Share on Facebook

Main News Page

ਜਿਹੜਾ ਗੁਰੂ ਨਾਨਕ ਬੰਦੇ ਨੂੰ ਸਿੱਧਾ ਅਕਾਲਪੁਰਖ ਨਾਲ ਜੋੜਨ ਵਸਤੇ ਆਇਆ ਹੋਵੇ, ਉਹ ਕਿਸ ਤਰ੍ਹਾਂ ਕਹਿ ਸਕਦਾ ਹੈ ਕਿ ਮੇਰੇ ਪੈਰ ਧੋ ਕੇ ਪੀਓ, ਫਿਰ ਤੁਸੀਂ ਮੇਰੇ ਸਿੱਖ ਬਣੋਗੇ: ਪ੍ਰੋ. ਧੂੰਦਾ

* ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆਂ ਤਾਂ ਛੋਟੇ ਸਾਹਿਬਜ਼ਾਦਿਆਂ ਨੇ ਸੀ ਜਿਨ੍ਹਾਂ ਨੇ ਆਪਣੀ ਸ਼ਹੀਦੀ ਤਾਂ ਪ੍ਰਵਾਨ ਕਰ ਲਈ ਪਰ ਦੁਨੀਆਂ ਦੇ ਵੱਡੇ ਤੋਂ ਵੱਡੇ ਲਾਲਚ ਵੀ ਉਨ੍ਹਾਂ ਨੂੰ ਡੁਲਾ ਨਾ ਸਕੇ।
* ਜਿਹੜਾ ਬੰਦਾ ਸਿਰਫ 4 ਟਰੱਕ ਵੇਖ ਕੇ ਹੀ ਡੋਲ ਜਾਵੇ ਉਸ ਦਾ ਇਹ ਦਾਅਵਾ ਬਿਲਕੁਲ ਝੂਠਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦਾ ਹੈ, ਕਿਉਂਕਿ ਜੇ ਮੰਨਦਾ ਹੁੰਦਾ ਤਾਂ ਕਦੀ ਵੀ 4 ਟਰੱਕ ਵੇਖ ਕੇ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਅਨੁਸਾਰ ਜੀਵਨ ਜਿਉਣ ਦੀ ਪ੍ਰੇਰਣਾ ਦੇਣ ਦੀ ਥਾਂ ਲਾਕਟ ਲੈ ਕੇ ਗਲੇ ਵਿੱਚ ਪਾਉਣ ਦੀ ਇਸ਼ਤਿਹਾਰਬਾਜ਼ੀ ਨਾ ਕਰਦਾ।

ਬਠਿੰਡਾ, 31 ਦਸੰਬਰ (ਕਿਰਪਾਲ ਸਿੰਘ): ਜਿਹੜਾ ਗੁਰ ਨਾਨਕ ਬੰਦੇ ਨੂੰ ਸਿੱਧਾ ਅਕਾਲਪੁਰਖ ਨਾਲ ਜੋੜਨ ਵਸਤੇ ਆਇਆ ਹੋਵੇ ਉਹ ਕਿਸ ਤਰ੍ਹਾਂ ਕਹਿ ਸਕਦਾ ਹੈ ਕਿ ਮੇਰੇ ਪੈਰ ਧੋ ਕੇ ਪੀਓ, ਫਿਰ ਤੁਸੀਂ ਮੇਰੇ ਸਿੱਖ ਬਣੋਗੇ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਚੱਲ ਰਹੀ ਲੜੀਵਾਰ ਕਥਾ ਦੌਰਾਨ ਕਥਾ ਕਰਦਿਆਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ: ਸਰਬਜੀਤ ਸਿੰਘ ਧੂੰਦਾ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾ ਕਿਹਾ ਇਹ ਭੁਲੇਖਾ ਭਾਈ ਗੁਰਦਾਸ ਜੀ ਦੀ ਵਾਰ ਦੀ ਪਉੜੀ ‘ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹਿੰ ਪਠਾਯਾ॥ ਚਰਨ ਧੋਇ ਰਹਿਰਾਸ ਕਰ ਚਰਨਾਮ੍ਰਿਤ ਸਿੱਖਾਂ ਪੀਲਾਯਾ॥’ ਤੋਂ ਲੱਗਾ ਹੈ।

