Main News Page

ਇਕਬਾਲ ਸਿੰਘ ਨੇ ਅਕਾਲ ਤਖ਼ਤ ਦੀ ਸਰਵਉਚਤਾ ਨੂੰ ਫਿਰ ਚੁਣੌਤੀ ਦਿੱਤੀ

ਅੰਮ੍ਰਿਤਸਰ (20 ਅਗਸਤ,ਪੀ.ਐਸ.ਐਨ): ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਰਾਗਮਾਲਾ ਦੇ ਮੁੱਦੇ ਨੂੰ ਇੱਕ ਵਾਰੀ ਫਿਰ ਜਨਤਕ ਕਰਦਿਆ ਸੱਚਖੰਡ ਸ੍ਰੀ ਹਰਿਮੰਦਰ ਦੀ ਮਰਿਆਦਾ ਗਲਤ ਦੱਸ ਕੇ ਇੱਕ ਵਾਰੀ ਫਿਰ ਸ੍ਰੀ ਅਕਾਲ ਤਖਤ ਦੇ ਖਿਲਾਫ ਬਗਾਵਤ ਦਾ ਬਿਗਲ ਵਜਾਉਦਿਆ ਕਿਹਾ ਕਿ ਰਾਗਮਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਹੈ ਅਤੇ ਜਿਹਨਾਂ ਗੁਰੂਦੁਆਰਿਆ ਵਿੱਚ ਰਾਗਮਾਲਾ ਨਹੀ ਪੜੀ ਜਾਂਦੀ ਉਥੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾਪਸ ਲੈ ਜਾਣ ਜਦ ਕਿ ਰਾਗਮਾਲਾ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਕਿਸੇ ਵੀ ਗੁਰੂਦੁਆਰੇ ਵਿੱਚ ਨਹੀ ਪੜੀ ਜਾਂਦੀ।

ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਇੱਕ ਪ੍ਰੈਸ ਬਿਆਨ ਰਾਹੀ ਦੱਸਿਆ ਕਿ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਪੰਜ ਪਿਆਰਿਆ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਜਿਹਨਾਂ ਗੁਰੂਦੁਆਰਿਆ ਵਿੱਚ ਰਾਗਮਾਲਾ ਦਾ ਪਾਠ ਨਹੀ ਕੀਤਾ ਜਾਂਦਾ ਉਹਨਾਂ ਗੁਰੂਦੁਆਰਿਆ ਵਿੱਚੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕ ਲਏ ਜਾਣ ਕਿਉਕਿ ਰਾਗਮਾਲਾ ਤੋ ਬਗੈਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਧੂਰਾ ਹੈ। ਉਹਨਾਂ ਕਿਹਾ ਕਿ ਜਿਹੜੇ ਵਿਦਵਾਨ ਜਾਂ ਸਿੱਖ ਰਾਗਮਾਲਾ ਨੂੰ ਗੁਰਬਾਣੀ ਦਾ ਹਿੱਸਾ ਨਹੀ ਮੰਨਦੇ ਉਹ ਭਟਕੇ ਹੋਏ ਹਨ। ਉਹਨਾਂ ਕਿਹਾ ਕਿ ਜਿਹੜੇ ਲੋਕ ਆਪਣੇ ਆਪ ਨੂੰ ਸਿੱਖ ਅਖਵਾਉਦੇ ਹਨ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ੴ ਸਤਿਨਾਮੁ ਤੋ ਅਠਾਹਰ ਬੀਸ ਤੱਕ ਗੁਰਬਾਣੀ ਦਾ ਪਾਠ ਕਰਨਾ ਪਵੇਗਾ।

ਉਹਨਾਂ ਕਿਹਾ ਕਿ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਬਿਨਾਂ ਰਾਗਮਾਲਾ ਤੋ ਸ੍ਰੀ ਗ੍ਰੰਥ ਸਾਹਿਬ ਦੀਆ ਬੀੜਾਂ ਨਾ ਛਾਪੀਆ ਜਾਣ ਅਤੇ ਬਿਨਾਂ ਰਾਗਮਾਲਾ ਪੜੇ ਸਹਿਜ ਪਾਠ ਤੇ ਅਖੰਡ ਪਾਠ ਦੇ ਭੋਗ ਪਾਉਣ ਨਾਲ ਪਾਠ ਦਾ ਖੰਡਨ ਹੀ ਨਹੀ ਹੋਵੇਗਾ ਸਗੋ ਘੋਰ ਬੇਅਦਬੀ ਵੀ ਹੋਵੇਗੀ ਜੋ ਮਰਿਆਦਾ ਅਨੁਸਾਰ ਮਹਾ ਬੱਜਰ ਪਾਪ ਹੈ। ਉਹਨਾਂ ਕਿਹਾ ਕਿ ਜਿਹੜੇ ਪੰਜ ਪਿਆਰੇ ਅੰਮ੍ਰਿਤ ਛਕਾਉਣ ਸਮੇ ਇਹ ਕਹਿੰਦੇ ਹਨ ਕਿ ਰਾਗਮਾਲਾ ਗੁਰਬਾਣੀ ਨਹੀ ਉਹ ਘੋਰ ਅਪਰਾਧੀ ਹਨ ਤੇ ਉਹਨਾਂ ਖਿਲਾਫ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਮਨਮੱਤ ਕਰਨ ਦੀ ਕਿਸੇ ਨੂੰ ਵੀ ਇਜਾਜਤ ਨਹੀ ਦਿੱਤੀ ਜਾਵੇਗੀ। ਇਸ ਮੀਟਿੰਗ ਵਿੱਚ ਗਿਆਨੀ ਇਕਬਾਲ ਸਿੰਘ ਤੋ ਇਲਾਵਾ ਭਾਈ ਰਾਜਿੰਦਰ ਸਿੰਘ ਹੈਡ ਗ੍ਰੰਥੀ,ਭਾਈ ਬਲਦੇਵ ਸਿੰਘ, ਭਾਈ ਦਲੀਪ ਸਿੰਘ ਤੇ ਭਾਈ ਗੁਰਦਿਆਲ ਸਿੰਘ ਨੇ ਸਮੂਲੀਅਤ ਕੀਤੀ।

