Main News Page

(30 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ (ਬਠਿੰਡਾ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨਾਏ ਜਾ ਰਹੇ ਸੰਪੂਰਨਤਾ ਦਿਵਸ ਨੂੰ ਸਮਰਪਤ ਵਿਸ਼ੇਸ਼ ਲੇਖ)

ਸ੍ਰੀ  ਗੁਰੂ ਗ੍ਰੰਥ ਸਾਹਿਬ ਜੀ ਦੇ ‘ਦਮਦਮੀ ਸਰੂਪ‘ ਦਾ ਇਤਿਹਾਸਕ ਸੱਚ

‘ਸ੍ਰੀ  ਗੁਰੂ ਗ੍ਰੰਥ ਸਾਹਿਬ ਜੀ‘ ਦੀ ਪਾਵਨ ਬੀੜ ਦਾ ਮੁੱਢਲਾ ਤੇ ਪਹਿਲਾ ਸਰੂਪ ਹੈ, ਮਾਨਵ-ਦਰਦੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਲੋਂ ‘ਧਰਤਿ ਲੋਕਾਈ‘ ਨੂੰ ਸੋਧਣ ਹਿੱਤ ਕੀਤੇ ਪ੍ਰਚਾਰ ਦੌਰਿਆਂ (ਉਦਾਸੀਆਂ) ਵੇਲੇ ਆਪਣੀ ਤੇ ਵੱਖ ਵੱਖ ਭਗਤਾਂ ਦੀ ਉਚਾਰਨ ਕੀਤੀ ‘ਧੁਰ ਕੀ ਬਾਣੀ‘ ਦਾ ਸੰਗ੍ਰਹਿ ਰੂਪ ਉਹ ‘ਕਿਤਾਬ‘ (ਪੋਥੀ), ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੇ ਵਲੋਂ ਰਚਿਤ ਵਾਰਾਂ ਵਿੱਚ ਸਤਿਗੁਰੂ ਜੀ ਦੀ ‘ਮੱਕੇ ਮਦੀਨੇ‘ ਦੀ ਯਾਤਰਾ ਦਾ ਵਰਨਣ ਕਰਦਿਆਂ ਦੋ ਵਾਰ ਇਉਂ ਕੀਤਾ ਹੈ :

  • ਬਾਬਾ ਫਿਰਿ ਮੱਕੇ ਗਇਆ, ਨੀਲ ਬਸਤ੍ਰ ਧਾਰੇ ਬਨਵਾਰੀ । ਆਸਾ ਹਥਿ, ਕਿਤਾਬ ਕਛਿ, ਕੂਜਾ ਬਾਂਗ ਮੁਸੱਲਾ ਧਾਰੀ। {ਵਾਰ 1,ਪਉੜੀ 32}
  • ਪੁਛਨਿ ਫੋਲਿ ਕਿਤਾਬ ਨੋ, ਹਿੰਦੂ ਵੱਡਾ ਕਿ ਮੁਸਲਮਾਨੋਈ ? ਬਾਬਾ ਆਖੇ ਹਾਜੀਆਂ, ਸੁਭਿ ਅਮਲਾਂ ਬਾਝਹੁਂ ਦੋਨੋ ਰੋਈ। {ਵਾਰ 1,ਪਉੜੀ 33}

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਦੇ ਵਿਕਾਸ ਵਿੱਚ ਦੂਜਾ ਸਰੂਪ ਹੈ, ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਵਲੋਂ ਸੰਨ 1604 (ਸੰਮਤ 1661) ਵਿੱਚ ਸ੍ਰੀ ਅੰਮ੍ਰਿਤਸਰ ਵਿਖੇ ਤਿਆਰ ਕੀਤੀ ਉਹ ‘ਪੋਥੀ‘, ਜਿਸ ਨੂੰ ਹੁਣ ‘ਆਦਿ ਬੀੜ‘ (ਪੋਥੀ ਸਾਹਿਬ), ‘ਕਰਤਾਰਪੁਰੀ ਬੀੜ‘ ਜਾਂ ‘ਕਰਤਾਰਪੁਰੀ ਸਰੂਪ‘ ਕਹਿ ਕੇ ਸਤਿਕਾਰਿਆ ਜਾਂਦਾ ਹੈ । ਕਿਉਂਕਿ, ਐਸਾ ਮੰਨਿਆਂ ਜਾ ਰਿਹਾ ਹੈ ਕਿ ਛੇਵੇਂ ਪਾਤਸ਼ਾਹ ਗੁਰੂ ਹਰਿਗਬਿੰਦ ਸਾਹਿਬ ਜੀ ਦੇ ਵੇਲੇ ਤੋਂ ਇਹ ਸਰੂਪ, ਤਿਨ੍ਹਾਂ ਦੇ ਸਾਹਿਜ਼ਾਦੇ ਬਾਬਾ ਗੁਰਦਿੱਤਾ ਜੀ ਦੇ ਬੇਟੇ ਅਤੇ ਗੁਰੂ ਹਰਿਰਾਏ ਜੀ ਦੇ ਭਰਾ ਬਾਬਾ ਧੀਰਮੱਲ ਜੀ ਦੀ ਸੰਤਾਨ ਪਾਸ ਸ੍ਰੀ ਕਰਤਾਰਪੁਰ (ਜਲੰਧਰ) ਵਿਖੇ ਸੁਰਖਿਅਤ ਹੈ । ਇਸ ਬੀੜ ਵਿਖੇ ਤਤਕਰੇ ਦੇ ਅਰੰਭ ਉੱਤੇ ਹੇਠ ਲਿਖੀ ਲਿਖਤ ਹੈ :

