Share on Facebook

Main News Page

ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜਨ ਵਾਲੇ ਇਸ ਦਾ ਨਾਮ ਬਿਕ੍ਰਮੀ ਕੈਲੰਡਰ ਰੱਖ ਦੇਣ ਤਾਂ ਚੰਗੀ ਗੱਲ ਹੈ, ਤਾਂ ਕਿ ਸੋਧਾਂ ਦੇ ਨਾਮ ’ਤੇ ਸੰਗਤਾਂ ਨੂੰ ਨਾਮ ਦਾ ਭੁਲੇਖਾ ਨਾ ਪਵੇ: ਪ੍ਰੋ. ਧੂੰਦਾ
  • ਅਨੰਦ ਕਾਰਜ਼ ਮਹਿੰਗੇ ਨਹੀਂ ਵਿਖਾਵੇ ਮਹਿੰਗੇ ਹੋ ਗਏ ਹਨ

  • ਕਾਸ਼ ਕਿ ਅੱਜ ਦੇ ਪ੍ਰਚਾਰਕ ਅਤੇ ਕੌਮ ਦੇ ਆਗੂ ਅਕਾਲੀ ਫੂਲਾ ਸਿੰਘ ਤੋਂ ਕੁਝ ਸੇਧ ਲੈ ਸਕਣ

  • ਕੀ ਅੱਜ ਦੇ ਕਿਸੇ ਜਥੇਦਾਰ ’ਚ ਇਹ ਜੁਰਹਤ ਹੈ ਕਿ ਉਹ ਰਾਜਨੀਤਕ ਆਗੂਆਂ ਨੂੰ ਮਨਮਤ ਤੋਂ ਰੋਕ ਸਕਣ?

  • ਪਹਿਰੇਦਾਰ ਦਾ ਕੰਮ ਹੈ ਕਿ ਉਹ ਸਮੇਂ ਸਿਰ ਸੱਚ ਬੋਲੇ ਸਮਾਂ ਲੰਘ ਜਾਣ ਤੋਂ ਪਿੱਛੋਂ ਸੱਚ ਬੋਲਣਾਂ ਝੂਠ ਬੋਲਣ ਤੋਂ ਵੀ ਮਾੜਾ ਹੈ

