤੀ ਨੇ ਦੱਸਿਆ ਕਿ ਜਦੋਂ ਇਸ ਗੱਲ ਦਾ ਪਤਾ ਇੰਗਲੈਂਡ ਵਾਲਿਆਂ ਨੂੰ ਲੱਗਾ ਤਾਂ ਉਨ੍ਹਾਂ ਵੀ ਇਨ੍ਹਾਂ ਨੂੰ ਨਾਂਹ ਕਰ ਦਿੱਤੀ, ਇਸ ਲਈ ਪਤਾ ਲੱਗਾ ਹੈ ਕਿ ਇਨ੍ਹਾਂ ਚੌਥੀਵਾਰ ਕਿਧਰੇ ਹੋਰ ਰਿਸ਼ਤਾ ਕਰ ਲਿਆ ਹੈ ਅਤੇ ਅਸੀਂ ਆਪਣੀ ਲੜਕੀ ਦਾ 25 ਦਸੰਬਰ ਨੂੰ ਹੋਰ ਥਾਂ ਅਨੰਦਕਾਰਜ਼ ਕਰ ਦਿੱਤਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top