Main News Page

ਡਾ. ਹਰਭਜਨ ਸਿੰਘ (ਦੇਹਰਾਦੂਨ) ਦਾ ਲੇਖ "ਚਰਿਤਰੋਪਾਖਿਆਨ ਦੀ ਅਨੂਪ ਕੌਰ: ਅਸਲ ਕਹਾਣੀ, ਅਸਲ ਸੰਦੇਸ਼" ਦੇ ਬਾਰੇ ਸਰਵਜੀਤ ਸਿੰਘ ਸੈਕਰਾਮੈਂਟੋ ਵਲੋਂ ਖੁੱਲਾ ਖੱਤ

ਡਾ. ਹਰਭਜਨ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।

ਪੰਜਾਬ ਟਾਈਮਜ਼ ਦੇ ਪੰਨਾ 34 (ਸਤੰਬਰ 11-17) `ਤੇ ਆਪ ਜੀ ਦਾ ਲੇਖ, `ਚਰਿਤਰੋਪਾਖਿਆਨ ਦੀ ਅਨੂਪ ਕੌਰ: ਅਸਲ ਕਹਾਣੀ, ਅਸਲ ਸੰਦੇਸ਼’ ਪੜ੍ਹਿਆ। ਇਸ ਲੇਖ ਵਿਚ ਆਪ ਜੀ ਨੇ ਚਰਿਤ੍ਰ 21, 22 ਅਤੇ 23 ਦੀ ਕਹਾਣੀ ਨੂੰ ਬੁਹਤ ਹੀ ਸਰਲ ਭਾਸ਼ਾ ਵਿਚ ਲਿਖਿਆ ਹੈ। ਆਪ ਜੀ ਨੇ ਇਹ ਕਹਾਣੀ ਆਪਣੀ ਕਿਤਾਬ, ‘ਸ਼੍ਰੀ ਦਸਮ ਗ੍ਰੰਥ ਸਾਹਿਬ ਕਰਤਾ ਸੰਬੰਧੀ ਵਿਵਾਦ ਦੀ ਪੁਨਰ-ਸਮੀਖਿਆ’ ਵਿਚ ਵੀ (ਪੰਨਾ 107-111) ਦਰਜ ਕੀਤੀ ਹੈ। ਆਪ ਜੀ ਨੇ ਬੁਹਤ ਹੀ ਸਪੱਸ਼ਟ ਸ਼ਬਦਾਂ ਵਿਚ ਇਹ ਸਾਬਤ ਕੀਤਾ ਹੈ ਕਿ ਇਹ ਕਹਾਣੀ ਗੁਰੂ ਜੀ ਦੀ ਆਪ ਬੀਤੀ ਹੈ। ਇਹ ਸਾਖੀ ਗੁਰੂ ਜੀ ਦੀ ਹੱਡ ਬੀਤੀ ਹੈ ਜਾਂ ਨਹੀ, ਇਹ ਫੈਸਲਾ ਤਾਂ ਮੈ ਪਾਠਕਾਂ ਤੇ ਛੱਡਦਾ ਹਾਂ। ਇਸ ਪੱਤਰ ਰਾਹੀ ਤਾਂ ਆਪ ਵਲੋਂ  ਕਹਾਣੀ (ਤੁਹਾਡੀ ਖੋਜ ਮੁਤਾਬਕ ਗੁਰੂ ਜੀ ਦੀ ਹੱਠ ਬੀਤੀ) ਲਿਖਣ ਵੇਲੇ ਕੀਤੀ ਗਈ ਸਾਹਿਤਿਕ ਬੇਈਮਾਨੀ ਬਾਰੇ ਪਾਠਕਾਂ ਨੂੰ ਜਾਣੂ ਕਰਵਾਉਣਾ ਅਤੇ ਆਪ ਜੀ ਤੋਂ ਉਸ ਦਾ ਕਾਰਨ ਜਾਨਣਾ ਚਹੁੰਦਾਂ ਹਾਂ।

