ਗੈਰਤ ਵਿਰੋਧੀਆਂ ਨੂੰ ਪਾਰਟੀ ‘ਚ ਖੁੱਲਾ ਸੱਦਾ,
ਆਓ ਰਲ਼ ਮਿਲ਼ ਕੇ ਪੰਜਾਬ ਨੂੰ ਡਕਾਰੀਏ ।
ਭੇਡਾਂ ਦਾ ਹੁੰਗਾਰਾ ਲੈ ਬਹਾਨਾਂ ਲੋਕ ਰਾਜ ਵਾਲਾ,
ਖਾਲੀ ਸਿਰ ਗਿਣੀਏ, ਦਿਮਾਗ ਦੁਰਕਾਰੀਏ ।।
ਗੁਰਮਤਿ ਵਿੱਚ ਭਾਵੇਂ ਵੋਟਾਂ ਦਾ ਸਿਧਾਂਤ ਹੈ ਨਹੀਂ,
ਤਾਂ ਵੀ ਗੁਰਦਵਾਰਿਆਂ ‘ਚ ਨੀਤੀ ਪਰਚਾਰੀਏ ।
ਚੋਣਾਂ ਵਿੱਚ ਸਾਡੇ ਜੋ ਵਿਰੁੱਧ ਚੋਣ ਲੜੇਗਾ ਤਾਂ,
ਦੁਸ਼ਮਣ ਪੰਥ ਦਾ ਕਹਿ ਉਹਨੂੰ ਫਿਟਕਾਰੀਏ ।।
ਸ਼ੇਰਾਂ ਦੀ ਉਲਾਦ ਕਿੰਝ ਗਿੱਦੜਾਂ ਦੇ ਵਸ ਪਾਉਣੀ,
ਚਾਣਕੀਆ ਨੀਤੀ ਨਾਲ ਬੈਠ ਕੇ ਵਿਚਾਰੀਏ ।
ਰੁਤਬਾ ਸ਼ਹੀਦਾਂ ਵਾਲਾ ਵੰਡੀਏ ਗ਼ਦਾਰਾਂ ਤਾਈਂ,
ਸੱਚੇ ਦੇਸ਼ ਭਗਤਾਂ ਨੂੰ ਸਿਰੇ ਤੋਂ ਨਿਕਾਰੀਏ ।।
ਸਾਡੀ ਖੁਸ਼ਹਾਲੀ ਲਈ ਸੀ ਜਿੰਦ ਜਾਨ ਵਾਰੀ ਜਿਨ੍ਹਾਂ,
ਕਿਸੇ ਮਰਜੀਵੜੇ ਨੂੰ ਕਦੇ ਨਾਂ ਚਿਤਾਰੀਏ ।
ਦੇਖਕੇ ਸਿੱਖਾਂ ਨੂੰ ਜਿਹੜੇ ਦੰਦੀਆਂ ਕਰੀਚਦੇ ਨੇ,
ਉਹਨਾਂ ਥੱਲੇ ਲੱਗ ਦਿਲ ਉਹਨਾਂ ਵਾਲੇ ਠਾਰੀਏ ।।
ਰੌਲਾ ਭਾਵੇਂ ਭ੍ਰਿਸ਼ਟਾਚਾਰੀ ਵਿਰੁੱਧ ਪਾਈ ਜਾਈਏ,
ਸੱਚ ਤੇ ਇਮਾਨਦਾਰੀ ਕਦੇ ਨਾਂ ਸਹਾਰੀਏ ।
ਨੀਤੀ ਵਾਲਾ ਨਵਾਂ ਗੁਰ ਸਿੱਖ ਲਓ ਜ਼ਮੀਰ ਮਾਰ,
ਦੋਖੀਆਂ ਨਾ ਯਾਰੀ ਲਾਕੇ ਦੋਸਤਾਂ ਨੂੰ ਚਾਰੀਏ ।।
ਇਖਲਾਕ
ਵੱਲ ਕਦੇ ਦੇਖਣ ਦੀ ਲੋੜ ਨਹੀਓਂ,
