ਇੱਕ ਉਹ ਵਿਸਾਖੀ ਇੱਕ ਆਹ ਵਿਸਾਖੀ
ਗਿਆਨੀ ਜਸਵੰਤ ਸਿੰਘ ‘ਮੋਰਜੰਡ’


ਇੱਕ ਉਦੋਂ ਵਿਸਾਖੀ ਸੀ, ਇੱਕ ਅੱਜ ਵਿਸਾਖੀ ਏ।
ਉਦੋਂ ਸਿਰ ਦਿੱਤੇ ਪੰਜਾਂ ਨੇ, ਅੱਜ ਨਾਂ ਸਿਰਾਂ ਦੀ ਰਾਖੀ ਏ।

ਉਦੋਂ ਸਿਰ ਦਸਤਾਰੇ ਸਨ, ਅੱਜ ਬਾਲ ਖਿਲਾਰੇ ਨੇ।
ਕੋਈ ਗੁੱਤ ਕਰਦਾ ਗਿੱਚੀ ਤੇ, ਬਖਰੇ ਸਾਂਗ ਉਤਾਰੇ ਨੇ।

ਉਦੋਂ ਅੰਮ੍ਰਿਤ ਪੀਤਾ ਸੀ ਅੱਜ ਜ਼ਹਿਰ ਪਏ ਪੀਨੇ ਆਂ।
ਨਾਂ ਕਿਸੇ ਨੂੰ ਜਿਊਣ ਦਿੱਤਾ, ਨਾਂ ਆਪ ਪਏ ਜੀਨੇ ਆਂ।

ਉਦੋਂ ਸਨ ਰਾਖੇ ਇੱਜਤਾਂ ਦੇ, ਅੱਜ ਇੱਜਤ ਰੁਲਦੀ ਏ।
ਸਾਡੀ ਮਾੜੀ ਰਾਜਨੀਤੀ, ਨਿੱਤ ਜ਼ਹਿਰ ਪਈ ਉਗਲਦੀ ਏ।

ਉਦੋਂ ਸਿਦਕ ਸੀ ਸਿੱਖਾਂ ਦਾ, ਅੱਜ ਸਿਦਕੋਂ ਥਿੜਕੇ ਹਾਂ।
ਅੱਜ ਫੁੱਟ ਦੇ ਸ਼ਿਕਾਰ ਅਸੀਂ, ਕੱਚ ਵਾਂਗਰਾਂ ਤਿੜਕੇ ਹਾਂ।

ਉਹ ਵਿਸਾਖੀ ਅਨੰਦਪੁਰ ਦੀ, ਅੱਜ ਵਿਸਾਖੀ ਮੇਲੇ ਨੇ।
ਭੰਗੜੇ ਛਿੰਝ ਤੇ ਖੇਡਾਂ ਨੇ, ਕੱਲੇ ਸਭ ਮੇਲੇ ਗੇਲੇ ਨੇ।

ਇੱਕ ਉਹ ਪੰਜਾਬੀ ਸਨ, ਇੱਕ ਅੱਜ ਪੰਜਾਬੀ ਏ।
ਉਹ ਨਾਮ ਦੇ ਰਸੀਏ ਸਨ, ਇਹ ਨਸ਼ਿਆਂ ਦਾ ਆਦੀ ਏ।

ਉਹ ਸੱਚ `ਤੇ ਤੁਲਦੇ ਸਨ, ਅੱਜ ਨੋਟ ਪਏ ਤੁਲਦੇ ਨੇ।
ਨਿਸ਼ਾਨੀ ਕੇਸ਼ ਜੋ ਸਿੱਖੀ ਦੀ, ਅੱਜ ਪੈਰੀਂ ਰੁਲਦੇ ਨੇ।

ਉਹ ਸਿੰਘ ਸੂਰਮੇ ਸਨ, ਵੈਰੀ ਨਾਲ ਜੋ ਅੜ ਚੱਲੇ।
ਜੋ ਗਿੱਦੜੋਂ ਸ਼ੇਰ ਬਣੇ, ਅੱਜ ਘਰਨੀਂ ਬੜ ਚੱਲੇ।

ਦੇਹਿਧਾਰੀ ਪਖੰਡੀ ਜੋ, ਰੀਸ ਦਸ਼ਮੇਸ਼ ਦੀ ਕਰਦੇ ਨੇ।
ਸਾਡੇ ਪੰਥਕ ਲੀਡਰ ਜੀ, ਚੌਂਕੀ ਇਹਨਾਂ ਦੀ ਭਰਦੇ ਨੇ।

ਹੁਕਮ ਕਰਿਆ ਦਸ਼ਮੇਸ਼ ਨੇ ਸੀ, ਪੂਜਾ ਗੁਰੂ ਗ੍ਰੰਥ ਦੀ ਕਰਨੀ।
ਜੇ ਤਰਨਾ ਭਵਜਲ ਤੋਂ, ਲੱਗਜੋ ਸ਼ਬਦ ਗੁਰੂ ਦੇ ਚਰਨੀਂ।

ਓਪਨ ਹਾਊਸ ਵਿਸਾਖੀ ਦੇ, ਹੁੰਦੇ ਬਹੁਤ ਮੈਂ ਵੇਖੇ ਅੱਖੀਂ।
ਕੋਈ ਫਾਇਦਾ ਦਿਸਿਆ ਨਾਂ, ਪੈਸਾ ਗਲਿਆ ਹਜ਼ਾਰਾਂ ਲੱਖੀਂ।

ਜੇ ਕੁੱਝ ਸਿੱਖਣਾ ਚਾਹੁੰਦੇ ਹੋ, ਚੇਤੇ ਕਰਲੋ ਉਹੋ ਵਿਸਾਖੀ।
ਮੇਰੇ ਕਲਗੀਆਂ ਵਾਲੇ ਨੇ, ਗੱਲ ਜੋਰ ਦੇ ਕੇ ਸੀ ਆਖੀ।

ਇਹ ਅੰਮ੍ਰਿਤ ਖੰਡੇ ਦਾ, ਪੀਕੇ ਕਰਲੋ ਜਨਮ ਸੁਹੇਲਾ।
ਪਾਂਧੀ ਬਣਨਾ ਗੁਰਮਤਿ ਦਾ, ਸਾਂਭੋ ਉੱਠ ਕੇ ਅੰਮ੍ਰਿਤ ਵੇਲਾ।

ਉਹ ਸੰਦੇਸ਼ ਵਿਸਾਖੀ ਦਾ, ਅਸੀਂ ਕੀਤਾ ਅੱਖੋਂ ਪਰੋਖੇ।
ਨਬੇੜਾ ਹੋਣਾ ਅਮਲਾਂ ਤੇ, ਮਨਮੁਖ ਬਿਨ ਅਮਲਾਂ ਤੋਂ ਥੋਥੇ।

ਸਮਝੋ ਤੱਤ ਵਿਸਾਖੀ ਦਾ, ਨੱਚਣਾ ਟੱਪਣਾ ਨਹੀਂ ਵਿਸਾਖੀ।
ਸਿਵਾਏ ਭੰਗੜੇ ਗੀਤਾਂ ਤੋਂ, ਕੰਮ ਹੋਰ ਵੀ ਹੈਗੇ ਬਾਕੀ।

ਡੁੱਬਦੀ ਕੌਮ ਬਚਾ ਲਉ ਬਈ, ਜੋ ਵਿੱਚ ਨਸ਼ਿਆਂ ਦੇ ਰੁੜਗੀ।
ਮੋੜ ਲਵੋ ਪੰਜਾਬੀ ਨੂੰ, ਜੋ ਮੋੜ ਬਿਗਾਨੇ ਮੁੜਗੀ।

ਕੁੱਝ ਕਰੀਏ ਕੌਮ ਲਈ, ਫਿਰ ਹੋਊ ਵਿਸਾਖੀ ਸਾਂਝੀ।
ਆਓ ਵੰਡੀਏ ਮੁਹਬੱਤਾਂ ਨੂੰ, ਜ਼ਿੰਦਗੀ ਬਿਨਾਂ ਪਿਆਰ ਤੋਂ ਵਾਂਝੀ।

ਮੋਰਜੰਡ ਦੇ ਜਸਵੰਤ ਸਿਆਂ, ਕੁੱਝ ਕਰਕੇ ਤੂੰ ਦਿਖਲਾਦੇ।
ਸੱਚ ਦੇ ਬੁੱਝਦੇ ਦੀਵੇ ਨੂੰ, ਤੂੰ ਤੇਲ ਪਿਆਰ ਦਾ ਪਾ ਦੇ।

- ਗਿਆਨੀ ਜਸਵੰਤ ਸਿੰਘ ‘ਮੋਰਜੰਡ’
ਗੁਰਦੁਅਰਾ ਸਾਹਿਬ ਕਲਾਂਗ, ਫੋਨ ਨੰ: 0164548663


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top