ਆਪ ਜੀ ਲਿਖਦੇ ਹੋ, “ਰਾਜੇ ਦਾ ਹਠ ਵੇਖ ਕੇ ਉਸ ਇਸਤਰੀ ਨੇ ਡਰਾਉਣ ਵਾਸਤੇ ਚੋਰ-ਚੋਰ ਕਹਿ ਕੇ ਸ਼ੋਰ ਮਚਾਇਆ। ਉਸ ਇਸਤਰੀ ਦੇ ਸੇਵਕ ਅਤੇ ਆਸ-ਪਾਸ ਦੇ ਲੋਕ ਜਾਗ ਪਏ ਅਤੇ ਉਨ੍ਹਾਂ ਨੇ ਰਾਜੇ ਨੂੰ ਚਾਰੇ ਪਾਸਿਓਂ ਘੇਰ ਲਿਆ। ਉਨ੍ਹਾਂ ਵਿਚੋਂ ਕੁਝ ਨੇ ਤਲਵਾਰਾਂ ਸੂਤ ਲਈਆਂ ਅਤੇ ਲਲਕਾਰ ਕੇ ਕਿਹਾ “ਤੈਨੂੰ ਭਜਣ ਨਹੀਂ ਦੇਵਾਂਗੇ।” ਜਦੋਂ ਘਿਰੇ ਹੋਏ ਰਾਜੇ ਨੂੰ ਬਚਾਓ ਦਾ ਕੋਈ ਤਰੀਕਾ ਨਾ ਦਿਸਿਆ, ਤਾਂ ਉਸ ਨੇ ਅਨੂਪ ਕੌਰ ਦੇ ਭਾਈ ਦੀ ਪਗੜੀ ਲਾਹ ਦਿਤੀ ਅਤੇ ਉਸ ਨੂੰ ਪਕੜ ਕੇ ਸ਼ੋਰ ਮਚਾਇਆ ਕਿ ਚੋਰ ਇਹ ਹੈ”।

ਪਾਠਕ ਧਿਆਨ ਦੇਣ, ਡਾ. ਹਰਭਜਨ ਸਿੰਘ ਜੀ ਲਿਖਿਦੇ ਹਨ ਕਿ ਰਾਜੇ ਨੇ, “ਅਨੂਪ ਕੌਰ ਦੇ ਭਾਈ ਦੀ ਪਗੜੀ ਲਾਹ ਦਿਤੀ”। ਡਾ. ਹਰਭਜਨ ਸਿੰਘ ਜੀ ਇਹ ਜਾਣਕਾਰੀ ਦਿਓ ਕਿ ਆਪ ਜੀ ਨੇ ਇਹ ਤਰਜਮਾ ਕਿਸ ਪੰਗਤੀ ਦਾ ਕੀਤਾ ਹੈ ਕਿ ਰਾਜੇ ਨੇ “ਅਨੂਪ ਕੌਰ ਦੇ ਭਾਈ ਦੀ ਪਗੜੀ ਲਾਹ ਦਿਤੀ”?

ਪਾਠਕਾਂ ਦੀ ਜਾਣਕਾਰੀ ਲਈ ਅਸਲ ਲਿਖਤ ਅਤੇ ਵਿਦਵਾਨਾਂ ਵਲੋਂ ਕੀਤੇ ਗਏ ਅਰਥ ਪੇਸ਼ ਹਨ;

ਦੋਹਰਾ
ਸੁਨਤ ਚੋਰ ਕੇ ਬਚ ਸ੍ਰਵਨ ਉਠਿਯੋ ਰਾਇ ਡਰ ਧਾਰ। ਭਜਿਯੋ ਜਾਇ ਡਰ ਪਾਇ ਮਨ ਪਨੀ ਪਾਮਰੀ ਡਾਰਿ।1।
ਛੋਰਿ ਸੁਨਤ ਜਾਗੇ ਸਭੈ ਭਜੇ ਨ ਦੀਨਾ ਰਾਇ। ਪਦਮ ਪਾਚ ਸਾਕਤ ਲਗੇ ਮਿਲੇ ਸਿਤਾਬੀ ਆਇ।2।
ਚੌਪਈ
ਛੋਰ ਬਚਨ ਸਭ ਹੀ ਸੁਨਿ ਧਾਏ। ਕਾਢੇ ਖੜਗ ਰਾਇ ਪ੍ਰਤਿ ਆਏ। ਕੂਕਿ ਕਹੈ ਤੁਹਿ ਜਾਨ ਨ ਦੈਹੈ। ਤੁਹਿ ਤਸਕਰ ਜਮਧਾਮ ਪਠੈ ਹੈ।3।