‘‘ਸੰਮਤ 1661 ਮਿਤੀ ਭਾਦੋਉ ਵਦੀ ਏਕਮ 1 ਪੋਥੀ ਲਿਖਿ ਪਹੁਚੇ ।‘‘ {ਦੇਖੋ, ਪਿੰਸੀਪਲ ਜੋਧ ਸਿੰਘ ਦੀ ਲਿਖਤ ‘ਕਰਤਾਰਪੁਰੀ ਬੀੜ ਦੇ ਦਰਸ਼ਨ‘ ਪੰਨਾ 4 }
ਨੋਟ ਕਰਨ ਵਾਲੀ ਹਕੀਕਤ ਹੈ ਕਿ ਇਸ ਬੀੜ ਵਿੱਚ ‘ਸੋ ਪੁਰਖੁ‘ ਸੰਗ੍ਰਹਿ ਦੇ 4 ਸ਼ਬਦਾਂ (‘ਰਾਗੁ ਆਸਾ ਮਹਲਾ 4 ।। ਸੋ ਪੁਰਖੁ ਨਿਰੰਜਨ …… ਤੋਂ ਲੈ ਕੇ ‘ਆਸਾ ਮਹਲਾ 5 ।। ਭਈ ਪਰਾਪਤਿ ਮਾਨੁਖ ਦੇਹੁਰੀਆ ।। … ਵਾਲੇ ਸ਼ਬਦ ਤੱਕ) ਤੋਂ ਬਗੈਰ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਸਾਹਿਬ ਅਤੇ ਗੁਰੂ ਦ੍ਰਿਸ਼ਟੀ ਵਿੱਚ ਪ੍ਰਵਾਨ ਚੜ੍ਹੇ ਪੂਜ੍ਯ ਭਗਤਾਂ, ਭੱਟਾਂ ਤੇ ਸੇਵਕ ਸਿੱਖਾਂ ਦੀ ਉਹ ਸਾਰੀ ਬਾਣੀ ਅੰਕਿਤ ਹੈ, ਜਿਹੜੀ ਅਜੋਕੇ ਸਮੇਂ ਪ੍ਰਕਾਸ਼ਤ ਹੋ ਰਹੀਆਂ ਪਾਵਨ ਬੀੜਾਂ ਦੇ ਵਿੱਚ ਦਰਸ਼ਨ ਦੇ ਰਹੀ ਹੈ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਦੇ ਵਿਕਾਸ ਵਿੱਚ ਤੀਜਾ ਸਰੂਪ ਹੈ, ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵਲੋਂ ਆਪਣੀ ਦੇਖ-ਰੇਖ ਹੇਠ ਸ੍ਰੀ ਅਨੰਦਪੁਰ ਵਿਖੇ ਸ਼ੋਭਨੀਕ ‘ਸ੍ਰੀ ਦਮਦਮਾ ਸਾਹਿਬ‘ ਦੇ ਸਥਾਨ ਉਪਰ ਸੰਨ 1682 (ਸੰਮਤ 1739) ਵਿਖੇ ‘ਸੋ ਪੁਰਖੁ‘ ਦੇ 4 ਸ਼ਬਦਾਂ ਵਾਲੇ ਸੰਗ੍ਰਹਿ ਅਤੇ ਨੌਵੇਂ ਪਾਤਸ਼ਾਹ ਦੀ ਬਾਣੀ ਸਮੇਤ ਤਿਆਰ ਕਰਵਾਈ ਪਾਵਨ ਬੀੜ, ਜਿਸ ਨੂੰ ‘ਦਮਦਮੀ ਬੀੜ‘ ਜਾਂ ‘ਦਮਦਮੀ ਸਰੂਪ‘ ਆਖਿਆ ਜਾਂਦਾ ਹੈ । ਦਸਮ ਪਾਤਸ਼ਾਹ ਸੰਨ 1708 ਵਿੱਚ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਵਿਖੇ ਇਸੇ ਹੀ ‘ਦਮਦਮੀ ਸਰੂਪ‘ ਨੂੰ ਗੁਰਿਆਈ ਬਖਸ਼ਕੇ ਜੋਤੀ-ਜੋਤਿ ਸਮਾਏ ਸਨ। ਅਸਲ ਇਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਾ ਆਖਰੀ ਪੜਾਓ ਅਥਵਾ ਸੰਪੂਰਨਤਾ ਦਿਵਸ । ਕਿਉਂਕਿ, ਗੁਰਿਆਈ ਬਖ਼ਸ਼ਣ ਦੇ ਇਸ ਦਿਹਾੜੇ ਤੋਂ ਪਹਿਲਾਂ ਤਾਂ ਬਾਣੀ ਦੀਆਂ ਸਾਰੀਆਂ ਪਾਵਨ ਬੀੜਾਂ ਨੂੰ ‘ਪੋਥੀ ਸਾਹਿਬ‘ ਕਹਿ ਕੇ ਹੀ ਸਤਿਕਾਰਿਆ ਜਾਂਦਾ ਰਿਹਾ। ਇਹੀ ਕਾਰਣ ਹੈ ਕਿ ਸ਼੍ਰੋਮਣੀ ਕਮੇਟੀ ਦੀ ਮੁੱਢਲੀ ਤੇ ਪ੍ਰਸਿੱਧ ਮਾਸਿਕ ਪਤ੍ਰਿਕਾ ‘ਗੁਰਦੁਆਰਾ ਗਜ਼ਟ‘(ਜੂਨ 1977) ਵਿੱਚ ਕਮੇਟੀ ਦੇ ਰੀਚਰਚ ਸਕਾਲਰ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਸ੍ਰੀ ਅੰਮ੍ਰਿਤਸਰ ਦੇ ਇੰਚਾਰਜ ਸ੍ਰ: ਸਮਸ਼ੇਰ ਸਿੰਘ ‘ਅਸ਼ੋਕ‘ ਜੀ ਨੇ ‘‘ਸ੍ਰੀ ਆਦਿ ਬੀੜ‘ ਤੋਂ ‘ਦਮਦਮੀ ਬੀੜ‘ ਦੇ ਵਿਕਾਸ ਦੀ ਚਰਚਾ ਕਰਦਿਆਂ ਲਿਖਿਆ ਸੀ :-

