Share on Facebook

Main News Page

ਵਿਸ਼ੇਸ਼ ਨੋਟ:-  ਇਹ ਲੇਖ ਕਾਫੀ ਸਮਾਂ ਪਹਿਲਾਂ ਵੱਖ-ਵੱਖ ਥਾਂਵਾਂ ’ਤੇ ਪ੍ਰਕਾਸ਼ਿਤ ਕੀਤਾ ਗਿਆ ਸੀ। ਅੱਜ ਦੇ ਸਮੇਂ ਵਿਚ ਵੀ ‘ਸਿੱਖ ਰਹਿਤ ਮਰਿਯਾਦਾ ਦੀ ਦੁਬਿਧਾ ਨੂੰ ਲੈ ਕੇ ਫਿਰ ਉਹੀ ਹਾਲਾਤ ਪੈਦਾ ਹੋ ਰਹੇ ਹਨ। ਇਸ ਲਈ ਪਾਠਕਾਂ ਦੀ ਜਾਣਕਾਰੀ ਲਈ ਇਹ ਲੇਖ ਨਵੇਂ ਰੂਪ ਵਿਚ ਲਗਾਇਆ ਜਾ ਰਿਹਾ ਹੈ।

ਪੰਥ ਪ੍ਰਵਾਣਿਕਤਾ ਦੇ ਨਾਂ ’ਤੇ ਗੁਰਮਤਿ ਸਿਧਾਂਤਾਂ ਦੀ ਕੁਰਬਾਨੀ ਨਾ ਦਿਓ

‘ਨਾਨਕ ਫਲਸਫਾ’ ਨਿਰੋਲ ਸੱਚ ਅਧਾਰਿਤ ਉਹ ਵਿਚਾਰਧਾਰਾ ਹੈ, ਜਿਸ ਦਾ ਮਕਸਦ ਮਨੁੱਖ ਦੇ ਅੰਤਰਆਤਮੇ ਨੂੰ ‘ਸੱਚ ਦੇ ਗਿਆਨ’ ਰਾਹੀਂ ਨਿਰਮਲ ਕਰਨਾ ਹੈ ਤਾਂ ਕਿ ਐਸੇ ਮਨੁੱਖਾਂ ਰਾਹੀਂ ਇੱਕ ਆਦਰਸ਼ ਸਮਾਜ (ਬੇਗਮਪੁਰਾ) ਦੀ ਉਸਾਰੀ ਹੋ ਸਕੇ। ‘ਨਾਨਕ ਫਲਸਫੇ’ ਦਾ ਮੂਲ ਸਰੋਤ ‘ਗੁਰੂ ਗ੍ਰੰਥ ਸਾਹਿਬ ਜੀ’ (ਰਾਗਮਾਲਾ ਤੋਂ ਬਗੈਰ) ਵਿੱਚ ਦਰਜ ਬਾਣੀ ਹੈ। ਇਸ ਬਾਣੀ ਨੂੰ ਧੁਰ ਦੀ ਬਾਣੀ, ਸੱਚ ਦੀ ਬਾਣੀ, ਪ੍ਰਭੂ ਦਾ ਹੁਕਮ ਆਦਿਕ ਵੀ ਕਿਹਾ ਜਾਂਦਾ ਹੈ। ਇਹ ਬਾਣੀ ਬਿਨਾਂ ਕਿਸੇ ਵਿਤਕਰੇ ਦੇ (ਰੰਗ, ਨਸਲ, ਵਰਣ, ਲਿੰਗ ਆਦਿਕ) ਸਮੁੱਚੀ ਮਨੁੱਖਤਾ ਦੇ ਭਲੇ ਖਾਤਰ ਹੈ, ਨਾਲ ਹੀ ਗੁਰਬਾਣੀ (ਗੁਰੂ ਗ੍ਰੰਥ ਸਾਹਿਬ ਦੀ ਰਚਨਾ) ਦਾ ਸੱਚ ਸਰਬਕਾਲੀ, ਸਰਬਦੇਸ਼ੀ ਅਤੇ ਸਰਬਵਿਆਪੀ ਹੈ। ਇਹ Universal Truth ਹੈ। ਭਾਵ, ਇਹ ਸਿਰਫ ਕਿਸੇ ਖਾਸ ਖਿੱਤੇ ਅਤੇ ਫਿਰਕੇ ਖਾਤਰ ਨਹੀਂ ਹੈ। ਇਸ ‘ਨਾਨਕ ਫਲਸਫੇ’ (ਗੁਰੂ ਗ੍ਰੰਥ ਸਾਹਿਬ) ਨੂੰ ਆਪਣਾ ਰਹਿਬਰ, ਗੁਰੂ, ਸੇਧ ਦਾਤਾ ਮੰਨਣ ਵਾਲੇ ਕਿਸੇ ਵੀ ਮਨੁੱਖ ਮਾਤਰ ਨੂੰ ਸਿੱਖ ਕਿਹਾ ਜਾਂਦਾ ਹੈ।

ਇਹ ਵੀ ਸੱਚ ਹੈ ਕਿ ਸਮੇਂ ਦੇ ਨਾਲ ਭਾਸ਼ਾ ਦੇ ਬਦਲਾਵ ਅਤੇ ਹੋਰ ਕਾਰਨਾਂ ਕਰਕੇ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਸਿੱਖਿਆ ਸਮਝਣਾ ਆਮ ਸਿੱਖ ਲਈ ਮੁਸ਼ਕਲ ਹੈ ਅਤੇ ਗੁਰਬਾਣੀ ਹੈ ਵੀ ਕਾਵਿ ਦੇ ਰੂਪ ਵਿੱਚ, ਜਿਸ ਨੂੰ ਸਮਝਣ ਲਈ ਕਾਵਿ ਨਿਯਮਾਂ ਦਾ ਜਾਣਕਾਰ ਹੋਣਾ ਬਹੁਤ ਜਰੂਰੀ ਹੈ ਤਾˆ ਕਿ ਇਸ ਦੇ ਸਹੀ ਭਾਵ ਸਮਝ ਆ ਸਕਣ। ਹਰ ਮਨੁੱਖ (ਸਿੱਖ) ਲਈ ਕਈ ਕਾਰਨਾਂ ਕਰਕੇ ਗੁਰਬਾਣੀ ਦੀ ਵਿਚਾਰਧਾਰਾ ਨੂੰ ਖੁਦ ਸਮਝ ਪਾਉਣਾ ਮੁਸ਼ਕਿਲ ਸੀ। ਇਸ ਲਈ ਨਾਨਕ ਪਾਤਿਸ਼ਾਹ ਜੀ ਨੇ ਸੰਗਤਾਂ ਕਾਇਮ ਕੀਤੀਆਂ ਤਾਂ ਕਿ ਉੱਥੇ ਗੁਰਬਾਣੀ ਦੇ ਵਿਚਾਰ ਰਾਹੀਂ ਹਰ ਮਨੁੱਖ ਸਹਿਜੇ ਹੀ ਸਰਲ ਭਾਸ਼ਾ ਵਿੱਚ ‘ਸੱਚ ਦਾ ਗਿਆਨ’ ਪ੍ਰਾਪਤ ਕਰ ਸਕੇ। ਸਤਿਸੰਗਤ ਨੂੰ ਗੁਰਬਾਣੀ ਵਿੱਚ ਬਹੁਤ ਮਹੱਤਵ ਦਿੱਤਾ ਗਿਆ ਹੈ। ‘ਸਭਸੈ ਊਪਰਿ ਗੁਰ ਸਬਦੁ ਬੀਚਾਰੁ’ ਰਾਹੀਂ ਸੱਚ ਦੀ ਵਿਚਾਰ ਨੂੰ ਹੀ ਪ੍ਰਮੁੱਖਤਾ ਦਿੱਤੀ ਗਈ ਹੈ ਤਾਂ ਕਿ ਸੱਚ ਦੀ ਸਮਝ ਪੈ ਸਕੇ। ਗੁਰਬਾਣੀ ਦੇ ਭਾਵਾਂ ਨੂੰ ਸਰਲ ਭਾਸ਼ਾ ਵਿੱਚ ਬਿਆਨ ਕਰਨ ਦੀ ਮਨਸ਼ਾ ਨਾਲ ਇਸ ਦੇ ਟੀਕੇ, ਰਹਿਤਨਾਮੇ ਆਦਿ ਲਿਖੇ ਗਏ। ਸਮੇਂ ਦੇ ਨਾਲ ਅਨੇਕਾਂ ਕਾਰਨਾਂ ਕਰਕੇ ਸਿੱਖ ਸਮਾਜ ਦੀ ਸੋਚ ਉੱਤੇ ਬ੍ਰਾਹਮਣਵਾਦੀ ਵਿਚਾਰਧਾਰਾ ਭਾਰੂ ਹੋ ਗਈ, ਇਸ ਵਿਚਾਰਧਾਰਾ ਦਾ ਸਰੋਤ ਵੇਦ, ਸ਼ਾਸਤਰ, ਸਿਮਰਤੀਆਂ ਆਦਿ ਹਨ, ਜਿਸ ਤੋਂ ਬਚਣ ਦੀ ਸੇਧ ਵੀ ਗੁਰਬਾਣੀ ਵਿਚੋਂ ਮਿਲਦੀ ਹੈ। ਇਸੇ ਸੋਚ ਅਧੀਨ ਗੁਰਬਾਣੀ ਦੀ ਵਿਆਖਿਆ ’ਤੇ ਬ੍ਰਾਹਮਣਵਾਦੀ ਪੁੱਠ ਚਾੜੀ ਜਾਣ ਲੱਗ ਪਈ। ਫਰੀਦਕੋਟੀ, ਸੰਪਰਦਾਇ ਟੀਕੇ ਅਤੇ ਹੋਰ ਗ੍ਰੰਥ ਪੁਸਤਕਾਂ ਆਦਿ ਵਿੱਚ ਇਹ ਪੁਜਾਰੀਵਾਦੀ ਪ੍ਰਭਾਵ ਸਪਸ਼ਟ ਦੇਖਿਆ ਜਾ ਸਕਦਾ ਹੈ। ਇਸੇ ਪ੍ਰਭਾਵ ਕਾਰਨ ਸਿੱਖ ਸਮਾਜ ਦੇ ਆਮ ਜੀਵਨ ਵਿੱਚ ਉਹ ਸਾਰੇ ਕਰਮਕਾਂਡ, ਵਹਿਮ ਭਰਮ, ਬੇਲੋੜੇ ਰੀਤੀ ਰਿਵਾਜ ਫੇਰ ਪ੍ਰਚੱਲਤ ਹੋ ਗਏ, ਜਿਸ ਜ਼ਿੱਲਤ ਵਿੱਚੋਂ 239 ਸਾਲ ਲਾ ਕੇ ‘ਸੱਚ ਦੇ ਗਿਆਨ’ ਰਾਹੀਂ ਨਾਨਕ ਸਰੂਪਾਂ ਨੇ ਸਾਨੂੰ ਕੱਢਿਆ ਸੀ। ਪੁਜਾਰੀਵਾਦ ਦੀ ਸੋਚ ਦਾ ਸਿਖਰ ਹੀ ਸੀ ਕਿ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਹੀ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਕਰ ਕੇ, ਪੂਜਾ ਕੀਤੀ ਜਾਣ ਲੱਗ ਪਈ।

ਸਿੱਖ ਸਮਾਜ ਦੀ ਇਸ ਹਾਲਤ ਤੋਂ ਚਿੰਤਤ ਕਈ ਜਾਗਰੂਕ ਸਿੱਖਾਂ (ਪ੍ਰੋਫੈਸਰ ਗੁਰਮੁਖ ਸਿੰਘ ਜੀ, ਗਿਆਨੀ ਦਿੱਤ ਸਿੰਘ ਜੀ ਆਦਿ) ਦੀਆਂ ਕੋਸ਼ੀਸ਼ਆਂ ਸਦਕਾ ਸਿੰਘ ਸਭਾ ਲਹਿਰ (ਪੁਨਰ ਜਾਗਰਣ ਲਹਿਰ) ਸ਼ੁਰੂ ਹੋਈ, ਜਿਸ ਨੇ ਲਿਟਰੇਚਰ ਅਤੇ ਸਟੇਜੀ ਪ੍ਰਚਾਰ ਰਾਹੀਂ ‘ਨਾਨਕ ਫਲਸਫੇ’ ਦੇ ਸੱਚ ਨੂੰ ਬ੍ਰਾਹਮਣਵਾਦ ਦੇ ਪ੍ਰਭਾਵ ਤੋਂ ਨਿਖੇੜ ਕੇ ਪੇਸ਼ ਕਰਨਾ ਸ਼ੁਰੂ ਕੀਤਾ। ਸਿੱਖ ਭੇਖ ਵਾਲੇ ਪੁਜਾਰੀਵਾਦੀ ਵਿਚਾਰਧਾਰਾ ਦੇ ਪੈਰੋਕਾਰਾਂ (ਬ੍ਰਾਹਮਣ ਸ਼੍ਰੇਣੀ ਅਤੇ ਸੰਪਰਦਾਈ ਸਿੱਖ) ਨੇ ਇਨ੍ਹਾਂ ਦਾ ਤਕੜਾ ਵਿਰੋਧ ਵੀ ਕੀਤਾ ਪਰ ਇਨ੍ਹਾਂ ਨੇ ਹਿੰਮਤ ਨਹੀਂ ਹਾਰੀ। ਸਮਾਜ ਵਿੱਚ ਹੌਲੀ-ਹੌਲੀ ਜਾਗ੍ਰਿਤੀ ਆਉਣੀ ਸ਼ੁਰੂ ਹੋ ਗਈ। ਜਿਸ ਦਾ ਨਤੀਜਾ ਅਕਾਲੀ ਲਹਿਰ ਵਿੱਚ ਨਿਕਲਿਆ। ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾ ਕੇ ਉਨ੍ਹਾਂ ਦੇ ਪ੍ਰਬੰਧ ਲਈ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਕੀਤੀ ਗਈ। ਪਰ ਇਹ ਵੀ ਸੱਚ ਹੈ ਕਿ ਉਸ ਸਮੇਂ ਵੀ ਸਿੱਖ ਸਮਾਜ ਵਿੱਚ ਧੜੇਬੰਦੀ, ਬ੍ਰਾਹਮਣਵਾਦ ਦਾ ਕਾਫੀ ਪ੍ਰਭਾਵ ਸੀ। ਹਰ ਜੱਥਾ, ਹਰ ਧੜਾ ਅੱਜ ਦੀ ਤਰ੍ਹਾਂ ਆਪਣੇ ਮੁੱਖੀ ਅਤੇ ਸੰਸਥਾ ਦੇ ਵਿਚਾਰਾਂ ਨੂੰ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਸਿੱਖਿਆ ਨਾਲੋਂ ਵੱਧ ਮਹੱਤਵ ਦਿੰਦਾ ਸੀ, ਇਸੇ ਕਾਰਨ ਕੌਮ ਵਿੱਚ ਇਕਸਾਰਤਾ ਨਾ ਹੋ ਕੇ ‘ਆਪਣੀ ਆਪਣੀ ਡਫਲੀ ਆਪਣਾ ਆਪਣਾ ਰਾਗ’ ਭਾਰੂ ਸੀ।

ਇੱਕਸਾਰਤਾ ਲਿਆਉਣ ਦੇ ਮਦਸਦ ਨੂੰ ਸਾਹਮਣੇ ਰੱਖ ਕੇ ਕੁੱਝ ਪੰਥ ਦਰਦੀਆਂ ਦੀ ਸਲਾਹ ਤੇ ਸ਼੍ਰੋਮਣੀ ਕਮੇਟੀ ਨੇ ਇੱਕ ਸਾਂਝੀ ‘ਸਿੱਖ ਰਹਿਤ ਮਰਿਯਾਦਾ’ ਬਣਾਉਣ ਦੀ ਯੋਜਨਾ ਬਣਾਈ। 25 ਵਿਦਵਾਨਾਂ ਦਾ ਇੱਕ ਪੈਨਲ ਰਿਪੋਰਟ ਰਹੁ ਰੀਤੀ ਸਬ ਕਮੇਟੀ ਦੇ ਨਾਂ ਹੇਠ ਬਣਾਇਆ। ਇਸ ਦੇ ਕਨਵੀਨਰ ਪ੍ਰੋ: ਤੇਜਾ ਸਿੰਘ ਜੀ ਸਨ। ਇਸ ਕਮੇਟੀ ਵਿੱਚ ਵਿਦਵਾਨਾਂ ਦੇ ਨਾਲ-ਨਾਲ ਤਕਰੀਬਨ ਹਰ ਵੱਡੇ/ਛੋਟੇ  ਧੜੇ, ਜੱਥੇਬੰਦੀ ਦੇ ਪ੍ਰਤਿਨਿਧੀ ਲਏ ਗਏ। ਤਕਰੀਬਨ 5 ਮੀਟਿੰਗਾ ਹੋਈਆਂ ਅਤੇ 1 ਅਕਤੂਬਰ 1932 ਨੂੰ ਇਸ ਦਾ ਖਰੜਾ (ਡ੍ਰਾਫਟ) ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤਾ ਗਿਆ। ਐੱਸ. ਜੀ. ਪੀ. ਸੀ. ਦੀ ਛਪੀ ਰਹਿਤ ਮਰਿਯਾਦਾ ਵਿੱਚ ਦੱਸੇ ਅਨੁਸਾਰ ਇਸ ਉੱਪਰ ਪੰਥਕ ਜਥੇਬੰਦੀਆਂ ਅਤੇ ਕੁਝ ਚੁਨਿੰਦਾ ਸਿੱਖਾਂ ਦੀਆਂ ਰਾਵਾਂ ਲਈਆਂ ਗਈਆਂ। ਆਖਿਰ 1-8-1936 ਨੂੰ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਨੇ ਇਸ ਨੂੰ ਪ੍ਰਵਾਨਗੀ ਦੇ ਦਿੱਤੀ, ਉਪਰੰਤ 12-10-1936 ਨੂੰ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਪ੍ਰਵਾਨ ਕਰ ਲਿਆ (ਲਾਗੂ ਤਾਂ ਹੁਣ ਤੱਕ ਨਹੀਂ ਹੋਈ) ਮਗਰੋਂ ਤਕਰੀਬਨ ਸਾਢੇ 8 ਸਾਲ ਬਾਅਦ ਰਾਗਮਾਲਾ ਪੱਖੀਆਂ ਦੇ ਦਬਾਅ ਹੇਠ 7-1-1945 ਨੂੰ ਕੁੱਝ ਵਾਧੇ-ਘਾਟੇ ਕੀਤੇ ਗਏ (ਜ਼ਿਆਦਾ ਜਾਣਕਾਰੀ ਲਈ ਪ੍ਰੋਫੈਸਰ ਗੁਰਦਿੱਤ ਸਿੰਘ ਜੀ ਦੀ ਪੁਸਤਕ ‘ਮੁੰਦਾਵਣੀ’ ਪੜ੍ਹੀ ਜਾ ਸਲਦੀ ਹੈ)। ਇਸ ਨੂੰ ਤਿਆਰ ਕਰਦੇ ਸਮੇਂ ਦੋ ਵੱਡੀਆਂ ਮੁਸ਼ਕਲਾਂ ਆਈਆਂ, ਉਹ ਸਨ:

1.    ਪੰਥਕ ਧੜ੍ਹਿਆਂ (ਜਥੇਬੰਦੀਆਂ) ਦੇ ਨਿਜੀ ਵਿਚਾਰ

2.    ਦਸਮ ਗ੍ਰੰਥ ਦਾ ਬਖੇੜਾ

ਹਰ ਪੰਥਕ ਧੜਾ (ਜਥੇਬੰਦੀ) ਆਪਣੇ ਮੁੱਖੀ ਵੱਲੋਂ ਪੇਸ਼ ਕੀਤੇ ਵਿਚਾਰਾਂ ਨੂੰ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਸੇਧ ਤੋਂ ਵੀ ਜ਼ਿਆਦਾ ਮਹੱਤਵ ਦਿੰਦਾ ਸੀ। ਕਈਂ ਪਿਛਲੇ 100-150 ਸਾਲ ਤੋਂ ਚਲੀ ਆ ਰਹੀ ਪ੍ਰੰਪਰਾ ਆਦਿ ਦੇ ਨਾਂ ਤੇ ਵੀ ਬ੍ਰਾਹਮਣਵਾਦੀ ਰਸਮਾਂ ਜਾਇਜ਼ ਠਹਿਰਾ ਰਹੇ ਸਨ। (ਇਹੀ ਦਲੀਲ ਅੱਜ ਵੀ ਕੁੱਝ ਵੀਰ ਦਿੰਦੇ ਹਨ)

ਦੂਜਾ ਮੁੱਖ ਬਖੇੜਾ ਦਸਮ ਗ੍ਰੰਥ ਦਾ ਸੀ। ਦਸਮ ਗ੍ਰੰਥ ਨੂੰ ਕਰੀਬ ਪਿਛਲੇ 100-150 ਸਾਲਾਂ ਤੋਂ ਕੌਮ ਵਿੱਚ ਦਸਵੇਂ ਪਾਤਿਸ਼ਾਹ ਜੀ ਦੀ ਬਾਣੀ ਦੇ ਤੌਰ ’ਤੇ ਪ੍ਰਚਾਰਿਆ ਜਾ ਰਿਹਾ ਸੀ। ਬੇਸ਼ੱਕ ਸਮੇਂ ਸਮੇਂ ਜਾਗਰੂਕ ਸਿੱਖਾਂ ਵੱਲੋਂ ਇਸ ਦਾ ਵਿਰੋਧ ਹੁੰਦਾ ਰਿਹਾ ਪਰ ਪੁਜਾਰੀਵਾਦੀ ਸ਼ਕਤੀਆਂ ਦੇ ਪ੍ਰਭਾਵ ਹੇਠ ਆਏ, ਸਿੱਖ ਸਮਾਜ ਦੇ ਮੁੱਖੀਆਂ (ਪੁਜਾਰੀਆਂ) ਨੇ ਉਸ ਵਿਰੋਧ ਨੂੰ ਜ਼ਿਆਦਾ ਵਧਣ ਨਹੀਂ ਦਿੱਤਾ, ਇਸੇ ਗ੍ਰੰਥ ਦੀਆਂ ਕਈ ਰਚਨਾਵਾਂ ਇੱਕ ਸਾਜਿਸ਼ ਅਧੀਨ ਨਿੱਤਨੇਮ ਅਤੇ ਅੰਮ੍ਰਿਤ ਸੰਚਾਰ (ਅਸਲ ਨਾਂ ‘ਖੰਡੇ ਦੀ ਪਾਹੁਲ’) ਬਾਣੀਆਂ ਦਾ ਹਿੱਸਾ ਬਣਾ ਦਿੱਤੀਆਂ ਗਈਆਂ, ਇੱਥੇ ਹੀ ਸੱਮਸਿਆ ਨੂੰ ਜਨਮ ਦਿੱਤਾ। ਕਾਫੀ ਖਿੱਚਾ-ਤਾਣੀ ਬਾਅਦ ਧੜ੍ਹਿਆਂ ਦੇ ਦਬਾਅ ਹੇਠ ‘ਬੰਦੇ ਜੋੜੋ ਸਿਧਾਂਤ ਛੋੜੋ’ ਦੀ ਨੀਤੀ ਤੇ ਚਲਦਿਆਂ ਸਮਝੋਤਾਵਾਦੀ ਪਹੁੰਚ ਅਪਣਾਈ ਗਈ। ਮੂਲ ਸਰੋਤ ਤ੍ਰਿਆ ਚਰਿੱਤਰ (ਬਚਿੱਤਰ ਨਾਟਕ) ਵਿਚੋਂ ਲਈ ਗਈ ‘ਬੇਨਤੀ ਚੌਪਈ’ ਇਸ ਦੀ ਪ੍ਰਤੱਖ ਮਿਸਾਲ ਹੈ। ਅੱਜ ਵੀ ਸੰਪਰਦਾਈ ‘ਪੁਨਿ ਰਾਛਸ ਕਾ ਕਾਟਾ ਸੀਸਾ’ ਸਣੇ ਪੜ੍ਹ ਰਹੇ ਹਨ। ਇਹ ਛੇੜ-ਛਾੜ ਸਿਧਾਂਤਕ ਹੇਰਾ-ਫੇਰੀ (ਭਾਵੇਂ ਕਿਸੇ ਮਜਬੂਰੀ ਹੇਠ ਹੀ ਸਹੀ) ਤੋਂ ਵੱਧ ਕੁੱਝ ਨਹੀਂ ਸੀ। ਐਸੇ ਹੋਰ ਵੀ ਕਈ ਲੈਣ-ਦੇਣ (ਸਮਝੋਤੇ) ਸਿਧਾਤ ਦੀ ਬਲੀ ਦੇ ਕੇ ਕੀਤੇ ਗਏ।

