![]() |
Share on Facebook | |
ਸੌਦਾ ਸਾਧ ਦੇ ਹੁਕਮਾਂ ਅੱਗੇ ਝੁਕੀ ਬਾਦਲ ਸਰਕਾਰ
- ਸਿੱਖਾਂ ਨੂੰ ਕੀਤਾ ਜਲੀਲ
ਇਸ ਮੌਕੇ ਤੇ ਆਈ ਜੀ ਨਿਰਮਲ ਸਿੰਘ ਢਿੱਲੋਂ, ਡੀ ਆਈ ਜੀ ਲੋਕ ਨਾਥ ਆਂਗਰਾ ਤੇ ਐਸ ਐਸ ਪੀ ਹਰਦਿਆਲ ਸਿੰਘ ਮਾਨ ਦੀ ਅਗਵਾਈ ਵਿੱਚ ਭਾਰੀ ਤਦਾਦ ਵਿੱਚ ਪੁਲਿਸ ਫੋਰਸ ਨੇ ਸਥਿਤੀ ਨੂੰ ਕੰਟਰੋਲ ਕਰਨ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਲਈ ਭਿੱਖੀ ਕਸਬੇ ਵਿੱਚ ਕਰਫਿਊ ਲਾ ਦਿੱਤੀ ਤੇ ਭਿੱਖੀ ਨੂੰ ਆਉਣ ਜਾਣ ਵਾਲੇ ਸਾਰੇ ਰਸਤੇ ਸੀਲ ਕਰਦਿਆਂ ਸੁਰੱਖਿਆ ਵਧਾ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਡੇਰਾ ਪ੍ਰੇੇਮੀਆਂ ਦੇ ੨੫ ਮੈਂਬਰੀ ਕਮੇਟੀ ਆਗੂ ਗਿਆਨ ਚੰਦ ਭਿੱਖੀ, ਸੂਰਜ ਭਾਨ ਦਾ ਕਹਿਣਾ ਸੀ ਕਿ ਸੰਤ ਬਲਜੀਤ ਸਿੰਘ ਦਾਦੂਵਾਲ ਜਾਣਬੁੱਝ ਕੇ ਮਾਹੌਲ ਤਨਾਅਪੂਰਣ ਕਰਨ ਲਈ ਧਾਰਮਿਕ ਦੀਵਾਨਾਂ ਵਿੱਚ ਡੇਰਾ ਮੁਖੀ ਦੇ ਖਿਲਾਫ ਗਲਤ ਸ਼ਬਦਾਵਲੀ ਦੀ ਵਰਤੋ ਕਰਦਾ ਹੈ ਜਿਸ ਨਾਲ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤੇ ਇਸੇ ਕਾਰਨ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਆਈ ਜੀ ਨਿਰਮਲ ਸਿੰਘ ਸੰਧੂ ਨੇ ਦੱਸਿਆ ਕਿ ਅਮਨ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਨੇ ਹਲਕਾ ਲਾਠੀਚਾਰਜ ਕੀਤਾ ਤੇ ਕਰਫਿਊ ਲਾਇਆ ਗਿਆ ਹੈ । ਉਥੇ ਹੀ ਊਹਨਾਂ ਦੱਸਿਆ ਕਿ ਛੇ ਪੁਲਿਸ ਕਰਮਚਾਰੀ ਗੰਭੀਰ ਜਖਮੀ ਹੋਏ ਹਨ ਤੇ ਦੋ ਦਰਜਨ ਤੋਂ ਵੱਧ ਸਿੱਖ ਵਰਕਰ ਗ੍ਰਿਫਤਾਰ ਕੀਤੇ ਗਏ ਹਨ ਤੇ ਹੁਣ ਸਥਿਤੀ ਕੰਟਰੋਲ ਅਧੀਨ ਹੈ। ਭੀਖੀ ਵਿਖੇ ਸਿੱਖ ਕਾਰਕੁੰਨਾਂ ਤੇ ਪੁਲਿਸ ਵੱਲੋਂ ਕੀਤੇ ਵਹਿਸ਼ੀ ਤਸੱਦਦ ਦੀ ਸਖਤ ਨਿਖੇਧੀ ਕਰਦਿਆਂ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸ੍ਰ: ਸਿਮਰਨਜੀਤ ਸਿੰਘ ਮਾਨ ਦੋਸ਼ ਲਾਇਆ ਕਿ ਡੇਰਾਵਾਦ ਨੂੰ ਪ੍ਰਫੁੱਲਤ ਕਰਕੇ ਰਾਜ ਦੀ ਬਾਦਲ ਸਰਕਾਰ ਪੰਜਾਬ ਨੂੰ ਮੁੜ ੧੯੭੮ ਵਰਗੇ ਹਾਲਾਤ ਵੱਲ ਧੱਕ ਰਹੀ ਹੈ। ਇਸ ਪੱਤਰਕਾਰ ਨਾਲ ਫੋਨ ਤੇ ਗੱਲਬਾਤ ਕਰਦਿਆਂ ਸ੍ਰ: ਮਾਨ ਨੇ ਇਸ ਤੱਥ ਤੇ ਡਾਢੀ ਨਰਾਜਗੀ ਪ੍ਰਗਟ ਕੀਤੀ ਕਿ ਇੱਕ ਪਾਸੇ ਪੁਲਿਸ ਪ੍ਰਸਾਸਨ ਨੇ ਬਾਦਲ ਸਰਕਾਰ ਦੀਆਂ ਹਦਾਇਤਾਂ ਤੇ ਅਮਲ ਕਰਦਿਆਂ ਕੱਲ ਸਪੀਕਰ ਦੀਆਂ ਤਾਰਾਂ ਪੁੱਟ ਕੇ ਸੰਤ ਬਲਜੀਤ ਸਿੰਘ ਦਾਦੂਵਾਲ ਵੱਲੋਂ ਲਾਏ ਧਾਰਮਿਕ ਦੀਵਾਨ ਨੂੰ ਭੰਗ ਕਰਨ ਦਾ ਸਰਮਨਾਕ ਕਾਰਾ ਕੀਤਾ, ਦੂਜੇ ਪਾਸੇ ਅੱਜ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੀ ਆਪਣੀ ਸੁਰੱਖਿਆ ਹੇਠ ਨਾਮਚਰਚਾ ਕਰਵਾ ਕੇ ਸਿੱਖਾਂ ਦੇ ਜਖ਼ਮਾਂ ਤੇ ਨਮਕ ਭੁੱਕਣ ਦਾ ਕੰਮ ਕੀਤੈ। ਮਾਨ ਨੇ ਵਿਚਾਰ ਪ੍ਰਗਟ ਕੀਤਾ ਕਿ ਅਜਿਹੀ ਗੈਰ ਪੇਸੇਵਾਰਾਨਾ ਤੇ ਗੈਰ ਜੁਮੇਵਾਰੀ ਵਾਲੀ ਕਾਰਵਾਈ ਤੋਂ ਇਲਾਵਾ ਜੇ ਪੁਲਿਸ ਸੰਤ ਦਾਦੂਵਾਲ ਦੀ ਬੇਲੋੜੀ ਗਿਰਫਤਾਰੀ ਨਾ ਕਰਦੀ, ਤਾਂ ਭੀਖੀ ਵਿਖੇ ਸਿੱਖ ਸੰਗਤਾਂ ਨੇ ਬੇਕਾਬੂ ਨਹੀਂ ਸੀ ਹੋਣਾ। ਇਸ ਸਾਰੇ ਵਰਤਾਰੇ ਦੀ ਬਾਦਲ ਸਰਕਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਸ੍ਰ: ਮਾਨ ਨੇ ਕਿਹਾ ਕਿ ਡੇਰੇਦਾਰਾਂ ਦੀਆਂ ਵੋਟਾਂ ਹਾਸਲ ਕਰਨ ਲਈ ਉਹ ਉਹਨਾਂ ਨੂੰ ਪਰਚਾਅ ਰਹੀ ਹੈ। ਰੈਡੀਕਲ ਸਿੱਖ ਆਗੂ ਨੇ ਕਿਹਾ ਕਿ ਪਿਛਲੇ ਅਰਸੇ ਦੌਰਾਨ ਸਿੱਖ ਭਾਈਚਾਰਾ ਪਹਿਲਾਂ ਹੀ ਅਣਕਿਆਸੇ ਸੰਤਾਪ ਹੰਢਾ ਚੁੱਕਾ ਹੈ, ਜਿਸਦੀ ਸੁਰੂਆਤ ਵੀ ਉਸ ਵੇਲੇ ਦੀ ਬਾਦਲ ਸਰਕਾਰ ਨੇ ਅਮ੍ਰਿਤਸਰ ਵਿਖੇ ਨਿਰੰਕਾਰੀਆਂ ਨੂੰ ਸਮਾਗਮ ਆਯੋਜਿਤ ਕਰਨ ਦੀ ਇਜਾਜਤ ਦੇ ਕੇ ਕੀਤੀ ਸੀ, ਜਿੱਥੋਂ ਪੰਜਾਬ ਦੇ ਦੁਖਾਂਤ ਦਾ ਮੁੱਢ ਬੱਝਿਆ ਸੀ। Source: Punjab Spectrum |
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
![]() |