ਦੋਹਰਾ
ਆਗੇ ਪਾਛੇ ਦਾਹਨੇ ਘੇਰਿ ਦਸੋ ਦਿਸ ਲੀਨ। ਪੈਂਡ ਭਜਨ ਕੌ ਨ ਰਹਿਯੋ ਰਾਇ ਜਤਨ ਯੌ ਕੀਨ।4।
ਵਾਕੀ ਕਰ ਦ੍ਰਾਰੀ ਧਰੀ ਪਗਿਆ ਲਈ ਉਤਾਰਿ। ਚੋਰ ਚੋਰ ਕਰਿ ਤਿਹ ਗਹਿਯੋ ਦ੍ਵੈਕ ਮੁਤਹਰੀ ਝਾਰਿ।5।
ਲਗੇ ਮੁਹਤਰੀ ਕੇ ਹਿਰਿਯੋ ਭੁਮਿ ਮੂਰਛਨਾ ਖਾਇ। ਭੇਦ ਨ ਕਾਹੂੰ ਨਰ ਲਹਿਯੋ ਮੁਸਕੇ ਲਈ ਛੜਾਇ।6।
(ਚਰਿਤ੍ਰ 22, ਪੰਨਾ 843)

ਕੰਨਾ ਨਾਲ ਚੋਰ ਦੀ ਗੱਲ ਸੁਣਕੇ ਰਾਜਾ ਡਰ ਕੇ ਉਠਿਆ ਅਤੇ ਜੁੱਤੀ ਤੇ ਰੇਸ਼ਮੀ ਚਾਦਰ ਛੱਡ ਕੇ ਭੱਜ ਗਿਆ॥1॥ ਚੋਰ ਦੀ ਪੁਕਾਰ ਸੁਣਕੇ ਸਾਰੇ ਜਾਗ ਪਏ ਤਾਕਿ ਰਾਜਾ ਭਜ ਨਾ ਜਾਏ। ਪੰਜ-ਸੱਤ ਕਦਮਾਂ ਤੇ ਜਾ ਕੇ ਛੇਤੀ ਨਾਲ ਉਹ ਕਿਸੇ ਨੂੰ ਜਾ ਮਿਲੇ॥2॥ ਚੋਰ ਦੀ ਪੁਕਾਰ ਸੁਣਕੇ ਸਾਰੇ ਭੱਜੇ ਅਤੇ ਉਸ ਆਦਮੀ ਦੇ ਖਿਲਾਫ ਤਲਵਾਰਾਂ ਕਢ ਲਈਆਂ। ਉਹ ਲੋਕ ਪੁਕਾਰਨ ਲਗੇ ਕਿ ਤੈਨੂੰ ਜਾਣ ਨਹੀ ਦਿਆਂਗੇ। ਹੇ ਚੋਰ! ਤੈਨੂੰ ਜਮਲੋਕ ਪਹੁੰਚਾਵਾਂਗੇ॥3॥ ਅਗੇ-ਪਿਛੇ ਸੱਜੇ-ਖੱਬੇ ਸਾਰੇ ਪਾਸਿਆਂ ਤੋਂ ਉਹਨੂੰ ਘੇਰ ਲਿਆ। ਉਸ ਜਤਨ ਤਾਂ ਬੁਹਤ ਕੀਤਾ, ਪਰ ਦੌੜਨ ਲਈ ਕੋਈ ਰਾਹ ਨਾ ਰਿਹਾ॥4॥ ਲੋਕਾਂ ਨੇ ਹੱਥ ਨਾਲ ਉਹਦੀ ਦਾਹੜੀ ਫੜ ਲਈ ਅਤੇ ਉਹਦੀ ਪੱਗ ਵੀ ਲਾਹ ਦਿੱਤੀ। ਉਸਨੂੰ ਚੋਰ ਚੋਰ ਆਖਕੇ ਦੋ-ਤਿੰਨ ਸੋਟੇ ਮਾਰਕੇ ਫੜ ਲਿਆ॥5॥ ਸੋਟੇ ਲਗਣ ਨਾਲ ਉਹ ਧਰਤੀ ਤੇ ਡਿੱਗ ਪਿਆ ਤੇ ਬੇਹੋਸ਼ ਹੋ ਗਿਆ। ਕਿਸੇ ਨੇ ਭੇਦ ਨੂੰ ਨਾ ਸਮਝਿਆ ਅਤੇ ਉਹਨਾਂ ਨੇ ਉਸ ਵਿਅਕਤੀ ਦੀਆਂ ਮੁਸ਼ਕਾਂ ਬੰਨ੍ਹ ਦਿੱਤੀਆਂ॥6॥ (ਗਿਆਨੀ ਨਰੈਣ ਸਿੰਘ, ਸੈਚੀ ਛੇਵੀਂ ਪੰਨਾ 112)