ਇਹ ਠੀਕ ਹੈ ਕਿ ਇਹ ਰਹਿਤ ਮਰਿਯਾਦਾ ਪੰਥ ਧੜ੍ਹਿਆਂ ਵਿੱਚ ਪ੍ਰਵਾਣਿਤ ਤਾਂ ਹੋ ਗਈ ਪਰ ਇਸ ਨੂੰ ਗੁਰੂ ਪ੍ਰਵਾਣਿਤ ਨਹੀਂ ਕਿਹਾ ਜਾ ਸਕਦਾ। ਕਿਉਂਕਿ ਇਸ ਦੇ ਅਨੇਕਾਂ ਨੁਕਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੇਧਾਂ ਤੋਂ ਉਲਟ ਹਨ। ਹੋ ਸਕਦਾ ਹੈ ਇਸ ਨੂੰ ਬਣਾਉਣ ਵਿੱਚ ਸ਼ਾਮਿਲ ਸੱਚੇ ਪੰਥ ਦਰਦੀ ਸਿੱਖਾਂ ਦੇ ਮਨ ਵਿੱਚ ਇਹ ਵਿਚਾਰ ਹੋਵੇ ਕਿ ਜੇ ਇੱਕ ਵਾਰ ਇਸ ਦੇ ਪ੍ਰਚੱਲਨ (ਅਕਾਲ ਤਖਤ ਦੇ ਨਾ ਹੇਠ ਲਾਗੂ ਹੋਣ ਕਰਕੇ) ਨਾਲ ਸਿੱਖ ਸਮਾਜ ਵਿੱਚ ਇੱਕਸਾਰਤਾ ਅਤੇ ਜਾਗਰੂਕਤਾ ਆ ਗਈ ਤਾਂ ਫਿਰ ਇਸ ਵਿੱਚ ਰਹਿ ਗਈਆਂ ਕਮੀਆਂ ਨੂੰ ਵੀ ਦੂਰ ਕਰ ਲਿਆ ਜਾਵੇਗਾ। ਪਰ ਐਸਾ ਨਹੀਂ ਹੋਇਆ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਸ਼੍ਰੋਮਣੀ ਕਮੇਟੀ (ਸਆਸੀ ਗਲਬੇ ਕਾਰਨ) ਆਪ ਹੀ ਖੁਦਗਰਜ਼ੀ, ਧੜੇਬੰਦੀ, ਗਲਤ ਸੋਚ ਆਦਿ ਬੁਰਾਈਆਂ ਦਾ ਸ਼ਿਕਾਰ ਹੋ ਗਈ। ਇਸ ਨੇ ਰਹਿਤ ਮਰਿਯਾਦਾ ਤਿਆਰ ਤਾਂ ਕਰਵਾ ਦਿੱਤੀ ਪਰ ਇਸ ਨੂੰ ਪੂਰੇ ਸਿੱਖ ਸਮਾਜ ਉੱਪਰ ਲਾਗੂ ਕਰਨ ਲਈ ਕੋਈ ਉਪਰਾਲੇ ਨਹੀਂ ਕੀਤੇ ਬਲਕਿ ਵੋਟਾਂ ਦੀ ਰਾਜਨੀਤੀ ਅਧੀਨ ਉਲਟਾ ਇਸ ਨੇ ਅਖੌਤੀ ਸੰਤ ਵਾਦ, ਬਾਬਾ ਵਾਦ ਆਦਿ ਨੂੰ ਬੜਾਵਾ ਹੀ ਦਿੱਤਾ। ਇਸ ਕਰਕੇ ਇਹ ਮਰਿਯਾਦਾ ਤਕਰੀਬਨ 70 ਸਾਲ ਬੀਤ ਜਾਣ ਤੋਂ ਬਾਅਦ ਵੀ ਹੋਰ ਤਾਂ ਹੋਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਗੁਰਦੁਆਰਿਆਂ ਵਿੱਚ ਵੀ ਇਹ ਲਾਗੂ ਨਹੀਂ। ਕੁਝ ਮਿਸ਼ਨਰੀ ਕਾਲਜਾਂ ਅਤੇ ਪ੍ਰਚਾਰਕ ਇਸ ਵਿਚਲੀਆਂ ਖਾਮੀਆਂ ਨੂੰ ਅੰਦਰ ਖਾਤੇ ਸਵੀਕਾਰਦੇ ਹੋਏ, ਇਸ ਦੇ ਇੰਨ-ਬਿੰਨ ਮੰਨਣ ਲਈ ‘ਜ਼ਿਦ’ ਕਰਦੇ ਹਨ।

ਇੱਕ ਪਾਸੇ ਸੰਪ੍ਰਦਾਈ ਇਸ ਵਿਚਲੇ ਬ੍ਰਾਹਮਣਵਾਦ ਨੂੰ ਰੱਦ ਕਰਦੀਆਂ ਕੁਝ ਧਾਰਾਂਵਾਂ ਕਰਕੇ ਇਸ ਨੂੰ ਸਵੀਕਾਰ ਨਹੀਂ ਕਰਦੇ ਦੂਜੇ ਪਾਸੇ ਕੁਝ ਚੇਤੰਨ ਧਿਰਾਂ ਇਸ ਵਿਚਲੀਆਂ ਸਿਧਾਂਤਕ ਖਾਮੀਆਂ ਨੂੰ ਸੁਧਾਰਨ ਦੀ ਮੰਗ ਕਰ ਰਹੀਆਂ ਹਨ, ਉਸ ਬਾਰੇ ਜਾਗ੍ਰਿਤੀ ਲਿਆ ਰਹੀਆਂ ਹਨ। ਮੌਜੂਦਾ ਸਮੇਂ ਵਿੱਚ ਤੱਤ ਗੁਰਮਤਿ ਦੇ ਨਾਮ ਹੇਠ ‘ਨਾਨਕ ਫਲਸਫੇ’ ਦੀ ਵਿਚਾਰਧਾਰਾ ਨੂੰ ਇਸ ਦੇ ਖਰੇ ਰੂਪ ਵਿੱਚ ਪੇਸ਼ ਕਰਨ ਦੇ ਮਕਸਦ ਨਾਲ ਇੱਕ ਲਹਿਰ ਚੱਲ ਪਈ ਹੈ। ਕੁਝ ਪੰਥਕ ਵੈਬਸਾਈਟਾਂ, ਰਸਾਲੇ, ਅਖਬਾਰ ਆਦਿ ਇਸ ਦੇ ਬੁਲਾਰੇ ਹਨ। ਆਮ ਲੋਕਾਂ ਵਿੱਚ ਜਾਗਰੂਕਤਾ ਆ ਰਹੀ ਹੈ। ਮਿਸ਼ਨਰੀ ਕਾਲਜ ਜਾਂ ਕੁੱਝ ਪ੍ਰਚਾਰਕ ਖਾਸਕਰ ‘ਸਿੱਖ ਰਹਿਤ ਮਰਿਯਾਦਾ’ ਵਿੱਚ ਰਹਿ ਗਈਆਂ ਸਿਧਾਂਤਕ ਕਮੀਆਂ ਬਾਰੇ ਕੀਤੇ ਜਾ ਰਹੇ ਪ੍ਰਚਾਰ ਦਾ ਖੁੱਲ ਕੇ ਸਾਥ ਨਹੀਂ ਦੇ ਪਾ ਰਹੇ। ਇਸ ਮਾਮਲੇ ਵਿੱਚ ਉਨ੍ਹਾਂ ਦੀਆਂ ਮਜਬੂਰੀਆਂ ਕੁਝ ਹੱਦ ਤੱਕ ਸਮਝੀਆਂ ਜਾ ਸਕਦੀਆਂ ਹਨ। ਪਰ ਉਨ੍ਹਾਂ ਲਈ ਵੀ ਜ਼ਰੂਰੀ ਹੈ ਕਿ ਐਸੇ ਮੁੱਦਿਆਂ ਉੱਪਰ ਚੁੱਪ ਰਹਿਣ। ਇਸ ਬਾਰੇ ਜਾਗ੍ਰਿਤੀ ਲਿਆਉਣ ਦਾ ਕੰਮ ਉਹ ਤੱਤ ਗੁਰਮਤਿ ਨਾਲ ਸਬੰਧਤ ਵੀਰਾਂ/ਭੈਣਾਂ ਨੂੰ ਹੀ ਕਰਨ ਦੇਣ।  ਐਸੀਆਂ ਸੰਸਥਾਵਾਂ ਜਾਂ ਪ੍ਰਚਾਰਕ ‘ਸਿੱਖ ਰਹਿਤ ਮਰਿਯਾਦਾ’ ਨੂੰ ਸਹੀ ਸਾਬਤ ਕਰਨ ਲਈ ਜਦ ਸਿਧਾਂਤ ਵਿਰੋਧੀ ਬਿਆਨ ਦੇਣ ਲੱਗ ਪੈਂਦੇ ਹਨ ਤਾਂ ਸਿੱਖਾਂ ਵਿੱਚ ਵਿਰੋਧਾਭਾਸ ਪੈਦਾ ਹੋ ਜਾਂਦਾ ਹੈ ਅਤੇ ਸੰਪਰਦਾਈ (ਬ੍ਰਾਹਮਣਵਾਦੀ) ਸੋਚ ਵਾਲੇ ਸਿੱਖਾਂ ਨੂੰ ਇਹ ਪ੍ਰਚਾਰਨ ਦਾ ਮੌਕਾ ਮਿਲ ਜਾਂਦਾ ਹੈ ਕਿ ਸਿਧਾਂਤ ’ਤੇ ਪਹਿਰਾ ਦੇਣ ਵਾਲੇ ਇਕ ਮੱਤ ਨਹੀਂ ਹਨ। ਜੇ ਕਿਸੇ ਤੱਤ ਗੁਰਮਤਿ ਵਾਲੇ ਵੀਰ ਨੇ ਕੋਈ ਸਿਧਾਂਤ ਵਿਰੋਧੀ ਗੱਲ ਲਿਖੀ ਹੈ ਤਾਂ ਦਲੀਲ ਨਾਲ ਉਸ ਦਾ ਜਵਾਬ ਦੇਣ ਵਿੱਚ ਕੋਈ ਹਰਜ਼ ਨਹੀਂ। ਇਹ ਗੱਲ ਰਹਿਤ ਮਰਿਯਾਦਾ ਦੇ ਉਲਟ ਹੈ, ਇਸ ਨਾਲ ਪੰਥ ਦੋਫਾੜ ਹੋ ਜਾਵੇਗਾ, ਆਦਿਕ ਕਮਜ਼ੋਰ ਗੱਲਾਂ ਨਿਰੋਲ ‘ਨਾਨਕ ਫਲਸਫੇ’ ਦੇ ਪ੍ਰਚਾਰ ਦੇ ਰਾਹ ਵਿੱਚ ਰੋੜੇ ਅਟਕਾਉਣ ਵਾਲੀ ਗੱਲ ਹੈ। ਪੰਥ ਦਰਦੀ ਵੀਰੋ/ਭੈਣੋਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਿੱਖ ਰਹਿਤ ਮਰਿਯਾਦਾ ਗੁਰੂ ਪ੍ਰਵਾਣਿਤ ਹੋਣੀ ਚਾਹੀਦੀ ਹੈ ਜਾਂ ਪੰਥ ਪ੍ਰਵਾਨਤ? ਕੁੱਝ ਵੀਰ ਇੱਕ ਦਮ ਜਵਾਬ ਦੇਣਗੇ, ਪੰਥ ਵੀ ਤਾਂ ਗੁਰੂ ਹੀ ਹੈ ਤਾਂ ਹੀ ਇਸ ਨੂੰ ‘ਗੁਰੂ ਪੰਥ’ ਕਿਹਾ ਜਾਂਦਾ ਹੈ।

ਸਾਥੀਓ ਇਹ ਤੁਹਾਡਾ ਭੁਲੇਖਾ ਹੈ, ਸਾਰੀ ਮਨੁੱਖਤਾ ਦਾ (ਸਮੇਤ ਸਿੱਖਾਂ ਦੇ) ਗੁਰੂ ਸਿਰਫ ਇੱਕ ਹੀ ਹੈ ਉਹ ਹੈ ‘ਸੱਚ ਦਾ ਗਿਆਨ’। ਗੁਰਵਾਕ ਵੀ ਹੈ ‘ਏਕਾ ਬਾਣੀ ਇੱਕ ਗੁਰ ਏਕੋ ਸ਼ਬਦ ਵਿਚਾਰ’। ਪਰ ਅਸੀਂ ਤਾਂ ਆਪਣੇ ਕਈ ਗੁਰੂ ਬਣਾਈ ਬੈਠੇ ਹਾਂ ਘੱਟੋ-ਘੱਟ 12-13 ਗੁਰੂ ਤਾਂ ਸਾਡੀ ਰਹਿਤ ਮਰਿਯਾਦਾ ਹੀ ਪ੍ਰਚਾਰ ਰਹੀ ਹੈ। ਨਾਨਕ ਸਾਹਿਬ ਤੋਂ ਲੈ ਕੇ ਦਸਮੇਸ਼ ਪਾਤਸ਼ਾਹ ਤੱਕ ਦਸ ਗੁਰੂ, ‘ਗੁਰੂ ਗ੍ਰੰਥ ਸਾਹਿਬ ਜੀ’ 11ਵਾਂ ਗੁਰੂ ਪੰਥ, 12ਵਾਂ ਗੁਰੂ ਸੰਗਤ, ਆਦਿ। ਅਸੀਂ ਆਪ ਹੀ ਪ੍ਰਚਾਰਦੇ ਹਾਂ ਕਿ ਸਾਡਾ ਗੁਰੂ ਭੁੱਲਣਹਾਰ ਨਹੀਂ ਹੈ ਸਗੋਂ ਪੂਰਾ ਹੈ। ਆਓ, ਇਸ ਕਸੌਟੀ ਉੱਤੇ ਸਾਡੇ ਆਪਣੇ ਬਣਾਏ ‘ਪੰਥ ਗੁਰੂ’ ਦੀ ਪਰਖ ਕਰਦੇ ਹਾˆ

1)  ਨਾਨਕਸਰੀਏ, ਟਕਸਾਲੀਏ, ਸੰਪਰਦਾਈਏ, ਡੇਰੇਦਾਰ, ਪਟਨੇ ਅਤੇ ਨਾਂਦੇੜ ਦੇ ਅਖੌਤੀ ਤਖਤ (ਨਾਨਕ ਸਰੂਪਾਂ ਦਾ ਰਚਿਆ ਸਿਰਫ ਇੱਕ ਹੀ ਤਖਤ ਹੈ, ਉਹ ਹੈ, ਅਕਾਲ ਤਖਤ) ਤੇ ਉਸ ਦੇ ਪ੍ਰਬੰਧਕ ਵੀ ‘ਗੁਰੂ ਪੰਥ’ ਦਾ ਹਿੱਸਾ ਮੰਨੇ ਜਾਂਦੇ ਹਨ, ਜੋ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ਮੂਰਤੀ ਵਾਂਗੂ ਪੂਜ ਰਹੇ ਹਨ, ਭੋਗ ਲਗਾ ਰਹੇ ਹਨ, ਅਖੌਤੀ ਦਸਮ ਗ੍ਰੰਥ ਨੂੰ ਆਪਣਾ ਇੱਕ ਹੋਰ ਗੁਰੂ ਸਾਬਤ ਕਰਨ ’ਤੇ ਤੁਲੇ ਹੋਏ ਹਨ। ਦੂਜੀ ਤਰਫ ਉਹ ਜਾਗਰੂਕ ਸਿੱਖ ਵੀ ਇਸੇ ‘ਪੰਥ ਗੁਰੂ’ ਦਾ ਹਿੱਸਾ ਹਨ, ਜੋ ‘ਨਾਨਕ ਫਲਸਫੇ’ ਨੂੰ ਇਸ ਦੇ ਖਰੇ ਰੂਪ ਵਿੱਚ ਪ੍ਰਗਟ ਕਰਨ ਲਈ ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ ਸੰਘਰਸ਼ੀਲ ਹਨ। ਇਹ ਕੈਸਾ ‘ਪੰਥ ਗੁਰੂ’ ਹੈ, ਜਿਸ ਦੀ ਵਿਚਾਰਧਾਰਾ ਵਿੱਚ ਇਤਨਾ ਜ਼ਮੀਨ ਆਸਮਾਨ ਦਾ ਫਰਕ ਹੈ।

2) ਇਹ ‘ਪੰਥ ਗੁਰੂ’ ਰਾਗਮਾਲਾ ਜਿਹੇ ਨਿਰੋਲ ਸਿਧਾਂਤਕ ਤੇ ਵਿਚਾਰਸ਼ੀਲ ਮੁੱਦੇ ਦਾ ਹੱਲ ਪਰਚੀਆਂ ਪਾਉਣ ਵਰਗੇ ਬਚਕਾਨਾ ਢੰਗ ਨਾਲ ਕੱਢਦਾ ਰਿਹਾ ਹੈ। (ਪੜ੍ਹੋ ਪੁਸਤਕ ਮੁੰਦਾਵਣੀ)। ਦਸਮ ਗ੍ਰੰਥ ਦੇ ਵਿਵਾਦ ਦਾ ਹੱਲ ਸਿਧਾਂਤਕ ਵਿਚਾਰ ਰਾਹੀਂ ਕੱਢਣ ਦੀ ਥਾਂ ਸੁੱਖਾ ਸਿੰਘ ਮਹਿਤਾਬ ਸਿੰਘ ਜੀ ਦੇ ਮੱਸਾ ਰੰਘੜ ਦਾ ਸਿਰ ਵੱਢ ਕੇ ਲਿਆਉਣ ਜਾਂ ਨਾ ਲਿਆਉਣ ਵਰਗੀ ਬੇਹੁਦਾ, ਭਾਗਵਾਦੀ, ਗੁਰਮਤਿ ਅਤੇ ਤਰਕਹੀਨ ਸ਼ਰਤਾਂ ਦੇ ਤਰੀਕੇ ਨਾਲ ਕਰਦਾ ਰਿਹਾ ਹੈ।

3) ਇਹੀ ‘ਪੰਥ ਗੁਰੂ’ ਬ੍ਰਾਹਮਣਵਾਦੀ ਕਰਮਕਾਂਡ ਦਾ ਇੱਕ ਰੂਪ ਅਖੰਡ ਪਾਠ ਦੇ ਖੰਡਿਤ ਹੋ ਜਾਣ ਵਰਗੇ ਨਿਰੋਲ ਬ੍ਰਾਹਮਣਵਾਦੀ ਮੁੱਦੇ ਨੂੰ ਲੈ ਕੇ ਮੋਰਚੇ ਲਾਉਂਦਾ ਰਿਹਾ ਹੈ। ਉਸ ਵਾਸਤੇ ਕੌਮ ਦਾ ਸਮਾ, ਸ਼ਕਤੀ ਬਰਬਾਦ ਕਰਦਾ ਰਿਹਾ ਹੈ।

4) ਇਸੇ ‘ਪੰਥ ਗੁਰੂ’ ਵਿੱਚੋਂ 13 ਸਾਲਾਂ ਦੀ ਲੰਮੀ ਵਿਚਾਰ ਕਰਕੇ (ਪ੍ਰਚਾਰੀ ਜਾਂਦੀ) ਤਿਆਰ ਕੀਤੀ ਕਹੀ ਜਾਂਦੀ ‘ਸਿੱਖ ਰਹਿਤ ਮਰਿਯਾਦਾ’ ਵਿੱਚ ਅਨੇਕਾਂ ਸਿਧਾਂਤਕ ਅਤੇ ਸ਼ਬਦਾਵਲੀ ਪੱਖੋਂ ਕਮੀਆਂ ਹਨ। ਇਨ੍ਹਾਂ ਗਲਤੀਆਂ ਦੀ ਸੂਚੀ ਬਹੁਤ ਲੰਮੀ ਹੈ। ਪਰ ਕੁੱਝ ਦਿੱਤੀਆਂ ਜਾ ਰਹੀਆਂ ਹਨ ਤਾਂ ਕਿ ਸੱਚ ਦੇ ਚਾਹਵਾਨਾਂ ਨੂੰ ਸਚਾਈ ਦਾ ਪਤਾ ਚੱਲ ਸਕੇ।

(ੳ) ਇਸ ਮਰਿਯਾਦਾ ਵਿੱਚ ਸਿੱਖ ਦੀ ਤਾਰੀਫ (Definiton) ਵਿੱਚ ਦਰਜ ਹੈ। “ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ”। ਇੱਥੇ ‘ਅਤੇ’ ਦਾ ਮਤਲਬ ‘ਜਮ੍ਹਾਂ’ (ਜੋੜ) ਨਿਕਲਦਾ ਹੈ। ਹੁਣ ਇਹ ਕੌਣ ਦੱਸੇ ਕਿ ‘ਗੁਰੂ ਗ੍ਰੰਥ ਸਾਹਿਬ ਜੀ’ ਤੋਂ ਬਾਹਰ ਦਸ ਗੁਰੂ ਸਾਹਿਬਾਨ ਦੀ ਬਾਣੀ ਕਿਹੜੀ ਹੈ? ਵੈਸੇ ਵੀ ਬਾਣੀ ਤਾਂ ਸਿਰਫ ਛੇ ਨਾਨਕ ਸਰੂਪਾਂ ਨੇ ਹੀ ਰਚੀ ਸੀ। ਫੇਰ ‘ਦਸ ਗੁਰੂ ਸਾਹਿਬਾਨ ਦੀ ਬਾਣੀ’ ਵਰਗੇ ਭੁਲੇਖਾ ਪਾਊ ਲਫਜ਼ ਕਿਉਂ ਵਰਤੇ ਗਏ?

(ਅ) ਗੁਰਮਤਿ ਸ਼ਰੀਰਕ ਸੁੱਚਮ ਦਾ ਭਰਮ ਪਾਲਣ ਦਾ ਖੰਡਨ ਥਾਂ-ਥਾਂ ਕਰਦੀ ਹੈ। ਸਰੀਰਕ ਸਫਾਈ ਜ਼ਰੂਰੀ ਹੈ ਪਰ ਇਸ ਨੂੰ ਆਤਮਿਕ (ਧਾਰਮਿਕ) ਕਰਮ ਮੰਨਣ ਦੇ ਭਰਮ ਨੂੰ ਗੁਰਮਤਿ ਨਹੀਂ ਮੰਨਦੀ ਪਰ ‘ਸਿੱਖ ਰਹਿਤ ਮਰਿਯਾਦਾ’ ਇਸ ਭਰਮ ਨੂੰ ਵਧਾਉਂਦੀ ਹੈ। ਸਾਧਾਰਨ ਪਾਠ ਸਿਰਲੇਖ ਹੇਠ ਧਾਰਾ  (ੲ) ਵਿੱਚ ਲਿਖਿਆ ਹੈ: “ਹਰ ਇੱਕ ਸਿੱਖ ਅੰਮ੍ਰਿਤ ਵੇਲੇ ਪ੍ਰਸ਼ਾਦ ਛਕਣ ਤੋˆ ਪਹਿਲਾਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ‘ਹੁਕਮ’ ਲਵੇ।” ਭਾਵ ਸੁੱਚੇ ਮੂੰਹ ‘ਹੁਕਮਨਾਮਾ’ ਲਵੇ। ਕੀ ਇਹ ਬ੍ਰਾਹਮਣਵਾਦੀ ਸੁਚੱਮ ਵਾਲਾ ਭਰਮ ਨਹੀਂ ਅਗਲੀਆਂ ਪੰਕਤੀਆਂ ਵਿੱਚ ਬੇਸ਼ਕ ਸਫਰ ਆਦਿ ਵੇਲੇ ਇਸ ਦੀ ਛੋਟ ਦਿੱਤੀ ਗਈ ਹੈ। ਪਰ ਐਸਾ ਭਰਮ ਫੈਲਾਉਣਾ ਹੀ ਕਿਉਂ?

(ੲ) ਗੁਰਮਤਿ ਕਿਸੇ ਦੂਜੇ ਕੋਲੋਂ ਆਪਣੀ ਖਾਤਰ ‘ਅਰਦਾਸ’ ਕਰਵਾਉਣ ਦੀ ਹਿਮਾਇਤ ਨਹੀਂ ਕਰਦੀ। ਹਰ ਜਾਗਰੂਕ ਸਿੱਖ ਭਲੀ-ਭਾਂਤੀ ਸਮਝਦਾ ਹੈ ਕਿ ਇਹ ਸਭ (ਕਿਸੇ ਹੋਰ ਕੋਲੋਂ ਅਰਦਾਸ ਕਰਵਾਉਣੀ ਆਦਿ) ਕਰਮਕਾਂਡ ਬ੍ਰਾਹਮਣਵਾਦ, ਪੂਜਾਰੀਵਾਦੀ ਦੀ ਰਹਿੰਦ-ਖੂੰਦ ਹਨ। ਪਰ ਇਸ ਰਹਿਤ ਮਰਿਯਾਦਾ ਨੇ ਤਾਂ ਅਰਦਾਸ ਨਾਲ ਪੈਸੇ ਦੀ ਸ਼ਰਤ ਜੋੜ ਕੇ ਇਸ ਪੁਜਾਰੀਵਾਦ ਦੀ ਖੁੱਲੀ ਹਿਮਾਇਤ ਕੀਤੀ ਹੈ। ਪੰਨਾ 19 ਉੱਪਰ, ਕੜ੍ਹਾਹ ਪ੍ਰਸ਼ਾਦਿ ਸਿਰਲੇਖ ਹੇਠ ਧਾਰਾ (ਸ) ਵਿੱਚ ਦਰਜ ਹੈ। ‘ਕੜ੍ਹਾਹ ਪ੍ਰਸ਼ਾਦਿ’ ਭੇਟਾ ਕਰਨ ਵੇਲੇ ਘੱਟ ਤੋਂ ਘੱਟ ਇੱਕ ਟਕਾ ਨਕਦ ਅਰਦਾਸ ਭੀ ਹੋਵੇ।

(ਸ) ਗੁਰਮਤਿ ਦਾ ਸਿਧਾਂਤ ਹੈ ਕਿ ਮਰਨ ਤੋਂ ਬਾਅਦ ਮ੍ਰਿਤਕ ਵਾਸਤੇ। ਧਰਮ ਦੇ ਨਾਂ ਉੱਤੇ ਕੀਤਾ ਗਿਆ ਕੋਈ ਵੀ ਕੰਮ ਕਰਮਕਾਂਡ ਹੈ। ਉਸਦਾ ਮ੍ਰਿਤਕ ਨੂੰ ਕੋਈ ਫਾਇਦਾ ਨਹੀਂ। ਗੁਰਬਾਣੀ ਤਾਂ ਇੱਥੋਂ ਤੱਕ ਕਹਿੰਦੀ ਹੈ ਕਿ ਮ੍ਰਿਤਕ ਸਰੀਰ ਨੂੰ ਭਾਵੇਂ ਚੰਦਨ ਲਗਾ ਲਿਆ ਜਾਵੇ ਤਾˆ ਉਸ ਉਸ ਨੂੰ ਕੋਈ ਫਾਇਦਾ ਨਹੀਂ। ਦੂਜੇ ਪਾਸੇ ਜੇ ਮ੍ਰਿਤਕ ਸਰੀਰ ਨੂੰ ਬਿਸਟਾ ਵਿੱਚ ਵੀ ਰੋਲ ਦਿੱਤਾ ਜਾਵੇ ਤਾਂ ਉਸਦਾ ਕੁੱਝ ਨਹੀਂ ਘਟਦਾ। ਕਿਉਂਕਿ ਮ੍ਰਿਤਕ ਸਰੀਰ ਤਾਂ ਮਿੱਟੀ ਦਾ ਢੇਰ ਹੈ। ਪਰ ਪੰਥ ਗੁਰੂ ਵੱਲੋਂ ਪ੍ਰਵਾਣਿਤ ਇਹ ਰਹਿਤ ਮਰਿਯਾਦਾ ਮ੍ਰਿਤਕ ਵਾਸਤੇ ਕਰਮਕਾਂਡ ਕਰਨ ਬ੍ਰਾਹਮਣੀ ਤਰਜ ਦਾ ਭਰਮ ਫੈਲਾਉਂਦੇ ਹੋਏ, ਪੰਨਾ 25 ਤੇ ਧਾਰਾ (ਹ) ਹੇਠ ਦੱਸਦੀ ਹੈ:

“ਘਰ ਆ ਕੇ ਜਾਂ ਲਾਗੇ ਦੇ ਗੁਰਦੁਆਰੇ ਵਿੱਚ ਪ੍ਰਾਣੀ (ਮ੍ਰਿਤਕ) ਨਮਿੱਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਪਾਠ ਰੱਖਿਆ ਜਾਵੇ।” ਨਾਲ ਹੀ ਦਿਨਾਂ ਦੀ ਗਿਣਤੀ ਮਿਣਤੀ ਕਰਕੇ ਕਰਮਕਾਂਡ ਕਰਨ ਦੇ ਬ੍ਰਾਹਮਣੀ ਸਿਧਾਂਤ ਦੀ ਪ੍ਰੋੜਤਾ ‘ਦਸਵੇਂ’ ਦਿਨ ਭੋਗ ਪਾਉਣ ਦੀ ਗੱਲ ਕਰਕੇ ਕਰਦੀ ਹੈ। ਅਗਲੀ ਪੰਕਤੀ ਵਿੱਚ ਭਾਵੇ ਸਬੰਧੀਆˆ ਦੀ ਸੌਖ ਵਾਲੀ ਮੱਦ ਵੀ ਪਾ ਦਿੰਤੀ ਹੈ। ਪਰ ਐਸਾ ਭੰਬਲਭੂਸਾ ਕਿਉਂ ਖੜ੍ਹਾ ਕਰਨਾ। ਦਸਵੇਂ ਦਿਨ ਵਾਲੀ ਗੱਲ ਆਈ ਹੀ ਕਿਉਂ? ਰਹਿਤ ਮਰਿਯਾਦਾ ਦੇ ਪੰਨਾ 18 ਉੱਪਰ ਭੋਗ ਸਿਰਲੇਖ ਹੇਠ ‘ਰਾਗਮਾਲਾ’ ਬਾਰੇ ਦਰਜ ਹੈ ਕਿ “ਇਸ ਗੱਲ ਬਾਬਤ (ਰਾਗਮਾਲਾ ਗੁਰਬਾਣੀ ਹੈ ਜਾਂ ਨਹੀਂ) ਪੰਥ ’ਚ ਅਜੇ ਤੱਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ” ਹੁਣ ਕੀ ‘ਗੁਰੂ’ ਵਿੱਚ ਮਤਭੇਦ ਹੋ ਸਕਦੇ ਹਨ? ਗੁਰੂ ਦਾ ਤਾਂ ਮਕਸਦ ਹੀ ਮਤਭੇਦ ਅਤੇ ਭੁਲੇਖੇ ਦੂਰ ਕਰਕੇ ‘ਸੱਚ’ ਨਾਲ ਜੋੜਨਾ ਹੁੰਦਾ ਹੈ। ਪਰ ਇਹ ਰਹਿਤ ਮਰਿਯਾਦਾ ਤਾਂ ਗੁਰੂ (ਪੰਥ) ਵਿੱਚ ਹੀ ਮਤਭੇਦ ਦੱਸ ਰਹੀ ਹੈ। ‘ਰਾਗਮਾਲਾ’ ਬਾਰੇ ਰਹਿਤ ਮਰਿਯਾਦਾ ਨਾਲ ਕੈਸੀ ਸਿਧਾਂਤਕ ਬੇਈਮਾਨੀ ਭਰੀ ਛੇੜ-ਛਾੜ ਕੀਤੀ ਗਈ (ਪੰਥ ਦੇ ਨਾਂ ਉੱਪਰ) ਉਸ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਮਰਹੂਮ ਗਿਆਨੀ ਗੁਰਦਿੱਤ ਸਿੰਘ ਜੀ ਦੀ ‘ਰਾਗਮਾਲਾ’ ਬਾਰੇ ਸਿਧਾਂਤਕ ਤੇ ਨਿਰਣਾਤਮਕ ਜਾਣਕਾਰੀ ਦਿੰਦੀ ਪੁਸਤਕ ‘ਮੁੰਦਾਵਣੀ’ ਪੜ੍ਹੀ ਜਾ ਸਕਦੀ ਹੈ।

ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਕੈਸਾ ‘ਗੁਰੂ’ (ਪੰਥ) ਹੈ, ਜੋ ਪਿਛਲੇ 250 ਸਾਲਾਂ ਵਿੱਚ ਮਤਭੇਦ (ਰਾਗਮਾਲਾ ਬਾਰੇ, ਦਸਮ ਗ੍ਰੰਥ ਬਾਰੇ) ਹੀ ਖਤਮ ਨਹੀਂ ਕਰ ਸਕਿਆ? ਇਸਦਾ ਜਵਾਬ ਸਿੱਧਾ ਤੇ ਸੱਚਾ ਹੈ ਕਿ ਪੰਥ ਕਦੀ ਗੁਰੂ ਨਹੀਂ ਸੀ, ਨਾ ਹੀ ‘ਪੰਥ ਗੁਰੂ’ ਹੋ ਸਕਦਾ ਹੈ। ਇਹ ‘ਗੁਰੂ ਦਾ ਪੰਥ’ ਸੀ, ਜਿਸ ਨੂੰ ਸਾਜਿਸ਼ ਅਧੀਨ ਗੁਰੂ-ਪੰਥ ਪ੍ਰਚਾਰ ਦਿੱਤਾ ਗਿਆ। ਹੁਣ ਇਸ ਵਿਚਾਰ ਨੂੰ ਸਮੇਟਦੇ ਹੋਏ ਰਹਿਤ ਮਰਿਯਾਦਾ ਦੇ ਮੁੱਖ ਸਵਾਲ ਨਿਤਨੇਮ ਅਤੇ ਅੰਮ੍ਰਿਤ ਸੰਚਾਰ (ਅਸਲ ਨਾਂ ਖੰਡੇ ਦੀ ਪਾਹੁਲ) ਦੇ ਸਮੇਂ ਪੜ੍ਹੀਆ ਜਾਣ ਵਾਲੀਆਂ ਬਾਣੀਆਂ ਅਤੇ ਹੋਰ ਰਚਨਾਵਾਂ (ਉਸ ਵਿੱਚੋਂ ਕੁੱਝ ਕੁੱਝ ਕੱਚੀਆਂ ਹਨ ਤਾਂ ਹੀ ਬਾਣੀ ਨਹੀਂ ਲਿਖਿਆ) ਬਾਰੇ ਵਿਚਾਰ ਕਰਦੇ ਹਾਂ। ਖਾਸਕਰ ਉਨ੍ਹਾਂ ਰਚਨਾਵਾਂ ਜੋ ਦਸਮ ਗ੍ਰੰਥ ਦਾ ਹਿੱਸਾ ਹਨ। ਗੁਰਮਤਿ ਦੇ ਖੇਤਰ ਵਿੱਚ ਹੋਈਆਂ ਖੋਜਾਂ ਰਾਹੀਂ ਕੁੱਝ ਵਿਦਵਾਨਾਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਪ੍ਰਚਲਿਤ ‘ਦਸਮ ਗ੍ਰੰਥ’ ਦੀ ਕੋਈ ਵੀ ਰਚਨਾ ਦਸਵੇਂ ਨਾਨਕ ਦੀ ਕ੍ਰਿਤ ਨਹੀਂ ਹੈ। ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੀਆˆ ਦੋ ਪੁਸਤਕਾˆ ‘ਦਸਮ ਗ੍ਰੰਥ ਦੀ ਵਿਚਾਰ- ਗੁਰੂ ਗ੍ਰੰਥ ਸਾਹਿਬ ਜੀ’ ਦੀ ਕਸਵੱਟੀ ’ਤੇ (ਸ. ਗੁਰਮੁਖ ਸਿੰਘ ਜੀ, ਨਵੀਂ ਦਿੱਲੀ), ਅਤੇ ‘ਦਸਮ ਗ੍ਰੰਥ ਦੀ ਅਸਲੀਅਤ’ (ਦਲਬੀਰ ਸਿੰਘ ਜੀ ਦਿੱਲੀ ਵਾਲੇ) ਨੇ ਅਹਿਮ ਯੋਗਦਾਨ ਪਾਇਆ ਹੈ। ਬਿਲਕੁਲ ਸੰਖੇਪ ਵਿੱਚ, ਆਮ ਮਨੁੱਖ ਦੀ ਸਮਝ ਆ ਸਕਣ ਵਾਲੀ (ਜੇ ਉਹ ਸੱਚ ਸਮਝਣਾ ਚਾਹੇ ਤਾਂ), ਕੁੱਝ ਦਲੀਲਾਂ ਹੇਠ ਲਿਖੀਆਂ ਹਨ, ਜੋ ਇਹ ਗੱਲ ਸਾਬਿਤ ਕਰਨ ਲਈ ਕਾਫੀ ਹਨ ਕਿ ਦਸਮ ਗ੍ਰੰਥ ਦੀ ਕੋਈ ਵੀ ਰਚਨਾ ਦਸਵੇਂ ਨਾਨਕ ਦੀ ਕ੍ਰਿਤ ਨਹੀਂ।

1) ਜਿੰਨੇ ਵੀ ‘ਨਾਨਕ ਸਰੂਪਾਂ’ ਨੇ ਬਾਣੀ ਰਚੀ (ਕੁੱਲ ਛੇ) ਉਨ੍ਹਾਂ ਨੇ ‘ਨਾਨਕ ਛਾਪ’ ਦੀ ਹੀ ਵਰਤੋਂ ਕੀਤੀ। ਇਹ ਦਰਸਾਉਂਦਾ ਹੈ ਕਿ ਉਨ੍ਹਾਂ ਵਿੱਚ ਇੱਕੋ ਵਿਚਾਰਧਾਰਕ ਜੋਤ ਸੀ। ‘ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ’ ਵਾਲਾ ਸਿਧਾਂਤ ਹੀ ਲਾਗੂ ਸੀ। ਕੀ ਕਾਰਨ ਸੀ ਕਿ ਦਸਵੇਂ ਨਾਨਕ ਨੇ ‘ਨਾਨਕ ਛਾਪ’ ਦਾ ਤਿਆਗ ਕਰਕੇ ਬਾਣੀ ਰਚੀ? ਕੀ ਇਸਦਾ ਮਤਲਬ ਇਹ ਮੰਨ ਲੈਣਾ ਨਹੀਂ ਕਿ ਕਿ ਪਾਤਸ਼ਾਹ ਵਿੱਚ ‘ਨਾਨਕ’ (ਵਿਚਾਰਧਾਰਕ) ਜੋਤ ਨਹੀਂ ਸੀ? ਦਸਮ ਗ੍ਰੰਥ ਨੂੰ ਗੋਬਿੰਦ ਸਿੰਘ ਪਾਤਸ਼ਾਹ ਕ੍ਰਿਤ ਮੰਨ ਲੈਣ ਦਾ (ਭਾਵੇਂ ਪੂਰਾ ਭਾਵੇਂ ਕੁੱਝ ਰਚਨਾਵਾਂ) ਦਾ ਮਤਲਬ ਸਪਸ਼ਟ ਇਹੀ ਨਿਕਲਦਾ ਹੈ। ਕੀ ਗੋਬਿੰਦ ਸਿੰਘ ਜੀ ਨੂੰ ‘ਨਾਨਕ ਜੋਤ’ ਤੋਂ ਅਲੱਗ ਸਮਝਣ ਵਾਲਾ ਸੱਚਾ ਸਿੱਖ ਹੋ ਸਕਦਾ ਹੈ? ਬਿਲਕੁਲ ਨਹੀਂ। ਪਰ ਦਸਮ ਗ੍ਰੰਥ ਦੀ ਕਿਸੇ ਵੀ ਰਚਨਾਂ ਨੂੰ ਦਸਮੇਸ਼ ਕ੍ਰਿਤ ਮੰਨਣ ਵਾਲਾ ਸਿੱਖ ਉਨ੍ਹਾਂ ਨੂੰ ਨਾਨਕ ਜੋਤ ਤੋਂ ਵੱਖ ਵਿਖਾਉਣ ਦਾ ਕੁਕਰਮ ਕਰ ਰਿਹਾ। ਹੈ।

2) ਦਸਮੇਸ਼ ਜੀ ਨੇ ਅਰਜਨ ਪਾਤਸ਼ਾਹ ਵੱਲੋਂ ਸੰਪਾਦਿਤ ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਯੋਗ ਥਾਂ ਉੱਪਰ ‘ਨੌਵੇਂ ਨਾਨਕ’ ਜੀ ਦੀ ਰਚਨਾ ਚੜ੍ਹਾ ਕੇ ਇਸ ਨੂੰ ਸੰਪਰੂਨਤਾ ਬਖਸ਼ੀ। ਜੇ ਦਸਮੇਸ਼ ਜੀ ਨੇ ਕੋਈ ਬਾਣੀ ਰਚੀ ਹੁੰਦੀ ਤਾਂ ਉਹ ਵੀ ਨਾਲ ਹੀ ‘ਗੁਰੂ ਗ੍ਰੰਥ ਸਹਿਬ ਜੀ’ ਵਿੱਚ ਚੜ੍ਹਾ ਜਾਂਦੇ। ਕੁੱਝ ਸਿੱਖ ਇਸ ਦਲੀਲ ਨੂੰ ਕੱਟਣ ਲਈ ਇਹ ਜਵਾਬ ਦਿੰਦੇ ਹਨ ਕਿ ਦਸਮੇਸ਼ ਜੀ ਨੇ ਪਹਿਲੇ ਨਾਨਕ ਸਰੂਪਾਂ ਦਾ ਸਤਿਕਾਰ ਕਰਦੇ ਹੋਏ, ਆਪਣੀ ਬਾਣੀ ਉਨ੍ਹਾਂ ਬਰਾਬਰ ਨਹੀਂ ਚੜ੍ਹਾਈ। ਉਨ੍ਹਾਂ ਸਿੱਖਾਂ ਨੂੰ ਸਾਡਾ ਸਨਿਮਰ ਸਵਾਲ ਹੈ ਕਿ ਇਸਦਾ ਮਤਲਬ ਇਹ ਨਹੀਂ ਨਿਕਲਦਾ ਕਿ ਪੰਜਵੇਂ ਨਾਨਕ ਜੀ ਨੇ ਪਹਿਲੇ ਚਾਰ ਨਾਨਕ ਸਰੂਪਾਂ ਦੇ ਬਰਾਬਰ ਆਪਣੀ ਬਾਣੀ ਚੜ੍ਹਾ ਦੇ ਉਨ੍ਹਾਂ ਦਾ ਅਪਮਾਨ ਕੀਤਾ ਸੀ? ਕੀ ਐਸਾ ਮੰਨਣ ਜਾਂ ਪ੍ਰਚਾਰਨ ਵਾਲਾ ਸੱਚਾ ਤੇ ਸੁਹਿਰਦ ਸਿੱਖ ਹੋ ਸਕਦਾ ਹੈ?

3) ਜੇ ਇਹ ਸੱਚ ਮੰਨ ਲਿਆ ਜਾਵੇ ਕਿ ਦਸਮੇਸ਼ ਜੀ ਨੇ ਕੋਈ ਬਾਣੀ ਨਹੀਂ ਰਚੀ ਤਾਂ ਕੀ ਉਨ੍ਹਾਂ ਦੀ ਮਹਾਨਤਾ ਘੱਟ ਜਾਂਦੀ ਹੈ? ਬਿਲਕੁਲ ਨਹੀਂ। ਛੇਵੇਂ, ਸੱਤਵੇਂ, ਅੱਠਵੇਂ ਨਾਨਕ ਜਾਮੇਂ ਨੇ ਕੋਈ ਬਾਣੀ ਨਹੀਂ ਰਚੀ। ਕੀ ਉਨ੍ਹਾਂ ਦੀ ਮਹਾਨਤਾ ਕੁੱਝ ਘਟ ਜਾਂਦੀ ਹੈ? ਬਿਲਕੁਲ ਨਹੀਂ। ਫੇਰ ਅਸੀਂ ਕਿਉਂ ਇਹ ਸਿੱਧ ਕਰਨ ਲਈ ਬਜ਼ਿੱਦ ਹਾਂ ਕਿ ਦਸਮੇਸ਼ ਜੀ ਨੇ ਬਾਣੀ ਰਚੀ? ਭਾਵੇਂ ਇਸ ਵਾਸਤੇ ਸਾਨੂੰ ਦਸਮੇਸ਼ ਜੀ ਦੇ ਨਾਂ ਨਾਲ ਤ੍ਰਿਆ ਚਰਿੱਤਰ, ਹਕਾਇਤਾਂ, ਚੌਬੀਸ ਅਵਤਾਰ ਆਦਿ ਅਸ਼ਲੀਲ ਅਤੇ ਬ੍ਰਾਹਮਣਵਾਦ ਨਾਲ ਭਰਪੂਰ ਗੈਰ ਸਿਧਾਂਤਕ ਰਚਨਾਵਾਂ ਹੀ ਕਿਉਂ ਨਾ ਮੰਨਣੀਆਂ ਪੈਣ? ਕੀ ਐਸਾ ਕਰਨ ਵਾਲਾ ਸੱਚਾ ਸਿੱਖ ਹੋ ਸਕਦਾ ਹੈ? ਵੈਸੇ ਵੀ ਦਸਮ ਗ੍ਰੰਥ ਦੀ ਕੋਈ ਵੀ ਰਚਨਾ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਕਸਵੱਟੀ ਉੱਤੇ ਪੂਰੀ ਤਰ੍ਹਾਂ ਖਰੀ ਨਹੀਂ ਉਤਰਦੀ।

ਹੁਣ ਗੱਲ ਕਰਦੇ ਹਾਂ ਮੁੱਖ ਮੁੱਦੇ ਤੇ। ਉਹ ਹੈ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਵਲੇ ਪੜ੍ਹੀਆਂ ਜਾਂਦੀਆਂ ਦਸਮ ਗ੍ਰੰਥ ਦੀਆਂ ਰਚਨਾਵਾਂ ਦੀ। ਇਹ ਹਨ ‘ਜਾਪੁ’, 10 ਸਵੱਯੇ, ‘ਬੇਨਤੀ ਚੌਪਈ’ (ਸਵੱਯੇ ਤੇ ਦੋਹਰੇ ਸਮੇਤ)। ਇਸ ਵਿੱਚ ਚੰਡੀ ਚਰਿੱਤਰ ਦਾ ਉਹ ਬੰਦ ਵੀ ਸ਼ਾਮਿਲ ਹੈ, ਜਿਹੜਾ ਪ੍ਰਚਲਿਤ ਅਰਦਾਸ ਦੇ ਸ਼ੁਰੂ ਵਿੱਚ ਪੜ੍ਹਿਆ ਜਾਂਦਾ ਹੈ। ਇਨ੍ਹਾਂ ਰਚਨਾਵਾਂ ਨੂੰ ‘ਪੰਥ ਗੁਰੂ’ ਤੋਂ ਪ੍ਰਵਾਣਿਤ ਮੰਨਿਆ ਤੇ ਪ੍ਰਚਾਰਿਆ ਜਾ ਰਿਹਾ ਹੈ। ਖਾਸਕਰ ਇਸ ਲਈ ਕਿਉਂਕਿ ਇਹ ਅਕਾਲ ਤਖਤ ਵੱਲੋਂ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਦਾ ਹਿੱਸਾ ਹਨ।

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ‘ਸੋ ਦਰੁ’ ਵਿੱਚ ਸ਼ਾਮਿਲ ਕੀਤੀ ਗਈ ‘ਬੇਨਤੀ ਚੌਪਈ’ ਬਾਰੇ। ਇਹ ‘ਬੇਨਤੀ ਚੌਪਈ’ ਤ੍ਰਿਆ ਚਰਿੱਤਰ ਰਚਨਾ ਦੇ ਆਖਿਰੀ ਚਰਿੱਤਰ (ਜੋ ਕਿ ਮਹਾਂਕਾਲ ਦਾ ਚਰਿੱਤਰ ਹੈ) ਵਿੱਚ ਬੰਦ ਨੰ: 377 ਤੋਂ ਲੈ ਕੇ 401 ਤੱਕ ਲਈ ਗਈ ਹੈ। ਇਹ ‘ਹਮਰੀ ਕਰੋ ਹਾਥ ਦੇ ਰੱਛਾ’ (377 ਵਾˆ ਬੰਦ) ਤੋਂ ਸ਼ੁਰੂ ਹੁੰਦੀ ਹੈ ਤੇ ‘ਦੁਸਟ ਦੋਖ ਤੇ ਲੇਹੁ ਬਚਾਈ’ (401 ਵੇਂ ਬੰਦ) ਤੇ ਖਤਮ ਹੁੰਦੀ ਹੈ। ਕੁੱਲ 25 ਬੰਦ ਹਨ। ਮੌਜੂਦਾ ਸਮੇਂ ਵਿੱਚ ਤੱਤ ਗੁਰਮਤਿ ਨੂੰ ਪ੍ਰਣਾਏ ਪੰਥ ਦਰਦੀਆਂ ਵੱਲੋਂ ਅਖੌਤੀ ਦਸਮ ਗ੍ਰੰਥ ਦੇ ਗੁਰਮਤਿ ਵਿਰੋਧੀ ਹੋਣ ਦੀ ਸਚਾਈ ਬਾਰੇ ਕੀਤੇ ਜਾ ਰਹੇ ਪ੍ਰਚਾਰ ਸਦਕਾ ਹਰ ਜਾਗਰੂਕ (ਸੱਚ ਸਮਝਣ ਦੇ ਚਾਹਵਾਨ) ਸਿੱਖ ਨੂੰ ਇਹ ਸਪਸ਼ਟ ਹੋ ਗਿਆ ਹੈ ਕਿ ਇਹ ਤ੍ਰਿਆ ਚਰਿੱਤਰ ਰਚਨਾ ਅਤਿ ਅਸ਼ਲੀਲ ਅਤੇ ਗੁਰਮਤਿ ਵਿਰੋਧੀ ਹੈ। ਇਸ ਨੂੰ ਇੱਕ ਪਰਿਵਾਰ ਵਿੱਚ ਬੈਠ ਕੇ ਪੜ੍ਹਨਾ ਵੀ ਸੰਭਵ ਨਹੀਂ ਹੈ। ਅਸਲ ਵਿੱਚ ਇਹ ਸਾਕਤ ਮਤ ਦੇ ਕਵੀ ਸਿਆਮ ਦੀ ਰਚਨਾ ਹੈ। ਸਾਕਤ ਮੱਤ ਨਸ਼ਿਆਂ, ਕਾਮ ਆਦਿਕ ਚੀਜ਼ਾਂ ਨੂੰ ਭਗਤੀ ਦਾ ਹਿੱਸਾ ਸਮਝਦਾ ਹੈ। ਇਹ ਮੱਤ ਚੰਡੀ ਦੇਵੀ (ਜਿਸ ਦੇ ਹੋਰ ਵੀ ਕਈ ਨਾਂ ਪ੍ਰਚਲਿਤ ਹਨ) ਅਤੇ ਮਹਾਂਕਾਲ ਨੂੰ ਆਪਣਾ ਇਸ਼ਟ ਮੰਨਦਾ ਹੈ। ਇਹ ਮੱਤ ਬ੍ਰਾਹਮਣਵਾਦੀ ਵਿਚਾਰਧਾਰਾ ਦੀ ਹੀ ਇੱਕ ਸ਼ਾਖ ਹੈ। ਦਸਮ ਗ੍ਰੰਥ ਦੀਆਂ ਜ਼ਿਆਦਾਤਰ ਰਚਨਾਵਾਂ ਦੇ ਸਾਕਤਮਤੀ ਕਵੀਆਂ ਰਾਮ ਅਤੇ ਸ਼ਿਆਮ ਦੀਆਂ ਹੀ ਉਚਾਰਨ ਕੀਤੀਆਂ ਹੋਈਆਂ ਹਨ।

ਗੱਲ ਕਰਦੇ ਹਾਂ ‘ਪੰਥ ਪ੍ਰਵਾਣਿਤ’ ‘ਬੇਨਤੀ ਚੌਪਈ’ ਦੀ। ਕਿਸੇ ਰਚਨਾਂ ਵਿੱਚੋਂ ਮਨਮਰਜੀ ਦੇ ਕੁੱਝ ਬੰਦ ਚੁੱਕ ਲੈਣਾ ਕਿੱਥੋਂ ਦੀ ਸੁਹਰਿਦਤਾ ਹੈ? ਐਸੀ ਅਸ਼ਲੀਲ ਅਤੇ ਬ੍ਰਾਹਮਣਵਾਦੀ ਰਚਨਾ (ਤ੍ਰਿਆ ਚਰਿੱਤਰ) ਦੇ ਕੁੱਝ ਬੰਦ ਗੁਰਮਤਿ ਅਨੁਸਾਰੀ ਕਿਵੇਂ ਹੋ ਗਏ? ਅਸਲ ਰਚਨਾ ਵਿੱਚ ‘ਬੇਨਤੀ ਚੌਪਈ’ ਦੇ ਬੰਦਾਂ ਦੇ ਨੰ: 377 ਤੋਂ 401 ਤੱਕ ਹਨ। ਪਰ ਇਹ ਨਿਤਨੇਮ ਦੇ ਗੁਟਕਿਆਂ ਵਿੱਚ 1 ਤੋਂ 25 ਕਿਵੇਂ ਹੋ ਗਏ? ਐਸੀ ਖਿੱਚ ਧੂਹ ਕਿਉਂ? ਪੰਥ (ਗੁਰੂ) ਨੂੰ ਕਿਸ ਨੇ ਹੱਕ ਦਿੱਤਾ ਕਿ ਕਿਸੇ ਰਚਨਾ ਦੀ ਮਨਮਰਜੀ ਅਨੁਸਾਰ ਤਰੋੜ ਮਰੋੜ ਕਰਨ ਦਾ? ਜੇ ਅੱਜ ਕਵੀ ਸ਼ਿਆਮ ਜਿੰਦਾ ਹੁੰਦਾ (ਜਾਂ ਉਸਦਾ ਕੋਈ ਵਾਰਸ ਜਿੰਦਾ ਹੋਵੇ) ਤਾਂ ਉਸ ਨੇ ਐਸੀ ਬੇਦਲੀਲੀ ਤੇ ਸ਼ਰਾਰਤਪੂਰਨ ਕੱਟ ਵੱਢ ਵਾਲੀ (ਛੇੜ-ਛਾੜ) ਹਰਕਤ ਲਈ ਇਸੇ ਪੰਥ ਤੇ ‘ਅਦਾਲਤ’ ਵਿੱਚ ਮੁਕੱਦਮਾ ਠੋਕ ਦੇਣਾ ਸੀ? ਹੋ ਸਕਦਾ ਹੈ ਫੇਰ ਅਦਾਲਤ ਸਿੱਖਾˆ ਦੇ ਇਸ ‘ਬੇਨਤੀ ਚੌਪਈ’ ਵਾਲੇ ਨਿਤਨੇਮ ਦੇ ਪਾਬੰਦੀ ਲਾ ਦਿੰਦੀ? ਜਾਂ ਫੇਰ ਉਸ ਨੂੰ ਪੂਰਾ ਤ੍ਰਿਆ ਚਰਿੱਤਰ (ਜਾਂ ਫੇਰ ਸਿਰਫ ਪੂਰਾ ਮਹਾਂਕਾਲ ਵਾਲਾ ਚਰਿੱਤਰ) ਹੀ ਨਿਤਨੇਮ ਵਜੋਂ ਪੜ੍ਹਨ ਦਾ ਹੁਕਮ ਦਿੰਦੀ? ਤ੍ਰਿਆ ਚਰਿੱਤਰ ਦੇ ਜਿਸ ਹਿੱਸੇ ਵਿੱਚ ‘ਬੇਨਤੀ ਚੌਪਈ’ ਆਉਂਦੀ ਹੈ, ਉਸ ਦੇ ਨੇੜੇ ਤੇੜੇ ਵੀ ਕਿਧਰੇ ‘ਪਾਤਸ਼ਾਹੀ 10’ ਲਿਖਿਆ ਨਹੀਂ ਮਿਲਦਾ। ਫੇਰ ਇਸ ਆਪੂੰ ਬਣੇ ਬੈਠੇ ਗੁਰੂ ‘ਪੰਥ’ ਨੂੰ ਕਿਸ ਨੇ ਅਧਿਕਾਰ ਦਿੱਤਾ ਕਿ ‘ਬੇਨਤੀ ਚੌਪਈ’ ਨਾਲ ‘ਪਾਤਸ਼ਾਹੀ 10’ ਲਿਖਣ ਦਾ? ਹੈ ਕੋਈ ਜਵਾਬ?

ਧੱਕੇ ਨਾਲ ਹੀ ‘ਮਹਾਂਕਾਲ’ ਅਤੇ ‘ਅਸਿਧੁਜ’ ਦੇ ਅਰਥ ‘ਅਕਾਲ ਪੁਰਖ’ ਕਰਨ ਵਾਲੇ ਵਿਦਵਾਨਾਂ ਅਤੇ ਆਮ ਸਿੱਖਾਂ ਦੀ ਸਪਸ਼ਟਤਾ ਵਾਸਤੇ (ਜੇ ਉਹ ਸਪਸ਼ਟ ਹੋਣਾ ਚਾਹੁਣ) ਇਸੇ ਰਚਨਾਂ ਵਿੱਚੋਂ ‘ਅਧਿਸੁਜ’ ਅਤੇ ‘ਮਹਾਕਾਲ’ ਦੇ ਸਰੂਪ ਬਾਰੇ ਜਾਣ ਲੈਂਦੇ ਹਾਂ। ਤ੍ਰਿਆ ਚਰਿੱਤਰ ਦੇ ਇਸੇ 404 ਨੰ: (ਜਿਸ ਵਿਚੋਂ ਇਹ ‘ਬੇਨਤੀ ਚੌਪਈ’ ਬੜੇ ਬੇਈਮਾਨੀ ਭਰੇ ਸਾਜਸ਼ੀ ਢੰਗ ਨਾਲ ਚੋਰੀ ਕੀਤੀ ਗਈ ਹੈ) ਦੇ ਬੰਦ ਨੰ: 362 ਨੂੰ ਪੜ੍ਹੋ। ਬੰਦ ਹੈ:

ਮਹਾਕਾਲ ਪੁਨਿ ਜਿਸ ਮੈ ਕੋਪਾ। ਧਨੁਖ ਟੰਕੋਰਿ, ਬਹੁਰ ਰਨ ਰੋਪਾ।।

ਏਕ ਬਾਨ ਤੇ ਧੁਜਹਿ ਗਿਰਾਯੋ।। ਦੂਤੀਸ ਸ਼ਤ੍ਰ ਦੇ ਸੀਸ ਉਡਾਯੋ।।362.।।

ਅਰਥ: ਇਹ ਮਹਾਕਾਲ ਦੇ ਸੁਆਸ ਬੀਜ ਦੇ ਯੁੱਧ ਦਾ ਬਿਆਨ ਹੈ। ਇਸ ਬੰਦ ਦੇ ਅਰਥ ਹਨ।

ਮਹਾਂਕਾਲ ਨੇ ਦੁਬਾਰਾ ਮਨ ਵਿੱਚ ਬਹੁਤ ਕ੍ਰੋਧ ਕੀਤਾ। ਧਨੁੱਖ ਦੇ ਚਿੱਲੇ ਦੀ ਟੰਕਾਰ ਕੀਤੀ (ਭਾਵ ਉਸ ਨੂੰ ਤਿਆਰ ਕੀਤਾ) ਬੜਾ ਭਾਰੀ ਯੁੱਧ ਮਚਾਇਆ। ਇੱਕ ਤੀਰ ਨਾਲ ਸਵਾਬ ਬੀਜ ਦੇ ਰੱਥ ਦਾ ਝੰਡਾ ਗਿਰਾ ਦਿੱਤਾ। ਦੂਜੇ ਤੀਰ ਨਾਲ ਦੁਸ਼ਮਣ (ਸਵਾਸਬੀਜ) ਦਾ ਸਿਰ ਉਡਾ ਦਿੱਤਾ।

ਇਹ ਹੈ, ਮਹਾਂਕਾਲ ਦਾ ਕਵੀ ਅਨੁਸਾਰ ਸਹੀ ਰੂਪ। ਜਾਗਰੂਕ ਸਮਝੇ ਜਾਂਦੇ ਵਿਦਵਾਨ! (ਖਾਸਕਰ ਜੋ ਇਹੋ ਜਿਹੀਆਂ ਪੰਥ ਪ੍ਰਵਾਨਿਤ ਕੱਚੀਆਂ ਬਾਣੀਆਂ ਤੋਂ ਬਿਨਾ ਕੌਮ ਦਾ ਬਚਣਾ ਅਸੰਭਵ ਸਮਝਦੇ ਹਨ ਤੇ ਪ੍ਰਚੱਲਤ ਰਹਿਤ ਮਰਿਯਾਦਾ ਨੂੰ ਇੰਨ-ਬਿੰਨ ਮੰਨਣ ਦੀ ਬੇਦਲੀਲੀ, ਸਿਧਾਂਤ ਵਿਰੋਧੀ ਜ਼ਿੱਦ ਫੜੀ ਬੈਠੇ ਹਨ) ਕੀ ਗੁਰਮਤਿ ਅਨੁਸਾਰ ਦੱਸਿਆ ਅਕਾਲ ਪੁਰਖ ਯੁੱਧ ਵਿੱਚ ਤੀਰ ਕਮਾਨ ਚਲਾਉˆਦਾ ਹੈ? ਬਹੁਤ ਕ੍ਰੋਧਵਾਨ ਹੈ?

ਪਰ ਗੁਰਬਾਣੀ (ਗੁਰੂ ਗ੍ਰੰਥ ਸਾਹਿਬ ਜੀ) ਤਾਂ ਉਸ ਨੂੰ ਨਿਰਾਕਾਰ, ਅਜੂਨੀ ਤੇ ਮਿੱਠਬੋਲੜਾ ਦੱਸਦੇ ਹਨ। ਹੈ ਕੋਈ ਜਵਾਬ? ਜਾਣ ਬੁੱਝ ਕੇ ਗਲਤ ਸੋਚ ਰੱਖਣ ਵਾਲਿਆਂ ਪ੍ਰਤੀ ਗੁਰਵਾਕ ਹੈ:

ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ (ਗੁਰੂ ਗ੍ਰੰਥ ਸਾਹਿਬ ਜੀ) ਆਉ ਤੁਹਾਡੇ ਵੱਲੋਂ ‘ਬੇਨਤੀ ਚੌਪਈ’ ਰਾਹੀਂ ਪ੍ਰਚਾਰੇ ਜਾ ਰਹੇ ਅਕਾਲ ਪੁਰਖ (ਅਸਿਕੇਤ, ਅਧਿਸੁਜ) ਦੇ ਸਰੂਪ ਦੇ ਦਰਸ਼ਨ ਵੀ ਇਸੇ ਰਚਨਾ ਤੋਂ ਕਰ ਲੈਂਦੇ ਹਾਂ। ਇਸੇ ਚਰਿੱਤਰ ਦਾ 374 ਨੰਬਰ ਬੰਦ ਪੜ੍ਹੋ। ਬੰਦ ਹੈ:

ਬਹੁਰ ਅਸੁਰ ਕਾ ਕਾਟਸਿ ਮਾਥਾ।। ਸ੍ਰੀ ਅਸਕੇਤਿ ਜਗਤ ਕੇ ਨਾਥਾ।।

ਦੁਤਿਯ ਬਾਨ ਸੈ, ਦੇਉ ਅਰਿ ਕਰ।। ਕਾਟਿ ਦਯੋ ਅਸਿਧੁ ਨਰ ਨਾਹਰ।।

ਅਰਥ: ਫੇਰ ਜਗਤ ਦੇ ਮਾਲਕ ਸ੍ਰੀ ਅਸਿਕੇਤ (ਤਲਵਾਰ ਦੇ ਨਿਸ਼ਾਨ ਵਾਲੇ ਝੰਡੇ ਦਾ ਮਾਲਕ) ਨੇ ਰਾਕਸ਼ (ਅਸੁਰ) ਦਾ ਮੱਥਾ (ਸਿਰ) ਕੱਟ ਦਿੱਤਾ। ਕੀ ਗੁਰਮਤਿ ਦਾ ਅਕਾਲ ਪੁਰਖ ਯੁੱਧ ਵਿੱਚ ਤਲਵਾਰ ਚਲਾਉਂਦਾ ਹੈ? ਕੀ ਉਹ ਪੂਰੇ ਜਗਤ ਦਾ ਮਾਲਕ ਹੈ ਜਾਂ ਸਿਰਫ ਇੱਕ ਤਲਵਾਰ ਵਾਲੇ ਨਿਸ਼ਾਨ ਦੇ ਝੰਡੇ ਦਾ? ਇਸ ਗੱਲ ਦਾ ਕੀ ਜਵਾਬ ਦਿੱਤਾ ਜਾ ਸਕਦਾ ਹੈ?

ਕੀ ਐਸੇ ਯੁੱਧਾਂ ਵਿੱਚ ਤਲਵਾਰ ਅਤੇ ਤੀਰ ਚਲਾਉਣ ਵਾਲੇ ਨੂੰ ਦਸਮੇਸ਼ ਜੀ ਆਪਣਾ ਇਸ਼ਟ ਮੰਨਦੇ ਹਨ? ਪਰ ਪੰਥ ਪ੍ਰਵਾਣਿਤ ਬਾਣੀ ਤਾਂ ਇਹੀ ਪ੍ਰਚਾਰ ਰਹੀ ਹੈ। ਭਾਵ ਪ੍ਰਚਲਿਤ ਰਹਿਤ ਮਰਿਯਾਦਾ ਇਹੀ ਪ੍ਰਚਾਰ ਰਹੀ ਹੈ। ਹੁਣ ਅਸੀਂ ਇਸ ਪੰਥ ਪ੍ਰਵਾਣਿਕਤਾ ਤੇ ਰਹਿਤ ਮਰਿਯਾਦਾ ਦੇ ਅੱਗੇ ਸਿਰ ਝੁਕਾ ਕੇ (ਸਤਿ ਬਚਨ ਕਹਿ ਕੇ) ਦਸਮੇਸ਼ ਜੀ ਨੂੰ ਹੀ ਸਿਧਾਂਤ ਵਿਰੋਧੀ (ਲਿਖਤਾਂ ਦਾ ਰਚਨਾਕਾਰ) ਮੰਨ ਲਈਏ? ਕਿਸ ਕੰਮ ਦੀ ਇਹੋ ਜਿਹੀ ਪੰਥ ਪ੍ਰਵਾਣਿਕਤਾ। ਸਾਡੇ ਵਾਸਤੇ ‘ਗੁਰੂ’ ਜ਼ਿਆਦਾ ਮਾਇਨੇ ਰੱਖਦਾ ਹੈ ਜਾਂ ‘ਪੰਥ ਪ੍ਰਵਾਣਿਕਤਾ’ (ਰਹਿਤ ਮਰਿਯਾਦਾ)? ਸਭ ਤੋਂ ਜ਼ਰੂਰੀ ਗੱਲ ਸਾਡੀ ਰਹਿਤ ਮਰਿਯਾਦਾ, ਸਾਡੀ ਜੀਵਨ ਜਾਚ ਗੁਰੂ ਪ੍ਰਵਾਣਿਤ ਹੋਵੇ ਜਾਂ ਪੰਥ ਪ੍ਰਵਾਣਿਤ? ਅਸੀਂ ਤਾਂ ਗੁਰੂ (ਗ੍ਰੰਥ ਸਾਹਿਬ) ਪ੍ਰਵਾਨਿਤ ਹੋਣ ਨੂੰ ਹੀ ਜ਼ਰੂਰੀ ਸਮਝਦੇ ਹਾਂ। ਜਿਹੜੀ ਪੰਥ ਪ੍ਰਵਾਣਿਕਤਾ ਦਸਮੇਸ਼ ਨੂੰ ਸਿਧਾਂਤ ਵਿਰੋਧੀ ਦਰਸਾਉਂਦੀ ਹੋਵੇ, ਉਸ ਤੋਂ ਅਸੀਂ ਸਪਸ਼ਟ ਇਨਕਾਰੀ, ਮੁਨਕਰ ਹਾਂ। ਛੇਕਣਾ ਹੈ ਤਾਂ ਛੇਕ ਦੇਵੋ ਆਪਣੇ ‘ਪੰਥ ਗੁਰੂ’ ਵਿਚੋਂ। ਗੁਰੂ ਨਾਲ ਨਿਭਣੀ ਚਾਹੀਦੀ ਹੈ ਭਾਵੇਂ ਹੋਰ ਕਿਸੇ ਨਾਲ ਨਾ ਨਿਭੇ। (ਫੇਰ ਉਹ ਚਾਹੇ ਅਖੌਤੀ ‘ਪੰਥ’ ਹੀ ਕਿਉਂ ਨਾ ਹੋਵੇ)

‘ਸੋ ਦਰੁ’ ਦੀ ਬਾਣੀ ਵਿੱਚ ਜੋੜੀ ਗਈ ‘ਬੇਨਤੀ ਚੌਪਈ’ ਦੇ ਅੰਤ ਵਿੱਚ ਇੱਕ ਸਵੈਯਾ ‘ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਖ ਤਰੈ ਨਹੀ ਆਨਯੋ’ ਵੀ ਪੜ੍ਹਿਆ ਜਾਂਦਾ ਹੈ। ਇਹ ਸਵੈਯਾ ਅਖੌਤੀ ਦਸਮ ਗ੍ਰੰਥ ਦੀ ਹੀ ਇੱਕ ਰਚਨਾ ‘ਚੌਵੀ ਅਵਤਾਰ’ ਦੇ ਰਾਮ ਅਵਤਾਰ ਵਾਲੇ ਹਿੱਸੇ ਵਿਚੋਂ ਲਿਆ ਗਿਆ ਹੈ। ਇਸ ਵਿੱਚ ਉਸੇ ਮਹਾਂਕਾਲ ਦੀ ਹੀ ਉਸਤਤ ਕੀਤੀ ਗਈ ਹੈ। ਉਸ ਦੇ ਸਾਹਮਣੇ ਰਾਮ, ਕ੍ਰਿਸ਼ਨ ਆਦਿ ਨੂੰ ਤੁੱਛ ਦੱਸਿਆ ਗਿਆ ਹੈ। ਇਹੀ ਆਮ ਬ੍ਰਾਹਮਣੀ ਮੱਤ ਹੈ। ਇੱਥੇ ਅਨੇਕਾਂ ਇਸ਼ਟ ਹਨ। ਜਦ ਕੋਈ ਮਨੁੱਖ ਕਿਸੇ ਇੱਕ ਇਸ਼ਟ ਦੀ ਉਸਤਤ ਕਰਦਾ ਹੈ ਤਾਂ ਬਾਕੀਆਂ ਨੂੰ ਤੁੱਛ ਜਾਂ ਨੀਵਾਂ ਵਿਖਾਉਂਦਾ ਹੈ। ਕੁਛ ਇਹੋ ਜਿਹਾ ਭਾਵ ਹੀ ਕ੍ਰਿਸ਼ਨਾਵਤਾਰ ਦੇ ਇੱਕ ਬੰਦ ‘ਕ੍ਰਿਸ਼ਨ ਬਿਸ਼ਨ ਨਾ ਕਬਹੂ ਧਿਆਉਂ’ ਦਾ ਵੀ ਮਿਲਦਾ ਹੈ। ਇਸ ਸਵੇਯੈ ਤੋਂ ਬਾਅਦ ਪੰਥ ਪ੍ਰਵਾਨਿਤ ਨਿਤਨੇਮ ਦੀ ‘ਸੋ ਦਰੁ’ ਵਾਲੀ ਬਾਣੀ ਵਿੱਚ ਦਸਮ ਗ੍ਰੰਥ ਦਾ ਇੱਕ ਹੋਰ ਦੋਹਰਾ ਸਗਲ ਦੁਆਰ ਕੋ ਛਾਡਿ ਕੇ ਪੜ੍ਹਿਆ ਜਾਂਦਾ ਹੈ। ਇਹ ਦੋਹਰਾ ਵੀ ਆਪਣੀ ਮੂਲ ਰਚਨਾ ਦੇ ਨਾਲ ਪ੍ਰਸੰਗ ਵਿੱਚ ਜੋੜ ਕੇ ਪੜ੍ਹਿਆ ਜਾਵੇ ਤਾਂ ਸਪਸ਼ਟ ਗੁਰਮਤਿ ਵਿਰੋਧੀ ਸਾਬਿਤ ਹੋ ਜਾਂਦਾ ਹੈ। ਪਤਾ ਨਹੀਂ ਨਿਤਨੇਮ ਬਣਾਉਂਦੇ ਸਮੇਂ ਦਸਮ ਗ੍ਰੰਥ ਦੀਆਂ ਕੱਚੀਆਂ ਰਚਨਾਵਾਂ ਵਿੱਚੋਂ ਕਿਸ ਅਸੂਲ ਨਾਲ ਇੱਧਰੋਂ ਉਧਰੋਂ ਮਨ ਮਰਜੀ ਨਾਲ ਬੰਦ ਚੁੱਕ ਕੇ ਜੋੜ ਦਿੱਤੇ ਗਏ।