ਬਠਿੰਡਾ, 1 ਜਨਵਰੀ (ਕਿਰਪਾਲ ਸਿੰਘ): ਅਨੰਦ ਕਾਰਜ਼ ਮਹਿੰਗੇ ਨਹੀਂ ਵਿਖਾਵੇ ਮਹਿੰਗੇ ਹੋ ਗਏ ਹਨ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਚੱਲ ਰਹੀ ਲੜੀਵਾਰ ਕਥਾ ਦੌਰਾਨ ਕਥਾ ਕਰਦਿਆਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ: ਸਰਬਜੀਤ ਸਿੰਘ ਧੂੰਦਾ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾ ਕਿਹਾ ਕਿ ਸਿੱਖ ਰਹਿਤ ਮਰਿਆਦਾ ਵਿਚ ਦਰਜ਼ ਹੈ : ‘ਅਨੰਦ ਕਾਰਜ਼ ਤੋਂ ਪਹਿਲਾਂ ਕੁੜਮਾਈ ਦੀ ਰਸਮ ਜਰੂਰੀ ਨਹੀਂ, ਪਰ ਜੇ ਕਰਨੀ ਹੋਵੇ ਤਾਂ ਲੜਕੀ ਵਾਲੇ ਕਿਸੇ ਦਿਨ ਸੰਗਤ ਜੋੜ ਕੇ ਇੱਕ ਕਿਰਪਾਨ, ਕੜਾ, ਤੇ ਕੁਝ ਮਿੱਠਾ ਲੜਕੇ ਦੇ ਪੱਲੇ ਪਾ ਦੇਣ’। ਉਨ੍ਹਾਂ ਕਿਹਾ ਕਿ ਮਿੱਠਾ ਕੁਝ ਵੀ ਹੋ ਸਕਦਾ ਹੈ, ਇਹ ਗੁੜ ਵੀ ਹੋ ਸਕਦਾ ਹੈ ਪਰ ਅੱਜ ਕੱਲ ਤਾਂ 10-10 ਹਜਾਰ ਰੁਪਏ ਦੀ ਮਿਠਿਆਈ ਠਾਕੇ ਜਾਂ ਰੋਕੇ ’ਤੇ ਹੀ ਲੱਗ ਜਾਂਦੀ ਹੈ। ਅੱਗੇ ਲਿਖਿਆ ਹੈ: ‘ਅਨੰਦ ਦਾ ਦਿਨ ਮੁਕੱਰਰ ਕਰਨ ਲੱਗਿਆਂ ਕੋਈ ਥਿੱਤ ਵਾਰ ਚੰਗੇ ਮੰਦੇ ਦਿਨ ਦੀ ਖੋਜ ਲਈ ਪੱਤਰੀ ਵਾਚਣਾ ਮਨਮਤ ਹੈ। ਕੋਈ ਦਿਨ ਜੋ ਦੋਹਾਂ ਧਿਰਾਂ ਨੂੰ ਆਪਸ ਵਿੱਚ ਸਲਾਹ ਕਰ ਕੇ ਚੰਗਾ ਦਿੱਸੇ, ਨਿਯਤ ਕਰ ਲੈਣਾ ਚਾਹੀਦਾ ਹੈ’ ਪਰ ਅੱਜ ਕੋਈ ਵਿਰਲਾ ਹੀ ਇਸ ਮਨਮਤ ’ਚੋਂ ਬਚਿਆ ਹੋਵੇਗਾ ਬਾਕੀ ਦੇ ਪਹਿਲਾਂ ਪੰਡਿਤ ਤੋਂ ਪੁੱਛਣਗੇ ਦੇਖੋ ਜੀ ਲੜਕਾ ਲੜਕੀ ਦੇ ਸੰਯੋਗ ਮਿਲਦੇ ਹਨ, ਕਿਹੜੇ ਦਿਨ ਦਾ ਵਿਆਹ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਹੁਣ ਤਾਂ ਗੰ੍ਰਥੀ ਵੀ ਪੰਡਤਾਂ ਵਾਲਾ ਕੰਮ ਕਰਨ ਲੱਗ ਪਏ ਹਨ। ਸਿੱਖ ਰਹਿਤ ਮਰਯਾਦਾ ’ਚ ਦਰਜ਼ ਹੈ ‘ਵਿਆਹ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਦੀਵਾਨ ਲੱਗੇ, 4 ਲਾਵਾਂ ਦਾ ਪਾਠ ਹੋਵੇ ਤੇ ਲੜਕਾ ਲੜਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ 4 ਪ੍ਰਕਰਮਾਂ ਕਰਨ’ ਤਾਂ ਦੱਸੋ ਇਸ ਵਿੱਚ ਖਰਚੇ ਵਾਲੀ ਕਿਹੜੀ ਗੱਲ ਹੈ?

ਉਨ੍ਹਾਂ ਕਿਹਾ ਸਿੱਖ ਰਹਿਤ ਮਰਿਆਦਾ ਵਿੱਚ ਇਹ ਵੀ ਲਿਖਿਆ ਹੈ ਕਿ ਵੇਸਵਾ ਦਾ ਨਾਚ ਤੇ ਸ਼ਰਾਬ ਦੀ ਵਰਤੋਂ ਮਨਮਤ ਹੈ ਪਰ ਅੱਜ 99% ਸਿੱਖਾਂ ਦੇ ਵਿਆਹਾਂ ਵਿੱਚ ਸ਼ਰਾਬ ਵਰਤਾਈ ਜਾਂਦੀ ਹੈ ਅਤੇ ਆਰਕੈਸਟਰਾ ਦੇ ਨਾਚ ਤੇ ਅਸ਼ਲੀਲ ਗਾਣੇ ਗਾਏ ਜਾਂਦੇ ਹਨ ਤੇ ਉਨ੍ਹਾਂ ਵਿਆਹਾਂ ਵਿੱਚ ਸਿੱਖ ਕੌਮ ਦੇ ਧਾਰਮਿਕ/ ਰਾਜਨੀਤਕ ਆਗੂ ਤੇ ਪ੍ਰਚਾਰਕ ਵੀ ਸ਼ਾਮਲ ਹੁੰਦੇ ਹਨ ਪਰ ਕਿਸੇ ਨੇ ਇਤਰਾਜ ਨਹੀਂ ਕੀਤਾ ਕਿ ਵਿਆਹ’ਚ ਇਹ ਗੁਰਮਤ ਵਿਰੋਧੀ ਕਰਮ ਕਿਉਂ ਕੀਤਾ ਜਾਂਦੇ ਹਨ?