ਡਾ. ਹਰਭਜਨ ਸਿੰਘ ਜੀ, ਆਓ! ਹੁਣ ਦੇਖੀਏ ਤੁਹਾਡਾ ਸਾਥੀ ਡਾ. ਜੋਧ ਸਿੰਘ ਕੀ ਅਰਥ ਕਰਦਾ ਹੈ;  ਦੋਹਾ॥ ਚੋਰ ਕੀ ਬਾਤ ਸੁਨਕਰ ਰਾਜਾ ਡਰਕਰ ਉਠਾ ਔਰ ਜੁਤਾ ਭੀ ਭੁਲਕਰ ਭਾਗਨੇ ਲਗਾ॥1॥ ਚੋਰ ਕੀ ਪੁਕਾਰ ਸੁਨਕਰ ਸਭੀ ਜਾਗ ਗਏ ਔਰ ਲੋਗੋਂ ਨੇ ਰਾਜਾ ਕੋ ਭਾਗਨੇ ਨਹੀ ਦਿਆ ਤਥਾ ਪਾਂਚ-ਸਾਤ ਕਦਮ ਕੇ ਬਾਦ ਹੀ ਉਸਸੇ ਆ ਮਿਲੇ॥2॥ ਚੌਪਈ॥ ਚੋਰ ਕੀ ਪੁਕਾਰ ਸੁਨ ਕਰ ਸਭੀ ਭਾਗੇ ਔਰ ਉਸ ਰਾਜਾ ਕੇ ਖਿਲਾਫ ਤਲਬਾਰੇਂ ਨਿਕਾਲ ਲੀਂ। ਵੇ ਲੋਗ ਚਿਲਾਨੇ ਲਗੇ ਕਿ ਜਾਨੇ ਨਹੀ ਦੇਂਗੇ ਔਰ ਹੇ ਤਸਕਰ! ਤੁਮਹੇਂ ਜਮਲੋਗ ਭੇਜੇਗੇ॥3॥ ਦੋਹਾ॥ ਆਗੇ ਪੀਛੇ, ਦਾਏਂ-ਬਾਏਂ ਸਭੀ ਦਿਸ਼ਾਓ ਸੇ ਉਸੇ ਘੇਰ ਲਿਆ। ਰਾਜਾ ਨੇ ਯਤਨ ਤੋ ਕਿਆ ਪਰ ਭਾਗਨੇ ਕੇ ਲਿਏ ਕੋਈ ਰਾਸਤਾ ਨਹੀਂ ਬਚਾ॥4॥ ਲੋਗੋਂ ਨੇ ਹਾਥ ਪਕੜ ਕਰ ਉਸਕੀ ਦਾੜੀ ਪਕੜ ਲੀ ਔਰ ਉਸਕੀ ਪਗੜੀ ਉਤਾਰ ਲੀ। ਉਸੇ ਚੋਰ-ਚੋਰ ਕਹ ਕਰ ਦੋ-ਤੀਨ ਡੰਡੇ ਮਾਰਕਰ ਪਕੜ ਲਿਆ॥5॥ ਡੰਡਾ ਲਗਨੇ ਸੇ ਰਾਜਾ ਧਰਤੀ ਪਰ ਗਿਰ ਪੜਾ ਔਰ ਮੁਰਛਤ ਹੋ ਗਿਆ। ਲੋਗੋਂ ਮੇ ਕੋਈ ਵੀ ਰਹਸਯ ਕੋ ਨ ਸਮਝਾ ਔਰ ਉਨੇ ਰਾਜਾ ਕੇ ਹਾਥ ਬਾਂਧ ਲੀਏ॥6॥ (ਡਾ: ਜੋਧ ਸਿੰਘ ਦਾ ਟੀਕਾ (ਹਿੰਦੀ) ਸੈਚੀ ਤੀਜੀ ਪੰਨਾ 227)