ਇੱਥੇ ਤਾਂ ਉਹ ਕਹਾਵਤ ਸਹੀ ਸਾਬਿਤ ਹੁੰਦੀ ਹੈ ‘ਕਹੀਂ ਕੀ ਈਂਟ ਕਹੀ ਕਾ ਰੋੜਾ ਭਾਨੂੰਮਤੀ ਨੇ ਕੁਨਬਾ ਜੋੜਾ’ ਜੇ ਭਾਨੂੰਮਤੀ ਦੇ ਇਸ ਕੁਨਬੇ ਦੇ ਵਿਸਤਾਰ ਵਿੱਚ ਦਰਸ਼ਨ ਕਰਨੇ ਹੋਣ ਤਾਂ ਸੰਪ੍ਰਦਾਈਆਂ ਵੱਲੋਂ ਪੜ੍ਹੀ ਜਾਂਦੀ ਰਹਿਰਾਸ ਪੜ੍ਹੀ/ਸੁਣੀ ਜਾ ਸਕਦੀ ਹੈ। ਇਸ ਵਿੱਚ ਤਾਂ ‘ਪੁੰਨਿ ਰਾਛਸ ਕਾ ਕਾਟਾ ਸੀਸਾ, ਸ੍ਰੀ ਅਸਿਕੇਤ ਜਗਤ ਕੇ ਈਸਾ’ ਤੇ ਪਤਾ ਨਹੀਂ ਹੋਰ ਕਿਹੜੀਆਂ-ਕਿਹੜੀਆਂ ਕੱਚੀਆਂ ਰਚਨਾਵਾਂ ਜੋੜ ਕੇ ਪੜ੍ਹੀਆਂ ਜਾ ਰਹੀਆਂ ਹਨ। ਪਰ ਇੱਕ ਗੱਲ ਹੈ ਜਿਹੜਾ ਇਨ੍ਹਾਂ ਦੀ ਬਣਾਈ ਰਹਿਰਾਸ ਦੇ ਵਿੱਚ ‘ਬੇਨਤੀ ਚੌਪਈ’ ਦੇ ਨਾਲ ਜੋੜੇ ਦਸਮ ਗ੍ਰੰਥ ਦੇ ਹੋਰ ਬੰਦ ਥੋੜੇ ਵਿਚਾਰ ਕੇ ਪੜ੍ਹੇ ਤਾਂ ਇਸ ਦੇ ਕੱਚੇਪਨ ਦੀ ਸਾਰੀ ਖੇਡ ਸਪੱਸ਼ਟ ਹੋ ਜਾਂਦੀ ਹੈ। ਜਦ ਕਿ ਪੰਥ ਪ੍ਰਵਾਣਿਤ ਰਹਿਤ ਮਰਿਯਾਦਾ ਦੇ ਨਿਤਨੇਮ ਵਿੱਚ ਉਹ ਤਿਕੜਮਬਾਜੀ ਕੀਤੀ ਗਈ ਹੈ ਕਿ ਆਮ ਸਿੱਖ ਨੂੰ ਇਸ ਕੱਚੇਪਨ ਦਾ ਪਤਾ ਨਾ ਚੱਲੇ। ਨਿਤਨੇਮ ਦਾ ਹਿੱਸਾ ਬਣ ਚੁੱਕੀ ‘ਬੇਨਤੀ ਚੌਪਈ’ ਬਾਰੇ ਐੱਸ. ਜੀ. ਪੀ. ਸੀ. (ਪੰਥ) ਦਾ ਕੀ ਸਟੈਂਡ ਹੈ (ਉਹ ਉਸ ਉੱਤੇ ਭਾਵੇਂ ਪਹਿਰਾ ਨਹੀਂ ਦਿੰਦੀ) ਇਸ ਦੀ ਜਾਣਕਾਰੀ ਲਈ, ਸੰਤੋਖ ਸਿੰਘ ਜੀ ਚੰਡੀਗੜ੍ਹ ਦੀ ਇਸ ਵਿਸ਼ੇ ’ਤੇ ਐੱਸ. ਜੀ. ਪੀ. ਸੀ. ਨਾਲ ਹੋਈ ਚਿੱਠੀ ਪੱਤਰ ਪੜ੍ਹ ਕੇ ਸਪਸ਼ਟ ਹੋ ਜਾਂਦਾ ਹੈ। ਉੱਥੇ ਐੱਸ. ਜੀ. ਪੀ. ਸੀ. ਨੇ ਸਚਾਈ ਸਪਸ਼ਟ ਕਰ ਦਿੱਤੀ ਹੈ। ਆਓ ਇਸ ਚਿੱਠੀ ਪੱਤਰ ਉੱਤੇ ਝਾਤ ਮਾਰੀਏ। ਸ. ਸੰਤੋਖ ਸਿੰਘ ਜੀ ਚੰਡੀਗੜ੍ਹ ਤੇ ਤ੍ਰਿਆ ਚਰਿੱਤਰ ਦੀ ਪ੍ਰਮਾਣਿਕਤਾ ਗੁਰੂ ਕ੍ਰਿਤ ਬਾਰੇ ਐੱਸ. ਜੀ. ਪੀ. ਸੀ. ਤੋਂ ਇੱਕ ਸਵਾਲ ਪੁੱਛਿਆ। ਉਸ ਦਾ ਜਵਾਬ ਐੱਸ. ਜੀ. ਪੀ. ਸੀ. ਨੇ ਆਪਣੇ ਪੱਤਰ ਨੰ: 36672 ਮਿਤੀ 03-08-1973 ਵਿੱਚ ਦਿੱਤਾ। ਉਸ ਜਵਾਬ ਦਾ ਹੂ-ਬ-ਹੂ ਉਤਾਰਾ ਹੇਠ ਲਿਖੇ ਅਨੁਸਾਰ ਹੈ:

“ਆਪ ਜੀ ਦੀ ਪੱਤ੍ਰਿਕਾ ਮਿਤੀ 6-7-73 ਦੇ ਸਬੰਧ ਵਿੱਚ ਸਿੰਘ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਜੀ ਦੀ ਰਾਇ ਹੇਠ ਲਿਖੇ ਅਨੁਸਾਰ ਆਪ ਜੀ ਨੂੰ ਭੇਜੀ ਜਾਂਦੀ ਹੈ; ‘ਚਰਿਤ੍ਰੋ ਪਖਯਨ ਜੋ ਦਸਮ ਗ੍ਰੰਥ ਵਿੱਚ ਅੰਕਿਤ ਹੈ। ਇਹ ਦਸਮੇਸ਼ ਬਾਣੀ ਨਹੀਂ ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ

ਦਸਤਖਤ

ਮੀਤ ਸਕੱਤਰ, ਧਰਮ ਪ੍ਰਚਾਰ ਕਮੇਟੀ,

ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ, ਅੰਮ੍ਰਿਤਸਰ

ਇਨ੍ਹਾਂ ਹੀ ਸੰਤੋਖ ਸਿੰਘ ਜੀ ਨੇ ਇਸ ਸਪੱਸ਼ਟੀ ਕਰਣ (ਜਵਾਬ) ਤੋਂ ਬਾਅਦ ਆਪਣਾ ਇੱਕ ਹੋਰ ਸਵਾਲ ਕਬਯੋਬਾਚ ‘ਬੇਨਤੀ ਚੌਪਈ ਦੀ ਪ੍ਰਮਾਣਿਕਤਾ (ਗੁਰੂ ਕ੍ਰਿਤ) ਬਾਰੇ ਐੱਸ. ਜੀ. ਪੀ. ਸੀ. ਨੂੰ ਲਿਖਿਆ। ਇਸ ਸਵਾਲ ਦਾ ਜਵਾਬ ਧਰਮ ਪ੍ਰਚਾਰ ਕਮੇਟੀ ਐੱਸ. ਜੀ. ਪੀ. ਸੀ. ਨੇ ਆਪਣੇ ਪੱਤਰ 37540/6-2 ਮਿਤੀ 13-10-73 ਰਾਹੀਂ ਹੇਠ ਲਿਖੇ ਅਨੁਸਾਰ ਦਿੱਤਾ:

ਆਪ ਜੀ ਦੇ ਕ੍ਰਿਪਾ ਪੱਤਰ 10-9-73 ਦੇ ਸਬੰਧ ਵਿੱਚ ਰੀਸਰਚ ਸਕਾਲਰ ਸਾਹਿਬ ਸ਼੍ਰੋਮਣੀ ਕਮੇਟੀ ਦੀ ਰਾਇ ਹੇਠ ਲਿਖੇ ਅਨੁਸਾਰ ਹੈ:

ਕਬਿਯੋਬਾਚ ਬੇਨਤੀ ਚੌਪਈ -ਹਮਰੀ ਕਰੋ ਹਾਥ ਦੇ ਰੱਛਾ ਦੇ ਸਬੰਧ ਵਿੱਚ ਡਾ. ਰਤਨ ਸਿੰਘ ਜੱਗੀ ਪੰਜਾਬੀ ਯੁਨੀਵਰਸਿਟੀ ਪਟਿਆਲਾ ਨੇ ਵਧੇਰੇ ਖੋਜ ਕੀਤੀ ਹੈ। ਇਸ ਲਈ ਆਪ ਜੀ ਨੇ ਜੱਗੀ ਹੋਰਾਂ ਨਾਲ ਤਬਾਦਲਾ ਖਿਆਲ ਕਰ ਲੈਣਾ

ਦਸਤਖਤ

ਮੀਤ ਸਕੱਤਰ, ਧਰਮ ਪ੍ਰਚਾਰ ਕਮੇਟੀ,

ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ, ਅੰਮ੍ਰਿਤਸਰ

ਡਾ. ਰਤਨ ਸਿੰਘ ਜੱਗੀ ਵੱਲੋਂ ਸੰਤੋਖ ਸਿੰਘ ਚੰਡੀਗੜ੍ਹ ਨੂੰ ‘ਬੇਨਤੀ ਚੌਪਈ ਸਬੰਧੀ ਦਿੱਤਾ ਗਿਆ ਜਵਾਬ ਵੀ ਹੂ-ਬ-ਹੂ ਪੜ੍ਹ ਲੈਂਦੇ ਹਾਂ ਤਾਂ ਕੀ ਸਾਡੀਆਂ ਅੱਖਾਂ ਅੱਗੇ ਪੰਥ ਪ੍ਰਵਾਨਕਤਾ ਦਾ ਪਰਦਾ ਹੱਟ ਸਕੇ।

ਰਤਨ ਸਿੰਘ ਜੱਗੀ ਦਾ ਜਵਾਬ ਸੀ:

ਬੇਨਤੀ ਹੈ ਕਿ ਆਪ ਜੀ ਚਿੱਠੀ ਅਤੇ ਗੁ: ਪ੍ਰਬੰਧਕ ਕਮੇਟੀ ਦੀਆਂ ਚਿੱਠੀਆਂ ਪੜ੍ਹ ਲਈਆਂ ਹਨ। ਬੇਨਤੀ ਇਹ ਹੈ ਕਿ ਪੁਰਾਤਨ ਹੱਥ ਲਿਖਤਾਂ ਅਤੇ ਇਤਿਹਾਸਕ ਗਰੰਥਾਂ ਵਿੱਚ ਇਹ ਚੌਪਈ ਅੰਮ੍ਰਿਤਬਾਣੀ ਦੇ ਰੂਪ ਵਿੱਚ ਕਿਤੇ ਵੀ ਲਿਖੀ ਨਹੀਂ ਮਿਲਦੀ। ਅਰਵਾਚੀਨ ਕ੍ਰਿਤੀਆਂ ਵਿੱਚ ਭਾਵੇਂ ਅਜਿਹੇ ਸੰਕੇਤ ਮਿਲ ਜਾਂਦੇ ਹਨ। ਪ੍ਰਕਰਣ ਅਨੁਸਾਰ ਤ੍ਰਿਆ ਚਰਿੱਤਰ ਦੇ ਅੰਤ ਵਿੱਚ ਦਰਜ ਹੈ ਅਤੇ ਅੰਤਲੀ ਪੁਸ਼ਪਿਤਾ ਤੋਂ ਇਹ ਉਸੇ ਦਾ ਅੰਗ ਸਿੱਧ ਹੁੰਦੀ ਹੈ। ਇਸ ਤੋਂ ਬਾਅਦ ਪ੍ਰਸੰਗ ਵਿੱਚ ਆਏ ਸੰਕੇਤ ਵੀ ਪੂਰੀ ਤਰ੍ਹਾਂ ਚਰਿੱਤਰਾਂ ਨਾਲ ਸਬੰਧਤ ਹਨ। ਇਸ ਲਈ ਇਹ ਉਸੇ ਕਵੀ ਦੀ ਰਚਨਾ ਹੈ ਜਿਸ ਨੇ ਚਰਿੱਤਰ ਲਿਖੇ ਹਨ। ਜੇ ਚਰਿੱਤਰ ਗੁਰੂ ਜੀ ਦੇ ਲਿਖੇ ਸਿੱਧ ਨਹੀˆ ਹੁੰਦੇ ਤਾਂ ਇਸ ਦੀ ਪ੍ਰਮਾਣਿਕਤਾ ਤੇ ਪ੍ਰਸ਼ਨ ਚਿੰਨ ਲੱਗ ਜਾਂਦਾ ਹੈ।

ਅਸੀਂ ਸਾਰੇ ਜਾਗਰੂਕ ਸਿੱਖ ਇਹ ਮੰਨਦੇ ਤੇ ਪ੍ਰਚਾਰਦੇ ਹਾਂ ਕਿ ਤ੍ਰਿਆ ਚਰਿੱਤਰ ਦਸਮੇਸ਼ ਕ੍ਰਿਤ ਨਹੀˆ। ਪਰ ‘ਕਬਿਯੋਬਾਚ ਬੇਨਤੀ ਚੌਪਈ ਦਾ ਕੀ ਮਤਲਬ ਬਣਦਾ ਹੈ? ਇਹੀ ਨਾ ਕਿ ਕਵੀ (ਜਿਸ ਨੇ ਇਹ 404 ਚਰਿੱਤਰ ਲਿਖੇ ਹਨ) ਬੇਨਤੀ ਕਰਦਾ ਹੈ, ਫੇਰ ਜੇ ਇਸ ਕਵੀ ਦੀ ਬੇਨਤੀ ਨੂੰ ਦਸਮੇਸ਼ ਕ੍ਰਿਤ ਪਾਤਸ਼ਾਹੀ ਜੋੜਨਾ ਹੋਰ ਕੀ ਹੈ, ਮੰਨ ਕੇ ਅਸੀਂ ਨਿਤਨੇਮ ਅਤੇ ਖੰਡੇ ਦੀ ਪਾਹੁਲ ਵੇਲੇ ਪੜ੍ਹ ਰਹੇ ਹਾਂ। ਇਸ ਦਾ ਸਪਸ਼ਟ ਮਤਲਬ ਇਹੀ ਨਿਕਲਦਾ ਹੈ ਇਹ ਕਵੀ ਦਸਮੇਸ਼ ਜੀ ਹੀ ਹਨ। ਫੇਰ ਤਾਂ ਅਸੀਂ ਇਹ ਖੁਦ ਹੀ ਸਾਬਿਤ ਕਰਨ ਤੇ ਤੁਲੇ ਹਾਂ ਕਿ ਉਨ੍ਹਾਂ 404 ਚਰਿੱਤਰਾਂ ਵਾਲੀ ਤ੍ਰਿਆ ਚਰਿੱਤਰ ਰਚਨਾ ਦੇ ਰਚੇਤਾ ਦਸਮੇਸ਼ ਜੀ ਹੀ ਹਨ। ਕਿਉਂਕਿ 404 ਚਰਿੱਤਰਾਂ ਦਾ ਰਚੇਤਾ ਅਤੇ ਬੇਨਤੀ ਕਰਨ ਵਾਲਾ ਕਵੀ ਤਾਂ ਇੱਕ ਹੀ ਬੰਦਾ ਹੋਇਆ। ਫੇਰ ਤਾਂ ਅਸੀਂ ਸੰਪ੍ਰਦਾਈਆਂ ਦੇ ਇਸ ਵਿਚਾਰ ਦੀ ਪ੍ਰੋੜਤਾ ਕਰ ਰਹੇ ਹਾਂ ਕਿ ਸਾਰੀ ਤ੍ਰਿਆ ਚਰਿੱਤਰ ਦਸਮੇਸ਼ ਜੀ ਦੀ ਕ੍ਰਿਤ ਹੈ।

ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ਉਪਰੋਕਤ ਵਿਚਾਰ ਉਪਰੰਤ ਸਪਸ਼ਟ ਹੈ ਕਿ ‘ਕਬਿਯੋਬਾਚ ਬੇਨਤੀ ਚੌਪਈ ਕਿਸੇ ਵੀ ਲਿਹਾਜ ਨਾਲ ਦਸਮੇਸ਼ ਕ੍ਰਿਤ ਸਾਬਤ ਨਹੀਂ ਹੁੰਦੀ। ਫੇਰ ਇਸ ਨੂੰ ਪੰਥ ਪ੍ਰਵਾਨਿਤ ਹੋਣ ਜਾਂ ਰਹਿਤ ਮਰਿਯਾਦਾ ਹੋਣ ਦਾ ਹਿੱਸਾ ਹੋਣ ਦੀ ਦੁਹਾਈ ਦੇ ਕੇ ਦਸਮੇਸ਼ ਜੀ ਦੇ ਨਾਂ (ਪਾ: 10) ਨਾਲ ਮੜ੍ਹਨ ਦਾ ਅਸੀਂ ਕੁਕਰਮ ਨਹੀਂ ਕਰ ਰਹੇ? ਕੀ ਅਸੀਂ ਪੰਥ ਪ੍ਰਸਤ ਬਣਨ ਦੇ ਚੱਕਰਾਂ ਵਿੱਚ ਗੁਰੂ ਦੋਖੀ ਨਹੀਂ ਬਣ ਰਹੇ? ਕੀ ਤ੍ਰਿਆ ਚਰਿੱਤਰ ਨੂੰ ਰੱਦ ਕਰਕੇ ਉਸਦੇ ਹੀ ਇੱਕ ਹਿੱਸੇ ‘ਬੇਨਤੀ ਚੌਪਈ ਨੂੰ ਦਸਮੇਸ਼ ਕ੍ਰਿਤ ਮੰਨ ਕੇ ਅਸੀਂ ਦੋਗਲਾ ਪਨ ਨਹੀਂ ਵਿਖਾ ਰਹੇ? ਕੀ ਐਸੇ ਕੁਕਰਮ ਕਰਨ ਵਾਲੇ ਦੋਗਲੇ ਗੁਰੂ ਦੋਖੀਆਂ ਦੇ ਸਮੂਹ ਨੂੰ ਗੁਰੂ ਦਾ ਪੰਥ ਕਿਹਾ ਜਾ ਸਕਦਾ ਹੈ? ਪਰ ਅਸੀਂ ਤਾਂ ਆਪਣੇ ਆਪ ਨੂੰ ਗੁਰੂ ਦਾ ਪੰਥ ਨਹੀਂ, ਗੁਰੂ (ਗੁਰੂ ਪੰਥ) ਹੀ ਮੰਨੀ ਬੈਠੇ ਹਾਂ। ਜੇ ਅਸੀਂ ਗੁਰੂ ਦਾ ਪੰਥ ਹੀ ਕਹਿੰਦੇ ਤਾਂ ਇਹੋ ਜਿਹੇ ਕੁਕਰਮ ਨਾ ਕਰਦੇ, ਦੋਗਲਾ ਪਨ ਨਾ ਦਿਖਾਉਂਦੇ।

ਕਿਉਂਕਿ ਉਸ ਹਾਲਤ ਵਿੱਚ ਅਸੀਂ ਸੇਧ ਗੁਰੂ (ਗਿਆਨ ਰੂਪੀ) ਤੋਂ ਲੈਂਦੇ। ਪਰ ਜਦ ਅਸੀਂ ਆਪ ਹੀ ਗਰੂ (ਪੰਥ ਗੁਰੂ) ਬਣ ਬੈਠੇ ਤਾਂ ਸੇਧ ਵੀ ਆਪਣੇ ਮਨ ਤੋਂ ਹੀ ਲੈਣੀ ਸ਼ੁਰੂ ਕਰ ਦਿੱਤੀ ਤਾਂ ਹੀ ਮਨਮੁੱਖ ਬਣ ਬੈਠੇ।

ਕਿਤਨੀ ਦਿਲਚਸਪ ਗੱਲ ਹੈ ਕਿ ਦਸ ਨਾਨਕ ਸਰੂਪਾਂ ਨੇ ਪੰਥ ਸਾਜਿਆ ਅਤੇ ‘ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਨੂੰ ਇਸ ਦਾ ਗੁਰੂ ਥਾਪਿਆ ਸੀ। ਇਸ ਪੰਥ ਨੂੰ ਦਸਾˆ ਨਾਨਕ ਸਰੂਪਾਂ ਦਾ ਥਾਪਿਆ ਗੁਰੂ ਸ਼ਾਇਦ ਪਸੰਦ ਨਹੀਂ ਆਇਆ ਜਾˆ ਛੋਟਾ ਲੱਗ ਰਿਹਾ ਹੈ। ਇਸ ਪੰਥ ਨੂੰ ਸ਼ਾਇਦ ‘ਗੁਰੂ ਗ੍ਰੰਥ ਸਾਹਿਬ ਜੀ ਦੇ 1429 ਪੰਨੇ (ਰਾਗਮਾਲਾ ਗੁਰਬਾਣੀ ਨਹੀਂ) ਘੱਟ ਪੈ ਗਏ? ਤਾਂ ਹੀ ਦਸਮੇਸ਼ ਜੀ ਦਾ ਇਹ ਆਦੇਸ਼ ਭੁੱਲ ਗਿਆ ਕਿ ਤੁਹਾਡਾ ਗੁਰੂ ਸਿਰਫ ਤੇ ਸਿਰਫ ‘ਗੁਰੂ ਗ੍ਰੰਥ ਸਾਹਿਬ ਹੈ। ਇਸ ਪੰਥ ਨੇ ਤਾਂ ਇਸ ਆਦੇਸ਼ ਦੀ ਉਲੰਘਣਾ ਕਰਦੇ ਹੋਏ ਜੁਆਬ ਦਿੱਤਾ ਕਿ ਅਸੀਂ ਸਿਰਫ ਤੇ ਸਿਰਫ ‘ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਨਹੀਂ ਮੰਨਦੇ। ਅਸੀਂ ਤਾਂ ਇੱਕ ਹੋਰ ਗ੍ਰੰਥ ਨੂੰ ਵੀ ਗੁਰੂ ਬਣਾਵਾਂਗੇ। ਉਨ੍ਹਾਂ ਨੇ ਦਸਮ ਗ੍ਰੰਥ ਨੂੰ ਵੀ ਗੁਰੂ ਥਾਪ ਲਿਆ ਹੁਣ ਉਹ ਭਾਵੇਂ ਸੰਪ੍ਰਦਾਈ ਹੋਣ ਜੋ ਪੂਰੇ ਦਸਮ ਗ੍ਰੰਥ ਨੂੰ ਦਸਮੇਸ਼ ਜੀ ਦੀ ਕ੍ਰਿਤ ਮੰਨ ਰਹੇ ਹਨ ਤੇ ਕਈ ਉਸ ਵਾਸਤੇ ਗੁਰੂ ਪਦ ਵੀ ਵਰਤ ਰਹੇ ਹਨ। ਕਈ ਇਹੋ ਜਿਹੀ ਸੋਚ ਵਾਲੇ ਵਿਦਵਾਨ ਇਹ ਪ੍ਰਚਾਰ ਵੀ ਕਰ ਰਹੇ ਹਨ ਕਿ ਖਾਲਸਾ ਪੰਥ ਦੋ ਗ੍ਰੰਥਾਂ ਦੀ ਉਪਜ ਹੈ। ਭਾਵ ਇਸ ਦੇ ਦੋ ਆਤਮਿਕ ਪਿਓ ਹਨ। ਐਸਾ ਨਾਲਾਇਕ ਪੁੱਤਰ ਸ਼ਾਇਦ ਹੀ ਕੋਈ ਹੋਰ ਹੋਵੇ, ਜੋ ਸ਼ਰੇਆਮ ਆਪਣੇ ਦੋ ਪਿਓ ਪ੍ਰਚਾਰਦਾ ਹੈ? ਦੂਜੇ ਪਾਸੇ ਉਹ ਸਿੱਖ ਵੀ ਹਨ, ਜੋ ਪੂਰੇ ਦਸਮ ਗ੍ਰੰਥ ਨੂੰ ਦਸਮੇਸ਼ ਕ੍ਰਿਤ ਭਾਵੇਂ ਨਹੀਂ ਮੰਨਦੇ ਪਰ ਦਸਮ ਗ੍ਰੰਥ ਦੀ ਪੰਥ ਪ੍ਰਵਾਣਿਤ ਜਾਂ ਰਹਿਤ ਮਰਿਯਾਦਾ ਵਾਲੀਆਂ ਰਚਨਾਵਾਂ ਨੂੰ ਦਸਮੇਸ਼ ਜੀ ਦੀ ਕ੍ਰਿਤ ਮੰਨਦੇ ਹਨ। ਉਹ ਵੀ ਅਸਿੱਧੇ ਤਰੀਕੇ ਆਪਣਾ ਹੋਰ ਗੁਰੂ ਥਾਪ ਰਹੇ ਹਨ। ਅਸੀਂ ਗੁਰਬਾਣੀ ਨੂੰ ਗੁਰੂ ਕਹਿੰਦੇ ਹਾਂ ਦਸਮ ਗ੍ਰੰਥ ਦੀਆਂ ਕੁੱਝ ਰਚਨਾਵਾਂ ਨੂੰ ਪੰਥ ਪ੍ਰਵਾਣਿਤ ਮੰਨ ਕੇ ਅਸੀਂ ਉਨ੍ਹਾਂ ਨੂੰ ਵੀ ਗੁਰਬਾਣੀ ਹੀ ਮੰਨ ਅਤੇ ਪ੍ਰਚਾਰ ਰਹੇ ਹਾਂ। ਇਹ ਸਪਸ਼ਟ ਕਰਦਾ ਹੈ ਕਿ ਸਾਨੂੰ ‘ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਗੁਰੂ ਨਹੀਂ ਲੱਗਦੇ ਤਾਂ ਹੀ ਅਸੀਂ ਉਸ ਤੋਂ ਬਾਹਰ ਦੀ ਰਚਨਾਂ ਨੂੰ ਗੁਰਬਾਣੀ ਗੁਰੂ ਮੰਨ ਰਹੇ ਹਾਂ। ਸ਼ਾਇਦ ਅਸੀਂ ਦਸਮੇਸ਼ ਜੀ ਤੋਂ ਵੀ ਜਿਆਦਾ ਸਿਆਣੇ ਹੋ ਗਏ ਹਾਂ। ਜੇ ਦਸਮ ਗ੍ਰੰਥ ਦੀ ਕੋਈ ਵੀ ਰਚਨਾ ਗੁਰਬਾਣੀ ਹੁੰਦੀ ਤਾਂ ਦਸਮੇਸ਼ ਜੀ ਸਾਨੂੰ ਉਸ ਦੇ ਵੀ ਲੜ ਲਾ ਜਾਂਦੇ ਪਰ ਉਨ੍ਹਾਂ ਨੇ ਸਾਨੂੰ ਸਿਰਫ ‘ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲਾਇਆ। ਪਰ ਅਸੀਂ ‘ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦੀਆਂ ਰਚਨਾਵਾਂ ਨੂੰ ਗੁਰਬਾਣੀ ਗੁਰੂ ਮੰਨ ਕੇ ਸ਼ਾਇਦ ਇਹ ਦਰਸਾਉਣਾ ਚਾਹੁੰਦੇ ਹਾਂ ਕਿ ਅਸੀਂ ਦਸਮੇਸ਼ ਜੀ ਤੋਂ ਵੀ ਜ਼ਿਆਦਾ ਸਿਆਣੇ ਹਾਂ, ਸੋ ਇਹ ਗੱਲ ਸਪਸ਼ਟ ਹੈ ਕਿ ਪੂਰੇ ਦਸਮ ਗ੍ਰੰਥ ਨੂੰ ਜਾਂ ਇਸ ਦੀ ਕਿਸੇ ਰਚਨਾਂ ਨੂੰ ਦਸਮੇਸ਼ ਕ੍ਰਿਤ (ਗੁਰਬਾਣੀ) ਮੰਨਣ ਦਾ ਭਾਵ ਆਪਣਾ ਨਵਾਂ ਗੁਰੂ ਥਾਪਣਾ ਹੈ। ਗੁਰੂ ਨੇ ਪੰਥ ਬਣਾਇਆ ਸੀ ਪਰ ਇਹ ਅਖੌਤੀ ਪੰਥ ਤਾਂ ਆਪਣਾ ਨਵਾਂ ਗੁਰੂ ਥਾਪ ਰਿਹਾ ਹੈ। ਹੋਰ ਤਾਂ ਹੋਰ ਇਹ ਖੁਦ ਨੂੰ ਹੀ ਗੁਰੂ (ਗੁਰੂ ਪੰਥ) ਪ੍ਰਚਾਰ ਰਿਹਾ ਹੈ। ਐਸੇ (ਸੱਚੇ) ਗੁਰੂ ਤੋਂ ਬੇਮੁੱਖ ਪੰਥ ਦੀ ਚੜ੍ਹਦੀ ਕਲਾ ਕਿਵੇਂ ਹੋ ਸਕਦੀ ਹੈ?