ਪ੍ਰੋ: ਧੂੰਦਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਦੇ ਵਿਆਹ ਵਿੱਚ ਵੀ ਇਹ ਸਭ ਕੁਝ ਹੋਇਆ ਤਾਂ ਜਦ ਇਸ ਗੱਲ ਦਾ ਪਤਾ ਅਕਾਲੀ ਫੂਲਾ ਸਿੰਘ ਨੂੰ ਪਤਾ ਲੱਗਾ ਤਾਂ ਉਨ੍ਹਾਂ ਹਰਿਮੰਦਰ ਸਾਹਿਬ ਵਿਖੇ ਮਹਾਰਾਜੇ ਦੇ ਰਾਜ ਦੀ ਚੜ੍ਹਦੀ ਕਲਾ ਲਈ ਹਰ ਰੋਜ ਕੀਤੇ ਜਾਣ ਵਾਲੀ ਅਰਦਾਸ ਨਾ ਹੋਣ ਦਿੱਤੀ। ਜਦੋਂ ਮਹਾਰਾਜੇ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਖੁਦ ਚੱਲ ਕੇ ਆਏ ਤੇ ਅਕਾਲੀ ਫੂਲਾ ਸਿੰਘ ਨੂੰ ਪੁੱਛਣ ਲੱਗੇ ਜਥੇਦਾਰ ਜੀ ਕੱਲ੍ਹ ਮੇਰੇ ਰਾਜ ਦੀ ਚੜ੍ਹਦੀ ਕਲਾ ਲਈ ਅਰਦਾਸ ਨਾ ਕੀਤੇ ਜਾਣ ਦਾ ਕੀ ਕਾਰਣ ਹੈ? ਅਕਾਲੀ ਫੂਲਾ ਸਿੰਘ ਨੇ ਕਿਹਾ ਪਤਾ ਲੱਗਾ ਹੈ ਕਿ ਪਰਸੋਂ ਤੁਹਾਡੇ ਪੋਤੇ ਦਾ ਵਿਆਹ ਸੀ ਉਸ ਵਿੱਚ ਵੇਸਵਾਵਾਂ ਦੇ ਨਾਚ ਹੋਏ ਤੇ ਸ਼ਰਾਬ ਵਰਤਾਈ ਗਈ। ਮਹਾਰਾਜਾ ਮੰਨ ਗਏ ਕਿ ਤੁਸੀਂ ਠੀਕ ਕਹਿ ਰਹੇ ਹੋ। ਉਨ੍ਹਾਂ ਕਿਹਾ ਜਿਸ ਗੁਰੂ ਨਾਨਕ, ਗੁਰੂ ਰਾਮਦਾਸ ਜੀ ਦੀ ਕ੍ਰਿਪਾ ਨਾਲ ਰਾਜ ਮਿਲਿਆ ਹੋਵੇ ਤਾਂ ਜੇ ਉਸ ਦੇ ਰਾਜ ਵਿੱਚ ਹੀ ਗੁਰਮਤ ਦੀ ਉਲੰਘਣਾ ਹੋਵੇ ਤਾਂ ਐਸੇ ਰਾਜ ਦੀ ਕੌਮ ਨੂੰ ਕੀ ਲੋੜ ਹੈ? ਇਸ ਰਾਜ ਲਈ ਅਰਦਾਸ ਕਿਉਂ ਕੀਤੀ ਜਾਵੇ? ਪ੍ਰੋ: ਧੂੰਦਾ ਨੇ ਕਿਹਾ ਕਿ ਇਸ ਦੋਸ਼ ਲਈ ਮਹਾਰਾਜਾ ਕੋਰੜੇ ਖਾਣ ਲਈ ਤਿਆਰ ਹੋ ਗਿਆ। ਉਨ੍ਹਾਂ ਕਿਹਾ ਕਿ ਕਿ ਇਹ ਸਾਖੀ ਬਹੁਤ ਸਾਰੇ ਆਗੂ ਤੇ ਪ੍ਰਚਾਰ ਸੁਣਾਉਂਦੇ ਤਾਂ ਜਰੂਰ ਹਨ ਪਰ ਕੀ ਇਹ ਇਤਿਹਾਸ ਸੁਣਾਉਣ ਲਈ ਹੀ ਹੈ ਇਸ ਤੋਂ ਸਿਖਿਆ ਕੋਈ ਨਹੀਂ ਲੈਣੀ? ਕੀ ਅੱਜ ਦੇ ਕਿਸੇ ਜਥੇਦਾਰ ’ਚ ਇਹ ਜੁਰਹਤ ਹੈ ਕਿ ਉਹ ਰਾਜਨੀਤਕ ਆਗੂਆਂ ਨੂੰ ਮਨਮਤ ਤੋਂ ਰੋਕ ਸਕਣ?