ਵਰਨਣਯੋਗ ਹੈ ਕਿ ਗਿਆਨੀ ਇਕਬਾਲ ਸਿੰਘ ਰਾਗਮਾਲਾ ਦੇ ਮੁੱਦੇ ਨੂੰ ਲੈ ਕੇ ਪਹਿਲਾਂ ਵੀ ਸੁਰਖੀਆ ਵਿੱਚ ਰਹੇ ਹਨ ਤੇ ਉਹਨਾਂ ਨੇ ਤਖਤ ਸ੍ਰੀ ਪਟਨਾ ਸਾਹਿਬ ਨੂੰ ਸਰਵਉਚ ਦੱਸਦਿਆ ਤੱਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਸੰਨ 2007 ਵਿੱਚ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਤਲਬ ਕਰ ਲਿਆ ਸੀ ਪਰ ਜਥੇਦਾਰ ਵੇਦਾਂਤੀ ਨੇ ਗਿਆਨੀ ਇਕਬਾਲ ਸਿੰਘ ਦੇ ਬਿਆਨ ਦਾ ਖੰਡਨ ਕਰਦਿਆ ਉਸ ਨੂੰ ਭਟਕਿਆ ਹੋਇਆ ਵਿਦਵਾਨ ਦੱਸ ਕੇ ਮਾਮਲਾ ਖਤਮ ਕਰ ਦਿੱਤਾ ਸੀ। ਜਥੇਦਾਰ ਵੇਦਾਂਤੀ ਨੇ ਤਾਂ ਦੋ ਕਦਮ ਹੋਰ ਅੱਗੇ ਚੱਲਦਿਆ ਗਿਆਨੀ ਇਕਬਾਲ ਸਿੰਘ ਨੂੰ ਤਖਤਾਂ ਦੇ ਜਥੇਦਾਰਾ ਦੀਆ ਮੀਟਿੰਗਾਂ ਵਿੱਚ ਵੀ ਬੁਲਾਉਣਾ ਬੰਦ ਕਰ ਦਿੱਤਾ ਸੀ ਤੇ ਉਹ ਇੱਕ ਵਾਰੀ ਆਪਣੀ ਮਰਜੀ ਨਾਲ ਹੀ ਮੀਟਿੰਗ ਵਿੱਚ ਭਾਗ ਲੈਣ ਆ ਗਿਆ ਸੀ ਪਰ ਸ੍ਰੋਮਣੀ ਕਮੇਟੀ ਦੇ ਲੱਠਮਾਰਾਂ ਨੇ ਉਹਨਾਂ ਨੂੰ ਅਕਾਲ ਤਖਤ ਦੇ ਸਕੱਤਰੇਤ ਦੇ ਬਾਹਰ ਹੀ ਰੋਕ ਲਿਆ ਸੀ ਤੇ ਉਹਨਾਂ ਨੂੰ ਬੇਰੰਗ ਵਾਪਸ ਭੇਜ ਦਿੱਤਾ ਗਿਆ ਸੀ। ਜਥੇਦਾਰ ਵੇਦਾਤੀ ਦੀ ਛੁੱਟੀ ਹੋਣ ਤੋ ਬਾਅਦ ਗਿਆਨੀ ਇਕਬਾਲ ਸਿੰਘ ਨੇ ਆਪਣੀ ਰਮਜ ਨਵੇ ਨਿਯੁਕਤ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮਿਲਾ ਲਈ ਤੇ ਫਿਰ ਮੀਟਿੰਗਾਂ ਵਿੱਚ ਆਉਣਾ ਸ਼ੁਰੂ ਕਰ ਦਿੱਤਾ। ਜਥੇਦਾਰ ਗਿਆਨੀ ਇਕਬਾਲ ਸਿੰਘ ਦੁਆਰਾ ਨਵੀ ਪਾਈ ਗਈ ਲੀਲਾ ਕੀ ਰੰਗ ਲਿਆਏਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top