ਹੁਣ ਇਹ ਗੱਲ ਵੀ ਸਪਸ਼ਟ ਹੈ ਕਿ ਜਿਹੜੇ ਇੱਕ ਪਾਸੇ ਰਹਿਤ ਮਰਿਯਾਦਾ (ਪੰਥ ਪ੍ਰਵਾਣਿਕਤਾ) ਨੂੰ ਅੱਖਰ ਅੱਖਰ ‘ਗੁਰੂ (ਪੰਥ) ਦਾ ਹੁਕਮ ਮੰਨਦੇ ਹਨ ਤੇ ਦੂਜੇ ਪਾਸੇ ਇਹ ਪ੍ਰਚਾਰ ਵੀ ਕਰਦੇ ਹਨ ਕਿ ਤ੍ਰਿਆ ਚਰਿੱਤਰ ਦਸਮੇਸ਼ ਕ੍ਰਿਤ ਨਹੀਂ ਉਹ ਸਪਸ਼ਟ ਦੋਗਲਾ ਪਨ ਦਿਖਾ ਰਹੇ ਹਨ। ਸਿਧਾਂਤਕ ਬੇਈਮਾਨੀ ਕਰ ਰਹੇ ਹਨ। ਇਨ੍ਹਾਂ ਤੋਂ ਚੰਗੇ ਇੱਕ ਤਰੀਕੇ ਸੰਪਰਦਾਈ ਹੀ ਹਨ, ਜਿਨ੍ਹਾˆ ਦੀ ਕਹਿਣੀ ਵਿੱਚ ਦੋਗਲਾਪਨ ਨਹੀਂ ਉਹ ਤਾਂ ਪੂਰੇ ਦਸਮ ਗ੍ਰੰਥ ਸਮੇਤ ਤ੍ਰਿਆ ਚਰਿੱਤਰ ‘ਬੇਨਤੀ ਚੌਪਈ ਨੂੰ ਦਸਮੇਸ਼ ਕ੍ਰਿਤ ਮੰਨਦੇ ਹਨ। ਬੇਸ਼ੱਕ ਉਨ੍ਹਾਂ ਦੀ ਸੋਚ ਗਲਤ ਹੈ ਪਰ ਉਹ ਇਸ ਵਿਸ਼ੇ ਵਿੱਚ ਦੋਗਲੇ ਤਾਂ ਨਹੀਂ ਬਣ ਰਹੇ?

ਅੱਗੇ ਗੱਲ ਕਰਦੇ ਹਾਂ ਦੂਜੀ ਪੰਥ ਪ੍ਰਵਾਣਿਤ ਦਸਮ ਗ੍ਰੰਥ ਦੀ (ਕੱਚੀ) ਬਾਣੀ ‘ਜਾਪੁ ਬਾਰੇ। ਇਸ ਰਚਨਾ ਬਾਰੇ ਡਾ. ਗੁਰਮੁਖ ਸਿੰਘ ਜੀ ਦਿੱਲੀ ਵਾਲਿਆਂ ਨੇ ਆਪਣੀ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਧਾਰ ’ਤੇ ਦਸਮ ਗ੍ਰੰਥ ਦੀ ਵਿਚਾਰ ਵਿੱਚ ਪੰਨਾ 63 ਤੋਂ ਲੈ ਕੇ 68 ਤੱਕ ਕੀਤੀ ਹੈ। ਬਿਲਕੁਲ ਸੰਖੇਪ ਵਿੱਚ ਵਿਚਾਰਦੇ ਹਾਂ:

ਗੁਰਬਾਣੀ ਅਕਾਲ ਪੁਰਖ ਦੇ ਨਿਰਗੁਣ ਸਰੂਪ ਦੀ ਨਮਸ਼ਕਾਰ (ਪੂਜਾ) ਦੀ ਸੇਧ ਬਖਸ਼ਦੀ ਹੈ ਗੁਰਮਤਿ ਪ੍ਰਭੂ ਦੇ ਸਰਗੁਣ ਸਰੂਪ ਦੀ ਪੂਜਾ (ਨਮਸ਼ਕਾਰ) ਤੋਂ ਵਰਜਦੀ ਹੈ ਪਰ ‘ਜਾਪੁ ਦੀ ਰਚਨਾ ਵਿੱਚ ਸਰਗੁਣ ਸਰੂਪ ਨੂੰ ਹੀ ਨਮਸ਼ਕਾਰਾਂ ਹਨ। ਉਹ ਸਰਗੁਣ ਸਰੂਪ ਵੀ ਦੇਵੀ ਵਾਲਾ ਜ਼ਿਆਦਾ ਲਗਦਾ ਹੈ। ਇਸ ਦੇਵੀ ਦੇ ਪੁਜਾਰੀ ਕਵੀਆਂ ਨੇ ਹੀ ਦਸਮ ਗ੍ਰੰਥ ਦੀਆਂ ਜ਼ਿਆਦਾਤਰ ਰਚਨਾਵਾਂ ਲਿਖੀਆਂ ਹਨ। ‘ਜਾਪੁ ਵਿੱਚ ਆਉਂਦਾ ਹੈ। “ਨਮੋ ਸਰਬ ਧੰਧੇ ਭਾਵ ਨਮਸ਼ਕਾਰ ਹੈ, ਸਭ ਵਿਹਾਰ ਰੂਪ ਨੂੰ ਪਰ ਇੱਕ ਏਕੰਕਾਰ ਪਾਰਬ੍ਰਹਮ ਦੇ ਨਿਰਗੁਣ ਸਰੂਪ ਵਿੱਚ ਕੋਈ ਵਿਹਾਰ ਜਾਂ ਧੰਦਾ ਨਹੀਂ ਹੁੰਦਾ।

ਇੱਕ ਹੋਰ ਥਾਂ ਆਇਆ ਹੈ। ਨਮੋ ਸ਼ਸ਼ਤ੍ਰ ਪਾਣੇ, ਨਮੋ ਅਸਤ੍ਰ ਮਾਣੇ ਇਹ ਨਮਸ਼ਕਾਰਾਂ ਸ਼ਸ਼ਤਰਾਂ ਨੂੰ

ਧਾਰਨ ਕਰਨ ਵਾਲੀ ਦੇਵੀ ਨੂੰ ਹੈ। ਦਸਮੇਸ਼ ਜੀ ਕਿਸੇ ਦੇਵੀ ਦੀ ਉਸਤਤ ਨਹੀਂ ਕਰ ਸਕਦੇ। ਨਾ ਹੀ ਉਹ ਸ਼ਸ਼ਤਰਾਂ ਦੀ ਪੂਜਾ ਗੁਰਮਤਿ ਅਨੁਸਾਰ ਪ੍ਰਵਾਨ ਹੈ।

ਨਮੋ ਪਰਮ ਗਿਆਤਾ।। ਨਮੋ ਲੋਕ ਮਾਤਾ।।

ਦਸਮ ਗ੍ਰੰਥ ਵਿੱਚ ਹੀ ਪੰਨਾ 118 ਦੇ ਛੰਦ 259 ਵਿੱਚ ਕਵੀ ਦੇਵੀ ਚੰਡੀ ਨੂੰ ਲੋਕ ਮਾਤਾ ਕਹਿੰਦਾ ਹੈ। ਲੋਕ ਮਾਤਾ ਤਵੇ ਸ਼ਸ਼ਤ੍ਰ ਜੀਤੇ- ਇਹ ਦੇਵੀ ਉਸਤਤ ਹੈ।

ਨਮੋ ਨਿਤ ਨਾਰਾਇਣੇ ਕਰੂਰ ਕਰਮੇ।। (ਛੰਤ 54)

ਦਸਮ ਗ੍ਰੰਥ ਵਿੱਚ ਚੰਡੀ ਦੇਵੀ ਨੂੰ ਕਰੂਰ ਕਰਮਾਂ ਵਾਲੀ, ਕ੍ਰੋਧ ਕਰਨ ਵਾਲੀ ਦੱਸਿਆ ਗਿਆ ਹੈ।

ਨਮੋ ਜੁਧਨੀ ਕਰੁਧਨੀ ਕਰੂਰ ਕਰਮਾ।। (ਛੰਤ 228 ਪੰਨਾ 115)

ਨਮੋ ਨਿਤ ਨਾਰਾਇਣੀ ਦੁਸ਼ਟ ਖਾਮੀ।। (ਛੰਤ 234 ਪੰਨਾ 115)

ਦਸਮੇਸ਼ ਜੀ ਦੇਵੀ ਨੂੰ ਨਮਸਕਾਰ ਨਹੀˆ ਕਰ ਸਕਦੇ।

ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ।। (ਛੰਤ 54)

ਭਾਵ ਨਮਸਕਾਰ ਹੈ ਜੋ ਪ੍ਰੇਤ, ਅਪ੍ਰੇਤ, ਇੰਦਰ ਅਤੇ ਦੇਵ ਸਭਾ ਰੂਪ ਹੈ। ਪਾ: 10 ਇੰਦਰ ਦੀ ਦੇਵ ਦੀ ਸਭਾ ਨੂੰ ਨਮਸ਼ਕਾਰ ਨਹੀˆ ਕਰ ਸਕਦੇ।

ਨਮੋ ਰੇਖ ਰੇਖੇ (ਛੰਤ 68)

ਭਾਵ ਨਮਸਕਾਰ ਹੋਵੇ ਤੈਨੂੰ ਕ੍ਰੋਧ ਦੇ ਕ੍ਰੋਧ ਨੂੰ। ਇਹ ਨਮਸ਼ਕਾਰ ਚੰਡੀ ਦੁਰਗਾ ਆਦਿ ਨੂੰ ਹੈ। ਇੱਕ ਏਕੰਕਾਰ ਨਿਰਗੁਣ ਬ੍ਰਹਮ ਵਿੱਚ ਕੋਈ ਅਵਗੁਣ, ਵਿਕਾਰ, ਕ੍ਰੋਧ ਆਦਿ ਨਹੀਂ।

ਨੋਮ ਅੰਧਕਾਰੇ।। (ਛੰਤ 185)

ਭਾਵ ਅੰਧਕਾਰ ਰੂਪ ਨੂੰ ਨਮਸ਼ਕਾਰ ਹੈ। ਨਿਰਗੁਣ ਬ੍ਰਹਮ ਵਿੱਚ ਕੋਈ ਅੰਧਕਾਰ ਨਹੀਂ। ਗੁਰਬਾਣੀ

ਅੰਧਕਾਰ ਨੂੰ ਨਮਸ਼ਕਾਰ ਨਹੀˆ ਕਰਦੀ।

ਨਮੋ ਕਲਹ ਕਰਤਾ ਨਮੋਂ ਸ਼ਾਂਤ ਰੂਪੇ।।

ਨਮੋ ਇੰਦਰ ਇਦ੍ਰੇ ਅਨਾਦੰ ਬਿਭੁਤੇ।। (ਛੰਤ 187)

ਭਾਵ ਝਗੜਾ, ਲੜਾਈ ਕਰਨ ਵਾਲੇ ਨੂੰ ਨਮਸ਼ਕਾਰ ਹੈ। ਸ਼ਾਂਤ ਰੂਪ ਵਾਲੇ ਨੂੰ ਨਮਸ਼ਕਾਰ ਹੈ, ਇੰਦਰਾਂ ਵਿਚੋਂ ਇੰਦਰ ਰੂਪ ਅਤੇ ਰਹਿਤ ਸੰਪਦਾ ਵਾਲੇ ਨੂੰ ਨਮਸ਼ਕਾਰ ਹੈ। ਨਿਰਗੁਣ ਬ੍ਰਹਮ ਵਿੱਚ ਕੋਈ ਲੜਾਈ ਝਗੜਾ ਨਹੀਂ ਉਹ ਆਪੇ ਆਪ ਹੈ, ਲੜਾਈ ਕਿਸ ਨਾਲ?

ਡਾ. ਗੁਰਮੁਖ ਸਿੰਘ ਜੀ ‘ਜਾਪੁ ਰਚਨਾ ਦੀ ਵਿਚਾਰ ਉਪਰੰਤ ਨਿਰਣਾਤਮਕ ਜਾਣਕਾਰੀ ਦਿੰਦੇ ਹੋਏ ਲਿਖਦੇ ਹਨ:

ਇਸ ਰਚਨਾ ਦੀ ਸਮੁੱਚੀ ਵਿਚਾਰ ਤੋਂ ਸਿੱਧ ਹੁੰਦਾ ਹੈ ਕਿ ਕਵੀ ਕਾਲ ਕਾਲੀ, ਝਗੜੇ ਕ੍ਰੋਧ ਵਾਲੀ ਦੇਵੀ, ਇੰਦਰ ਆਦਿ ਦਾ ਉਪਾਸ਼ਕ ਹੈ ਤੇ ਉਨ੍ਹਾਂ ਰੂਪਾਂ ਨੂੰ ਕਹਿ ਕੇ ਨਮਸ਼ਕਾਰ ਕਰਦਾ ਹੈ। ਇਹ ਸਾਰਾ ਵੇਦ ਸ਼ਾਸਤ੍ਰ, ਪੁਰਾਣਾਂ, ਸਿਮਰਤੀਆਂ ਦਾ ਮੱਤ ਹੈ। ਗੁਰਬਾਣੀ ਕੇਵਲ ਅਕਾਲ ਪੁਰਖ, ਇੱਕ ਏਕੰਕਾਰ ਪਾਰਬ੍ਰਹਮ, ਨਿਰਗੁਣ ਸਰੂਪ, ਗੁਣੀ ਨਿਧਾਨ ਦੀ ਸਿਫਤ ਸਲਾਹ, ਜਪ ਸਿਮਰਨ, ਭਗਤੀ ਦਾ ਉਪਦੇਸ਼ ਦਿੰਦੀ ਹੈ (ਏਕੋ ਜਪ ਏਕੋ ਸਾਲਾਹਿ।।) ਇਸ ਨਿਰਪੱਖ ਵਿਚਾਰ ਤੋਂ ਸਿੱਧ ਹੁੰਦਾ ਹੈ ਕਿ ‘ਜਾਪੁ ਪਾ: 10 ਦੀ ਰਚਨਾ ਨਹੀਂ।

ਇਸ ਵਿਚਾਰ ਉਪਰੰਤ, ਸੱਚ ਨੂੰ ਸਮਝਣ ਦੀ ਚਾਹ ਰੱਖਣ ਵਾਲੇ ਪਾਠਕਾਂ ਨੂੰ ਇਹ ਪਤਾ ਚੱਲ ਗਿਆ ਹੋਵੇਗਾ ਕਿ ‘ਜਾਪੁ ਵੀ (ਦਸਮ ਗ੍ਰੰਥ ਦੀਆਂ ਬਾਕੀ ਰਚਨਾਵਾ ਵਾਂਗੂ) ਦਸਮੇਸ਼ ਕ੍ਰਿਤ ਨਹੀਂ। ਜ਼ਿਆਦਾ ਜਾਣਕਾਰੀ ਵਾਸਤੇ ਉੱਪਰ ਦੱਸੀ ਪੁਸਤਕ ਪੜ੍ਹ ਸਕਦੇ ਹੋ। ਹਰ ਸੱਚਾ, ਇਮਾਨਦਾਰ, ਸੁਹਿਰਦ ਸਿੱਖ (ਮਨੁੱਖ) ਨਿਰਪੱਖ ਹੋ ਕੇ ਵਿਚਾਰ ਕਰਨ ਨਾਲ ਸਮਝ ਜਾਂਦਾ ਹੈ ਕਿ ਇਹ ਰਚਨਾ ਦਸਮੇਸ਼ ਕ੍ਰਿਤ ਨਹੀਂ ਹੈ। ਪੰਥ ਪ੍ਰਵਾਣਿਤ ਭਾਵੇਂ ਹੋਵੇ।

ਅੱਗੇ ਵਿਚਾਰਦੇ ਹਾਂ ਨਿਤਨੇਮ ਵਿੱਚ (ਤੇ ਅੰਮ੍ਰਿਤ ਸੰਚਾਰ ਵਿੱਚ) ਸ਼ਾਮਲ ਦਸਮ ਗ੍ਰੰਥ ਦੀ ਤੀਜੀ (ਪੰਥ ਪ੍ਰਵਾਨਤ ਰਚਨ) ਦਸ ਸਵੈਯਾਂ ਦੀ। ਇਹ 10 ਸਵੈਯੇ ਅਸਲ ਵਿੱਚ 33 ਸਵੈਯੇ ਰਚਨਾ ਦਾ ਹਿੱਸਾ ਹੈ। ਜੋ ਦਸਮ ਗ੍ਰੰਥ ਦੇ ਪੰਨਾ 712 ਤੋˆ 716 ਤੱਕ ਦਰਜ ਹਨ। ਇੱਥੇ ਵੀ ਬਿਨਾਂ ਕਿਸੇ ਦਲੀਲ ਦੇ ਮਨਮਰਜੀ ਨਾਲ 33 ਵਿਚੋਂ ਇਹ 10 ਸਵੈਯੇ ਚੁੱਕ ਕੇ ਨਿਤਨੇਮ ਦਾ ਹਿੱਸਾ ਬਣਾ ਦਿੱਤੇ ਗਏ।

ਇਨ੍ਹਾਂ 33 ਸਵੈਯਾਂ ਦਾ ਰਚਨਾਕਾਰ ਕਵੀ ਵੀ ਕਾਲ, ਮਹਾਂਕਾਲ ਦਾ ਪੁਜਾਰੀ ਹੈ। ਗੁਰਬਾਣੀ ‘ਗੁਰੂ ਗ੍ਰੰਥ ਸਾਹਿਬ ਵਿੱਚ ਕਿਧਰੇ ਵੀ ਅਕਾਲ ਪ੍ਰਭੂ ਲਈ ਕਾਲ, ਮਹਾਂਕਾਲ ਜਾਂ ਕਾਲਪੁਰਖ ਦਾ ਵਿਸ਼ੇਸ਼ਣ ਨਹੀਂ ਵਰਤਿਆ ਗਿਆ। ਕਾਲ, ਮਹਾਂਕਾਲ, ਕਾਲਪੁਰਖ ਆਦਿ ਦੀ ਪੂਜਾ ਨੂੰ ਰੱਦ ਕਰਦਾ ਗੁਰਵਾਕ ਹੈ।

ਕਾਲ ਪੁਰਖ ਕਾ ਮਰਦੈ ਮਾਨ (ਪੰਨਾ 1159, ਗੁਰੂ ਗ੍ਰੰਥ ਸਾਹਿਬ)

ਹਿਰਦੈ ਸਾਚੁ ਵਸੈ ਹਰਿ ਨਾਇ।। ਕਾਲੁ ਨ ਜੋਹਿ ਸਕੈ ਗੁਣ ਗਾਇ।।

ਨਾਨਕ ਗੁਰਮੁਖ ਸ਼ਬਦ ਸਮਾਇ।। (ਪੰਨਾ 227, ਗੁਰੂ ਗ੍ਰੰਥ ਸਾਹਿਬ ਜੀ)

ਪਰ 33 ਸਵੈਯੇ ਵਿੱਚ ਕਵੀ ਥਾਂ-ਥਾਂ ਕਾਲ ਨੂੰ ਸਿਮਰਦਾ ਹੈ, ਉਸਤਤ ਕਰਦਾ ਹੈ। ਦੋ ਸਵੈਯੇ ਵਿਚਾਰਦੇ ਹਾˆ

1) ਕਾਲ ਹੀ ਪਾਇ ਭਇਓ ਬ੍ਰਹਮਾ ਗਹਿ ਢੰਡ ਕਮੰਡਲ ਭੂਤ ਭ੍ਰਤਨਾਯੋ।

ਕਾਲ ਹੀ ਪਾਇ ਸਦਾ ਸ਼ਿਵਜੂ ਸਭ ਦੇਸ ਬਦੇਸ ਭਇਆ ਹਮ ਜਾਨਯੋ।।

ਕਾਲ ਹੀ ਪਾਇ ਭਯੋ ਮਿਟ ਗਯੋ ਜਗ ਸਾਹੀ ਤੇ ਭਾਹਿ ਸਭੋ ਪਹਿਚਾਨਯੋ।।

ਬੇਦ ਕਤੇਬ ਕੇ ਭੇਦ ਸਭੈ ਤਜਿ ਕੇਵਲ ਕਾਲ ਕ੍ਰਿਪਾ ਨਿਧ ਮਾਨਯੋ।। (ਸਵੈਯਾ 24)