ਡਾ. ਹਰਭਜਨ ਸਿੰਘ ਜੀ, ਗਿਆਨੀ ਨਰੈਣ ਸਿੰਘ ਜੀ ਅਤੇ ਡਾ ਜੋਧ ਸਿੰਘ ਜੀ ਨੇ ਜੋ ਅਰਥ ਕੀਤੇ ਹਨ ਉਨ੍ਹਾਂ ਮੁਤਾਬਕ ਤਾਂ ਰਾਜਾ, ਜਿਸ ਨੂੰ ਆਪ ਜੀ ਨੇ ਆਪਣੇ ਉਪ੍ਰੋਕਤ ਲੇਖ ਵਿਚ ਲੱਗ-ਭੱਗ 53 ਵਾਰੀ ਗੁਰੂ ਜੀ ਲਿਖਿਆ ਹੈ, ਇਕ ਔਰਤ ਦੇ ਘਰੋ ਆਪਣੀ ਜੁਤੀ ਅਤੇ ਰੇਸ਼ਮੀ ਚਾਦਰ ਛੱਡ ਕੇ ਭੱਜ ਜਾਂਦਾ ਹੈ। (ਪਨੀ ਪਾਮਰੀ ਤਜਿ ਭਜੋ ਸੁਧਿ ਨਾ ਰਹੀ ਮਨ ਮਾਹਿ) ਪਰ ਆਪ ਨੇ ਕਹਾਣੀ ਲਿਖਣ ਵੇਲੇ ਇਕੀਵੇਂ ਚਰਿਤ੍ਰ ਦੇ ਆਖਰੀ ਛੰਦ ਅਤੇ ਬਾਈਵੇਂ ਚਰਿਤ੍ਰ ਦੇ ਪਹਿਲੇ ਛੰਦ ਦੇ ਅਰਥ ਕਿਉਂ ਨਹੀ ਕੀਤੇ? ਅੱਗੇ ਆਪ ਜੀ ਲਿਖਦੇ ਹੋ ਕੇ ਰਾਜੇ ਨੇ, “ਆਪਣੇ ਸਿੱਖ-ਸੇਵਕਾਂ ਨੂੰ ਕਿਹਾ ਕਿ ਸਾਡੀ ਜੁੱਤੀ ਅਤੇ ਵਿਸ਼ੇਸ਼ ਚੋਲਾ ਕਿਸੇ ਨੇ ਚੁਰਾ ਲਿਆ ਹੈ”। ਡਾ. ਸਾਹਿਬ! ਹੁਣ ਇਹ ਦੱਸਣ ਦੀ ਖੇਚਲ ਕਰੋ, ਕੀ ਰਾਜਾ (ਤੁਹਾਡੇ ਮੁਤਾਬਕ ਗੁਰੁ ਜੀ) ਝੂਠ ਨਹੀ ਬੋਲ ਰਿਹਾ? ਕੀ ਇਹ ਸੱਚ ਨਹੀ ਕਿ ਰਾਜਾ ਜੁੱਤੀ ਅਤੇ  ਚੋਲਾ ਆਪ ਔਰਤ ਦੇ ਘਰ ਛੱਡ ਕੇ ਭੱਜਿਆ ਸੀ? (ਭਜਿਯੋ ਜਾਇ ਡਰ ਪਾਇ ਮਨ ਪਨੀ ਪਾਮਰੀ ਡਾਰਿ)

