ਬਿਹਾਰੀ ਬਾਬਾ ਗਿਆਨੀ ਇਕਬਾਲ ਸਿੰਘ, ਹੁਣ ਮਨ ਦੀ ਸ਼ਾਂਤੀ ਅਤੇ ਬ੍ਰਹਮਗਿਆਨ ਦੀ ਪ੍ਰਾਪਤੀ ਵਾਸਤੇ "ਗੁਰਮਤਿ ਯੋਗ" ਕਿਤਾਬਚੇ ਵੰਡ ਕੇ ਸਿੱਖਾਂ ਨੂੰ ਭੰਬਲਭੂਸੇ ਵਿੱਚ ਪਾਉਣ ਲੱਗਾ

ਸ. ਉਪਕਾਰ ਸਿੰਘ ਫ਼ਰੀਦਾਬਾਦ

ਸਿੱਖੀ ਦਾ ਕਿਵੇਂ ਭਲਾ ਹੋਵੇ ਜਦ ਗੁਰੂ ਦੀ ਗੋਲਕ ਦਾ ਪੈਸਾ ਗੁਰਮਤਿ ਵਿਰੋਧੀ ਲਿਖਤਾਂ ਛਾਪ ਕੇ ਸਿੱਖਾਂ ਨੂੰ ਭੰਬਲਭੁਸੇ ਵਿਚ ਪਾਇਆ ਜਾ ਰਿਹਾ ਹੋਵੇ ? 
ਜੇਕਰ ਗਿਆਨੀ ਇਕਬਾਲ ਸਿੰਘ ਦੀ ਯੋਗ ਵਿਧੀ ਨੂੰ ਅਪਨਾਉਣ ਨਾਲ ਰੋਗਾਂ ਵਿਚ ਲਾਭ ਹੁੰਦਾ ਹੈ ਤਾਂ ਥਾਂ ਥਾਂ ਖੁਲ੍ਹੇ ਹਸਪਤਾਲਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ

“ ਸ਼ੂਗਰ, ਹਾਈ-ਲੋਅ ਬਲੱਡ ਪ੍ਰੈਸ਼ਰ, ਲੀਵਰ ਨੁਕਸ, ਦਮਾ ਸਾਹ ਦੀ ਤਕਲੀਫ, ਕੈਂਸਰ, ਗਠੀਆ, ਪੇਟ ਗੈਸ, ਅੰਤੜੀਆ ਦੇ ਰੋਗ ਨੂੰ ਠੀਕ ਕਰਣ ਲਈ ਸ਼ਰੀਰ ਵਿਚ ਜਿੱਥੇ ਵੀ ਕੋਈ ਕਿਸੇ ਤਰ੍ਹਾਂ ਦਾ ਵੀ ਦੁੱਖ, ਰੋਗ, ਸੱਟ, ਜ਼ਖਮ ਜਾਂ ਕਮਜ਼ੋਰੀ ਹੈ ਉਥੇ ਹੱਥ ਰਖ ਕੇ (ਕਿਸੇ ਵੀ ਅੰਗ ਵਿਚ ਹੋਵੇ) ਗੁਰਮਤਿ ਯੋਗ ਅਨੁਸਾਰ ਨਾਮ ਰਸਾਇਣ ਅਭਿਆਸ ਕਰੋ ਬਹੁਤ ਛੇਤੀ ਲਾਭ ਹੋਵੇਗਾ” :
ਗਿਆਨੀ ਇਕਬਾਲ ਸਿੰਘ

ਤਖ਼ਤ ਸ੍ਰੀ ਪਟਨਾ ਸਾਹਿਬ (ਬਿਹਾਰ)ਦਾ ਜੱਥੇਦਾਰ ਗਿਆਨੀ ਇਕਬਾਲ ਸਿੰਘ ਹੁਣ ਸਿੱਖਾਂ ਨੂੰ ਯੋਗ ਸਿਖਾਉਣ ਲਗਾ ਬੀਤੇਂ ਦਿਨੀਂ ਫ਼ਰੀਦਾਬਾਦ ਦੇ ਗੁਰਦੁਆਰਾ ਪੋਥੀਮਾਲਾ ਸਾਹਿਬ ਵਿਖੇ ਚਲ ਰਹੇ ਗੁਰਮਤਿ ਸਮਾਗਮ ਮੌਕੇ ਤਖ਼ਤ ਪਟਨਾ ਸਾਹਿਬ ਦੇ ਮੁੱਖ ਸੇਵਾਦਾਰ ਬਿਹਾਰੀ ਬਾਬਾ ਗਿਆਨੀ ਇਕਬਾਲ ਸਿੰਘ ਪੁੱਜੇ ਜਿਥੇ ਉਨ੍ਹਾਂ ਨੇ ਸਿਖ ਸੰਗਤਾਂ ਨੂੰ ਭੰਬਲਭੁਸੇ ਵਿਚ ਪਾਣ ਵਾਲਾ ਕਿਤਾਬਚਾ “ਗੁਰਮਤਿ ਯੋਗ” ਵੀ ਵੰਡਿਆ, ਜਿਸ ਦੇ ਲੇਖਕ ਗਿਆਨੀ ਇਕਬਾਲ ਸਿੰਘ ਆਪ ਹਨ । ਬਿਹਾਰੀ ਬਾਬਾ ਗਿਆਨੀ ਇਕਬਾਲ ਸਿੰਘ ਦੀ ਕਿਤਾਬਚੇ ਦੇ ਵੇਰਵੇ ਮੁਤਾਬਕ “ ਇਹ ਗੁਪਤ ਚਮਤਕਾਰੀ ਮਨ ਅਤੇ ਸ਼ਰੀਰ ਦੇ ਰੋਗਾਂ ਨੂੰ ਦੂਰ ਕਰਨ ਵਾਲੀ ਵਿਦਿਆ ਹੈ। ਦਾਸ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਅਪਾਰ ਕ੍ਰਿਪਾ ਦੁਵਾਰਾ ਪ੍ਰਾਪਤ ਹੋਈ। ਗੁਰੂ ਸਾਹਿਬ ਦੀ ਪ੍ਰੇਰਨਾ ਹੁਕਮ ਅਨੁਸਾਰ ਹੀ ਦਾਸ ਇਹ ਗੁਪਤ ਵਿਦਿਆ ਸੰਸਾਰ ਦੇ ਭਲੇ ਵਾਸਤੇ ਲਿਖ ਰਿਹਾ ਹੈ” ਗੁਰੂ ਗੋਬਿਦ ਸਿੰਘ ਪਾਤਸ਼ਾਹ ਦਾ ਨਾਂ ਵਰਤ ਕੇ ਸਿੱਖਾਂ ਨੂੰ ਗੁਮਰਾਹ ਕਰਨ ਵਾਲੇ ਗਿਆਨੀ ਇਕਬਾਲ ਸਿੰਘ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਗੁਰਮਤਿ ਵਿਚ ਗੁਪਤ ਵਿਦਿਆ ਦਾ ਕੋਈ ਸਿਧਾਂਤ ਨਹੀਂ ਹੈ । 

ਗੁਰਬਾਣੀ ਵਿਚ ਦਿੱਤਾ ਸੰਦੇਸ਼ ਹਰ ਮਨੁੱਖ, ਹਰ ਜਾਤ, ਹਰ ਵਰਗ ਦੇ ਵਿਅਕਤੀ ਲਈ ਸਾਂਝਾ ਹੈ ਇਸ ਨੂੰ ਕਿਸੇ ਵੀ ਤਰ੍ਹਾਂ ਨਾਲ ਗੁਪਤ ਨਹੀਂ ਰਖਿਆ ਗਿਆ। ਇਸ ਲਈ ਗਿਆਨੀ ਇਕਬਾਲ ਸਿੰਘ ਦੀ ਇਹ ਯਬਲੀ ਕਿ ਇਹ ਗੁਪਤ ਵਿਦਿਆ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਦਿੱਤੀ ਗਈ ਹੈ ਸਿਰਫ ਭੋਲੇ-ਭਾਲੇ ਸਿੱਖਾਂ ਨੂੰ ਗੁਮਰਾਹ ਕਰ ਕੇ ਉਨ੍ਹਾਂ ਨੂੰ ਕਰਮਕਾਂਡ ਦੇ ਜਾਲ ਵਿਚ ਫਸਾਉਣ ਵਾਲੀ ਗਹਿਰੀ ਸਾਜਸ਼ ਹੈ। ਜਦ ਕਿ ਆਪ ਗਿਆਨੀ ਇਕਬਾਲ ਸਿੰਘ ਆਪ ਆਪਣੀ ਗੁਪਤ ਵਿਦਿਆ ਨੂੰ ਕਿਤਾਬਚੇ ਵੰਡ ਕੇ ਉਜਾਗਰ ਕਰ ਰਹੇ ਹਨ ਅਤੇ ਉਸ ਤੋਂ ਬਾਦ ਵੀ ਇਸ ਨੂੰ ਗੁਪਤ ਲਿਖ ਰਹੇ ਹਨ ਜੋ ਕਿ ਬਹੁਤ ਹੀ ਹਾਸੋਹੀਣਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਗਿਆਨੀ ਇਕਬਾਲ ਸਿੰਘ ਦੇ ਇਸ ਗੁਰਮਤਿ ਵਿਰੋਧੀ ਕਿਤਾਬਚੇ “ਗੁਰਮਤ ਯੋਗ” ਨੂੰ ਗੁਰਮਤਿ ਅਨੁਸਾਰ ਗਲਤ ਸਾਬਤ ਕਰਣ ਦਾ ਜ਼ਿਕਰ ਸ੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਫਾਉਂਡਰ, ਸਿੱਖ ਵਿਦਵਾਨ ਅਤੇ ਲੇਖਕ ਸ. ਮਹਿੰਦਰ ਸਿੰਘ ਜੋਸ਼ ਪਹਿਲਾਂ ਹੀ ਅਪਣੀ ਪੁਸਤਕ “ਜੱਥੇਦਾਰ ਨੂੰ ਯਾਰਵ੍ਹੀ ਪਾਤਸ਼ਾਹੀ ਨਾ ਬਣਾਓ-ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਸਦਾ ਜੱਥੇਦਾਰ” ਵਿਚ ਵੀ ਕਰ ਚੁਕੇ ਹਨ । ਗਿਆਨੀ ਇਕਬਾਲ ਸਿੰਘ ਦੇ ਇਸ ਕਿਤਾਬਚੇ ਵਿਚ ਪੰਨਾ ਨੰ 84’ਤੇ ਲਿਖਿਆ ਹੈ “ਸ਼ੂਗਰ, ਹਾਈ-ਲੋਅ ਬਲੱਡ ਪ੍ਰੈਸ਼ਰ, ਲੀਵਰ ਨੁਕਸ, ਦਮਾ ਸਾਹ ਦੀ ਤਕਲੀਫ, ਕੈਂਸਰ, ਗਠੀਆ, ਪੇਟ ਗੈਸ, ਅੰਤੜੀਆ ਦੇ ਰੋਗ ਨੂੰ ਠੀਕ ਕਰਣ ਲਈ ਸ਼ਰੀਰ ਵਿਚ ਜਿੱਥੇ ਵੀ ਕੋਈ ਕਿਸੇ ਤਰ੍ਹਾਂ ਦਾ ਵੀ ਦੁੱਖ, ਰੋਗ, ਸੱਟ, ਜ਼ਖਮ ਜਾਂ ਕਮਜ਼ੋਰੀ ਹੈ ਉਥੇ ਹੱਥ ਰਖ ਕੇ (ਕਿਸੇ ਵੀ ਅੰਗ ਵਿਚ ਹੋਵੇ) ਗੁਰਮਤਿ ਯੋਗ ਅਨੁਸਾਰ ਨਾਮ ਰਸਾਇਣ ਅਭਿਆਸ ਕਰੋ ਬਹੁਤ ਛੇਤੀ ਲਾਭ ਹੋਵੇਗਾ”  ਪੰਨਾ ਨੰ. 26 ‘ਤੇ “ ਇਕ ਵਾਰ ਪਤਾ ਲਗ ਜਾਵੇ ਕਿ ਸਵਾਸ ਤੋਂ ਬਿਨਾਂ ਵੀ ਪ੍ਰਾਣ ਨੂੰ ਗ੍ਰਹਣ ਕੀਤਾ ਜਾ ਸਕਦਾ ਹੈ, ਤਾਂ ਸਦੀਆਂ ਤੱਕ ਬਿਨਾਂ ਸਾਹ ਲਿਆਂ ਸਮਾਧੀ ਵਿਚ (ਭਾਵੇਂ ਧਰਤੀ ਵਿਚ ਸਰੀਰ ਨੂੰ ਦਬਾ (ਗੱਡ) ਦਿੱਤਾ ਜਾਵੇ) ਜਿੰਦਾ ਰਿਹਾ ਜਾ ਸਕਦਾ ਹੈ। ਜਿਹੜਾ ਵੀ ਸਾਸ ਗ੍ਰਾਸ ਦਾ ਨਾਮ ਅਭਿਲਾਖੀ ਸਵੇਰੇ 3 ਵਜੇ ਤੋਂ ਅਗਲੀ 3 ਵਜੇ ਤਕ ਲਗਾਤਾਰ ਲਿਵ ਲਾ ਕੇ ਪੂਰੀ ਸਜਗਤਾ ਸਾਵਧਾਨੀ ਨਾਲ ਹਰ ਆਉਂਦੇ ਜਾਂਦੇ ਸਵਾਸ ਨਾਲ ਸਾਹ ਅੰਦਰ ਜਾਵੇ ਤਾਂ ਵਾਹਿ , ਬਾਹਰ ਆਵੇ ਤਾਂ –ਗੁਰੂ , ਜਾਪ ਪੂਰਾ ਕਰ ਲਵੇਗਾ ….ਦਸਮ ਦੁਆਰ’ਤੇ ਪਹੁੰਚ ਜਾਵੇਗਾ।”  ਅਜਿਹੀਆਂਅਨੇਕਾਂ ਗਪੋੜਾਂ 88 ਪੰਨਿਆਂ ਦੇ ਇਸ ਕਿਤਾਬਚੇ ਅੰਦਰ ਭਰੀਆਂ ਪਈਆਂ ਹਨ ਜਿਸ ਨੂੰ ਪੜ੍ਹ ਕੇ ਅਫਸੋਸ ਹੁੰਦਾ ਹੈ ਸਿੱਖ ਕੌਮ ਦੇ ਅਖਵਾਉਣ ਵਾਲੇ ਇੰਨ੍ਹਾਂ ਜੱਥੇਦਾਰਾਂ ਦੀ ਸੋਚ ਅਤੇ ਗੁਰੂ ਦੀ ਗੋਲਕ ਦੀ ਹੋ ਰਹੀ ਅੰਨੇ ਵਾਹ ਦੁਰਵਰਤੋਂ ਉਤੇ ।

ਇਸ ਬਾਬਤ ਜਦ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ  ਸ. ਉਪਕਾਰ  ਸਿੰਘ ਫ਼ਰੀਦਾਬਾਦ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਜੇ ਗਿਆਨੀ ਇਕਬਾਲ ਸਿੰਘ ਦੀ ਯੋਗ ਵਿਧੀ ਨੂੰ ਅਪਨਾਉਣ ਨਾਲ ਰੋਗ ਵਿਚ ਲਾਭ ਹੁੰਦਾ ਹੈ ਤਾਂ ਥਾਂ ਥਾਂ ਖੁਲ੍ਹੇ ਹਸਪਤਾਲਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਇਤਿਹਾਸ ਵਿਚ ਵੀ ਇਸ ਗੱਲ ਦਾ ਵੇਰਵਾ ਮਿਲਦਾ ਹੈ ਜਦ ਗੁਰੂ ਹਰਿ ਰਾਇ ਸਾਹਿਬ ਜੀ ਅਤੇ ਹੋਰ ਗੁਰੂ ਸਾਹਿਬਾਨਾਂ ਨੇ ਲੋਕਾਂ ਦੇ ਰੋਗ ਅਤੇ ਤਕਲੀਫਾਂ ਨੂੰ ਦੂਰ ਕਰਣ ਲਈ ਦਵਾਖਾਨੇ ਅਤੇ ਹਸਪਤਾਲ ਖੋਲ੍ਹੇ ਸਨ । ਗੁਰਬਾਣੀ ਮਨੁੱਖ ਨੂੰ ਆਤਮਕ ਪੱਖੋਂ ਬਲਵਾਨ ਕਰਦੀ ਹੈ ਅਤੇ ਆਤਮਕ ਪੱਖ ਤੋਂ ਬਲਵਾਨ ਰਹਿਣ ਵਾਲਾ ਮਨੁੱਖ ਸਹਿਜ ਸੁਭਾਇ ਹੀ ਤੰਦਰੁਸਤ ਸ਼ਰੀਰ ਦਾ ਮਾਲਕ ਰਹਿੰਦਾ ਹੈ ਪਰ ਉਸ ਦੇ ਲਈ ਘੰਟੋ ਬੈਠ ਕੇ ਡਿੱਢ ਨੂੰ ਅੰਦਰ ਬਾਹਰ ਕਰ ਕੇ ਸਾਹ ਛੱਡਣ ਅਤੇ ਰੋਕਣ ਵਰਗੇ ਪਖੰਡ ਕਰਣ ਅਤੇ ਗੁਰਬਾਣੀ ਦੇ ਕਿਸੇ ਅੱਖਰ ਦਾ ਰਟਨ ਮਾਤਰ ਕਰਨਾ ਗੁਰਮਤਿ ਅਨੁਸਾਰ ਬਿਲਕੁਲ ਗਲੱਤ ਹੈ ਅਤੇ ਇਸ ਤਰ੍ਹਾਂ ਦੀ ਵਿਧੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚ ਪ੍ਰਵਾਣ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰਮਤਿ ਤੇ ਯੋਗ ਦਾ ਕੋਈ ਮੇਲ ਨਹੀਂ ਹੈ ਅਤੇ ਗੁਰਬਾਣੀ ਵਿਚ ਸੰਸਾਰਕ ਕਾਰ ਵਿਹਾਰ ਕਰਦਿਆਂ ਹੀ ਉਸ ਅਕਾਲ ਪੁਰਖ ਦੇ ਗੁਣਾਂ ਨਾਲ ਜੁੜਿਆ ਜਾ ਸਕਦਾ ਹੈ।  ਉਸ ਦੇ ਲਈ ਕਿਸੇ ਕਰਮਕਾਂਡ ਦੀ ਲੋੜ ਨੂੰ ਸਿਰੇ ਤੋਂ ਹੀ ਨਕਾਰਿਆ ਗਿਆ ਹੈ ਪਰ ਗਿਆਨੀ ਇਕਬਾਲ ਸਿੰਘ ਨੇ ਆਪਣੇ ਇਸ ਕਿਤਾਬਚੇ ਜਿਸ ਵਿਚ ਸ਼ੁਰੂ ਤੋਂ ਲੈ ਕੇ ਅੰਤ ਤਕ ਗੁਰਬਾਣੀ ਦੀ ਪੰਗਤੀਆਂ ਨੂੰ ਗਲਤ ਤਰੀਕੇ ਨਾਲ ਵਰਤ ਕੇ ਅਤੇ ਆਪਣੀ ਵੱਖ ਕਿਸਮ ਦੀ ਵਿਧੀਆਂ ਘੜ ਕੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਸਹੀ ਨਾਮ ਸਿਮਰਨ ਦੀ ਵਿਧੀ ਨੂੰ ਅਖੋਂ ਪਰੋਖੇ ਕਰ ਕੇ ਸ਼ਰੀਰ ਨੂੰ ਬਿਨਾਂ ਹਿਲਾਏ ਘੰਟੋ ਜਾਪ ਕਰਨਾ ਦਸਿਆ ਹੈ ਅਤੇ ਅਜਿਹਾ ਕਰਨ ਨਾਲ ਕਿਮਸਤ ਬਦਲਣ ਅਤੇ ਮਨੋਕਾਮਨਵਾਂ ਪੂਰੀ ਹੋਣ ਦੀ ਪੱਕੀ ਗਰੰਟੀ ਵੀ ਦਿੱਤੀ ਹੈ 

ਇਸ ਸਾਰੇ ਕਿਤਾਬਚੇ ਨੂੰ ਗੁਰਮਤਿ ਦੀ ਰੋਸ਼ਨੀ ਵਿਚ ਪੜ੍ਹਨ ਨਾਲ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਭਾਵੇਂ ਇਸ ਨਾਲ ਰੋਗ ਦੂਰ ਹੋਣ ਜਾਂ ਨਾਂ ਪਰ ਇਕ ਸ਼ਰਧਾਲੂ ਸਿੱਖ ਕਰਮ ਕਾਂਡਾਂ ਦੇ ਜਾਲ ਵਿਚ ਬੁਰੀ ਤਰ੍ਹਾਂ ਫਸ ਕੇ ਆਪਣੇ ਜੀਵਨ ਨੂੰ ਜ਼ਰੂਰ ਖਜ਼ਲ ਖੁਆਰ ਕਰ ਲਵੇਗਾ। ਜ਼ਿਕਰਯੋਗ ਹੈ ਕਿ ਗਿਆਨੀ ਇਕਬਾਲ ਸਿੰਘ ਉਸ ਤਖ਼ਤ ਦੇ ਜੱਥੇਦਾਰ ਹਨ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਪ੍ਰਵਾਣਤ ਸਿੱਖ ਰਹਿਤ ਮਰਿਆਦਾ ਦੀ ਧੱਜੀਆਂ ਉਡਾ ਕੇ ਬ੍ਰਾਹਮਣੀ ਰੀਤਾਂ ਅਤੇ ਕਰਮਕਾਂਡ ਹੁੰਦੇ ਹਨ ਅਤੇ ਆਏ ਦਿਨ ਗਿਆਨੀ ਇਕਬਾਲ ਸਿੰਘ ਇਹ ਸ਼ੋਸ਼ਾ ਵੀ ਛੱਡਦੇ ਰਹਿੰਦੇ ਹਨ ਕਿ ਪਟਨਾ ਸਾਹਿਬ ਦਾ ਤਖ਼ਤ ਅਕਾਲ ਤਖ਼ਤ ਸਾਹਿਬ ਤੋਂ ਵੀ ਉੱਚਾ ਹੈ, ਯੋਗਮਤੀਏ ਇਕਬਾਲ ਸਿੰਘ ਵੱਲੋਂ ਕਿਤਾਬਚੇ ਰਾਹੀਂ ਗੁਰਬਾਣੀ ਦੀ ਗਲਤ ਵਿਆਖਿਆ ਤਾਂ ਕੀਤੀ ਹੀ ਗਈ ਹੈ ਇਸ ਤੋਂ ਇਲਾਵਾ ਇਸ ਵਿਚ ਪਤੰਜਲ ਦੇ ਯੋਗ ਸੂਤਰ, ਬਚਿੱਤਰ ਨਾਟਕ ਅਤੇ ਸਰਬਲੋਹ ਗ੍ਰੰਥ ਤੋਂ ਵੇਰਵੇ ਵੀ ਦਿੱਤੇ ਗਏ ਹਨ।

ਇਸ ਕਿਤਾਬਚੇ ਵਿਚ ਸਿਮਰਣ ਜੁਗਤ, ਕਾਰੋਬਾਰ ਦੀ ਤਰੱਕੀ, ਚਿੰਤਾ ਰੋਗ ਦੂਰ ਕਿਵੇਂ ਹੋਵੇ, ਮਾੜੇ ਸੰਸਕਾਰ ਖਤਮ ਕਿਵੇਂ ਹੋਣ ਅਤੇ ਇੰਨ੍ਹਾਂ ਤੋਂ ਕਿਵੇਂ ਬੱਚਿਆ ਜਾਵੇ, ਸੁਰਤਿ ਨੂੰ ਉਪਰ ਲੈ ਜਾਣਾ, ਊਪਰ ਦੀ ਯਾਤਰਾ, ਬ੍ਰਹਮਗਿਆਨ ਦੀ ਪ੍ਰਾਪਤੀ ਅਤੇ ਅਪਣੇ ਅੰਦਰੋਂ ਆਤਮਾ ਨੂੰ ਸਭ ਤੋਂ ਵਖਰੇ ਜਾਣਨਾ, ਰੋਗਾਂ ਤੋਂ ਛੁਟਕਾਰਾ ਆਦਿਕ ਸਿਰਲੇਖਾਂ ਰਾਹੀਂ ਆਮ ਸਿੱਖ ਸੰਗਤਾਂ ਨੂੰ ਗੁਮਰਾਹ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਸਿਧਾਂਤ ਤੋਂ ਦੂਰ ਕਰਣ ਵਾਲਾ ਕੰਮ ਕੀਤਾ ਹੈ ਜਿਸ ਤੋਂ ਸਿੱਖ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਆਪਣੀ ਹੀ ਤਾਰੀਫਾਂ ਦੇ ਪੁਲ ਬੰਨ੍ਹਦੇ ਹੋਏ ਗਿਆਨੀ ਇਕਬਾਲ ਸਿੰਘ ਅਪਣੇ ਕਿਤਾਬਚੇ ਬਾਰੇ ਲਿਖਦੇ ਹਨ ਕਿ “ਇਹ ਲੇਖ ਆਪਣੇ ਆਪ ਵਿਚ ਬਹੁਤ ਵੱਡੀ ਫਿਲਾਸਫੀ ਹੈ, ਅਤੇ ਸਾਰੇ ਸੰਸਾਰ ਵਾਸਤੇ ਇਹ ਅਦੁਤੀ ਅਮੋਲਕ ਦਾਤ ਵੀ ਹੈ। ਇਸਦੀ ਗਹਿਰਾਈ ਵਿਚ ਜਾਣ ਨਾਲ ਬੜੇ ਹੀ ਗੁਹਜ ਭੇਦ ਖੁਲ੍ਹਣਗੇ ਅਤੇ ਕਈ ਗ੍ਰੰਥ ਤਿਆਰ ਕੀਤੇ ਜਾ ਸਕਦੇ ਹਨ” ਸ. ਉਪਕਾਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਵਿਚ ਪਹਿਲਾਂ ਹੀ ਅਸ਼ਲੀਲ ਰਚਨਾਵਾਂ ਨਾਲ ਭਰਪੂਰ ਪੁਸਤਕ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਕੇ ਸਿੱਖਾਂ ਵਿਚ ਇਕੋ ਇਕ ਗੁਰੂ ਪ੍ਰਤੀ ਭੁਲੇਖੇ ਪੈਦਾ ਹੋਣ ਕਾਰਣ ਸਿੱਖ ਕੌਮ ਅੰਦਰ ਭਰਾ ਮਾਰੂ ਜੰਗ ਛਿੱੜੀ ਪਈ ਹੈ । ਜੇ ਯੋਗ ਮਤੀਏ ਗਿਆਨੀ ਇਕਬਾਲ ਸਿੰਘ ਦੇ ਇਸ ਕਿਤਾਬਚੇ ਦੀ ਮਨਘੜਤ ਫਿਲਾਸਫੀ ਪੜ੍ਹ ਕੇ ਕਈ ਗ੍ਰੰਥ ਤਿਆਰ ਹੋਣ ਲੱਗ ਗਏ  ਤਾਂ ਸਿੱਖਾਂ ਦੇ ਇਕੋ ਇਕ ਅਟਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਲਈ ਕਈ ਤਰ੍ਹਾਂ ਦੇ ਚੈਲੰਜ ਪੈਦਾ ਹੋ ਸਕਦੇ ਹਨ ਉਥੇ ਸਿੱਖ ਕੌਮ ਵਿਚ ਕਈ ਤਰ੍ਹਾਂ ਦੀ ਵੰਡੀਆਂ ਵੀ ਪੈ ਸਕਦੀਆਂ ਹਨ। ਇਸ ਲਈ ਗਿਆਨੀ ਇਕਬਾਲ ਸਿੰਘ ਜੀ ਚੰਗਾ ਹੋਵੇਗਾ ਕਿ ਆਪ ਜੀ ਸਿੱਖ ਕੌਮ ਦੇ ਭਲੇ ਲਈ ਸਿੱਖਾਂ ਨੂੰ ਆਪਣੀ ਗੁਪਤ ਵਿਦਿਆ ਰਾਹੀ ਮੰਤ੍ਰ ਜਾਪ ਕਰਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਵਿਚਾਰ ਕੇ ਆਪਣੇ ਜੀਵਨ ਵਿਚ ਅਪਨਾਉਣ ਦੀ ਸਹੀ ਪ੍ਰੇਰਣਾ ਦੇਵੋ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਸਹੀ ਨਾਮ ਸਿਮਰਨ ਦਾ ਢੰਗ ਹੈ।