ਪ੍ਰੋ: ਧੂੰਦਾ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ ਦੀ ਲੋੜ ਤਾਂ ਪਿਛਲੇ 100 ਸਾਲ ਤੋਂ ਮਹਿਸੂਸ ਕੀਤੀ ਜਾ ਰਹੀ ਸੀ ਪਰ ਸ: ਪਾਲ ਸਿੰਘ ਪੁਰੇਵਾਲ ਦੀ 15 ਸਾਲ ਦੀ ਅਣਥੱਕ ਮਿਹਨਤ ਸਦਕਾ 2003 ਵਿੱਚ ਇਹ ਲਾਗੂ ਹੋਇਆ। ਦੋ ਤਖ਼ਤਾਂ ਸਮੇਤ ਕਿਸੇ ਡੇਰੇਦਾਰ ਨੇ ਉਸ ਨੂੰ ਨਹੀਂ ਮੰਨਿਆ ਤੇ ਉਹ ਬਿਕ੍ਰਮੀ ਕੈਲੰਡਰ ਅਨੁਸਾਰ ਹੀ ਗੁਰਪੁਰਬ ਤੇ ਹੋਰ ਦਿਹਾੜੇ ਮਨਾਉਂਦੇ ਰਹੇ। ਕਿਸੇ ਜਥੇਦਾਰ ਨੇ ਉਨ੍ਹਾਂ ਨੂੰ ਨਹੀਂ ਪੁੱਛਿਆ ਕਿ ਉਹ ਅਕਾਲ ਤਖ਼ਤ ਤੋਂ ਜਾਰੀ ਹੋਏ ਕੈਲੰਡਰ ਨੂੰ ਕਿਉਂ ਨਹੀਂ ਲਾਗੂ ਕਰ ਰਹੇ? ਅਖੀਰ ਉਨ੍ਹਾਂ ਨੂੰ ਖੁਸ਼ ਕਰਨ ਲਈ ਸਿੱਖ ਪੰਥ ਦੀ 100 ਸਾਲ ਦੀ ਸੋਚ ਅਤੇ ਪਾਲ ਸਿੰਘ ਪੁਰੇਵਾਲ ਦੀ 15 ਸਾਲ ਦੀ ਮਿਹਨਤ ਸਿਰਫ ਸਵਾ ਮਹੀਨੇ ’ਚ ਰੱਦ ਕਰ ਕੇ 3 ਜਨਵਰੀ 2010 ਨੂੰ ਸੋਧਾਂ ਦੇ ਨਾਮ ’ਤੇ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜ ਕੇ ਰੱਖ ਦਿੱਤਾ। ਨਾਮ ਭਾਵੇਂ ਇਸ ਦਾ ਨਾਨਕਸ਼ਾਹੀ ਹੀ ਰੱਖਿਆ ਗਿਆ ਪਰ ਬਾਕੀ ਸਭ ਕੁਝ ਬਿਕ੍ਰਮੀ ਕੈਲੰਡਰ ਵਾਲਾ ਹੀ ਹੈ ਜਿਸ ਅਨੁਸਾਰ ਕਿਸੇ ਸਾਲ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਗੁਰਪੁਰਬ ਆ ਜਾਂਦੇ ਹਨ ਅਤੇ ਕਿਸੇ ਸਾਲ ਆਉਂਦਾ ਹੀ ਨਹੀਂ।