ਡਾ. ਹਰਭਜਨ ਸਿੰਘ ਜੀ, ਉਪ੍ਰੋਕਤ ਦੋਵਾਂ ਵਿਦਵਾਨਾਂ ਨੇ ਜੋ ਅਰਥ ਕੀਤੇ ਹਨ ਉਨ੍ਹਾਂ ਮੁਤਾਬਕ ਤਾਂ ਪੱਗੜੀ ਰਾਜੇ ਦੀ (ਜਿਸ ਨੂੰ ਆਪ ਜੀ ਗੁਰੂ ਜੀ ਲਿਖਦੇ ਹੋ) ਲਾਹੀ ਗਈ ਸੀ ਅਤੇ ਦਾੜੀ ਵੀ ਰਾਜੇ ਦੀ ਹੀ ਫੜ੍ਹੀ ਗਈ ਸੀ। ਹੁਣ ਇਹ ਆਪ ਜੀ ਦੀ ਜਿੰਮੇਵਾਰੀ ਬਣਦੀ ਹੈ ਕਿ ਇਹ ਜਾਣਕਾਰੀ ਦਿੳ, “ਜਦੋਂ ਘਿਰੇ ਹੋਏ ਰਾਜੇ ਨੂੰ ਬਚਾਓ ਦਾ ਕੋਈ ਤਰੀਕਾ ਨਾ ਦਿਸਿਆ, ਤਾਂ ਉਸ ਨੇ ਅਨੂਪ ਕੌਰ ਦੇ ਭਾਈ ਦੀ ਪਗੜੀ ਲਾਹ ਦਿਤੀ” ਕਿਸ ਅਧਾਰ ਤੇ ਲਿਖਿਆ ਹੈ? ਕਿਸੇ ਦੀ ਲਿਖਤ, ਜਿਸ ਨੂੰ ਆਪ ਜੀ ਗੁਰੂ ਜੀ ਦੀ ਰਚਨਾ ਮੰਨਦੇ ਹੋ, ਦਾ ਅਨੁਵਾਦ ਕਰਨ ਵੇਲੇ ਆਪ ਜੀ ਨੇ ਇਹ  ਸਾਹਿਤਿਕ ਬੇਈਮਾਨੀ ਕਿਉਂ ਕੀਤੀ ਹੈ? ਸੱਚ ਲਿਖਣ ਲੱਗਿਆ ਆਪ ਜੀ ਦੀ ਕਲਮ ਜਵਾਬ ਕਿੳਂ ਦੇ ਗਈ? ਆਪ ਜੀ ਦੇ ਹੱਥ ਰੁਕ ਕਿਉ ਗਏ? ਜਦੋ ਕਿ ਆਪ ਹੀ ਲਿਖਦੇ ਹੋ, “ਅਸੀਂ ਪਾਠਕਾਂ ਦੀ ਜਾਣਕਾਰੀ ਵਾਸਤੇ ਇਸ ਸੰਵਾਦ ਦੇ ਕੁਝ ਮਹਤਵਪੂਰਨ ਅੰਸ਼ ਪ੍ਰਸਤੁਤ ਕਰਦੇ ਹਾਂ। ਕਿਸੇ ਪੰਕਤੀ ਦੇ ਭਾਵ ਵਿਚ ਅਸਾਂ ਰਤਾ ਵੀ ਪਰਿਵਰਤਨ ਨਹੀਂ ਕੀਤਾ”।