‘‘ਸ੍ਰੀ ਆਦਿ ਬੀੜ‘ ਤੋਂ ‘ਦਮਦਮੀ ਬੀੜ‘ ਦਾ ਵਿਕਾਸ ਤੇ ਫੇਰ ਉਸੇ ਬੀੜ ਨੂੰ ‘ਸ੍ਰੀ ਗੁਰੂ ਗਰੰਥ ਸਾਹਿਬ ਜੀ‘ ਦੀ ਪਵਿਤਰ ਪਦਵੀ ਦਾ ਪ੍ਰਾਪਤ ਹੋਣਾ, ਇਸ ਬੀੜ ਦਾ ਅੰਤਲਾ ਪੜਾਓ ਹੈ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸੰਮਤ 1732 ਤੋਂ ਸੰਮਤ 1739 ਬਿਕ੍ਰਮੀ (ਸੰਨ 1675 ਤੋਂ 1682) ਤੱਕ, ‘ਆਦਿ ਸਿੰਘਾਸਨ ਦਮਦਮਾ‘ ਸ੍ਰੀ ਅਨੰਦਪੁਰ ਸਾਹਿਬ ਦੇ ਅਸਥਾਨ ਪੁਰ, ਜਦ ਕਿ ਗੁਰੂ ਸਹਿਬ ਜੀ ਦੀ ਉਮਰ ਅਜੇ 9 ਤੋਂ 15 ਵਰ੍ਹਿਆਂ ਦੇ ਦਰਿਮਿਆਨ ਸੀ, ਆਪਣੇ ਸਤਿਕਾਰ ਪੜਦਾਦਾ ਸ੍ਰੀ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਦੇ ਵਿਰਸੇ ਵਜੋਂ ਮਿਲੇ ‘ਸ੍ਰੀ ਆਦ ਗ੍ਰੰਥ‘ ਨੂੰ ਸਮੇਂ ਦੇ ਫੇਰ ਨਾਲ ਹੋ ਰਹੀਆਂ ਅਦਲਾ-ਬਦਲੀਆਂ ਹੋਣ ਤੋਂ ਬੜੇ ਯਤਨ ਨਾਲ ਸੰਭਾਲਿਆ ਤੇ ਫੇਰ ਆਪਣੀ ਦੇਖ-ਰੇਖ ਵਿੱਚ ਸ਼ਹੀਦ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਉਸ ਵਿੱਚ ਬਕਾਇਦਾ ਥਾਉਂ ਥਾਈਂ ਸ਼ਾਮਲ ਕਰਕੇ, ਉਸੇ ‘ਆਦਿ ਬੀੜ‘ ਨੂੰ ਦਮਦਮੀ ਬੀੜ ਦਾ ਸਰੂਪ ਸੰਮਤ 1739 ਬਿਕ੍ਰਮੀ (ਸੰਨ 1682) ਵਿੱਚ ਦਿੱਤਾ । ਜਿਸ ਦਾ ਪ੍ਰਮਾਣ ‘ਸਿੱਖ ਰੈਫਰੈਂਸ ਲਾਇਬ੍ਰੇਰੀ‘ ਦੀ ਪੁਰਾਤਨ ਹੱਥ ਲਿਖਤ ਨੰ: 97 ਵੇਖ ਕੇ ਹੋ ਸਕਦਾ ਹੈ'

ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਹਰਭਜਨ ਸਿੰਘ (ਭਾਈ ਸਾਹਿਬ), ਜਿਹੜੇ ਉਪਰੋਕਤ ਸੱਚ ਦੇ ਕੱਟੜ ਹਮਾਇਤੀ ਤੇ ਪ੍ਰਚਾਰਕ ਸਨ, ਤਿਨ੍ਹਾਂ ਨੇ ‘ਗੁਰਬਾਣੀ ਸੰਪਾਦਨ ਨਿਰਣੈ‘ ਪੁਸਤਕ ਵਿਖੇ, ਆਪਣੇ ਇਹ ਹੱਕੀ-ਦਾਅਵੇ ਨੂੰ ਸੱਚ ਸਿੱਧ ਕਰਨ ਦੇ ਮਕਸਦ ਨਾਲ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਬੋ ਕੀ ਤਲਵੰਡੀ (ਬਠਿੰਡੇ) ਪਹੁੰਚਣ ਦੇ ਸੰਮਤ 1762 (ਸੰਨ 1705) ਤੋਂ ਪਹਿਲਾਂ ਦੀਆਂ ਜਿਹੜੀਆਂ ਵਖ ਵਖ 9 ਬੀੜਾਂ ਦਾ ਵੇਰਵਾ ਦਿੱਤਾ ਹੈ, ਉਸ ਨੂੰ ਵਾਚ ਕੇ ਕੋਈ ਵੀ ਮਾਈ ਦਾ ਲਾਲ ਇਹ ਨਹੀ ਕਹਿ ਸਕਦਾ ਕਿ ‘ਆਦਿ ਬੀੜ‘ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਸਾਬੋ ਕੀ ਤਲਵੰਡੀ ਚੜ੍ਹਾਈ ਗਈ ਅਤੇ ਬੀੜ ਸੰਪੂਰਨ ਹੋਈ । ਪ੍ਰਿੰਸੀਪਲ ਸਾਹਿਬ ਜੀ ਦੇ ਦਿੱਤੇ ਇਸ ਵੇਰਵੇ ਵਿੱਚ ਸੰਮਤ 1739 (ਸੰਨ 1682) ਵਾਲੀ ਉਹ ਬੀੜ ਵੀ ਸ਼ਾਮਲ ਹੈ, ਜਿਸ ਨੂੰ ਅਸ਼ੋਕ ਜੀ ‘ਦਮਦਮੀ ਸਰੂਪ‘ ਦਸਦੇ ਹਨ । ਜਿਵੇਂ :

(1) ਸੰਮਤ 1739 ਵਾਲੀ ਬੀੜ :- ਇਸ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸਾਰੀ ਬਾਣੀ ਅਤੇ ‘ਸੋਦਰੁ‘ ਦੇ 5 ਸ਼ਬਦ ਅਤੇ ‘ਸੋ ਪੁਰਖੁ‘ ਦੇ 4 ਸ਼ਬਦ ਅੰਕਿਤ ਹਨ । ਰਾਗ ਜੈਜਾਵੰਤੀ, ਜਿਸ ਵਿੱਚ ਨੌਵੈਂ ਮਹਲੇ ਦੇ ਹੀ ਚਾਰ ਸ਼ਬਦ ਹਨ, ਵਰਤਮਾਨ ਤਰਤੀਬ ਅਨੁਸਾਰ, ਰਾਗ ਪ੍ਰਭਾਤੀ ਦੇ ਬਾਅਦ ਆਉਂਦੇ ਹਨ ।

(2) ਭਾਈ ਪਾਖਰ ਮੱਲ ਢਿਲੋਂ ਪੋਤਰਾ ਚੌਧਰੀ ਲੰਗਾਹ ਦਾ, ਬੀੜ ਲਿਖਣ ਦਾ ਸੰਮਤ 1745 :- ਇਸ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸਾਰੀ ਬਾਣੀ ਥਾਂ ਸਿਰ ਅੰਕਿਤ ਹੈ ।‘ਸੋ ਦਰੁ‘ ਦੇ 5 ਤੇ ‘ਸੋ ਘਰੁ‘ ਦੇ 4 ਸ਼ਬਦ ਵੀ । ਇਸ ਵਿੱਚ ਕੋਈ ਵਾਧੂ ਬਾਣੀ ਦਰਜ ਨਹੀ ਮਿਲਦੀ ।