ਉਨ੍ਹਾਂ ਕਿਹਾ ਕਿ ਹੁਣ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ 5 ਜਨਵਰੀ 2011 ਨੂੰ ਹੈ ਬਿਕ੍ਰਮੀ ਕੈਲੰਡਰ ਜਾਂ ਵਿਗਾੜੇ ਹੋਏ ਕੈਲੰਡਰ ਮੁਤਾਬਿਕ 11 ਜਨਵਰੀ ਨੂੰ ਆ ਰਿਹਾ ਹੈ। ਹੁਣ ਜਿਹੜੀਆਂ ਜਥੇਬੰਦੀਆਂ ਅਸਲੀ ਨਾਨਕਸ਼ਾਹੀ ਕੈਲੰਡਰ ਮੁਤਾਬਿਕ 5 ਜਨਵਰੀ ਨੂੰ ਗੁਰਪੁਰਬ ਮਨਾ ਰਹੀਆਂ ਹਨ, ਅਕਾਲ ਤਖ਼ਤ ਦੇ ਜਥੇਦਾਰ ਵਲੋਂ ਉਨ੍ਹਾਂ ਨੂੰ ਨੋਟਿਸ ਭੇਜੇ ਗਏ ਹਨ ਕਿ ਜੇ ਉਨ੍ਹਾਂ 5 ਜਨਵਰੀ ਨੂੰ ਗੁਰਪੁਰਬ ਮਨਾਇਆ ਤਾਂ ਉਨ੍ਹਾਂ ਵਿਰੁਧ ਕਾਰਵਾਈ ਕੀਤੀ ਜਾਵੇਗੀ। ਪ੍ਰੋ: ਧੂੰਦਾ ਨੇ ਕਿਹਾ ਕਿ ਇਹ ਜਥੇਦਾਰਾਂ ਉਨ੍ਹਾਂ ਡੇਰੇਦਾਰਾਂ ਅਤੇ ਦੋ ਤਖ਼ਤਾਂ ਵਿਰੁਧ ਕਾਰਵਾਈ ਕਿਉਂ ਨਹੀਂ ਕਰਦੇ, ਜਿਨ੍ਹਾਂ ਨੇ ਨਾ ਕਦੀ 2003 ਵਿੱਚ ਲਾਗੂ ਹੋਇਆ ਨਾਨਕਸ਼ਾਹੀ ਕੈਲੰਡਰ ਮੰਨਿਆ ਹੈ ਅਤੇ ਨਾ ਹੀ ਕਦੀ ਸਿੱਖ ਰਹਿਤ ਮਰਿਆਦਾ ਮੰਨੀ ਹੈ । ਹਜੂਰ ਸਾਹਿਬ ਮਰਿਆਦਾ ਦੇ ਉਲਟ ਦੀਵੇ ਜਗਾ ਕੇ ਆਰਤੀ ਕੀਤੀ ਜਾਂਦੀ ਹੈ, ਟੱਲੀਆਂ ਖੜਕਾਈਆਂ ਜਾਦੀਆਂ ਹਨ, ਤਿਲਕ ਲਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਦਾ ਨਾਮ ਬਿਕ੍ਰਮੀ ਕੈਲੰਡਰ ਹੀ ਰੱਖ ਲੈਣਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਹੈ ਤਾਂ ਸਭ ਕੁਝ ਬਿਕ੍ਰਮੀ ਵਾਲਾ ਹੀ ਫਿਰ ਇਸ ਦਾ ਨਾਮ ਨਾਨਕਸ਼ਾਹੀ ਰੱਖ ਕੇ ਸੰਗਤਾਂ ਨੂੰ ਭੁਲੇਖੇ ਵਿੱਚ ਕਿਉਂ ਪਾਇਆ ਜਾਂਦਾ ਹੈ ਕਿ ਕਿਹੜੇ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਮਨਾਉਣਾ ਹੈ। ਪ੍ਰੋ: ਧੂੰਦਾ ਨੇ ਭਾਈ ਗੁਰਦਾਸ ਜੀ ਦੀ ਵਾਰ ਦੀ ਪਾਉੜੀ :