2) ਕਾਲ ਗਯੋ ਇਨ ਕਾਮਨ ਸਿਓ ਜਮ੍ਰ ਕਾਲ ਕ੍ਰਿਪਾਲ ਹੀ ਐਨ ਚਿਤਾਰਯੋ।।

ਲਾਜ ਕੋ ਛਾਤਿ ਨ੍ਰਿਲਾਜ ਅਰੇ ਤਜ ਕਾਜ ਅਕਾਜ ਕੋ ਕਾਜ ਸਵਾਰਯੋ।।

ਬਾਜ ਬਨੇ ਗਜਰਾਜ ਬਡੋ ਖਰ ਕੋ ਚਤ੍ਰਿਬੋ ਚਿਤ ਬੀਚ ਬੀਚਾਰਯੋ।।

ਸ੍ਰੀ ਭਗਵੰਤ ਭਜਾਯੋ ਰਨ ਅਰੇ ਜਤ੍ਰ ਲਾਜ ਹੀ ਲਾਜ ਸੁ ਕਾਜੁ ਬਿਗਾਰਿਉ।।

ਉੱਪਰ ਦਿੱਤੇ ਵਿਚਾਰ ਤੋˆ ਸਪਸ਼ਟ ਹੈ ਕਿ ਇਹ 33 ਸਵੈਯੇ ਜਿਨ੍ਹਾਂ ਵਿਚੋਂ 10 ਨਿਤਨੇਮ ਦਾ ਹਿੱਸਾ ਹਨ ਕਾਲ ਦੇ ਪੁਜਾਰੀ ਕਿਸੇ ਕਵੀ ਦੀ ਰਚਨਾ ਹੈ। ਅਕਾਲ ਦੇ ਉਪਾਸ਼ਕ ਦਸਮੇਸ਼ ਜੀ ਦੇ ਨਹੀਂ। ਵੈਸੇ ਵੀ ਸ਼ੁਰੂ ਵਿੱਚ ਵਿਚਾਰੀਆ ਦਲੀਲਾਂ ਹੀ ਇਹ ਸਪਸ਼ਟ ਕਰਨ ਲਈ ਕਾਫੀ ਹਨ ਕਿ ਦਸਮ ਗ੍ਰੰਥ ਦੀ ਕੋਈ ਵੀ ਰਚਨਾ ਦਸਮੇਸ਼ ਕ੍ਰਿਤ ਨਹੀਂ ਹੈ। ਕਿਸੀ ਰਚਨਾਂ ਦੇ ਕੁੱਝ ਕੁ ਬੰਦਾਂ ਨੂੰ ਮਨਮਰਜ਼ੀ ਨਾਲ ਚੁੱਕ ਕੇ ਵਰਤ ਲੈਣਾ ਸੁਹਿਰਦਤਾ ਨਹੀਂ, ਬੇਇਮਾਨੀ ਹੈ। ਭਾਵੇਂ ਕੋਈ ਵੀ ਕਰੇ, ਬੇਈਮਾਨੀ ਤਾਂ ਬੇਈਮਾਨੀ ਹੀ ਹੈ। ‘ਪੰਥ ਗੁਰੂ ਵੱਲੋਂ ਕਰਨ ਤੇ ਵੀ ਇਹ ਬੇਇਮਾਨੀ ਹੀ ਰਹੇਗੀ, ਗੁਰਮੁਖਤਾਈ ਨਹੀਂ ਬਣ ਜਾਵੇਗੀ। ਹੁਣ ਤੱਕ ਦੀ ਵਿਚਾਰ ਤੋਂ ਸਪਸ਼ਟ ਹੈ ਕਿ ਪੰਥ ਪ੍ਰਵਾਣਿਕਤਾ ਅਤੇ ਰਹਿਤ ਮਰਯਾਦਾ ਦੇ ਨਾ ਉੱਤੇ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਦਾ ਹਿੱਸਾ ਬਣ ਚੁੱਕੀਆਂ ਦਸਮ ਗ੍ਰੰਥ ਦੀਆਂ ਰਚਨਾਵਾਂ ‘ਬੇਨਤੀ ਚੌਪਈ, ‘ਜਾਪੁ ਦਸ ਸਵੈਯੇ ਗੁਰਬਾਣੀ ਦੀ ਕਸੌਟੀ ’ਤੇ ਖਰੇ ਨਹੀਂ ਉਤਰਦੇ ਅਤੇ ਦਸਮੇਸ਼ ਕ੍ਰਿਤ ਨਹੀਂ ਹਨ।

ਕੁਝ ਇਹੀ ਹਾਲ ਪ੍ਰਚਲਿਤ ਅਰਦਾਸ ਦੇ ਸ਼ੁਰੂਆਤ ਵਿੱਚ ਪੜ੍ਹੇ ਜਾਂਦੇ ਬੰਦ ‘ਪ੍ਰਥਮ ਭਗੌਤੀ ਸਿਮਰ ਕੇ ਦਾ ਵੀ ਹੈ। ਇਹ ਦਸਮ ਗ੍ਰੰਥ ਦੀ ਇੱਕ ਰਚਨਾ ਚੰਡੀ ਚਰਿੱਤਰ ਦਾ ਇੱਕ ਹਿੱਸਾ ਹੈ। ਜੋ ਦੇਵੀ ਚੰਡੀ ਦੀ ਉਸਤਤਿ ਵਾਲੀ ਰਚਨਾ ਹੈ। ਪੰਥ ਪ੍ਰਵਾਨਿਕਤਾ ਜਾਂ ਰਹਿਤ ਮਰਿਯਾਦਾ ਦੀ ਦੁਹਾਈ ਦੇ ਕੇ ਉਸ ਬੰਦ ਨੂੰ ਅਰਦਾਸ ਵਿੱਚ ਫਿੱਟ ਕਰਨ ਨਾਲ ਭਗੌਤੀ ਦੇ ਅਰਥ ਅਕਾਲ ਪੁਰਖ ਨਹੀਂ ਬਣ ਜਾਂਦੇ। ਅਸੀਂ ਭਾਵੇਂ ਕਿੰਨੀ ਵੀ ਖਿੱਚ ਧੂਹ ਕਿਉਂ ਨਾ ਕਰ ਲਈਏ। ਸਾਰੇ ਜਾਗਰੂਕ ਸਿੱਖ ਚੰਡੀ ਚਰਿੱਤਰ ਨੂੰ ਦਸਮੇਸ਼ ਕ੍ਰਿਤ ਨਹੀਂ ਮੰਨਦੇ। ਫਿਰ ਉਸੇ ਚੰਡੀ ਚਰਿੱਤਰ ਦਾ ਇੱਕ ਬੰਦ ‘ਪ੍ਰਥਮ ਭਗੌਤੀ ਸਿਮਰ ਕੇ ਸਿਰਫ ਪ੍ਰਚਲਿਤ ਅਰਦਾਸ ਵਿੱਚ ਸ਼ਾਮਲ ਹੋ ਜਾਣ ਕਾਰਨ ਅਣਗਹਿਲੀ ਜਾਂ ਸਾਜਿਸ਼ ਅਧੀਨ ਹੀ ਪ੍ਰਚੱਲਿਤ ਕਿਵੇਂ ਹੋ ਗਿਆ ਕੀ ਉਸ ਬੰਦ ਦਾ ਵੀ ਲਿਖਾਰੀ ਉਹ ਕਵੀ ਨਹੀਂ, ਜਿਸ ਨੇ ਪੂਰਾ ਚੰਡੀ ਚਰਿੱਤਰ ਲਿਖਿਆ ਹੈ? ਫੇਰ ਚੰਡੀ ਚਰਿੱਤਰ ਨੂੰ ਰੱਦ ਕਰਨਾ ਪਰ ਉਸ ਦੇ ਇਸ ਬੰਦ ਨੂੰ ਕਿਸੇ ਵੀ ਪੰਥ ਪ੍ਰਵਾਣਿਕਤਾ ਜਾਂ ਰਹਿਤ ਮਰਿਯਾਦਾ ਦੀ ਮਜਬੂਰੀ ਹੇਠ ਪ੍ਰਮਾਣਿਕ ਮੰਨਣਾ ਦੋਗਲਾਪਨ ਨਹੀਂ ਹੈ? ਕੀ ਇੱਕ ਦੋਗਲਾ ਬੰਦਾ ਸਿੱਖ ਹੋ ਸਕਦਾ ਹੈ? ਗੁਰਬਾਣੀ ਕਹਿੰਦੀ ਹੈ:

ਦੁਬਿਧਾ ਨਾ ਪੜਓ ਹਰਿ ਬਿਨਾ ਅਵਰ ਨਾ ਪੂਜਓ।।

ਇਸ ਗੱਲ ਦਾ ਕੀ ਜਵਾਬ ਦਿੱਤਾ ਜਾ ਸਕਦਾ ਹੈ?

ਇਸ ਵਿਚਾਰ ਉਪਰੰਤ ਸਪਸ਼ਟ ਹੈ ਕਿ ਪੰਥ ਪ੍ਰਵਾਣਤ ਪ੍ਰਚਾਰੀ ਜਾ ਰਹੀ ਅਤੇ ਰਹਿਤ ਮਰਿਯਾਦਾ ਵਿੱਚ ਸ਼ਾਮਲ ਦਸਮ ਗ੍ਰੰਥ ਦੀ ਕੋਈ ਵੀ ਰਚਨਾ ਦਸਮੇਸ਼ ਕ੍ਰਿਤ ਨਹੀਂ ਹੈ। ਅਸਲ ਵਿੱਚ ਦਸਮ ਗ੍ਰੰਥ ਦੀ ਕੋਈ ਵੀ ਰਚਨਾ ਦਸਮੇਸ਼ ਕ੍ਰਿਤ ਨਹੀਂ ਹੈ। ਇਸ ਬਾਰੇ ਗੁਰਮਤਿ ਦੀ ਕਸੌਟੀ ਉੱਤੇ ਸੱਚ ਸਮਝਾਉਂਦੀਆਂ ਬਹੁਤ ਸਾਰੀਆਂ ਕਿਤਾਬਾਂ ਮਾਰਕੀਟ ਵਿੱਚ ਆ ਚੁੱਕੀਆਂ ਹਨ। ਬਚਿੱਤਰ ਨਾਟਕ (ਸਾਜਿਸ਼ੀ ਨਾਂ ਦਸਮ ਗ੍ਰੰਥ) ਨੂੰ ਸਿੱਖ ਕੌਮ ਵਿੱਚ ਪ੍ਰਚੱਲਿਤ ਕਰਨ ਵਾਲੀਆਂ ਤਾਕਤਾਂ ਦਾ ਤਾਂ ਮਕਸਦ ਹੀ ਇਹ ਗਲਤ ਪ੍ਰਚਾਰ ਕਰਨਾ ਸੀ ਕਿ ਦਸਮੇਸ਼ ਜੀ ਨਾਨਕ ਜੋਤ ਤੋਂ ਅਲੱਗ ਸਨ ਤੇ ਜਿਹੜਾ ਵੀ ਸਿੱਖ ਦਸਮ ਗ੍ਰੰਥ ਦੀ ਕਿਸੇ ਵੀ ਰਚਨਾ ਨੂੰ ਦਸਮੇਸ਼ ਕਿਤ੍ਰ ਪ੍ਰਚਾਰਦਾ ਹੈ, ਉਹ ਸਪਸ਼ਟ ਉਨ੍ਹਾਂ ਬ੍ਰਾਹਮਣਵਾਦੀ (ਸੱਚ ਵਿਰੋਧੀ) ਤਾਕਤਾਂ ਦਾ (ਜਾਣੇ ਅਣਜਾਣੇ ਵਿੱਚ) ਮਕਸਦ ਹੱਲ ਕਰ ਰਿਹਾ ਹੈ। ਨਿਤਨੇਮ ਵਿੱਚ ਸ਼ਾਮਲ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਦਸਮੇਸ਼ ਕ੍ਰਿਤ ਮੰਨ ਰਹੇ ਸਿੱਖ ਲਗਭਗ ਸਾਰੇ ਹੀ ਦਸਮ ਗ੍ਰੰਥ ਨੂੰ ਦਸਮੇਸ਼ ਕ੍ਰਿਤ ਮੰਨ ਰਹੇ ਹਨ। ਜਿਹੜਾ ‘ਬੇਨਤੀ ਚੌਪਈ ਨੂੰ ਦਸਮੇਸ਼ ਜੀ ਦੀ ਰਚਨਾ ਮੰਨਦਾ ਹੈ, ਉਹ ਪੂਰੀ ਤ੍ਰਿਆ ਚਰਿੱਤਰ ਜਿਸ ਦਾ ਇਹ ਹਿੱਸਾ ਹੈ ਤੇ ਚੌਵੀ ਅਵਤਾਰ (ਜਿਸ ਦਾ ਹਿੱਸਾ ਚੌਪਈ ਦੇ ਅੰਤ ਵਾਲਾ ਸਵੈਯਾ ਅਤੇ ਦੋਹਰਾ ਹੈ) ਨੂੰ ਦਸਮੇਸ਼ ਜੀ ਦੀ ਕ੍ਰਿਤ ਗਰਦਾਨ ਰਿਹਾ ਹੈ। ਇਹ ਦੋਨੇ ਮਿਲਾ ਕੇ ਦਸਮ ਗ੍ਰੰਥ ਦੇ ਕੁੱਲ 1133 ਪੰਨੇ ਹਨ। (554 ਚੌਵੀ ਅਵਤਾਰ ਅਤੇ 579 ਤ੍ਰਿਆ ਚਰਿੱਤਰ ਦੇ) 10 ਸਵੱਯੇ ਨੂੰ ਦਸਮੇਸ਼ ਕ੍ਰਿਤ ਮੰਨਣ ਨਾਲ ਇਸ ਗਿਣਤੀ ਵਿੱਚ 5 ਪੰਨੇ ਹੋਰ ਜੁੜ ਜਾਂਦੇ ਹਨ।

10 ਪੰਨੇ ‘ਜਾਪੁ ਦੇ ਹਨ। ਪ੍ਰਚੱਲਿਤ ਅਰਦਾਸ ਦੇ ਪਹਿਲੇ ਬੰਦ ਨੂੰ ਦਸਮੇਸ਼ ਕ੍ਰਿਤ ਮੰਨਣ ਦਾ ਮਤਲਬ ਹੈ, ਪੂਰੇ ਚੰਡੀ ਚਰਿੱਤਰ ਨੂੰ ਗੁਰੂ ਕ੍ਰਿਤ ਮੰਨਣਾ। ਕਿਉਂਕਿ ਇਹ ਬੰਦ ਉਸੇ ਦਾ ਹਿੱਸਾ ਹੈ। ਇਸ ਰਚਨਾਂ ਦੇ ਕੁੱਲ 9 ਪੰਨੇ ਹਨ। ਸਾਰੀਆਂ ਪੰਥ ਪ੍ਰਵਾਨਤ (ਸਹੀ ਮਾਇਨੇ ਵਿੱਚ) ਰਚਨਾਵਾਂ ਦਾ ਕੁੱਲ ਆਕਾਰ ਬਣ ਗਿਆ 1133+5+10+9=1157. ਹੁਣ 1428 ਪੰਨਿਆਂ ਵਿਚੋਂ ਜੋ 1157 ਪੰਨਿਆਂ ਨੂੰ ਦਸਮੇਸ਼ ਜੀ ਦੀ ਕ੍ਰਿਤ ਮੰਨ ਰਿਹਾ ਹੈ, ਕੀ ਉਹ ਸਾਰੇ ਦਸਮ ਗ੍ਰੰਥ ਨੂੰ ਹੀ ਗੁਰੂ ਕ੍ਰਿਤ ਨਹੀਂ ਮੰਨ ਰਿਹਾ? ਮਿਸ਼ਨਰੀ ਕਾਲਜਾਂ ਵੱਲੋਂ ਦਸਮੇਸ਼ ਕ੍ਰਿਤ ਰਚਨਾਵਾਂ ਅਕਾਲ ਉਸਤਤਿ, ਜਫਰਨਾਮਾ (ਜੋ ਹਕਾਇਤਾਂ ਦੀ ਪਹਿਲੀ ਹਕਾਇਤ ਹੈ), ਖਾਲਸਾ ਮਹਿਮਾ ਆਦਿ ਨੂੰ ਵੀ ਪੰਥ ਪ੍ਰਵਾਣਿਤ ਵਿੱਚ ਸ਼ਾਮਲ ਕਰ ਲਈਏ ਤਾਂ ਇਹ ਗਿਣਤੀ 1221 ਤੱਕ ਪਹੁੰਚ ਜਾˆਦੀ ਹੈ? ਫੇਰ ਦਸਮ ਗ੍ਰੰਥ ਵਿੱਚ ਬਾਕੀ ਕੀ ਬਚਿਆ? ਪੰਥ ਨੂੰ ਕਿਸ ਨੇ ਹੱਕ ਦਿੱਤਾ ਅਸ਼ਲੀਲਤਾ, ਬ੍ਰਾਹਮਣਵਾਦ ਅਤੇ ਗਲਤ ਤੱਥਾਂ ਨਾਲ ਭਰਪੂਰ ਇਸ ਗ੍ਰੰਥ ਨੂੰ ਦਸਮੇਸ਼ ਜੀ ਦੇ ਨਾ ਨਾਲ ਮੜ੍ਹਨ ਦਾ? ਕੀ ਸਾਡੀ ਇਹ ਹਰਕਤ ‘ਸੱਚੇ ਸੌਦੇ ਵਾਲੇ ਤੇ ਐਸੇ ਹੋਰਾਂ ਅਖੌਤੀ ਸਾਧਾਂ ਤੋਂ ਹਜਾਰ ਗੁਣਾ ਵੱਧ ਘਿਣਾਉਣੀ ਨਹੀਂ? ਬੇਸ਼ੱਕ! ਅਸੀਂ ਪੰਥ ਪ੍ਰਵਾਣਿਕਤਾ ਦੇ ਨਾਂ ਤੇ ਆਪਣੇ ਗੁਰੂ ਨਾਲ ਧਰੋਹ ਕਮਾ ਰਹੇ ਹਾਂ। ਇਹ ਗੁਰਵਾਕ ਸਾਡੇ ਉੱਤੇ ਪੂਰਾ ਢੁੱਕਦਾ ਹੈ:

ਜਿਨ ਗੁਰ ਗੋਪਿਆ ਅਪਨਾ ਤੇ ਨਰ ਬੁਰਿਆਰੀ।।

ਆਓ ਹੁਣ ਗੱਲ ਕਰਦੇ ਹਾਂ ਆਪਣੇ ਆਪ ਨੂੰ ਜਾਗਰੂਕ ਸਮਝਦੇ ਐਸੇ ਸਿੱਖਾਂ ਦੇ ਇਸ ਭਰਮ ਦਾ, ਜੋ ਸਮਝਦੇ ਹਨ ਕਿ ਦਸਮ ਗ੍ਰੰਥ ਦੀਆਂ ਪੰਥ ਪ੍ਰਵਾਨਤ ਰਚਨਾਵਾਂ ਨੂੰ ਮੰਨਣ ਤੋਂ ਬਿਨਾ ਕੌਮ ਨਹੀਂ ਬਚ ਸਕਦੀ। ਉਨ੍ਹਾਂ ਦਾ ਸ਼ੰਕਾ ਹੈ ਕਿ ਜੇ ਅਸੀਂ ਇਨ੍ਹਾਂ ਰਚਨਾਵਾਂ ਨੂੰ ਰੱਦ ਕਰ ਦਿੱਤਾ ਤਾਂ ਸਾਡੇ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਦਾ ਕੀ ਬਣੇਗਾ? ਕੀ ‘ਗੁਰੂ ਗ੍ਰੰਥ ਸਾਹਿਬ ਜੀ ਦੇ 1429 ਪੰਨੇ (ਲਗਭਗ 1 ਪੰਨਾ ਰਾਗਮਾਲਾ ਹੈ ਜੋ ਗੁਰਬਾਣੀ ਨਹੀਂ ਹੈ) ਸਾਡੇ ਵਾਸਤੇ ਘੱਟ ਹਨ, ਜੋ ਸਾਨੂੰ ਨਿਤਨੇਮ ਦੀਆਂ ਬਾਣੀਆਂ ਵਾਸਤੇ ਕਿਸੇ ਦੂਜੇ ਸ਼ੱਕੀ ਗ੍ਰੰਥ ਵੱਲ ਝਾਕਣਾ ਪਵੇ। ਜੇ ਨਿਤਨੇਮ ਵਿੱਚ ਜਪੁਜੀ, ਸੋ ਦਰੁ ਦੇ 9 ਸ਼ਬਦ, ਸੋਹਿਲਾ, ਪੜ੍ਹ ਲਈਏ ਤਾਂ ਕੀ ਕੁੱਝ ਸਿਧਾਂਤ ਵਿਰੁੱਧ ਹੋ ਜਾਂਦਾ ਹੈ? ਕੀ ਕੌਮ ਡੁੱਬ ਜਾਂਦੀ ਹੈ? ਬਿਲਕੁਲ ਨਹੀਂ! ਬਲਕਿ ਜੇ ਸੁਹਿਰਦਤਾ ਨਾਲ ਵਿਚਾਰੀਏ ਤਾਂ ਇਹ ਬਾਣੀਆਂ ‘ਗੁਰੂ ਗ੍ਰੰਥ ਸਾਹਿਬ ਵਿੱਚ ਰਾਗਾਂ ਵਿੱਚ ਬਾਣੀ ਤੋਂ ਪਹਿਲਾਂ ਨਿਤਨੇਮ ਵਾਲੀਆਂ ਹੀ ਹਨ ਫੇਰ ਐਵੇਂ ਨਿਤਨੇਮ ਦਾ ਕੀ ਬਣੇਗਾ, ਵਰਗੀਆਂ ਫਜ਼ੂਲ ਤੇ ਦਲੀਲ ਰਹਿਤ ਗੱਲਾਂ ਕਿਉਂ?

ਹੁਣ ਗੱਲ ਕਰਦੇ ਹਾਂ ਪ੍ਰਚੱਲਿਤ ਅੰਮ੍ਰਿਤ ਸੰਚਾਰ ਦਾ ਕੀ ਬਣੇਗਾ। ਕੀ ਜਾਗਰੂਕ ਸਿੱਖਾਂ (ਸੰਪਰਦਾਈਆਂ ਦੀ ਗੱਲ ਛੱਡ ਦੇਵੋ, ਉਹ ਤਾਂ ‘ਨਾਨਕ ਫਲਸਫੇ ਦੇ ਧਰੋਹੀ ਹਨ) ਦਾ ਇਹ ਮੰਨਣਾ ਹੈ ਕਿ ਬਾਣੀ ਪੜ੍ਹਨ ਕਰਕੇ ਜਲ ਵਿੱਚ ਕੋਈ ਖਾਸ ਸ਼ਕਤੀ ਆ ਜਾਂਦੀ ਹੈ? ਕੀ ਗੁਰਮਤਿ ਐਸੇ ਕਿਸੇ ਭਰਮ ਨੂੰ ਮੰਨਦੀ ਹੈ? ਬਿਲਕੁਲ ਨਹੀਂ! ਬਲਕਿ ਗੁਰਮਤਿ ਤਾਂ ਮੰਤਰਵਾਦ ਦੇ ਇਸ ਭਰਮ ਦਾ ਖੰਡਨ ਕਰਦੀ ਹੈ ਕਿ ਦਸਮ ਗ੍ਰੰਥ ਦੀਆਂ ਇਨ੍ਹਾਂ ਸ਼ੱਕੀ ਰਚਨਾਵਾਂ ਨੂੰ ਪੜ੍ਹਨ ਨਾਲ ਇਸ ਜਲ ਵਿੱਚ ਕੁੱਝ ਖਾਸ ਸ਼ਕਤੀ ਆ ਜਾਂਦੀ ਹੈ? ਜੇ ਇਨ੍ਹਾਂ ਦੀ ਥਾਂ ‘ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੋਈ ਹੋਰ ਰਚਨਾਵਾਂ ਪੜ੍ਹ ਲਈਏ ਤਾਂ ਕੀ ਕੋਈ ਹਰਜ਼ ਹੈ? ਕੀ ਉਸ ਸੁਰਤ ਵਿੱਚ ਇਹ ਅੰਮ੍ਰਿਤ (ਅਸਲ ਨਾਂ ਖੰਡੇ ਦੀ ਪਾਹੁਲ) ਨਾ ਰਹਿ ਕੇ ‘ਜ਼ਹਿਰ ਬਣ ਜਾਏਗਾ? ਵੈਸੇ ਵੀ ਇਸ ਲੇਖ ਵਿੱਚ ਦਿੱਤੇ ਹਵਾਲੇ ਵਿੱਚ ਡਾ. ਰਤਨ ਸਿੰਘ ਜੱਗੀ ਦੀ ਖੋਜ ਅਨੁਸਾਰ ਪੁਰਾਤਨ ਅਤੇ ਹੱਥ ਲਿਖਤ ਲਿਖਤਾਂ ਵਿੱਚ ਇਸ ਵਿਸ਼ੇ ’ਤੇ ਬਹੁਤ ਮੱਤਭੇਦ ਮਿਲਦੇ ਹਨ ਕਿ ਦਸਮੇਸ਼ ਜੀ ਨੇ 1699 ਵਿੱਚ ‘ਖੰਡੇ ਦੀ ਪਾਹੁਲ ਸਮੇਂ ਕਿਹੜੀਆਂ ਰਚਨਾਵਾਂ ਪੜ੍ਹੀਆਂ ਸਨ। ਪਰ ਖਾਲਸਾ ਤਾਂ ਮਤਭੇਦਾˆ ਤੋਂ ਨਿਆਰਾ ਹੈ, ਭਰਮਾਂ ਤੋਂ ਨਿਆਰਾ ਹੈ। ਫੇਰ ਕਿਉਂ ਨਾ ਖੰਡੇ ਦੀ ਪਾਹੁਲ ਵੇਲੇ ਪੜ੍ਹਨ ਵਾਲੀਆਂ ਬਾਣੀਆਂ ‘ਗੁਰੂ ਗ੍ਰੰਥ ਸਾਹਿਬ ਵਿਚੋਂ ਹੀ ਲੈ ਲਈਆਂ ਜਾਣ? ਇਸ ਵਿੱਚ ਕੀ ਹਰਜ ਹੈ? ਨਾਲ ਅਸੀਂ ਅਸ਼ਲੀਲ ਅਤੇ ਬ੍ਰਾਹਮਣਵਾਦੀ ਰਚਨਾਵਾਂ ਨੂੰ ਦਸਮੇਸ਼ ਕ੍ਰਿਤ ਮੰਨਣ ਦੇ ਗੁਰੂ ਧਰੋਹ ਤੋਂ ਵੀ ਬਚ ਜਾਵਾਂਗੇ। ਕੁੱਝ ਇਹੀ ਦਲੀਲ ਪ੍ਰਚਲਿਤ ਅਰਦਾਸ ਤੇ ਵੀ ਸਹੀ ਢੁੱਕਦੀ ਹੈ। ਜੇ ਉੱਥੇ ਦੇਵੀ ਭਗੌਤੀ ਨੂੰ ਸਿਮਰਨ ਵਾਲਾ ਬੰਦ ਹਟਾ ਕੇ ਗੁਰਮਤਿ ਅਨੁਸਾਰੀ ਕੋਈ ਢੁੱਕਵੀਂ ਸ਼ਬਦਾਵਲੀ ਵਰਤ ਲਈ ਜਾਵੇ ਤਾਂ ਕੀ ਹਰਜ਼ ਹੈ? ਇੱਕ ਅਕਾਲ ਪੁਰਖ ਦਾ ਉਪਾਸ਼ਕ ਹਰ ਰੋਜ਼ ਕਿਸੀ ਦੇਵੀ ਨੂੰ ਕਿਉਂ ਧਿਆਵੇ? ਐਸੀ ਪੰਥ ਪ੍ਰਵਾਣਿਕਤਾ ਦੇ ਬੇਲੋੜੇ ਪਿਆਰ ਵਿੱਚ ਜਕੜੇ ਕੁੱਝ ਮਿਸ਼ਨਰੀ ਇਹ ਵੀ ਫਤਵਾ ਦਿੰਦੇ ਸੁਣੀਂਦੇ ਹਨ ਕਿ ਰਹਿਤ ਮਰਿਯਾਦਾ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਸਾਡੇ ਐਸੇ ਵੀਰ/ਭੈਣ ਮਾਰਚ 2008 ਦੇ ਇੰਡੀਆ ਅਵੇਅਰਨੈੱਸ ਦੇ ਪੰਨਾ 24 ਉੱਤੇ ਛਪਿਆ ਲੇਖ, ‘ਕੀ ਸਿੱਖ ਰਹਿਤ ਮਰਿਯਾਦਾ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ? ਤਾਂ ਫੇਰ ਇਹ ਤਬਦੀਲੀਆਂ ਕਿਵੇਂ ਹੋਈਆਂ?’ ਪੜ੍ਹ ਕੇ ਵਿਚਾਰ ਲੈਣ। ਇਸ ਲੇਖ ਵਿੱਚ ਲੇਖਕ ਨੇ 1954 ਵਿੱਚ ਤੇ ਮੌਜੂਦਾ ਛਪ ਰਹੀ ਰਹਿਤ ਮਰਿਯਾਦਾ ਦੀ ਤੁਲਨਾ ਕਰ ਕੇ ਇਹ ਸਾਬਿਤ ਕੀਤਾ ਕਿ ਇਸ ਵਿੱਚ ਕਈ ਤਬਦੀਲੀਆਂ ਹੋ ਚੁੱਕੀਆ ਹਨ। ਐਸੀ ਪੰਥ ਪ੍ਰਵਾਣਿਕਤਾ ਤੇ ਰਹਿਤ ਮਰਿਯਾਦਾ ਲਈ ਬੇਲੋੜਾ ਹੇਜ ਕਿਉਂ, ਜਿਸ ਦੇ ਅਨੇਕਾਂ ਨੁਕਤੇ ‘ਗੁਰੂ ਗ੍ਰੰਥ ਸਾਹਿਬ ਜੀ ਦੀ ਕਸੌਟੀ ’ਤੇ ਖਰੇ ਨਹੀਂ ਉੱਤਰਦੇ।