ਤਖ਼ਤ ਸ੍ਰੀ ਕੇਸਗੜ ਸਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਹੁਰਾਂ ਵਲੋਂ 3 ਅਕਤੂਬਰ 1976 ਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ (ਮਹਿਰੂਮ) ਪ੍ਰਿੰਸੀਪਲ ਹਰਭਜਨ ਸਿੰਘ ਨੂੰ ਭੇਜੀ ਲਿਖਤੀ ਰਾਇ ਅਨੁਸਾਰ ‘ਆਦਿ ਸਿੰਘਾਸਨ ਦਮਦਮਾ‘ (ਸ਼੍ਰੀ ਅਨੰਦਪੁਰ), ਉਹ ਅਸਥਾਨ ਹੈ, ਜਿਥੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ‘ਆਦਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ‘ ਦੀ ਬੀੜ ਲਿਖਵਾਈ ਸੀ ਤੇ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਚੜਵ੍ਹਾਕੇ ਬੀੜ ਸੰਪੂਰਨ ਕਰਵਾਈ ਸੀ‘। (ਦੇਖੋ, ਪ੍ਰਿੰਸੀਪਲ ਜੀ ਦੀ ਪੁਸਤਕ ‘ਬਿਬੇਕ-ਬੁੱਧਿ‘ ਪੰਨਾ 145) ਗਿਆਨੀ ਗਰਜਾ ਸਿੰਘ (ਲਿਖਤ, ਗੁਰਦੁਆਰਾ ਗਜ਼ਟ ਜੂਨ 1954) ਅਨੁਸਾਰ ਇਸੀ ਅਸਥਾਨ ਉੱਤੇ 1733 ਬਿਕ੍ਰਮੀ ਮੁਤਾਬਿਕ 24 ਮਾਰਚ 1676 ਈ: ਦੀ ਵੈਸਾਖੀ ਵਾਲੇ ਦਿਨ ‘ਦਸਮ ਪਾਤਸ਼ਾਹ‘ ਨੇ ਸਤਿਗੁਰੂ ਗੋਬਿੰਦ ਰਾਇ, ਸੱਚਾ ਪਾਤਸ਼ਾਹ ਦੀ ਪਦਵੀ ਧਾਰਨ ਕੀਤੀ ਸੀ । ਇਸ ਅਸਥਾਨ ਤੇ ਹੀ ਦਰਬਾਰੀ ਲਿਖਾਰੀਆਂ ਪਾਸੋਂ ਨਾਵੇਂ ਪਾਤਸ਼ਾਹ ਦੇ ਸਮੇਂ ਤੋਂ ਅਰੰਭ ਕੀਤੀਆਂ ‘ਆਦਿ ਗ੍ਰੰਥ ਸਾਹਿਬ‘ ਦੀਆਂ ਬੀੜਾਂ ਵਿੱਚ ਨਾਵੇਂ ਮਹਲੇ ਦੀ ਬਾਣੀ ਸਾਰੀ ਸ਼ਾਮਲ ਕਰਕੇ ਬੀੜਾਂ ਸੰਪੂਰਨ ਕਰਾਈਆਂ ਸਨ। ਇਨ੍ਹਾਂ ਵਿਚੋਂ ਹੇਠ ਲਿਖੀਆਂ ਬੀੜਾਂ (ਵਿਚਲੇ ਬਾਣੀ ਦੇ ਵੇਰਵੇ ਤੇ ਸੂਚਨਾਵਾਂ) ਕਾਬਲੇ ਗੌਰ ਹਨ । ਜਿਵੇਂ : (ੳ) ਢਾਕੇ ਵਾਲੀ ਬੀੜ - ਸੰਮਤ 1732, ਮਿਤੀ ਅਗਹਨ 2, ਵਦੀ 7 ਗਰੰਥ ਲਿਖਿਆ । {ਨੋਟ: ਇਹ ਬੀੜ, ਨੌਵੇਂ ਗੁਰੂ ਜੀ ਦੀ ਸ਼ਹੀਦੀ ਤੋਂ 13 ਦਿਨ ਪਹਿਲੋਂ ਅਨੰਦਪੁਰੀ ਦਮਦਮਾ ਸਾਹਿਬ ਵਿਖੇ, ਮੱਘਰ ਵਦੀ 7 ਨੂੰ ਸੰਪੂਰਨ ਹੋਈ ਸੀ। (ਦੇਖੋ: ਗੁਰਬਾਣੀ ਸੰਪਾਦਨ ਨਿਰਣੈ, ਪੰ:202) } (ਅ) ਪਿੰਡੀ ਲਾਲਾ (ਗੁਜਰਾਤ) ਵਾਲੀ ਬੀੜ- ਸੂਚੀ ਪਤ੍ਰ ਸੰਮਤ 1732 ਪੋਹ 23 ਤੇਵੀਵੇਂ ਪੋਥੀ ਲਿਖਿ ਪਹੁੰਚੇ । { ਨੋਟ: ਇਸ ਬੀੜ ਉੱਤੇ ਨਾਵੇਂ ਪਾਤਸ਼ਾਹ ਦੇ ਹਸਤਾਖਰ ਹਨ ਅਤੇ ਉਨ੍ਹਾਂ ਦੀ ਸਾਰੀ ਬਾਣੀ ਇੱਕ ਥਾਂ ਇਕੱਠੀ ਹੀ ਲਿਖੀ ਹੋਈ ਹੈ । ਗੁਰਬਾਣੀ ਸੰਪਾਦਨ ਨਿਰਣੈ, ਪੰ:202) } (ਸ) ਸੂਚੀ ਪਤ੍ਰ ਪੋਥੀ ਕਾ, ਤਤਕਰਾਂ ਰਾਗਾਂ ਕਾ, ਸੰਮਤ 1735, ਵੈਸਾਖ 13 ਪੋਥੀ ਲਿਖਿ ਪਹੁੰਚੇ । { ਇਸ ਪੋਥੀ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਵੀ ਦਰਜ ਹੈ ਅਤੇ ਮੰਗਲ ਇੱਕ ਸਮਾਨ ਪਹਿਲਾਂ ਹਨ। (ਗੁਰਬਾਣੀ ਸੰਪਾਦਨ ਨਿਰਣੈ, ਪੰ:202) }