ਡਾ. ਹਰਭਜਨ ਸਿੰਘ ਜੀ, ਆਪ ਜੀ ਨੂੰ ਤਾਂ, ਗੁਰੂ ਗੋਬਿੰਦ ਸਿੰਘ ਜੀ ਦਾ ਅਨੂਪ ਕੌਰ ਦੇ ਘਰ ਜਾਣਾ, ਉਸ ਵਲੋਂ ਫੁਲ, ਪਾਨ ਅਤੇ ਸ਼ਰਾਬ ਆਦਿ ਭੇਟ ਕਰਨਾ, ਔਰਤ ਵਲੋਂ ਸਰੀਰਕ ਸੰਬੰਧ ਕਾਇਮ ਕਰਨ ਲਈ ਜੋਰ ਪਾਉਣਾ, ਗੁਰੂ ਜੀ ਵਲੋ ਇਨਕਰਾ ਕਰਨ ਤੇ ਔਰਤ ਵਲੋ ਕਹਿਣਾ ਕਿ ਜਾਂ ਤਾਂ ਮੇਰੀ ਗੱਲ ਮੰਨ ਲੈ ਨਹੀ ਤਾਂ ਮੇਰੀ ਲੱਤ ਹੇਠੋਂ ਦੀ ਲੰਗ ਤਾਂ ਗੁਰੂ ਜੀ ਵਲੋਂ ਕਹਿਣਾ, “ਗੁਰੂ ਜੀ: ਲੱਤਾਂ ਹੇਠੋਂ ਉਹ ਨਿਕਲੇਗਾ ਜੋ ਕਾਮ ਦੇ ਅਸਮਰਥ ਹੋਵੇ। ਨਪੁੰਸਕ ਹੋਵੇ। ਮੈਂ ਧਰਮ ਦਾ ਬੰਨ੍ਹਿਆ, ਲੋਕ ਮਰਯਾਦਾ ਦਾ ਬੰਨ੍ਹਿਆ ਕਾਮ-ਭੋਗ ਤੋਂ ਨਿਰਲਿਪਤ ਰਹਿੰਦਾ ਹਾਂ। ਕਿਸੇ ਸਰੀਰਿਕ ਹੀਣਤਾ ਕਾਰਨ ਨਹੀਂ”। ਚੋਰ-ਚੋਰ ਦਾ ਰੌਲਾ ਪੈਣ ਤੇ ਆਪਣੀ ਜੁਤੀ ਆਦਿ ਛੱਡ ਕੇ ਭੱਜਣ ਦਾ ਯਤਨ ਕਰਨਾ ਅਤੇ ਫੜੇ ਜਾਣਾ, ਔਰਤ ਤੋਂ ਗੁਰੂ ਜੀ ਵਲੋਂ ਮਾਫੀ ਮੰਗਣੀ ਅਤੇ ਉਸ ਨੂੰ 40000 ਟਕਾ ਸਲਾਨਾ ਭੱਤਾ ਦੇਣਾ ਆਦਿ ਸਭ ਕੁਝ ਹੀ ਗੁਰੂ ਜੀ ਵਾਸਤੇ ਗੌਰਵਸ਼ਾਲੀ ਲਗਦਾ ਹੈ ਤਾਂ ਹੀ ਤਾਂ ਆਪ ਜੀ ਨੇ ਲਿਖਿਆ ਹੈ, “ਇਸ ਅਮ੍ਰਿਤ ਕਥਾ ਵਿਚ ਕੁਝ ਵੀ ਅਜਿਹਾ ਨਹੀਂ, ਜਿਸ ਨੂੰ ਅਸ਼ਲੀਲ ਕਿਹਾ ਜਾਵੇ ਜਾਂ ਗੁਰੂ ਜੀ ਦੇ ਵਿਅਕਤਿਤਵ ਨੂੰ  ਛੁਟਿਆਉਣ ਵਾਲਾ ਹੋਵੇ”।