ਇਹ ਲੇਖ ਸਿਰਫ ਉਨ੍ਹਾਂ ਜਾਗਰੂਕ ਸਿੱਖਾਂ (ਖਾਸ ਕਰਕੇ ਮਿਸ਼ਨਰੀ ਕਾਲਜਾਂ ਨਾਲ ਜੁੜੇ) ਲਈ ਹੈ, ਜੋ ਸਿਰਫ ‘ਗੁਰੂ ਗ੍ਰੰਥ ਸਾਹਿਬ ਨੂੰ ਹੀ ਸਹੀ ਮਾਇਨੇ ਵਿੱਚ ਗੁਰੂ ਮੰਨਦੇ ਹਨ। ਇਹ ਲੇਖ ਸੰਪ੍ਰਦਾਈਆਂ (ਟਕਸਾਲੀ, ਅਖੌਤੀ ਸੰਤ ਬਾਬੇ, ਪੁਜਾਰੀ ਸ੍ਰੇਣੀ, ਡੇਰੇਦਾਰ ਆਦਿ) ਤੇ ਉਨ੍ਹਾਂ ਦੀ ਸੋਚ ਨੂੰ ਅੰਤਿਮ ਮੰਨ ਚੁੱਕੇ ਸਿੱਖਾਂ ਲਈ ਨਹੀਂ ਹੈ, ਜੋ ਪੂਰੇ ਦਸਮ ਗ੍ਰੰਥ ਨੂੰ ਦਸਮੇਸ਼ ਕ੍ਰਿਤ ਮੰਨਣ ਲਈ ਬਜ਼ਿੱਦ ਹਨ। ਸਾਡੀਆਂ ਦੀਆਂ ਨਜ਼ਰਾ ਵਿੱਚ ਇਹ ਤਾਂ ਉਨ੍ਹਾਂ ਬ੍ਰਾਹਮਣਵਾਦੀ ਏਜੰਟਾਂ (ਉਦਾਸੀ, ਨਿਰਮਲੇ ਆਦਿ) ਦੇ ਵੰਸ਼ਜ ਹਨ, ਜਿਨ੍ਹਾਂ ਨੇ ਸਿੱਖ ਭੇਖ ਧਾਰਨ ਹੀ ਇਸ ਲਈ ਕੀਤਾ ਸੀ ਤਾਂ ਕਿ ਸਿੱਖ ਕੌਮ ਨੂੰ ‘ਨਾਨਕ ਫਲਸਫੇ ਤੋਂ ਭਟਕਾਇਆ ਜਾ ਸਕੇ।  ਜਾਗਰੂਕ ਸਿੱਖਾਂ ਨੂੰ ਬੇਨਤੀ ਹੈ ਕਿ ਤੁਸੀਂ ਪੰਥ ਪ੍ਰਵਾਨਕਤਾ ਅਤੇ ਰਹਿਤ ਮਰਿਯਾਦਾ ਦੇ ਬੇਲੋੜੇ ਬੋਝ ਥੱਲੇ ਆਪਣੇ ਜ਼ਮੀਰ ਨੂੰ ਇਤਨਾ ਵੀ ਸਾਹਸਹੀਨ ਨਾ ਕਰੋ ਕਿ ਉਹ ਗੁਰੂ ਧਰੋਹ ਕਮਾਉਣ ਤੋਂ ਵੀ ਸੰਕੋਚ ਨਾ ਕਰੇ। ਸਿੱਖ ਰਹਿਤ ਮਰਿਯਾਦਾ (ਢੁੱਕਵਾਂ ਨਾਂ ਸਿੱਖ ਜੀਵਨ ਜਾਚ) ਬਹੁਤ ਜ਼ਰੂਰੀ ਹੈ, ਪਰ ਉਹ ਗੁਰੂ (ਗੁਰੂ ਗ੍ਰੰਥ ਸਾਹਿਬ ਜੀ) ਪ੍ਰਵਾਣਿਤ ਹੋਣੀ ਚਾਹੀਦੀ ਹੈ। ਪਹਿਲਾˆ ਇਸ ਨੂੰ ਸੋਧ ਕੇ ‘ਗੁਰੂ ਪ੍ਰਵਾਣਿਤ ਕਰ ਲਈਏ ਤੇ ਜਿਹੜੇ ਇਸ ਰਾਹ ਉੱਤੇ (ਜਾਗ੍ਰਿਤੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ) ਤੁਰ ਰਹੇ ਹਨ, ਉਨ੍ਹਾਂ ਦੇ ਰਾਹ ਵਿੱਚ ਰੋੜੇ ਨਾ ਅਟਕਾਈਏ।

ਹਰ ਜਾਗਰੂਕ ਸਿੱਖ ਨੂੰ ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਦਸਮ ਗ੍ਰੰਥ ਦੀ ਕਿਸੇ ਵੀ ਰਚਨਾ ਨੂੰ ਦਸਮੇਸ਼ ਕ੍ਰਿਤ ਮੰਨਣਾ ਗੁਰੂ ਨਾਲ ਧਰੋਹ ਹੈ? ਵੈਸੇ ਵੀ ਕਿਸੇ ਰਚਨਾ ਵਿਚੋਂ ਆਪਣੀ ਮਨ ਮਰਜੀ ਦੇ ਬੰਦ ਚੁੱਕ ਕੇ ਉਸ ਨੂੰ ਪੰਥ ਪ੍ਰਵਾਨਿਤ ਬਣਾ ਲੈਣਾ ਬੇਈਮਾਨੀ ਹੈ। ਇੱਕ ਸੱਚਾ ਸਿੱਖ (‘ਨਾਨਕ ਫਲਸ਼ਫੇ ਦਾ ਆਸ਼ਿਕ) ਗੁਰੂ ਧਰੋਹੀ ਤੇ ਬੇਈਮਾਨ ਨਹੀਂ ਹੋ ਸਕਦਾ। ਜੇ ਕੋਈ ਇਤਨੀ ਵਿਚਾਰ ਤੋਂ ਬਾਅਦ ਵੀ ਪੰਥ ਪ੍ਰਵਾਣਿਕਤਾ ਦੇ ਨਾਂ ਹੇਠ, ਉਨ੍ਹਾਂ ਰਚਨਾਵਾਂ ਨੂੰ ਦਸਮੇਸ਼ ਕ੍ਰਿਤ ਮੰਨਣ ਲਈ ਬਜ਼ਿੱਦ ਹੈ ਤਾਂ ਇਹ ਸੋਚ (ਮਨਮਤ) ਉਸ ਨੂੰ ਮੁਬਾਰਿਕ। ਬੇਨਤੀ ਹੈ ਕਿ ਉਹ ਇਸ ਵਿਸ਼ੇ ’ਤੇ ਚੁੱਪ ਹੀ ਧਾਰਨ ਕਰ ਲਵੇ। ਇਸ ਪੁਨਰ ਜਾਗਰਣ ਲਹਿਰ ਵਿੱਚ ਜੇ ‘ਹਾਂ ਪੱਖੀ ਯੋਗਦਾਨ ਨਹੀਂ ਪਾ ਸਕਦੇ ਤਾਂ ਕੋਈ ਗਿਲਾ ਨਹੀਂ, ਪਰ ਕਿਰਪਾ ਕਰਕੇ ਇਸ ਦੇ ਵਿਰੋਧੀ ਨਾ ਬਣੋ। ਇਸ ਗੁਰਮਤਿ ਵਿਰੋਧੀ ਅਤੇ ਦਲੀਲ ਰਹਿਤ ਪਹੁੰਚ ਲਈ ਸੱਚ ਦੀ ਰਾਹ (ਨਾਨਕ ਫਲਸਫੇ) ਦਾ ਇਤਿਹਾਸ ਸ਼ਾਇਦ ਸਾਨੂੰ ਕਦੀ ਮਾਫ ਨਾ ਕਰੇ? ‘ਮਨ ਜਾਨਤ ਸਭ ਬਾਤ ਅਨੁਸਾਰ ਜਾਣਦੇ-ਬੁਝਦੇ ਇਹ ਕੰਮ ਕਰਨਾ ਸੰਪਰਦਾਈਆਂ ਨਾਲੋਂ ਵੀ ਵੱਧ ਗਲਤ ਹੋਵੇਗਾ। ਇਹ ਨੁਕਤਾ ਵੀ ਘੱਟ ਦਿਲਚਸਪ ਨਹੀਂ ਕਿ ਪੰਥ ਪ੍ਰਵਾਣਿਤ ਰਹਿਤ ਮਰਿਯਾਦਾ ਦਸਮ ਗ੍ਰੰਥ ਦੀ ਕਿਸੇ ਵੀ ਰਚਨਾ ਨੂੰ ਸਪਸ਼ਟ ਰੱਦ ਨਹੀਂ ਕਰਦੀ ਬਲਕਿ ਇਹ ਤਾਂ ਕਈ ਰਚਨਾਵਾਂ ਦੇ ਪ੍ਰਮਾਣਿਕ ਹੋਣ ਦੀ ਪ੍ਰੋੜਤਾ ਹੀ ਕਰਦੀ ਹੈ। ਕੀ ਇਸ ਪੱਖ ਤੋਂ ਵੀ ਵਿਚਾਰ ਕਰਨੀ ਜ਼ਰੂਰੀ ਨਹੀਂ?

ਆਸ ਹੈ, ਜਾਗਰੂਕ ਸਿੱਖ ਇਸ ਲੇਖ ਨੂੰ ਪੜ੍ਹ ਕੇ ਸੁਹਿਰਦਤਾ ਅਤੇ ਠਰੰਮੇ ਨਾਲ ਵਿਚਾਰ ਕਰਨਗੇ। ਗਰੀਬੜੇ, ਨਿਮਾਣੇ, ਪੰਥ ਦਰਦੀ, ਕੂਕਰਾਂ ਦੀ ਇਹ ਅਰਜ਼ੋਈ ਮੰਨ ਕੇ ਆਪਣੇ ਜ਼ਮੀਰ ਦੀ ਆਵਾਜ਼ ਸੁਣਨਗੇ। ਉਹ ਵੀ ‘ਨਾਨਕ ਫਲਸਫੇ ਦੇ ਆਸ਼ਕਾਂ ਦਾ ਸਾਥ ਦੇਣ ਲਈ ਕਮਰ ਕੱਸੇ ਕਰ ਲੈਣਗੇ। ਜੇ ਕਿਸੇ ਮਜਬੂਰੀ ਹੇਠ ਖੁੱਲੇਆਮ ਸਾਥ ਨਹੀਂ ਦੇ ਸਕਦੇ ਤਾਂ ਘੱਟੋ-ਘੱਟ ਉਨ੍ਹਾਂ ਦੇ ਰਾਹ ਵਿੱਚ ਰੋੜੇ ਨਹੀਂ ਅਟਕਾਉਣਗੇ। ਕੀ ਜਾਗਰੂਕ ਸਿੱਖਾਂ ਕੋਲੋਂ ਇਹ ਆਸ ਰੱਖ ਸਕਦੇ ਹਾਂ? ਜੇ ਕਿਸੇ ਨੂੰ ਵਿਚਾਰਾਂ ਵਿੱਚ ਕੁੱਝ ਗੁਰਮਤਿ ਵਿਰੋਧੀ ਤੇ ਦਲੀਲ ਰਹਿਤ ਲਗਦਾ ਹੈ ਤਾਂ ਬਿਨਾਂ ਝਿਜਕ ਆਪਣੇ ਵਿਚਾਰ ਦਲੀਲ ਨਾਲ ਪਰਿਵਾਰ ਨੂੰ ਭੇਜ ਸਕਦਾ ਹੈ। ਅਜਿਹੇ ਸੁਹਿਰਦਾਂ ਦਾ ਤਹਿ ਦਿਲੋਂ ਧੰਨਵਾਦੀ ਹੋਵਾਂਗੇ। ਅੰਤ ਵਿੱਚ ਐਸੇ ਜਾਗਰੂਕ ਵੀਰਾਂ ਨੂੰ ਇੱਕ ਵਾਰ ਫੇਰ ਹੱਥ ਜੋੜ ਕੇ ਬੇਨਤੀ ਹੈ ਕਿ ਪੰਥ ਪ੍ਰਵਾਣਿਕਤਾ ਦੇ ਨਾਂ ’ਤੇ ਗੁਰਮਤਿ ਸਿਧਾਂਤਾਂ ਦੀ ਬਲੀ ਨਾ ਚੜ੍ਹਾਓ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


ਤੱਤ ਗੁਰਮਤਿ ਪਰਿਵਾਰ ਦੇ ਵੀਰਾਂ ਨੂੰ ਨਿਮਰਤਾ ਸਹਿਤ ਉੱਤਰ

ਅਖੌਤੀ ਦਸਮ ਗ੍ਰੰਥ ਅਤੇ ਸਿੱਖ ਰਹਿਤ ਮਰਿਆਦਾ ਦੇ ਸਬੰਧ 'ਚ ਦਿੱਤੇ ਉਦਾਹਰਣ ਲਾਜਵਾਬ ਨੇ, ਇਸ 'ਚ ਕੋਈ ਸ਼ੱਕ ਨਹੀਂ। ਅਖੌਤੀ ਦਸਮ ਗ੍ਰੰਥ, ਗੁਰੂ ਕ੍ਰਿਤ ਨਹੀਂ, ਇਸ 'ਚ ਕੋਈ ਦੋ ਰਾਏ ਨਹੀਂ, ਨਾ ਹੀ ਉਹ ਗੁਰਬਾਣੀ ਹੈ; ਗੁਰਬਾਣੀ, ਗੁਰਮਤਿ ਸਿਧਾਂਤ 'ਚ ਕੋਈ ਤਬਦੀਲੀ ਨਹੀਂ ਹੋ ਸਕਦੀ, ਰਹਿਤ ਮਰਿਆਦਾ 'ਚ ਹੋ ਸਕਦੀ ਹੈ, ਪਰ ਉਹ ਤਬਦੀਲੀ ਕਿਸੇ ਇੱਕ ਧਿਰ ਦੇ ਮੰਨਣ ਜਾਂ ਨਾ ਮੰਨਣ ਨਾਲ ਨਹੀਂ ਹੋ ਸਕਦੀ, ਸਾਰੀਆਂ ਜਾਗਰੂਕ ਧਿਰਾਂ ਇੱਕ ਪਲੇਟਫਾਰਮ 'ਤੇ ਇਕੱਠੇ ਹੋਣ ਨਾਲ ਹੋ ਸਕਦੀ ਹੈ।  ਸਿੱਖ ਰਹਿਤ ਮਰਿਆਦਾ 'ਚ ਸੋਧ ਦੀ ਲੋੜ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਗੁਰੂ ਨਾਨਕ ਸਾਹਿਬ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂਆਂ ਨੂੰ ਗੁਰੂ ਨਾ ਕਹਿਣ 'ਚ ਵੀ ਕੋਈ ਅਕਲਮੰਦੀ ਨਹੀਂ। ਜੇ ਤੱਤ ਗੁਰਮਤਿ ਪਰਿਵਾਰ ਆਪਣੀ ਇਹ ਜ਼ਿਦ ਨਹੀਂ ਛੱਡ ਸਕਦਾ, ਜਿਸ ਪਿੱਛੇ ਕੋਈ ਸਿਧਾਂਤ ਨਹੀਂ, ਤਾਂ ਬਾਕੀ ਧਿਰਾਂ ਤੋਂ ਕਿਵੇਂ ਆਸ ਕਰ ਸਕਦਾ ਹੈ ਕਿ ਉਹ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਨਾ ਛੱਡ ਦੇਣ।

ਇਕ ਮਾਮੂਲੀ ਜਿਹੀ ਉਦਾਹਰਣ ਦੇਣੀ ਚਾਹਾਂਗੇ। ਕਿਸੇ ਮਾਮੂਲੀ ਜਿਹੇ ਅਧਿਆਪਕ ਕੋਲ਼ੋਂ ਕੋਈ ਗੱਲ ਸਿੱਖ ਲਈ ਜਾਵੇ, ਤਾਂ ਵੀ ਲੋਕ ਉਸ ਨੂੰ ਗੁਰੂ ਕਹਿਣ ਲੱਗ ਜਾਂਦੇ ਹਨ, ਕਿਸੇ ਨੇ ਤਬਲਾ ਵਜਾਉਣਾ ਸਿਖਣਾ ਹੋਵੇ, ਗਾਉਣਾ ਸਿਖਣਾ ਹੋਵੇ, ਜਾਂ ਭਾਂਵੇ ਕੋਈ ਵੀ ਹੋਰ ਹੁਨਰ ਸਿਖਣਾ ਹੋਵੇ, ਤਾਂ ਉਸ ਸਿਖਾਉਣ ਵਾਲੇ ਨੂੰ ਗੁਰੂਜੀ ਕਹਿ ਕੇ ਸੰਬੋਧਿਤ ਕਰਦੇ ਹਾਂ, ਹਰ ਨਿੱਕੇ ਮੋਟੇ ਆਮ ਬੰਦੇ ਨੂੰ ਵੀ ਆਮ ਕਰਕੇ ਸ਼ੀਮਾਨ, ਸਰਦਾਰ ਜੀ, ਬਾਉ ਜੀ ਆਦਿ ਕਹਿਕੇ ਸੰਬੋਧਨ ਕੀਤਾ ਜਾਂਦਾ ਹੈ, ਤੇ ਫਿਰ ਜਿਸ ਗੁਰੂ ਨਾਨਕ ਨੇ ਸਾਰੇ ਜਗਤ ਨੂੰ ਰਾਹ ਦਿਖਾਇਆ, ਮੱਨੁਖ ਬਣਨ ਦਾ ਢੰਗ ਦੱਸਿਆ, ਉਸ ਜਾਹਿਰ ਪੀਰ ਜਗਤ ਗੁਰ ਬਾਬੇ ਨੁੰ ਗੁਰੂ ਕਹਿਣ 'ਚ ਕੀ ਅੜਚਨ ਹੈ। ਇਹ ਤਾਂ ਠੀਕ ਹੈ ਕਿ ਗੁਰੂ ਨਾਨਕ ਨੇ ਆਪਣੇ ਆਪ ਨੂੰ ਗੁਰੂ ਨਹੀਂ ਕਹਿਆ, ਤੇ ਆਪ ਕੋਈ ਕਹਿਲਾਉਂਦਾ ਵੀ ਨਹੀਂ, ਗੁਰੂ ਉਨ੍ਹਾਂ ਨੂੰ ਉਨ੍ਹਾਂ ਦੀ ਸਿਖਿਆ ਨੂੰ ਅਪਨਾਉਣ ਵਾਲਿਆਂ ਨੇ ਕਿਹਾ, ਭਾਈ ਗੁਰਦਾਸ ਜੀ ਨੇ ਕਿਹਾ, ਭਟਾਂ ਨੇ ਗੁਰੂ ਅਰਜੁਨ ਨੂੰ ਗੁਰੂ ਕਿਹਾ, ਤਾਂ ਤੱਤ ਗੁਰਮਤਿ ਪਰਿਵਾਰ ਵਾਲੇ ਕੀ ਭਾਈ ਗੁਰਦਾਸ ਜੀ, ਭੱਟਾਂ ਨਾਲ਼ੋਂ ਵੀ ਸਿਆਣੇ ਹੋ ਗਏ? ਅਸੀਂ ਕਿਸੇ ਬਹਿਸ ਬਾਜ਼ੀ 'ਚ ਪੈਣ ਲਈ ਇਹ ਟਿੱਪਣੀ ਨਹੀਂ ਲਿਖ ਰਹੇ।

ਪਹਿਲਾਂ ਆਪਣੀ ਜ਼ਿੱਦ ਛੱਡੋ, ਫਿਰ ਦੂਜਿਆਂ ਕੋਲ਼ੋਂ ਆਸ ਰੱਖੋ। ਸਾਰੀਆਂ ਹੀ ਜਾਗਰੂਕ ਧਿਰਾਂ ਇੱਕਠੀਆਂ ਹੋਣ, ਆਪਣੀ ਆਪਣੀ ਜ਼ਿਦ ਛੱਡ ਕੇ ਹੀ, ਕੋਈ ਫੈਸਲਾ ਲਿਆ ਜਾ ਸਕਦਾ ਹੈ, ਸਿੱਖ ਰਹਿਤ ਮਰਿਆਦਾ 'ਚ ਗੁਰਮਤਿ ਅਨੁਸਾਰ ਸੋਧ ਵੀ ਉਦੋਂ ਹੀ ਸਕਦੀ ਹੈ, ਨਹੀਂ ਤਾਂ ਵਜਾਈ ਚੱਲੋ, ਆਪਣੀ ਆਪਣੀ ਡੱਫਲੀ, ਅਰਦਾਸਾਂ ਬਦਲ ਲਵੋ, ਨਿਤਨੇਮ ਬਦਲ ਲਵੋ, ਆਨੰਦ ਕਾਰਜ ਦੀ ਵਿਧੀ ਬਦਲ ਲਵੋ... ਜੋ ਵੀ ਕਰੋ ਇੱਕਠੇ ਹੋ ਕੇ ਕਰੋ ਭਾਈ...

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top