ਹਰ ਹੀਲਾ ਵਰਤੀਏ , ਚੋਣਾਂ ਨਹੀਓਂ ਹਾਰੀਏ ।
ਛੱਡ ਕੇ ਵਿਰੋਧ ਜਿਹੜਾ ਸਾਡੇ ਨਾਲ ਆਊ ਉਹਨੂੰ,
ਦੁੱਧ ਧੋਤਾ ਆਖ, ਪਾਕੇ ਹਾਰ ਸਵੀਕਾਰੀਏ ।।
ਅਕਿਰਤਘਣ ਭਾਵੇਂ ਸਾਰਾ ਜੱਗ ਪਿਆ ਆਖੀ ਜਾਵੇ,
ਫੋਕਿਆਂ ਬਿਆਨਾ ਨਾਲ ਗੱਲੀਂ ਬਾਤੀਂ ਸਾਰੀਏ ।
ਦਿੱਖ ਭਾਂਵੇਂ ਉੱਪਰੋਂ ਇਮਾਨਦਾਰਾਂ ਵਾਲੀ ਲੱਗੇ,
ਬੇਈਮਾਨ ਸੱਜਣਾਂ ਨੂੰ ਕਦੇ ਨਾਂ ਵੰਗਾਰੀਏ ।।
ਧੇਲਾ ਭਾਵੇਂ ਹੋਵੇ ਨਾ ਵੀ ਪੱਲੇ ਕਿਸੇ ਯੋਜਨਾ ਲਈ,
ਨੀਂਹ ਪੱਥਰਾਂ ‘ਨਾ ਤਾਂ ਵੀ ਧਰਤੀ ਸ਼ਿੰਗਾਰੀਏ ।
ਨਾਅਰਾ ਲਾਕੇ ਦੇਸ਼ ਚੋਂ ਗਰੀਬੀ ਮਾਰ ਘੱਤਣੇ ਦਾ,
ਜਿਨਾਂ ਹੋ ਸਕਿਆ ਗਰੀਬੜੇ ਹੀ ਮਾਰੀਏ।। |
ਰੱਖੂ ਜੋ ਗੁਪਤ ਸਾਰੇ ਭੇਤ ਸਰਕਾਰ ਵਾਲੇ,
ਪਾਰਟੀ ‘ਚ ਉਸਦੀ ਸਥਿਤੀ ਨੂੰ ਸੁਧਾਰੀਏ ।
ਪਾਰਟੀ ਦੇ ਵਿੱਚ ਕੋਈ ਸੱਚ ਦੀ ਜੇ ਗੱਲ ਕਰੇ,
ਪਾਰਟੀ ਵਿਰੋਧੀ ਉਹਨੂੰ ਸਾਜਿਸ਼ ਪੁਕਾਰੀਏ ।।
ਵੋਟਾਂ ਮੰਗਣੇ ਲਈ ਭਾਵੇਂ ਦੋਨੋ ਹੱਥ ਜੋੜ ਲਈਏ,
ਵੋਟਾਂ ਪਿੱਛੋਂ ਹੱਥ ਦੇ ਘਸੁੰਨ ਨੂੰ ਉਲਾਰੀਏ ।
ਡਾਗਾਂ ਵਾਲੇ ਗਜਾਂ ਨਾਲ ਮਿਣੀਏ ਹਰੇਕ ਚੀਜ,
ਸੱਚ ਕਸਵੱਟੀ ਲਾਕੇ ਕਦੇ ਨਾਂ ਨਿਹਾਰੀਏ ।।
ਪਾਰਟੀ ਚ ਕਿਸੇ ਨੂੰ ਵੀ ਸਿਰ ਨਾ ਚੁੱਕਣ ਦਈਏ,
ਲੋਕਾਂ ਸਾਹਵੇਂ ਭਾਵੇਂ ਉਹਦੀ ਆਰਤੀ ਉਤਾਰੀਏ ।
ਆਪਣੇ
ਤੋਂ ਵੱਡਾ ਜੇ ਕੋਈ ਲੀਡਰ ਦਿਖਣ ਲੱਗੇ,
ਪਾਰਟੀ ਚੋਂ ਕੱਢੀਏ ਜਾਂ ਦੂਰ ਸਤਿਕਾਰੀਏ ।।
ਸੁੱਤੀ ਹੋਈ ਜਮੀਰ ਗੱਲ ਜਾਗਣੇ ਦੀ ਜੇ ਕਰੇ,
ਆਕਾ ਦਾ ਧਿਆਨ ਕਦੇ ਮਨੋ ਨਾ ਵਿਸਾਰੀਏ ।
ਸੇਵਾ ਤੇ ਭਲਾਈ ਵਾਲੀ ਨੀਤੀ ਹਾਥੀ ਦੰਦ ਰੱਖੋ,
ਪਾਰਟੀ ਦੀ ਨੀਤੀ ਸਦਾ ਮਨ ਵਿੱਚ ਧਾਰੀਏ ।।
ਕੁੱਟ ਖਾਕੇ ਭੁੱਲ ਜਾਂਦੇ ਜਲਦੀ ਹੀ ਲੋਕ ਸਾਡੇ,
ਚੋਣਾਂ ਨੇੜੇ ਜਾਕੇ ,ਪਾਕੇ ਚੋਗਾ ਪੁਚਕਾਰੀਏ ।
ਅਣਖਾਂ ਨੂੰ ਛੱਡਕੇ ਇਹ ਗਰਜਾਂ ‘ਨਾ ਜੁੜ ਚੁੱਕੇ,
ਨਵੀਂ ਬਾਜੀ ਦੇਖ ਜਿਵੇਂ ਜੁੜਦੇ ਜੁਆਰੀਏ ।।
ਧਰਮ ਦਾ ਕੁੰਡਾ ਕਦੇ ਨੀਤੀ ਉੱਤੇ ਰੱਖਣਾ ਨਹੀਂ,
ਧਰਮ ਨੂੰ ਰਾਜਨੀਤੀ ਉੱਤੋਂ ਸਦਾ ਵਾਰੀਏ ।
ਅਣਖ ਦੇ ਨਾਲ ਜਿਹਨੂੰ ਗੁਰਾਂ ਨੇ ਸਿਖਾਇਆ ਜੀਣਾ,
ਹੱਥ ਠੂਠਾ ਦੇ ਕੇ ਉਹਨੂੰ ਮੰਗਣ ਖਿਲਾਰੀਏ ।।
ਰਾਜਨੀਤੀ ਵਾਲੇ ਸਦਾ ਛਿੱਤਰ ‘ਨਾ ਘੁੱਗੀ ਮਾਰੋ,
ਬਣ ਕੇ ਸ਼ਿਕਾਰੀ ਨਾ ਨਿਸ਼ਾਨੇ ਤੇ ਹੰਕਾਰੀਏ ।
ਬਗਲੇ ਭਗਤ ਕੋਲੋਂ ਸਿੱਖੀਏ ਸਬਕ ਇੱਕ,
ਮੂੰਹ ਆਈ ਡੱਡੀ ਜੀ ਨੂੰ ਕਦੇ ਨਾ ਨਕਾਰੀਏ ।।
ਮੀਡੀਏ ਦੇ ਕੋਲ ਸਦਾ ਕਹੀਏ ਉੱਚੀ ਵਾਜ ਦੇਕੇ,
ਆਓ ‘ਰਣਜੀਤ’ ਜਿਹੇ ਰਾਜ ਨੂੰ ਉਸਾਰੀਏ ।
‘ਨੀਰੋ’ ਵਾਲੀ ਬੰਸਰੀ ਤੇ ਲੋਕਾਂ ਨੂੰ ਨੱਚਣ ਲਾਕੇ,
ਅਜ਼ਮਤ ਕੌਮ ਵਾਲੀ ਪਾਰਟੀ ‘ਤੋਂ ਵਾਰੀਏ ।। |