ਡਾ. ਹਰਭਜਨ ਸਿੰਘ ਜੀ, ਮੈ ਅਨੂਪ ਕੌਰ ਵਾਲੀ ਸਾਖੀ ਨੂੰ ਸਪੱਸ਼ਟ ਸ਼ਬਦਾ ਵਿਚ ਰੱਦ ਕਰਦਾ ਹਾਂ। ਇਸ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਦੂਰ ਦਾ ਵੀ ਕੋਈ ਨਾਤਾ ਨਹੀ ਹੈ। ਆਪ ਜੀ ਇਸ ਨੂੰ ਗੁਰੂ ਜੀ ਦੀ ਹੱਡ ਬੀਤੀ ਮੰਨਦੇ ਹੋ। ਆਪ ਜੀ ਨੇ ਸਾਖੀ ਲਿਖਣ ਵੇਲੇ, ਰਾਜੇ ਵਲੋਂ (ਆਪ ਜੀ ਦੀ ਖੋਜ ਮੁਤਾਬਕ ਗੁਰੁ ਗੋਬਿੰਦ ਸਿੰਘ ਜੀ)  ਜੁੱਤੀ ਅਤੇ ਚਾਦਰ ਛੱਡ ਕੇ ਭੱਜਣ ਅਤੇ ਰਾਜੇ ਦੀ ਦਾੜੀ ਫੜਨ ਅਤੇ ਪੱਗ ਉਤਾਰਨ ਦਾ ਜਿਕਰ ਕਿੳ ਨਹੀ ਕੀਤਾ? ਕੀ ਇਹ ਵੀ ਉਸੇ ਕਹਾਣੀ ਦਾ ਹਿੱਸਾ ਨਹੀ ਹੈ ਜਿਸ ਸੰਬੰਧੀ ਆਪ ਲਿਖਦੇ ਹੋ, “ਇਹ ਕਹਾਣੀ ਗੁਰੂ ਜੀ ਦੇ ਉਚ-ਆਚਾਰ ਦਾ ਉਤਕ੍ਰਿਸ਼ਟ ਨਮੂਨਾ ਹੈ”। ਕੀ ਹੁਣ ਆਪ ਜੀ ਨੂੰ ਵੀ ਇਹ ਡਰ ਤਾਂ ਨਹੀ ਸਤਾ ਰਿਹਾ ਕਿ ਜੇ ਅਨੂਵਾਦ ਠੀਕ ਕਰ ਦਿੱਤਾ ਤਾਂ ਗੁਰੁ ਜੀ ਅਪਮਾਨਜਨਕ ਸਥਿਤੀ `ਚ ਫਸ ਜਾਣਗੇ? ਕੀ ਇਸ ਤਰਾਂ ਆਪਣੀ ਮਨਮਰਜੀ ਦੇ ਅਰਥ ਕਰਨੇ ਆਪ ਜੀ ਵਰਗੇ ਵਿਦਵਾਨ (ਪ੍ਰਾਜੈਕਟ ਡਾਇਰੈਕਟਰ ਅਤੇ ਮੁਖੀ ਪੰਜਾਬੀ ਯੂਨੀਵਰਸਿਟੀ  ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ) ਨੂੰ ਸੋਭਾ ਦਿੰਦਾ ਹੈ?

ਆਦਰ ਸਹਿਤ
- ਸਰਵਜੀਤ ਸਿੰਘ ਸੈਕਰਾਮੈਂਟੋ

ਪੰਜਾਬ ਟਾਈਮਜ਼ ਦੇ ਪੰਨਾ 34 & 37 (ਸਤੰਬਰ 11-17) `ਤੇ ਡਾ. ਹਰਭਜਨ ਸਿੰਘ ਦਾ ਲੇਖ, "ਚਰਿਤਰੋਪਾਖਿਆਨ ਦੀ ਅਨੂਪ ਕੌਰ: ਅਸਲ ਕਹਾਣੀ, ਅਸਲ ਸੰਦੇਸ਼"


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top