Share on Facebook

Main News Page

ਬ੍ਰਹਮਗਿਆਨੀ ਜੋਕਾਂ....

ਹਰ ਗਲੀ, ਹਰ ਕੂਚੇ, ਹਰ ਦੇਸ਼, ਪਿੰਡ ਤੇ ਸ਼ਹਿਰ ਅੰਦਰ
ਵੱਖਰੇ ਰੂਪ ਤੇ ਰੰਗ ਦੇ ਵਿੱਚ ਵਿਚਰ ਰਹੀਆਂ ਨੇ ਜੋਕਾਂ

ਕਿਤੇ, ਖੂਨ ਪੀਂਦੀਆਂ, ਕਿਤੇ ਮਾਸ ਨੋਚਦੀਆਂ, ਸੱਧਰਾਂ ਨੁੰ ਡੰਗਦੀਆਂ
ਤੇ ਕਿਤੇ ਆਂਦਰਾਂ ਦੇ ਅੰਦਰ ਕੁਰਬਲ-ਕੁਰਬਲ ਕਰਦੀਆਂ ਨੇ ਜੋਕਾਂ

ਮੰਦਰਾਂ, ਗੁਰਦੁਵਾਰਿਆਂ, ਚਰਚਾਂ, ਮਸਜਿਦਾਂ ਵਾਲੇ ਧਰਮ ਦੇ ਨਾਂ ਉੱਤੇ
ਧਰਮੀ ਭੇਖ ਬਣਾਕੇ ਬੈਠੀਆਂ ਹਨ ਤੇ ਚੁਸਤ ਚਲਾਕ ਨੇ ਇਹ ਜੋਕਾਂ

ਆਹ ! ਤੱਕੋ ਗੁਰਾਂ ਦੀ ਧਰਤ ਪੰਜਾਬ ਅੰਦਰ ਵੀ ਇਹ ਰਾਜ ਕਰਦੀਆਂ ਨੇ
ਰਾਜ ਪ੍ਰਬੰਧ , ਧਰਮ ਪ੍ਰਬੰਧ, ਨਿੱਜੀ ਜ਼ਿੰਦਗੀਆਂ ਤੇ ਵੀ ਕਾਬਜ਼ ਨੇ ਜੋਕਾਂ

ਆਪਣੇ ਗੰਦਗੀ ਵਿੱਚ ਰਹਿਣ ਦੇ ਸੁਭਾਅ ਮੁਤਾਬਿਕ ਇਹ ਟਲਦੀਆਂ ਨਹੀਂ
ਇਹ ਅਮ੍ਰਿਤ ਵਿੱਚ ‘ਚਰਿਤਰੋ ਪਾਖਿਆਨ’ ਘੋਲ ਰਹੀਆਂ ਨੇ ‘ਬਚਿੱਤਰ ਨਾਟਕੀ’ ਜੋਕਾਂ

ਧੀਆਂ ਦੀ ਚੁੰਨੀ ਨੂੰ ਚਿੰਬੜਦੀਆਂ ਨੇ, ਭੈਣਾਂ ਦਾ ਸਿਰ ਨੰਗਾ ਕਰਦੀਆਂ ਨੇ
ਆਪਣੇ ਡੇਰੇ ਦੇ ਮਖਮਲੀ ਪਲੰਘ ਤੇ ਬੈਠੀਆਂ, ਭਾਰੀਆਂ ਭਰਕਮ, ਵਿਹਲੜ ਜੋਕਾਂ

ਪਾਲਣਹਾਰ ਤੈਨੂੰ ਚੁਨੌਤੀ ਦਿੰਦੀਆਂ ਨੇ, ਕੋਮਲ ਕਲੀਆਂ, ਗੰਦਲਾਂ ਦੀ ਨਿੱਤ ਰੱਤ ਚੂਸਦੀਆਂ
ਖਿੜਨ ਤੋਂ ਪਹਿਲਾਂ ਫੁੱਲਾਂ ਦੀਆਂ ਪੱਤੀਆਂ ਸਾੜ ਦਿੰਦੀਆਂ ਨੇ ਇਹ ਜੋਕਾਂ