ਇਸ ਲਈ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ: ਪਿਆਰਾ ਸਿੰਘ ‘ਪਦਮ‘ ਦਾ ਇਹ ਨਿਰਣਾ ਸੌ ਪ੍ਰਤੀਸ਼ਤ ਸੱਚ ਹੈ ਕਿ : ‘‘ਭਾਈ ਬੰਨੋ, ਪਹਿਲਾ ਸਿੱਖ ਸੀ, ਜਿਸ ਨੇ ‘ਆਦਿ ਬੀੜ‘ ਤੋਂ ਦੂਜਾ ਉਤਾਰਾ ਤਿਆਰ ਕਰਵਾਇਆ । ਫਿਰ ਇਨ੍ਹਾਂ ਬੀੜਾਂ ਤੋਂ ਅੱਗੇ ਕਈ ਉਤਾਰੇ ਹੋਏ । ਪਿਛੋਂ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮੇਂ, ਉਨ੍ਹਾਂ ਦੀ ਬਾਣੀ ਦਰਜ ਹੋਣ ਲੱਗੀ । ਪਰ, ਹਰ ਲਿਖਾਰੀ ਆਪਣੀ ਮਰਜ਼ੀ ਅਨੁਸਾਰ ਜਿੱਥੇ ਕਿਤੇ ਉਤਾਰਾ ਕਰ ਲੈਂਦਾ ਸੀ । ਕਿਸੇ ਨੇ ਜੈਤਸਰੀ ਨਾਲ ਜੈਜਾਵੰਤੀ ਦੇ ਸ਼ਬਦ ਦਰਜ ਕੀਤੇ, ਕਿਸੇ ਨੇ ਅਖ਼ੀਰ ਉੱਤੇ ਅਤੇ ਕਿਸੇ ਨੇ ਇੱਕੇ ਥਾਂ ‘ਨਾਵੇ ਗੁਰੂ ਦੀ ਬਾਣੀ ਲਿਖੀ ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ‘ ਨੇ ਭਾਈ ਮਨੀ ਸਿੰਘ ਜੀ ਦੀ ਅਗਵਾਈ ਵਿੱਚ ‘ਅਨੰਦਪੁਰ ਵਾਲੇ ਦਮਦਮੇ‘ ਬੀੜਾਂ ਲਿਖਣ ਦਾ ਕੰਮ ਕਰਵਾਇਆ, ਤਾਂ ਕਿ ਇੱਕੇ ਕਿਸਮ ਦੀ ਪ੍ਰਮਾਣੀਕ ਤਰਤੀਬ ਰਹੇ । ਪਿਛੋਂ ਇਹ ਘਟਨਾ ‘ਸਾਬੋ ਕੀ ਤਲਵੰਡੀ‘ ਵਾਲੇ ਦਮਦਮੇ ਨਾਲ ਜੋੜ ਦਿੱਤੀ ਗਈ । ਇਹ ਠੀਕ ਹੈ ਕਿ ਉਥੇ ਵੀ ਬੀੜਾਂ ਲਿਖਣ ਦਾ ਭਾਰੀ ਕੰਮ ਪਿਛੋਂ ਹੋਇਆ, ਪਰ ਪਹਿਲੇ ਇਹ ਕੰਮ ‘ਅਨੰਦਪੁਰ ਵਾਲੇ ਦਮਦਮੇ‘ ਕਾਫੀ ਅਰਸੇ ਹੁੰਦਾ ਰਿਹਾ। ਮੁਕਦੀ ਗੱਲ ਇਹ ਹੈ ਕਿ ਅੰਤਿਮ ਰੂਪ ਵਾਲੀ ਬੀੜ ‘ਦਮਦਮੀ ਬੀੜ‘ ਦੇ ਨਾਂ ਨਾਲ ਪੁਕਾਰੀ ਗਈ ਅਤੇ ਇਸੇ ‘ਦਮਦਮੀ ਸਰੂਪ‘ ਨੂੰ ਸਵੀਕਾਰ ਕਰਕੇ ਹੁਣ ‘ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ‘ ਦਾ ਛਾਪੇ ਦੁਆਰਾ ਪ੍ਰਕਾਸ਼ਨ ਕੀਤਾ ਜਾਂਦਾ ਹੈ‘‘ । {ਪੁਸਤਕ ‘ਗੁਰੂ ਗ੍ਰੰਥ ਪ੍ਰਕਾਸ਼‘ ਪੰਨਾਂ 41}

ਗੁਰੂ-ਸ਼ਰਧਾ ਨਾਲ ਲਬਰੇਜ਼ ਪੂਜ੍ਯ ਪ੍ਰਿੰਸੀਪਲ ਤੇਜਾ ਸਿੰਘ ਤੇ ਪ੍ਰਸਿੱਧ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਜੀ ਦੁਆਰਾ ਮਿਲ ਕੇ ਲਿਖੀ ਅੰਗਰੇਜ਼ੀ ਦੀ ਪ੍ਰਸਿੱਧ ਪੁਸਤਕ ‘A Short History of the Sikhs’ ਵਿਚ ਲਿਖਿਆ ਹੈ :

‘The Guru managed to reach Talvandi Sabo, now called Damdama or resting place. Here he stayed for nine months with an influential Sikh named Dalla and made it a great seat of learnig. It is often described as Guru’s kashi. The Guru, while here, is said by some later writers, to have reproduced whole Adi Granth from memory, and completed it by adding the hymns omposed by his father. This miracle of memory is not recorded by the Gurbilas or the Surj Prakash. That the hymans of the ninth Guru were incorporated here is contradicted by the fact that there is a copy of Holy Granth at Patna, bearing the date 1748 BK.(1691AD.) containing the hymans of Guru Teg bahadur in there proper places. There is another such copy found at Dacca, which was written even than this in 1675AD. In the first year of Guru Gobind Singh’s accession’.

{ਉਲੱਥਾ:- (ਗੁਰੂ ਗੋਬਿੰਦ ਸਿੰਘ ਜੀ) ਜਿਵੇਂ ਕਿਵੇਂ ਤਲਵੰਡੀ ਸਾਬੋ ਪਹੁੰਚੇ ਜਿਸ ਨੂੰ ਹੁਣ ਦਮਦਮਾ (ਸਾਹਿਬ) ਜਾਂ (ਗੁਰੂ ਜੀ ਦੇ) ਅਰਾਮ ਕਰਨ ਵਾਲੀ ਥਾਂ ਕਰਕੇ ਸੱਦਿਆ ਜਾਂਦਾ ਹੈ । ਏਥੇ, ਆਪ ਇੱਕ ਜਬ੍ਹੇ ਵਾਲੇ (ਭਾਈ) ਡੱਲਾ ਨਾਮੀ ਸਿੱਖ ਪਾਸ ਨੌ ਮਹੀਨੇ ਠਹਿਰੇ ਅਤੇ ਇਸ ਨੂੰ ਵਿਦਿਆ ਪ੍ਰਾਪਤੀ ਦਾ ਮਹਾਨ ਅਸਥਾਨ ਬਣਾਇਆ । ਇਸ ਨੂੰ ਆਮ ਕਰਕੇ ‘ਗੁਰੂ ਕੀ ਕਾਂਸ਼ੀ‘ ਸੱਦਿਆ ਜਾਂਦਾ ਹੈ । ਬਾਅਦ ਦੇ ਲਿਖਾਰੀਆਂ ਦੇ ਕਹਿਣ ਅਨੁਸਾਰ ਸਤਿਗੁਰਾਂ ਨੇ ਆਪਣੀ ਸ਼ਕਤੀ ਦੁਆਰਾ ਸਾਰੇ ‘ਆਦਿ ਗ੍ਰੰਥ‘ ਨੂੰ ਉਚਾਰਣ ਕੀਤਾ । ਪ੍ਰੰਤੂ, ਚੇਤਾ ਸ਼ਕਤੀ ਦੀ ਇਹ ਕਰਾਮਾਤ ‘ਗੁਰਬਿਲਾਸ‘ ਜਾਂ ‘ਸੂਰਜ ਪ੍ਰਕਾਸ਼‘ ਨੇ ਰੀਕਾਰਡ ਨਹੀ ਕੀਤਾ । ਨੌਵੇਂ ਸਤਿਗੁਰਾਂ ਦੀ ਬਾਣੀ ਚੜ੍ਹਾਉਣ ਦੇ ਦਾਅਵੇ ਨੂੰ ਇਹ ਹਕੀਕਤ ਖੰਡਨ ਕਰਦੀ ਹੈ ਕਿ ਪਟਨਾ ਸਾਹਿਬ ਵਿਖੇ ਸੰਮਤ 1748 ਬਿਕ੍ਰਮੀ (ਸੰਨ 1691 ਈ:) ਦੀ ਲਿਖੀ ਬੀੜ ਮੌਜੂਦ ਹੈ, ਜਿਸ ਵਿੱਚ ਸ਼੍ਰੀ ਗੁਰੂ ਤੇਗਬਹਾਦਰ ਜੀ ਦੀ ਬਾਣੀ ਥਾਂ ਸਿਰ ਅੰਕਤ ਹੈ । ਇਸ ਤੋਂ ਬਿਨਾਂ ਢਾਕੇ ਵਿਖੇ ਇੱਕ ਹੋਰ ਬੀੜ ਸੁਰੱਖਿਅਤ ਹੈ, ਜੋ ਇਸ ਤੋਂ ਵੀ ਪਹਿਲਾਂ ਸੰਨ 1675 ਈ: ਦੀ ਹੈ, ਜਿਹੜੀ ਦਸਵੇਂ ਸਤਿਗੁਰਾਂ ਦੇ ਗੱਦੀ ਉੱਤੇ ਬਿਰਾਜਮਾਨ ਹੋਣ ਦੇ ਪਹਿਲੇ ਸਾਲ ਵਿੱਚ ਹੀ ਲਿਖੀ ਗਈ ਸੀ ।}

ਕਿਉਂਕਿ, ਬੰਸਾਵਲੀ ਨਾਮੇ (ਸੰਮਤ 1826) ਦੇ ਲਿਖਾਰੀ ਕੇਸਰ ਸਿੰਘ ਛਿਬਰ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਨ 1696 (ਸੰਮਤ 1753) ਨੂੰ ਬਾਬਾ ਧੀਰਮਲ ਜੀ ਤੋਂ ਸ੍ਰੀ ਕਰਤਾਰਪੁਰੀ ਬੀੜ ਦਾ ਕੋਈ ਉਤਾਰਾ ਮੰਗਾਉਣ ਤੇ ਗੁਰੂ ਜੀ ਵਲੋਂ ਆਪਣੀ ਰਸਨਾ ਤੋਂ ਕੋਈ ਬੀੜ ਉਚਾਰਨ ਦੀ ਘਟਨਾ ਦੇ ਵੇਰਵਾ, ਅਤੇ ਦੂਜੇ, ਲੌਗੋਵਾਲ (ਸੰਗਰੂਰ) ਦੇ ਜੰਮਪਲ ਤੇ ਨਿਰਮਲੇ ਸਾਧੂ ਗਿ: ਗਿਆਨ ਸਿੰਘ ਜੀ (1822 ਈ: ਤੋਂ 1921) ਦੁਆਰਾ ਵੀਹਵੀਂ ਸਦੀ ਦੇ ਮੁੱਢਲੇ ਦੌਰ ਵਿੱਚ ਰਚੀਆਂ ਦੋ ਰਚਨਾਵਾਂ ‘ਪੰਥ ਪ੍ਰਕਾਸ਼ ਤੇ ਤਵਾਰੀਖ਼ ਗੁਰੂ ਖ਼ਾਲਸਾ‘ ਵਿੱਚ ਸਾਬੋ ਕੀ ਤਲਵੰਡੀ (ਬਠਿੰਡੇ) ਵਿਖੇ ਸੰਨ 1705 (ਸੰਮਤ 1762) ਨੂੰ ਗੁਰੂ ਜੀ ਵਲੋਂ, ਕੇਵਲ ਧੀਰਮਲ ਦਾ ਉਲ੍ਹਾਮਾ (ਜੇ ‘ਗਬਿੰਦ ਸਿੰਘ‘ ਆਪਣੇ ਆਪ ਨੂੰ ਗੁਰੂ ਅਖਵਾਂਦਾ ਹੈ ਤਾਂ ਉਹ ਨਵੀਂ ਬੀੜ ਉਚਾਰਨ ਕਰ ਲਵੇ) ਉਤਾਰਨ ਲਈ ਉਚਾਰਨ ਕੀਤੀ ਬੀੜ ਦੀ ਇਲਾਕਾਪ੍ਰਸਤੀ ਦੇ ਪ੍ਰਭਾਵ ਹੇਠ ਘੜੀ ਕਹਾਣੀ, ਇਤਿਹਾਸਕ-ਸੱਚ ਦੇ ਸਾਹਮਣੇ ਮੁੱਢੋਂ ਹੀ ਰੱਦ ਹੋ ਜਾਂਦੀ ਹੈ । ਕਿਉਂਕਿ, ਇੱਕ ਤਾਂ ਬੰਸਾਵਲੀ ਨਾਮੇ ਤੇ ਪੰਥ-ਪ੍ਰਕਾਸ਼ ਦੇ ਲਿਖੇ ਸੰਮਤ ਤੇ ਘਟਨਾਵਾਂ ਦਾ ਵੇਰਵਾ ਆਪਸ ਵਿੱਚ ਨਹੀ ਮਿਲਦਾ । ਦੂਜੇ, ਭੱਟ ਵਹੀਆਂ ਦੀ ਪ੍ਰਮਾਣੀਕ ਤੇ ਅਕੱਟ ਗਵਾਹੀ ਸਿੱਧ ਕਰਦੀ ਹੈ ਕਿ ਬਾਬਾ ਧੀਰਮੱਲ ਤੇ ਉਹਦੇ ਬੇਟੇ ਰਾਮ ਚੰਦ ਨੂੰ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਬੈਠਣ ਦੇ ਪਹਿਲੇ ਸਾਲ ਵਿੱਚ ਅਤੇ ਗੁਰੂ ਜੀ ਦੇ ਸਾਬੋ ਕੀ ਤਲਵੰਡੀ ਪਹੁੰਚਣ ਤੋਂ 29 ਸਾਲ ਪਹਿਲਾਂ ਹੀ ਬਾਦਸ਼ਾਹ ਔਰੰਗਜ਼ੇਬ ਦਾ ਹੁਕਮ ਨਾਲ ਸੰਮਤ 1733 (ਸੰਨ 1676) ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ ਅਤੇ ਫਿਰ ਰਣਥੰਬੌਰ ਦੇ ਕਿਲੇ ਵਿੱਚ ਨਜ਼ਰਬੰਦ ਰੱਖ ਕੇ ਫਿਰ ਅਗਲੇ ਹੀ ਸਾਲ ਸੰਮਤ 1734 (ਸੰਨ 1677) ਵਿੱਚ ਉਥੇ ਹੀ ਕਤਲ ਵੀ ਕਰ ਦਿੱਤਾ ਗਿਆ ਸੀ ਅਤੇ ਉਸ ਦੇ ਬੇਟੇ ‘ਰਾਮ ਚੰਦ‘ ਨੂੰ ਸੰਮਤ 1735 (ਸੰਨ 1678) ਵਿੱਚ।