ਪ੍ਰੋ: ਧੂੰਦਾ ਨੇ ਕਿਹਾ ਕਿ ਵੇਖਣ ਵਾਲੀ ਗੱਲ ਇਹ ਹੈ ਕਿ ਭਾਈ ਗੁਰਦਾਸ ਜੀ ਨੇ ਇਹ ਵਾਰਾਂ ਉਸ ਸਮੇਂ ਲਿਖੀਆਂ ਜਦੋਂ ਉਹ ਗੁਰ ਅਰਜੁਨ ਦੇਵ ਜੀ ਦੀ ਗੋਦ ਵਿੱਚ ਬੈਠ ਕੇ ਪੂਰਾ ਗੁਰੂ ਗ੍ਰੰਥ ਸਾਹਿਬ ਲਿਖ ਚੁੱਕੇ ਸਨ ਜਿਸ ਦਾ ਸਬੂਤ ਇਹ ਹੈ ਕਿ ਇਸੇ ਵਾਰ ਵਿੱਚ ਜ਼ਿਕਰ ਹੈ, ‘ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ॥’ ਜਿਸ ਤੋਂ ਪਤਾ ਲਗਦਾ ਹੈ ਕਿ ਇਹ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਲਿਖੀ ਗਈ ਸੀ। ਉਸ ਸਮੇਂ ਤੱਕ ਉਨ੍ਹਾਂ ਨੂੰ ਗੁਰੂ ਦੇ ਚਰਨਾਂ ਦੀ ਸਮਝ ਆ ਚੁੱਕੀ ਸੀ ਕਿ ਗੁਰੂ ਸਾਹਿਬ ਨੇ ‘ਚਰਨ’ ਗੁਰੂ ਦੇ ਸ਼ਬਦ ਜਾਂ ਗੁਰੂ ਦੇ ਉਪਦੇਸ਼ ਦੇ ਅਰਥਾਂ ਵਿੱਚ ਵਰਤੇ ਹਨ।‘ਹਿਰਦੈ ਚਰਣ, ਸਬਦੁ ਸਤਿਗੁਰ ਕੋ, ਨਾਨਕ ਬਾਂਧਿਓ ਪਾਲ’ (ਪੰਨਾ 680) ਵਿੱਚ ਉਪਦੇਸ਼ ਹੈ ਕਿ ਹੇ ਨਾਨਕ ਇਹ ਗੱਲ ਘੁੱਟ ਕੇ ਪੱਲੇ ਬੰਨ੍ਹ ਲੈ ਕਿ ਸਤਿਗੁਰੂ ਦਾ ਸ਼ਬਦ ਹਿਰਦੇ ਵਿੱਚ ਵਸਾਉਣਾ ਹੀ ਗੁਰੂ ਦੇ ਚਰਨ ਹਿਰਦੇ ਵਿੱਚ ਵਸਾਉਣੇ ਹਨ। ਗੁਰੂ ਨਾਨਕ ਸਾਹਿਬ ਦਾ ਇਹ ਉਪਦੇਸ਼ ‘ਸਬਦੁ ਗੁਰੂ, ਸੁਰਤਿ ਧੁਨਿ ਚੇਲਾ॥’ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਇਹ ਉਪਦੇਸ਼, ‘ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ ਸਾਰੇ॥’ ‘ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਧਰੁ ਮੁਕਤਿ ਜਨਾਵੈਗੋ॥’ ‘ਸਤਿਗੁਰ ਬਚਨੁ, ਬਚਨੁ ਹੈ ਨੀਕੋ, ਗੁਰ ਬਚਨੀ ਅੰਮ੍ਰਿਤੁ ਪਾਵੈਗੋ॥’ ਰਾਹੀਂ ਇਹ ਸਮਝ ਆ ਚੁੱਕੀ ਸੀ ਕਿ ਕਿਸੇ ਵੀ ਗੁਰੂ ਨੇ ਸਿੱਖ ਨੂੰ ਆਪਣੇ ਸਰੀਰ ਜਾਂ ਚਰਨਾਂ ਨਾਲ ਨਹੀਂ ਜੋੜਿਆ। ਤੀਜੇ ਪਾਤਸ਼ਾਹ ਨੇ ਇਹ ਨਹੀਂ ਕਿਹਾ ਕਿ ਮੇਰੇ ਚਰਣ ਧੋ ਕੇ ਪੀਓ, ਜਾਂ ਮੇਰੇ ਗੁਣ ਗਾਓ।

ਉਨ੍ਹਾਂ ਇਹ ਹੀ ਕਿਹਾ ‘ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥’ ਇਸ ਲਈ ਭਾਈ ਗੁਰਦਾਸ ਜੀ ਚੰਗੀ ਤਰ੍ਹਾਂ ਸਮਝ ਚੁੱਕੇ ਸਨ ਕਿ ਗੁਰੂ ਨਾਨਕ ਦੇ ਘਰ ’ਚ ਗੁਰੂ ਦੀ ਦੇਹ ਨੂੰ ਕੋਈ ਮਹਾਨਤਾ ਨਹੀਂ ਗੁਰੂ ਦੇ ਉਪਦੇਸ਼ ਦੀ ਮਹਾਨਤਾ ਹੈ ਸੋ ‘ਚਰਨ ਧੋਇ ਰਹਿਰਾਸ ਕਰ ਚਰਨਾਮ੍ਰਿਤ ਸਿੱਖਾਂ ਪੀਲਾਯਾ॥’ ਤੋਂ ਉਨ੍ਹਾਂ ਦਾ ਭਾਵ ਸੀ ਕਿ ਗੁਰੂ ਨਾਨਕ ਜੀ ਨੇ ਗੁਰੂ ਦੀ ਬਾਣੀ/ਗੁਰੂ ਦੇ ਸ਼ਬਦ ਦੀ ਵੀਚਾਰ ਨੂੰ ਚੰਗੀ ਤਰ੍ਹਾਂ ਸਿੱਖਾਂ ਦੇ ਹਿਰਦੇ ਵਿੱਚ ਬੈਠਾ ਦਿੱਤਾ। ਪਰ ਆਪਣੀ ਦੇਹ ਨਾਲ ਜੋੜਨ ਵਾਲੇ ਸਾਧ ਬਾਬਿਆਂ ਨੇ ਭਾਈ ਗੁਰਦਾਸ ਜੀ ਦੀ ਇਸ ਪਾਉੜੀ ਦੇ ਭਾਵ ਨੂੰ ਬਿਨਾਂ ਸਮਝਿਆਂ ਖੂਬ ਵਰਤਿਆ ਤੇ ਆਪਣੇ ਪੈਰ ਧੋ ਧੋ ਕੇ ਪਿਲਾਉਣੇ ਸ਼ੁਰੂ ਕੀਤੇ। ਕਈਆਂ ਨੇ ਬਾਥ ਰੂਮ ਦੇ ਬਾਹਰ ਚੁਬੱਚੇ ਬਣਾ ਲਏ ਤੇ ਨਹਾਉਣ ਸਮੇਂ ਉਸ ਵਿੱਚ ਇਕੱਠੇ ਹੋਏ ਮੈਲ ਵਾਲੇ ਪਾਣੀ ਲੋਕ ਬੋਤਲਾਂ ਵਿੱਚ ਪਾ ਕੇ ਲੈ ਜਾਂਦੇ ਹਨ ਤੇ ਘਰ ਵਿੱਚ ਛਿੱਟੇ ਮਾਰ ਕੇ ਕਹਿੰਦੇ ਹਨ ਘਰ ਪਵਿੱਤਰ ਹੋ ਗਿਆ। ਪ੍ਰੋ: ਧੂੰਦਾ ਨੇ ਕਿਹਾ ਅਜੇਹੇ ਲੋਕ ਕਦੀ ਨਹੀਂ ਚਾਹੁੰਦੇ ਕਿ ਸਿੱਖ ਗੁਰਬਾਣੀ ਪੜ੍ਹਨ, ਸਮਝਣ ਤੇ ਸ਼ਬਦ ਗੁਰੂ ਨਾਲ ਜੁੜਨ ਕਿਉਂਕਿ ਉਹ ਜਾਣਦੇ ਹਨ ਕਿ ਜੇ ਸਿੱਖ ਗੁਰਬਾਣੀ ਸਮਝ ਗਏ ਤਾਂ ਉਨ੍ਹਾਂ ਦਾ ਤੋਰੀਆ ਫੁਲਕਾ ਨਹੀਂ ਚਲੇਗਾ।

ਪ੍ਰੋ: ਧੂੰਦਾ ਨੇ ਕਿਹਾ ਟੀਵੀ ਤੇ ਇੱਕ ਸਿੱਖ ਨੂੰ ਇਸ਼ਤਿਹਾਰਬਾਜ਼ੀ ਕਰਦੇ ਵੇਖ ਕੇ ਉਨ੍ਹਾਂ ਨੂੰ ਹੈਰਾਨੀ ਹੋਈ ਜਿਹੜਾ ਕਹਿ ਰਿਹ ਸੀ ਕਿ ਉਂਝ ਤਾਂ ਮੈਂ ਗੁਰੂ ਗੰ੍ਰਥ ਸਾਹਿਬ ਨੂੰ ਮੰਨਦਾ ਹਾਂ ਪਰ ਉਨ੍ਹਾਂ ਅੱਗੇ ਬੇਅੰਤ ਅਰਦਾਸਾਂ ਕਰਨ ’ਤੇ ਵੀ ਮੇਰਾ ਇੱਕ ਟਰੱਕ ਵੀ ਠੀਕ ਢੰਗ ਨਾਲ ਨਹੀਂ ਸੀ ਚੱਲ ਰਿਹਾ ਪਰ ਜਦੋਂ ਦਾ ਮੈ ਇਹ ਲਾਕਟ ਲੈ ਕੇ ਗਲੇ ਵਿੱਚ ਪਾਇਆ ਹੈ ਮੇਰੇ ਵਾਰੇ ਨਿਆਰੇ ਹੋ ਗਏ ਹਨ ਤੇ ਹੁਣ ਮੇਰੀ ਵੱਡੀ ਟਰਾਂਸਪੋਰਟ ਚੱਲ ਰਹੀ ਹੈ। ਉਹ ਸਾਰਿਆਂ ਨੂੰ ਅਪੀਲ ਕਰ ਰਹੇ ਸਨ ਕਿ ਜੇ ਤੁਸੀਂ ਆਪਣਾ ਚੰਗਾ ਕਾਰੋਬਾਰ ਚਲਾਉਣਾ ਹੈ ਤਾਂ ਤੁਸੀਂ ਵੀ ਇਹ ਲਾਕਟ ਲੈ ਕੇ ਆਪਣੇ ਗਲੇ ਵਿੱਚ ਪਾਓ। ਪ੍ਰੋ: ਧੂੰਦਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆਂ ਤਾਂ ਛੋਟੇ ਸਾਹਿਬਜ਼ਾਦਿਆਂ ਨੇ ਸੀ ਜਿਨ੍ਹਾਂ ਨੇ ਆਪਣੀ ਸ਼ਹੀਦੀ ਤਾਂ ਪ੍ਰਵਾਨ ਕਰ ਲਈ ਪਰ ਦੁਨੀਆਂ ਦੇ ਵੱਡੇ ਤੋਂ ਵੱਡੇ ਲਾਲਚ ਵੀ ਉਨ੍ਹਾਂ ਨੂੰ ਡੁਲਾ ਨਾ ਸਕੇ। ਜਿਹੜਾ ਬੰਦਾ ਸਿਰਫ 4 ਟਰੱਕ ਵੇਖ ਕੇ ਹੀ ਡੋਲ ਜਾਵੇ ਉਸ ਦਾ ਇਹ ਦਾਅਵਾ ਬਿਲਕੁਲ ਝੂਠਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦਾ ਹੈ, ਕਿਉਂਕਿ ਜੇ ਮੰਨਦਾ ਹੁੰਦਾ ਤਾਂ ਕਦੀ ਵੀ 4 ਟਰੱਕ ਵੇਖ ਕੇ ਗੁਰੂ ਗੰ੍ਰਥ ਸਾਹਿਬ ਦੀ ਸਿਖਿਆ ਅਨੁਸਾਰ ਜੀਵਨ ਜਿਉਣ ਦੀ ਪ੍ਰੇਰਣਾ ਦੀ ਥਾਂ ਲਾਕਟ ਲੈ ਕੇ ਗਲੇ ਵਿੱਚ ਪਾਉਣ ਦੀ ਇਸ਼ਤਿਹਾਬਾਜ਼ੀ ਨਾ ਕਰਦਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top