ਚੜ੍ਹਦੀ ਜਵਾਨੀ
ਵਿੱਚ ਵੇਖਿਆ ਸੀ ਉਹਨੂੰ,
ਦਿਲ ਉੱਤੇ ਮੇਰੇ ਉਹ ਛਾ ਗਈ ਸੀ।
ਕਹਿੰਦੀ ਸੀ, ਤੂੰ ਮੈਨੂੰ ਸੋਹਣਾ ਬੜਾ ਲੱਗਦਾ,
ਜੱਦ ਨੈਣਾਂ ਵਿੱਚ ਨੈਣ, ਉਹ ਪਾ ਗਈ ਸੀ।
ਨਿੱਤ ਮਿਲਦੀ ਸੀ ਮੈਨੂੰ, ਤੇ ਕਰਦੀ ਸੀ ਗੱਲਾਂ,
ਕਹਿੰਦੀ ਸੀ ਵੇ ਤੇਰਾ ਤਾਂ ਸੁਭਾਅ ਬਾਹਲਾ ਈ ਅਵੱਲਾ।
ਇੱਕ ਦਿਨ ਆ ਕੇ, ਮੇਰੇ ਕੋਲ ਮੈਨੂੰ ਕਹਿੰਦੀ,
ਤੂੰ ਵੀ ਬਣਜਾ ਹੀਰੋ, ਵੇ ਮੈਂ ਤਾਂ ਤੇਰੇ ਨਾਲ ਰਹਿੰਦੀ।
ਮੈਂ ਕਿਹਾ ਐਵੇਂ ਨਾ, ਪਹੇਲੀਆਂ ਤੂੰ ਪਾ,
ਸਿੱਧੀ ਸਿੱਧੀ ਸਾਰੀ, ਮੈਨੂੰ ਗੱਲ ਸਮਝਾ।
ਕਹਿੰਦੀ ਪੱਗ ਨਾਲ ਸੋਹਣਾ ਲੱਗੇਂ,
ਇਸ ਤੋਂ ਬਗੈਰ ਵੀ ਤੂੰ ਫੱਬੇਂਗਾ।
ਸਮਝ ਗਿਆ ਗੱਲ ਉਹਦੀ, ਝੱਟ ਪੱਟ ਮੈਂ,
ਫਿਰ ਸਿੱਧੀ ਗੱਲ ਕੀਤੀ ਫੱਟਾ ਫੱਟ ਮੈਂ।
ਜੋ ਤੂੰ ਚਾਹੁੰਦੀ, ਜੋ ਤੂੰ ਸੋਚੇ, ਕਦੇ ਨਹੀਂਉਂ ਹੋਣਾ ਬੀਬਾ,
ਤੂੰ ਵੀ ਪਿੱਛੇ ਹੱਟ, ਛੱਡ ਦੂੰਗਾ ਤੈਨੂੰ ਚਾਹੁਣਾ ਬੀਬਾ। |
ਤੂੰ ਸਰਦਾਰੀ ਤੋਂ ਏਂ ਨਿਰੀ
ਅਣਜਾਣ ਕੁੜੀਏ,
ਐਵੈਂ ਅੱਨਮਤੀਆਂ ਤੇ ਹੋਈ ਮੇਹਰਬਾਨ ਕੁੜੀਏ।
ਐਥੇ ਲੱਥਦਾ ਏ ਸਿਰ, ਨਹੀਂਉਂ ਪੱਗ ਲੱਥਦੀ,
ਇਹ ਕਰਦੀ ਹੈ ਗੱਲ ਸਦਾ ਹੱਕ ਦੀ।
ਬਿਨ੍ਹਾ ਗੁਰ ਉਪਦੇਸ਼ਾਂ ਤੋਂ, ਕਾਹਦਾ ਕਿਰਦਾਰ ਹੁੰਦਾ ਏ,
ਜੋ ਹੋਵੇ ਪੱਗ ਬਿਨਹਾ, ਉਹ ਕਾਹਦਾ ਸਰਦਾਰ ਹੁੰਦਾ ਏ।
ਜਾ ਜਾ ਕੇ ਲੱਭ ਲੈ, ਜੇ ਲੱਭਦਾ ਏ ਕੋਈ ਦਿਲਾਂ ਵਾਲਾ ਜਾਨੀ,
ਸਾਡਾ ਮੌੜਦੇ ਤੂੰ ਛੱਲਾ, ਨਾਲੇ ਕੀਮਤੀ ਜਿਹੀ ਗਾਨੀ।
ਤੇਰੇ ਜਾਣ ਨਾਲ, ਗਮਾਂ ਦੀਆਂ ਚਾਰ ਆਉਣਗੀਆਂ ਹਨੇਰੀਆਂ,
ਤੇਰੇ ਲਈ ਇਕਵਾਕ ਨਹੀਂ, ਪਰ ਇਕਵਾਕ ਲਈ ਬਥੇਰੀਆਂ।
ਕਹਿੰਦੀ ਬੱਸ, ਬੱਸ, ਬੱਸ, ਮੈਥੋਂ ਹੋ ਗਈ ਭੁੱਲ,
ਸਮਝ ਗਈ ਮੈਂ ਤੇਰੀ ਦਸਤਾਰ ਦਾ ਵੇ ਮੁੱਲ।
ਇਕਵਾਕ ਕਰਦੇ ਵੇ ਮਾਫ, ਮੁੜ ਗਲ ਨਾਲ ਲਾ ਲੈ,
ਵੇ ਮੈਨੂੰ ਸਰਦਾਰਾ! ਆਪਣੀ ਸਰਦਾਰਨੀ ਬਣਾ ਲੈ। ਇਕਵਾਕ
ਸਿੰਘ ਪੱਟੀ |