ਪ੍ਰਿੰਸੀਪਲ ਹਰਭਜਨ ਸਿੰਘ ਜੀ ਪੁਸਤਕ ‘ਬਿਬੇਕ ਬੁਧਿ‘ ਵਿਖੇ ਪੰਨਾ 132 ‘ਤੇ ਭੱਟ ਵਹੀਆਂ ਦੀ ਲਿਖਤ ਇਸ ਪ੍ਰਕਾਰ ਹੈ: ‘‘ਸੰਮਤ 1733 ਬਿਕਰਮੀ ਅਸੂ ਵਦੀ ਦੁਆਦਸ਼ੀ ਨੂੰ ਬਾਬਾ ਬਕਾਲਾ ਤੋਂ ਬਾਬਾ ਧੀਰਮੱਲ ਜੀ ਦਿੱਲੀ ਸਰਕਾਰ ਦੇ ਬੁਲਾਏ ਦਿੱਲੀ ਨੂੰ ਗਏ । {ਗੁਰ ਪ੍ਰਣਾਲੀ ਕਰਤਾਰਪੁਰ ਸੋਢੀਆਂ, ਲਿਖਤ ਦਉਲਤ ਰਾਇ ਭੱਟ, ਲਾਹੌਰ ਨਿਵਾਸੀ} 1734 ਬਿਕਰਮੀ, ਮਘਰ ਸੁਦੀ ਦੂਜ, ਸ਼ੁਕਰਵਾਰ ਨੂੰ, ਬਾਬਾ ਧੀਰਮੱਲ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਤਾਇਆ-ਜਾਦ ਭਾਈ, ਗੜ੍ਹ ਰਣਥੰਭੌਰ ਵਿੱਚ ਇੱਕ ਸਾਲ, ਦੋ ਮਹੀਨੇ, ਪੰਜ ਦਿਨ ਨਜ਼ਰਬੰਦੀ ਵਿੱਚ ਰਹਿ ਕੇ, ਡੇਢ ਪਹਿਰ ਦਿਨ ਚੜ੍ਹੇ ਗੁਰਪੁਰੀ ਸਿਧਾਰੇ । {ਭੱਟ ਵਹੀ ਮੁਲਤਾਨ-ਸਿੰਧੀ ਤੇ ਚਲਿਤਰ ਜੋਤੀ ਜੋਤਿ ਸਮਾਵਨੇ ਦਾ, ਆਦਿ ਬੀੜਾ ਬੁੰਗਾ ਰਾਗੀਆਂ, ਹਜ਼ੂਰ ਸਾਹਿਬ}

ਸੋ ਇਸ ਕਰਕੇ ਸਪਸ਼ਟ ਹੈ ਕਿ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੀ ਸੰਨ 1604 ਵਿੱਚ ਸ੍ਰੀ ਅੰਮ੍ਰਿਤਸਰ ਵਿਖੇ ਪੋਥੀ ਸਾਹਿਬ ਦੇ ਰੂਪ ਵਿੱਚ ਸੰਪਾਦਤ ਕੀਤੀ ‘ਆਦਿ ਬੀੜ‘(ਪੋਥੀ ਸਾਹਿਬ), ਪਹਿਲਾਂ ‘ਕਰਤਾਰਪੁਰੀ ਸਰੂਪ‘ ਦੇ ਨਾਮ ਤੋਂ ਪ੍ਰਸਿੱਧ ਹੋਈ ਅਤੇ ਫਿਰ ਸ਼੍ਰੀ ਅਨੰਦਪੁਰੀ ਦਮਦਮਾ ਸਾਹਿਬ ਵਿਖੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦੇਖ-ਰੇਖ ਹੇਠ ਉਸੇ ਹੀ ਬੀੜ ਨੇ ਸੰਨ 1682 (ਸੰਮਤ 1739) ਵਿੱਚ ‘ਦਮਦਮੀ ਸਰੂਪ‘ ਧਾਰਨ ਕੀਤਾ । ਇਸ ਸਰੂਪ ਨੂੰ ਸ੍ਰੀ ਹਜ਼ੂਰ ਸਾਹਿਬ (ਨੰਦੇੜ) ਵਿਖੇ ਸੰਨ 1708 (ਸੰਮਤ 1765) ਨੂੰ ਦਸਵੇਂ ਪਾਤਸ਼ਾਹ ਨੇ ਜੋਤੀ-ਜੋਤਿ ਸਮਾਵਣ ਵੇਲੇ ਗੁਰ-ਗੱਦੀ ਬਖ਼ਸ਼ ਕੇ ‘ਸ਼੍ਰੀ ਗੁਰੂ ਗ੍ਰੰਥ ਸਾਹਿਬ‘ ਜੀ ਦੇ ਅਜੋਕੇ ਸਰੂਪ ਵਿੱਚ ਸੰਪੂਰਨਤਾ ਦੀ ਪਦਵੀ ਤੇ ਪਹੁੰਚਾਇਆ । ਇਹੀ ਕਾਰਨ ਹੈ ਕਿ ਡੇਰੇਦਾਰੀ ਦੇ ਪ੍ਰਭਾਵ ਹੇਠ ਵਿਚਰਨ ਵਾਲੇ ਬਠਿੰਡੇ ਜਿਲੇ ਦੇ ਇੱਕ ਦੋ ਕਮੇਟੀ ਮੈਂਬਰਾਂ ਤੇ ਪ੍ਰਚਾਰਕ ਸਜਣਾਂ ਦੇ ਜ਼ੋਰ ਦੇਣ ਉੱਤੇ ਜਦੋਂ ਸ਼੍ਰੋਮਣੀ ਕਮੇਟੀ ਨੇ ਅਕਾਲੀ ਦਲ ਦੀ ਰਾਜੀਨਤਕ ਨੀਤੀ ਤਹਿਤ ਸੰਨ 1997 ਵਿਖੇ ਆਪਣੀ ਜੰਤਰੀ ਵਿੱਚ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ‘ ਦਾ ਜ਼ਿਕਰ ਕਰਨਾ ਪ੍ਰਵਾਨ ਕਰ ਲਿਆ ਤਾਂ ਪ੍ਰਿੰਸੀਪਲ ਹਰਭਜਨ ਸਿੰਘ ਜੀ, ਜਿਹੜੇ ਉਸ ਵੇਲੇ ਧਰਮ ਪ੍ਰਚਾਰ ਕਮੇਟੀ ਮੈਂਬਰ ਸਨ, ਤਿਨ੍ਹਾਂ ਨੇ ਰੋਸ ਪ੍ਰਗਟ ਕਰਦਿਆਂ ਲਿਖਿਆ ਸੀ :