ਅਰਥਚਾਰੇ ਦੀ ਹਿੱਕ ਤੇ ਮੇਲਦੀਆਂ, ਗਰੀਬ ਦੇ ਅਰਮਾਨਾਂ ਦੀ ਅਰਦਾਸ ਤੇ ਪਲਦੀਆਂ
ਤੇ ਮੁੜ-ਮੁੜ ਗਰੀਬ ਦੀ ਇੱਜ਼ਤ ਮੁਕਤੀ ਬਹਾਨੇ ਪੱਛਦੀਆਂ ਹਨ ਜੋਕਾਂ
ਅਮੀਰ ਦੀ ਇੱਜ਼ਤ ਔਲਾਦ ਦੇ ਨਾਂ ਤੇ ਆਪਣੇ ਮਹਿਲ ਨੁਮਾਂ ਠਾਠ ਮਹੱਲਾਂ ਦੇ ਵਿੱਚ
ਆਪਣੇ ‘ਗੜਵਈ’ ਸੱਪਾਂ ਨਾਲ ਰਲਕੇ ਡੰਗਦੀਆਂ ਨੇ ਕਲਯੁਗੀ ਜੋਕਾਂ

ਗ੍ਰਹਿਸਤ ਦੇ ਤਿਆਗ ਦਾ ਪਾਖੰਡ ਕਰਕੇ ਮੁੜ ਗ੍ਰਹਿਸਤੀ ਦੀਆਂ ਆਂਦਰਾਂ ਨੂੰ
ਧਰਮ ਦੇ ਨਾਂ ਤੇ ਮੱਕਾਰੀ ਦਾ ਜਾਲ ਬੁਣਕੇ ਗਲੱਛ ਜਾਂਦੀਆਂ ਨੇ ਜੋਕਾਂ

ਹਰ ਧਰਮ ਦੇ ਅੰਦਰ ਰੱਬ ਦੇ ਨਾਂ ਉੱਤੇ ਇਨਸਾਨ ਦਾ ਸ਼ੋਸਣ ਕਰਦੀਆਂ ਨੇ
ਪਰ ਫਿਰ ਵੀ ਧਰਮੀ ਤੇ ‘ਸੰਤ’ ਕਹਾਉਂਦੀਆਂ ਨੇ ਖੂਨੀ ਜੋਕਾਂ

ਸ਼ਾਕਾਹਾਰੀ ਹੋਣ ਦੇ ਢੋਲ ਵਜਾਉਂਦੀਆਂ ਨੇ ਮੁਰਦਿਆਂ ਦੀ ਜੁੜੀ ਭੀੜ ਅੰਦਰ
ਪਰ ਡੇਰੇ ਵਿੱਚ ਆਪ ਜਿਉਂਦੇ ਮਾਸ ਨਿਗਲ ਜਾਦੀਆਂ ਨੇ ਇਹ ‘ਸੰਤ’ ਜੋਕਾਂ

ਬ੍ਰਹਮ ਗਿਆਨ ਵੰਡਣ ਦੇ ਝੂਠੇ ਭਰਮ ਬਣਾਕੇ ਇਨਸਾਨੀਅਤ ਦੀ ਮੌਤ ਕਰਕੇ
ਮਨੁੱਖਤਾ ਦੀ ਰੀੜ ਦੀ ਹੱਡੀ ਨੂੰ ਦਿਨੋ ਦਿਨ ਨਕਾਰਾ ਕਰ ਰਹੀਆਂ ਨੇ ਜੋਕਾਂ

ਪੈਰੋਂ ਨੰਗੀਆਂ, ਲੱਤੋਂ ਨੰਗੀਆਂ ਕਈ ਨੰਗ ਮੁਨੰਗੀਆਂ ਚਿੱਟੇ ਕੱਪੜਿਆ ਦੀ ਆੜ ਥੱਲੇ
ਇਨਸਾਨੀਅਤ ਦੇ ਪੈਮਾਨੇ ਤੋਂ ਗਿਰ ਚੁੱਕੀਆਂ ਨੇ ਅਗਿਆਨੀ ਜੋਕਾਂ

‘ਮਨਦੀਪ’ ਹਨੇਰੇ ਵਾਂਗ ਪਸਰਕੇ, ਸੱਪ ਵਾਂਗ ਸਰਕਕੇ, ਭਿਆਨਕ ਰੂਪ ਧਾਰਕੇ
ਮਹਾਨ ਗੁਰੂ ਨਾਨਕ ਦੇ ਫਲਸਫੇ ਨੂੰ ਤਾਰ-ਤਾਰ ਕਰਦੀਆਂ ਨੇ ਆਪੇ ਬਣੀਆਂ ਬ੍ਰਹਮਗਿਆਨੀ ਜੋਕਾਂ

- ਮਨਦੀਪ ਸਿੰਘ ‘ਵਰਨਨ’ ਬੀ.ਸੀ.


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top