ਜੇ ਮਾਉ ਪੁਤੈ ਵਿਸੁ ਦੇ ਤਿਸ ਤੇ ਕਿਸੁ ਪਿਆਰਾ॥ ਜੇ ਘਰੁ ਭੰਨੈ ਪਾਹਰੂ ਕਉਣੁ ਰਖਣਹਾਰਾ॥
ਬੇੜਾ ਡੋਬੈ ਪਾਤਣੀ ਕਿਉ ਪਾਰਿ ਉਤਾਰਾ॥ ਆਗੂ ਲੈ ਉਝੜਿ ਪਵੇ ਕਿਸੁ ਕਰੈ ਪੁਕਾਰਾ॥
ਜੇ ਕਰਿ ਖੇਤੈ ਖਾਇ ਵਾੜਿ ਕੋ ਲਹੈ ਨ ਸਾਰਾ॥

ਪੜ੍ਹ ਕੇ ਸੁਣਾਉਂਦਿਆਂ ਕਿਹਾ ਕਿ ਸਾਡੇ ਧਾਰਮਿਕ/ਰਾਜਨੀਤਕ ਆਗੂਆਂ ਅਤੇ ਪ੍ਰਚਾਰਕਾਂ ਵਲੋਂ ਗੁਰਮਤ ਅਸੂਲਾਂ ਦੀ ਉਲੰਘਣਾ ਕਰਨੀ ਅਤੇ ਹੁੰਦੀ ਉਲੰਘਣਾ ਵੇਖ ਕੇ ਚੁੱਪ ਰਹਿਣਾ ਇਉਂ ਹੀ ਹੈ ਜਿਵੇਂ ਮਾਂ ਹੀ ਆਪਣੇ ਪੱਤਰ ਨੂੰ ਜ਼ਹਿਰ ਦੇ ਦੇਵੇ, ਪਹਿਰੇਦਾਰ ਹੀ ਚੋਰੀ ਕਰਨ ਲਈ ਘਰ ਭੰਨ ਲਵੇ, ਮਲਾਹ ਹੀ ਬੇੜਾ ਡੋਬ ਦੇਵੇ, ਆਗੂ ਹੀ ਕੌਮ ਨੂੰ ਔਝੜੇ ਪਾ ਦੇਵੇ ਅਤੇ ਵਾੜ ਹੀ ਖੇਤ ਨੂੰ ਖਾ ਜਾਵੇ ਤਾਂ ਹੋਰ ਕੌਣ ਬਚਾ ਸਕਦਾ ਹੈ। ਪਹਿਰੇਦਾਰ ਦਾ ਕੰਮ ਹੈ ਕਿ ਉਹ ਸਮੇਂ ਸਿਰ ਸੱਚ ਬੋਲੇ ਸਮਾਂ ਲੰਘ ਜਾਣ ਤੋਂ ਪਿੱਛੋਂ ਸੱਚ ਬੋਲਣਾਂ ਝੂਠ ਬੋਲਣ ਤੋਂ ਵੀ ਮਾੜਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top