‘‘ਸਭ ਤੋਂ ਵੱਡਾ ਖੇਦ ਹੈ ਕਿ ਸ਼੍ਰੋਮਣੀ ਕਮੇਟੀ, ਬਿਨਾਂ ਪਰਖੇ ਪੜਚੋਲੇ ਦੇ, ਆਪਣੀ ਸ਼੍ਰੋਮਣੀ ਜੰਤਰੀ 1997 ਵਿੱਚ ਇਸ ਗੈਰ-ਇਤਿਹਾਸਕ ਘਟਨਾ ਨੂੰ ਪੱਕਿਆਂ ਕਰ ਰਹੀ ਹੈ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ‘ ਦੀ ਸੰਪੂਰਨਤਾ ਦਿਨ 30 ਅਗਸਤ ਹੈ, ਸ਼੍ਰੀ ਦਮਦਮੇ ਸਾਹਿਬ । { ਬਿਬੇਕ ਬੁਧਿ-ਪੰਨਾ 148}

ਇਸੇ ਤਰ੍ਹਾਂ ਸ੍ਰੋਮਣੀ ਕਮੇਟੀ ਦੇ ਵਰ੍ਹਿਆਂ ਬੱਧੀ ਲਗਭਗ ਅੱਧੀ ਸਦੀ ਸਕੱਤਰ ਰਹਿ ਚੁੱਕੇ ਬਜ਼ੁਰਗ ਸ੍ਰ : ਮਹਿੰਦਰ ਸਿੰਘ ਜੀ (ਅੰਮ੍ਰਿਤਸਰ) ਨੇ ਪਿਛਲੇ ਦਿਨੀ ਅਖ਼ਬਾਰਾਂ ਵਿੱਚ ਲੇਖ ਕੇ ਉਸ ਵੇਲੇ ਵਿਰੋਧ ਜਤਾਇਆ ਸੀ, ਜਦੋਂ ਸ਼੍ਰੋਮਣੀ ਕਮੇਟੀ ਨੇ ਸਾਬੋ ਕੀ ਤਲਵੰਡੀ (ਤਖ਼ਤ) ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਿੰਨ ਸੌ ਸਾਲਾ ਸੰਪੂਰਨਤਾ ਦਿਵਸ ਮਨਾਉਣ ਦਾ ਫੈਸਲਾ ਕੀਤਾ । ਕਿਉਂਕਿ, ਪ੍ਰਿੰਸੀਪਲ ਜੀ ਵਾਂਗ ਉਨ੍ਹਾਂ ਨੇ ਵੀ ਦਾਸ (ਜਾਚਕ) ਨਾਲ ਗਲਬਾਤ ਕਿਹਾ ਸੀ ਕਿ ਜਥੇਦਾਰ ਇਤਿਹਾਸ ਨੂੰ ਪੁੱਠਾ ਗੇੜ ਦੇ ਰਹੇ ਹਨ । ਇਸ ਫੈਸਲੇ ਪਿਛੇ ਰਾਜੀਨਤਕ ਸਿੱਖ ਆਗੂਆਂ ਦੀਆਂ ਸੁਆਰਥੀ ਤੇ ਇਲਾਕਾਵਾਦੀ ਸੰਕੀਰਣ ਰੁਚੀਆਂ ਦੇ ਨਾਲ ਨਾਲ, ਬਿਪਰਵਾਦੀ ਸਿੱਖ ਡੇਰਿਆਂ ਵਿੱਚ ਪਲੀ ਸੰਪਰਦਾਈ ਸੋਚ ਵੀ ਛੁਪੀ ਹੋਈ ਹੈ, ਜਿਹੜੀ ਸ਼ਤਾਬਦੀਆਂ ਦੇ ਸ਼ੋਰ-ਸ਼ਰਾਬੇ ਵਿੱਚ ਅਗਿਆਨਤਾ-ਵੱਸ ਤੇ ਜਾਣ ਬੱਝ ਕੇ ਪ੍ਰਚਾਰੀਆਂ ਅਤੇ ਆਪਣੇ ਪ੍ਰਭਾਵ ਹੇਠ ਗੁਰ-ਅਸਥਾਨਾਂ ਵਿੱਚ ਲਾਗੂ ਕੀਤੀਆਂ ਗਲਤ ਰਵਾਇਤਾਂ ਨੂੰ ਸੱਚੀਆਂ ਤੇ ਪੰਥ-ਪ੍ਰਵਾਣਿਤ ਸਿੱਧ ਕਰਕੇ ਸਦਾ ਲਈ ਕਾਇਮ ਕਰਨ ਹਿੱਤ ਯਤਨਸ਼ੀਲ ਹੈ, ਤਾਂ ਜੋ ਝੂਠ ਦੀਆਂ ਨੀਹਾਂ ਉੱਪਰ ਖੜ੍ਹੇ ਉਨ੍ਹਾਂ ਦੇ ਸੰਪਰਦਾਈ ਮਹੱਲ ਟਿਕੇ ਰਹਿ ਸਕਣ, ਜਿਨ੍ਹਾਂ ਵਿੱਚ ਬੁੱਢਾ ਬਿਪਰਵਾਦ ਲੁਕਿਆ ਹੋਇਆ ਹੈ, ਜਿਹੜਾ ਸਦਾ ਨੌਜਵਾਨ ਰਹਿਣ ਵਾਲੇ ਖ਼ਾਲਸਾ ਪੰਥ ਦੇ ਉੱਜਲੇ ਭਵਿਖ ਲਈ ਅਤਿ ਹਾਨੀਕਾਰਕ ਹੈ ।

ਗੁਰੂ-ਪੰਥ ਦਾ ਦਾਸ
ਜਗਤਾਰ ਸਿੰਘ ਜਾਚਕ, ਨਿਊਯਾਰਕ. ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top